ਮੋਦੀ ਦਾ ਪੰਜਾਬ ਤੋਂ ਵਾਪਸ ਮੁੜਨਾ

ਮੋਦੀ ਦਾ ਪੰਜਾਬ ਤੋਂ ਵਾਪਸ ਮੁੜਨਾ

ਤਿੰਨ ਦਿਨਾਂ ਤੋਂ ਭਾਰਤ ਦੇ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਗਾਹ ਪਿਆ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਤੋਂ ਵਾਪਸ ਮੁੜਣ ਦੀਆਂ ਖ਼ਬਰਾ ਤੋਂ ਬਿਨਾਂ ਹੋਰ ਕੋਈ ਖਬ਼ਰ ਹੀ ਨਹੀਂ ਆ ਰਹੀ। ਸਭ ਖਬ਼ਰਾਂ ਪਿੱਛੇ ਧੱਕ ਦਿੱਤੀਆਂ ਗਈਆਂ ਹਨ। ਮੋਦੀ ਦੇ ਬਠਿੰਡਾ ਹਵਾਈ ਅੱਡੇ ਉੱਤੇ ਪੰਜਾਬ ਦੇ ਅਧਿਕਾਰੀਆਂ ਨੂੰ ਇਹ ਕਹਿਣਾ ਕਿ … ਆਪਣੇ ਮੁੱਖ ਮੰਤਰੀ ਨੂੰ ਕਹਿਣਾ ਕਿ ਮੈਂ ਪੰਜਾਬ ਵਿੱਚੋਂ ਆਪਣੀ ਜਾਨ ਬਚਾ ਕੇ ਬਠਿੰਡਾ ਹਵਾਈ ਅੱਡੇ ਤੋਂ ਵਾਪਸ ਜਾ ਰਿਹਾ ਹਾਂ ૴ ਨਿਰੋਲ ਅੱਗ ਲਾਊ ਸ਼ਬਦਾਵਲੀ ਹੈ।
5 ਜਨਵਰੀ ਨੂੰ ਮੈਂ ਸਵੇਰ ਤੋਂ ਪੰਜਾਬ ਅਤੇ ਨੈਸ਼ਨਲ ਚੈਨਲ ਬਦਲ ਬਦਲ ਕੇ ਹਰ ਖ਼ਬਰ ਉੱਤੇ ਨਜ਼ਰ ਰੱਖ ਰਿਹਾ ਸਾਂ। ਮੈਂ ਪ੍ਰਧਾਨ ਮੰਤਰੀ ਦੀ ਫੇਰੀ ਦੀ ਬਾਰੀਕ ਤੋਂ ਬਾਰੀਕ ਘਟਨਾ ਵੀ ਦੇਖਣ ਤੋਂ ਖੁੰਝਣਾ ਨਹੀਂ ਸਾਂ ਚਾਹੁੰਦਾ। ਮੈਂ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਿੱਤੀਆਂ ਜਾਣ ਵਾਲੀਆਂ ਸੁਗਾਤਾਂ ਬਾਰੇ ਪ੍ਰਧਾਨ ਮੰਤਰੀ ਦੇ ਮੂੰਹੋਂ ਆਪ ਦੇਖਣਾ ਅਤੇ ਸੁਣਨਾ ਚਾਹੁੰਦਾ ਸਾਂ। ਗਿਆਰਾਂ ਵੱਜ ਗਏ, ਬਾਰਾਂ ਵੱਜ ਗਏ। ਪ੍ਰਧਾਨ ਮੰਤਰੀ ਸੜਕ ਰਸਤੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਸਮਾਧਾਂ ਉੱਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਜਾ ਰਹੇ ਹਨ। ਚੈਨਲਾਂ ਵਾਲੇ ਕਦੇ ਸ਼ਹੀਦਾਂ ਦੀਆਂ ਫ਼ੋਟੋਆਂ ਦਿਖਾਉਂਦੇ, ਕਦੇ ਮੋਦੀ ਦੇ ਕਾਫ਼ਲੇ ਦੀਆਂ, ਕਦੇ ਕਿਸਾਨਾਂ ਦੇ ਸੜਕ ਰੋਕਣ ਦੀਆਂ ਤਸਵੀਰਾਂ ਤੇ ਕਦੇ ਫਿਰੋਜ਼ਪੁਰ ਰੈਲੀ ਵਾਲੀ ਥਾਂ। ਵੀ.ਆਈ.ਪੀ. ਕੁਰਸੀਆਂ ਖ਼ਾਲੀ ਦੇਖ ਕੇ ਹੈਰਾਨੀ ਹੋ ਰਹੀ ਸੀ। ਚੈਨਲਾਂ ਉੱਤੇ ਲਗਾਤਾਰ ਆ ਰਿਹਾ ਸੀ ਕਿ ਪ੍ਰਧਾਨ ਮੰਤਰੀ ਛੇਤੀ ਹੀ ਰੈਲੀ ਵਿੱਚ ਪਹੁੰਚ ਰਹੇ ਹਨ। ਪੰਜਾਬ ਦਾ ਇੱਕ ਚੈਨਲ ਹੁਣ ਲਗਾਤਾਰ ਦਰਸ਼ਕਾਂ ਖਾਤਰ ਰੱਖੀਆਂ ਖ਼ਾਲੀ ਕੁਰਸੀਆਂ ਦਿਖਾ ਰਿਹਾ ਸੀ। ਦੂਰ ਦੂਰ ਤਕ ਲਾਲ ਰੰਗ ਦੀਆਂ ਖ਼ਾਲੀ ਕੁਰਸੀਆਂ ਨਜ਼ਰ ਆ ਰਹੀਆਂ ਸਨ। ਹੁਣੇ ਹੁਣੇ ਭਾਜਪਾ ਨਾਲ ਸਾਂਝ ਭਿਆਲੀ ਪਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਹੀ ਖਾਲੀ ਝਾਕਦੀਆਂ ਕੁਰਸੀਆਂ ਨੂੰ ਸੰਬੋਧਨ ਕਰਦਾ ਨਜ਼ਰੀਂ ਪੈ ਰਿਹਾ ਸੀ। ਮੈਂ ਕੋਲ ਬੈਠੀ ਪਤਨੀ ਨੂੰ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਨੂੰ ਹੁਣ ਤਕ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵੀ ਨਹੀਂ ਦਿਖਾਇਆ ਗਿਆ, ਦਾਲ ਵਿੱਚ ਕੁਝ ਕਾਲਾ ਹੈ। ਚੈਨਲਾਂ ਵਾਲੇ ਖਾਲੀ ਕੁਰਸੀਆਂ ਵੀ ਲਗਾਤਾਰ ਦਿਖਾ ਰਹੇ ਸਨ। ਦੋ ਵੱਜਣ ਵਾਲੇ ਹੋ ਗਏ ਹਨ। ਤੇ ਹੁਣ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਰੋਕਿਆ ਹੋਇਆ ਦਿਖਾ ਰਹੇ ਹਨ। ਪਰ ਉੱਥੇ ਕਿਸਾਨ ਤਾਂ ਨਜ਼ਰ ਨਹੀਂ ਆ ਰਹੇ। ਬੀ.ਜੇ.ਪੀ. ਦੇ ਕੰਵਲ ਫੁੱਲ ਵਾਲੇ ਝੰਡੇ ਝੁੱਲ ਰਹੇ ਦਿਸ ਰਹੇ ਹਨ।
ਫੇਰ ਢਾਈ ਵਜੇ ਬੰਬ ਫਟਣ ਵਾਂਗ ਖ਼ਬਰ ਆਈ ਕਿ ਪ੍ਰਧਾਨ ਮੰਤਰੀ ਆਪਣੀ ‘ਜਾਨ ਬਚਾ ਕੇ’ ਵਾਪਸ ਦਿੱਲੀ ਪਰਤ ਗਏ ਹਨ। ਮੈਂਨੂੰ ਬੜਾ ਧੱਕਾ ਲੱਗਾ। ਮੇਰਾ ਮਨ ਬੜਾ ਦੁਖੀ ਹੋਇਆ। ਰੱਬ ਖ਼ੈਰ ਕਰੇ! ਕੁਝ ਗ਼ਲਤ ਵਾਪਰ ਸਕਦਾ ਹੈ। ਕੋਈ ਬੜੀ ਵੱਡੀ ਸਾਜਿਸ਼ ਹੋ ਰਹੀ ਹੈ।
ਵਾਕਈ ਬੜੀ ਵੱਡੀ ਸਾਜਿਸ਼ ਹੋ ਰਹੀ ਹੈ। ਬੀ.ਜੇ.ਪੀ. ਵੱਲੋਂ ਧੂੰਆਂ-ਧਾਰ ਬਿਆਨ ਦਿੱਤੇ ਜਾ ਰਹੇ ਹਨ। ਚੁਰਾਸੀ ਦੇ ਦੰਗੇ ਦੁਹਰਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪੰਜਾਬੀਆਂ, ਵਿਸ਼ੇਸ਼ ਤੌਰ ‘ਤੇ ਸਿੱਖਾਂ ਪ੍ਰਤੀ ਨਫ਼ਰਤ ਉਗਲੀ ਜਾ ਰਹੀ ਹੈ। ਸਾਰੀਆਂ ਪਾਰਟੀਆਂ ਦੇ ਆਗੂ ਆਪਣੇ ਆਪਣੇ ਨਜ਼ਰੀਏ ਤੋਂ ਬਿਆਨ ਦਾਗ਼ ਰਹੇ ਹਨ। ਅਸਲ ਤੱਥ ਲੱਭਣ ਲਈ ਕਮੇਟੀ ਅਤੇ ਕਮਿਸ਼ਨ ਬਿਠਾਏ ਜਾ ਰਹੇ ਹਨ। ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਏ ਜਾ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਇਹ ਰਾਜਨੀਤਕ ਮਸਲਾ ਨਹੀਂ ਹੈ, ਪ੍ਰਸ਼ਾਸਨਿਕ ਮਸਲਾ ਹੈ। ਕੋਈ ਕਹਿ ਰਿਹਾ ਹੈ ਕਿ ਇਹ ਪ੍ਰਸ਼ਾਸਨਿਕ ਨਹੀਂ, ਨਿਰੋਲ ਸਿਆਸੀ ਮਸਲਾ ਹੈ। ਠੀਕ, ਇਹ ਪ੍ਰਸ਼ਾਸਨਿਕ ਮਸਲਾ ਨਹੀਂ ਹੈ। ਇਹ ਸਿਆਸੀ ਮਸਲਾ ਹੈ, ਨਿਰੋਲ ਸਿਆਸੀ। ਮੋਦੀ ਸਾਹਿਬ ਨੂੰ ਪਤਾ ਲੱਗ ਚੁੱਕਾ ਸੀ ਕਿ ਰੈਲੀ ਵਾਲੀ ਥਾਂ ਖਾਲੀ ਕੁਰਸੀਆਂ ਉਸ ਨੂੰ ਉਡੀਕਦੀਆਂ ਪਈਆਂ ਹਨ। ਦੋ ਵਜੇ ਤਕ ਵੀ ਖਾਲੀ ਕੁਰਸੀਆਂ ਹੀ ਉਹ ਦੇਖ ਰਿਹਾ ਸੀ। ਹੁਣ ਮੋਦੀ ਸਾਹਿਬ ਭਲਾ ਕੀ ਕਹਿੰਦੇ ਕਿ ਖਾਲੀ ਕੁਰਸੀਆਂ ਕਰਕੇ ਉਹ ਵਾਪਸ ਜਾ ਰਿਹਾ ਹੈ? ਕੀ ਉਸ ਨੇ ਆਪਣੀ ਪਾਰਟੀ ਦੀ ਬੇਇਜ਼ਤੀ ਕਰਨੀ ਸੀ ਇਹ ਕਹਿ ਕੇ ਕਿ ਉਸ ਦੀ ਪੰਜਾਬ ਦੀ ਪਾਰਟੀ ਦਰਸ਼ਕਾਂ ਦੀ ਭੀੜ ਨਹੀਂ ਜੁਟਾ ਸਕੀ? ਕੀ ਮੋਦੀ ਨੇ ਆਪਣੇ ਸਿਰ ਆਪ ਹੀ ਖੇਹ ਪਾਉਣੀ ਸੀ? ਮੋਦੀ ਸਾਹਿਬ ਬੜੇ ਮੰਝੇ ਹੋਏ ਰਾਜਨੇਤਾ ਹਨ। ਇਸੇ ਲਈ ਉਨ੍ਹਾਂ ਨੇ ਇਹ ਪੈਂਤੜਾ ਅਪਣਾ ਲਿਆ, ਜਿਹੜਾ ਉਸ ਨੂੰ ਰਾਜਨੀਤਕ ਤੌਰ ‘ਤੇ ਲਾਹੇਬੰਦ ਲਗਦਾ ਹੋਵੇਗਾ। ਮੋਦੀ ਅਤੇ ਮੋਦੀ ਦੀ ਪਾਰਟੀ ਰਾਜਨੀਤਕ ਤੌਰ ‘ਤੇ ਕਿਉਂ ਹਾਰੇ? ਤਿੰਨੇ ਕਾਨੂੰਨ ਵਾਪਸ ਲੈਣ ਦੀ ਨਮੋਸ਼ੀ ਤੋਂ ਤਾਂ ਉਹ ਅਜੇ ਤਕ ਵੀ ਨਹੀਂ ਸੰਭਲੇ।
ਅੱਜ ਭਾਰਤ ਵਿੱਚ ਮੋਦੀ ਤੇ ਉਸ ਦੀ ਪਾਰਟੀ ਬੀ.ਜੇ.ਪੀ.ਅਤੇ ਭਾਰਤ ਦੇ ਲੋਕਾਂ ਵਿੱਚ ਰਾਜਨੀਤਕ ਲੜਾਈ ਸ਼ੁਰੂ ਹੈ। ਰਾਜਨੀਤਕ ਲੜਾਈ ਕੀ ਹੈ? ਉਹ ਹੈ ਸਾਮਰਾਜ ਦੀਆਂ ਨਵ-ਉਦਾਰਵਾਦੀ ਪਾਲਿਸੀਆਂ ਨੂੰ ਲਾਗੂ ਕਰਵਾਉਣਾ। ਆਈ.ਐੱਮ.ਐੱਫ ਅਤੇ ਡਬਲਿਯੂ.ਟੀ.ਓ. ਦੀਆਂ ਲੋਕ-ਮਾਰੂ ਨੀਤੀਆਂ ਦਾ ਜੂਲਾ ਲੋਕਾਂ ਉੱਤੇ ਲੱਦਣਾ। ਪੂੰਜੀਵਾਦੀਆਂ ਅਤੇ ਕਾਰਪੋਰੇਟ ਸੈਕਟਰ ਕੋਲ ਦੇਸ਼ ਦੀ ਜ਼ਮੀਨ, ਧੰਨ ਦੌਲਤ, ਖਣਿਜ ਪਦਾਰਥਾਂ ਨੂੰ ਸੌਂਪਣਾ। ਇਹ ਇਕੱਲਾ ਸਾਡੇ ਦੇਸ਼ ਭਾਰਤ ਵਿੱਚ ਹੀ ਨਹੀਂ ਹੋ ਰਿਹਾ, ਸੰਸਾਰ ਭਰ ਵਿੱਚ ਹੋ ਰਿਹਾ ਹੈ। ਇੱਕ ਪਾਸੇ ਆਰ.ਐੱਸ.ਐੱਸ. ਸਾਮਰਾਜੀਆਂ ਅਤੇ ਕਾਰਪੋਰੇਟ ਪੱਖੀ ਹਨ, ਦੂਜੇ ਪਾਸੇ ਉਹ ਪਾਰਟੀਆਂ ਹਨ, ਜਿਹੜੀਆਂ ਲੋਕ-ਪੱਖੀ ਹਨ। ਕਿਸਾਨ ਸੰਘਰਸ਼ ਨੇ ਤਿੰਨ ਕਿਸਾਨਾਂ ਵਿਰੋਧੀ ਕਾਨੂੰਨਾਂ ਵਿਰੁੱਧ ਲੰਮੀ ਲੜਾਈ ਲੜਕੇ ਭਾਰਤ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਕੁਲ ਸੰਸਾਰ ਨੂੰ ਸਿਆਸੀ ਤੌਰ ‘ਤੇ ਜਾਗ੍ਰਤ ਕੀਤਾ ਹੈ। ਪੂੰਜੀਪਤੀਆਂ ਵਿਰੁੱਧ ਲੜਾਈ ਦਿਨੋ ਦਿਨ ਤੇਜ਼ ਹੋਣੀ ਹੈ।
5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦਾ ‘ਜਾਨ ਬਚਾ ਕੇ’ ਆਉਣ ਦਾ ਨਾਟਕ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਇਹ ਹੁੰਦਾ ਹੀ ਰਹਿੰਦਾ ਹੈ। ਭਾਰਤ ਵਿੱਚ ਲੜਾਈ ਹੁਣ ਸਿੱਧੀ ਅਤੇ ਤਿੱਖੀ ਹੋ ਰਹੀ ਹੈ। ਦੇਸ਼ ਵੇਚਣ ਵਾਲਿਆਂ ਅਤੇ ਦੇਸ਼ ਦੇ ਰੱਖਿਅਕਾਂ ਵਿਚਾਲੇ ਲੜਾਈ ਤਿੱਖੀ ਹੋਣ ਜਾ ਰਹੀ ਹੇ। ਅੱਜ ਲੋੜ ਹੈ ਕਿ ਦੇਸ਼ ਵਿੱਚ ਪਬਲਿਕ ਸੈਕਟਰ ਤਕੜਾ ਹੋਵੇ। ਸਾਰੇ ਕੰਮ-ਧੰਦੇ ਕੌਮੀ ਕੀਤੇ ਜਾਣ। ਕਿਰਤੀਆਂ ਅਤੇ ਕਿਸਾਨਾਂ ਕੋਲ ਪੈਸਾ ਹੋਵੇ। ਉਹਨਾਂ ਦੀ ਖ਼ਰੀਦ ਸ਼ਕਤੀ ਵਧੇ। ਇਸੇ ਨਾਲ ਦੇਸ਼ ਗਰੀਬੀ ਅਤੇ ਬੇਰੁਜ਼ਗਾਰੀ ਦੀ ਜਿੱਲ੍ਹਣ ਵਿੱਚੋਂ ਨਿਕਲ ਸਕਦਾ ਹੈ। ਲੋਕ ਦੋਖੀਆਂ ਅਤੇ ਲੋਕ ਪੱਖੀਆਂ ਦੀ ਲੜਾਈ ਹੁਣ ਤਿੱਖੀ ਤੋਂ ਤਿੱਖੇਰੀ ਹੋਣੀ ਹੀ ਹੋਣੀ ਹੈ। ਜਿੱਤ ਆਖ਼ਰ ਲੋਕ-ਪੱਖੀਆਂ ਦੀਆਂ ਹੋਣੀ ਹੈ। ਸਾਰੇ ਸੰਸਾਰ ਵਿੱਚ ਹੋਣ ਜਾ ਰਹੀ ਹੈ।
ਮੋਦੀ ਦੇ ਫਿਰੋਜ਼ਪੁਰ ਕਾਂਡ ਦਾ ਕੁਝ ਨਹੀਂ ਬਣਨਾ, ਕਿਸਾਨਾਂ ਵਿਰੁੱਧ ਪਾਸ ਕੀਤੇ ਤਿੰਨ ਕਾਨੂੰਨਾਂ ਵਰਗਾ ਹਸ਼ਰ ਇਸਦਾ ਵੀ ਹੋਣਾ ਹੈ। ਸੰਸਾਰ ਭਰ ਵਿੱਚ ਜੋਕਾਂ ਅਤੇ ਲੋਕਾਂ ਦੀ ਲੜਾਈ ਵੀ ਅੱਜ ਏਜੰਡੇ ਉੱਤੇ ਹੈ। ਫਿਰੋਜ਼ਪੁਰ ਦਾ ਕਾਂਡ ਉਸੇ ਦਾ ਹਿੱਸਾ ਹੈ।

ਲੇਖਕ : ਰਿਪੁਦਮਨ ਸਿੰਘ ਰੂਪ