ਨਵੇਂ ਸਾਲ ਵਿਚ ਕਰੋ ਨਵੀਂ ਸ਼ੁਰੂਆਤ

ਨਵੇਂ ਸਾਲ ਵਿਚ ਕਰੋ ਨਵੀਂ ਸ਼ੁਰੂਆਤ

ਜ਼ਿੰਦਗੀ ਇਕ ਸਮਾਂ ਹੈ ਅਤੇ ਇਸ ਸਮੇਂ ਦੀ ਕੀਮਤ ਜਾਣੋ। ਜ਼ਿੰਦਗੀ ਇਕ ਮੌਕਾ ਹੈ ਕੁਝ ਕਰਕੇ ਅਤੇ ਬਣ ਕੇ ਵਿਖਾਉਣ ਦਾ। ਜ਼ਿੰਦਗੀ ਇਕ ਇਰਾਦਾ ਹੈ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ। ਬੀਤੇ ਸਮੇਂ ਦੀਆਂ ਕਈ ਪ੍ਰਾਪਤੀਆਂ ਅਤੇ ਜਿੱਤਾਂ ਨੇ ਜੇਕਰ ਸਾਨੂੰ ਖੁਸ਼ੀ ਦਿੱਤੀ ਹੈ ਤਾਂ ਕਈ ਅਸਫਲਤਾਵਾਂ ਨੇ ਸਾਨੂੰ ਸਬਕ ਵੀ ਦਿੱਤੇ ਹਨ। ਕੋਸ਼ਿਸ਼ ਕਰਨਾ ਪਰ ਹਾਰ ਜਾਣਾ ਕਦੇ ਨਿਰਾਸ਼ਾ ਪੈਦਾ ਨਹੀਂ ਕਰਦਾ, ਬਲਕਿ ਨਿਰਾਸ਼ ਤਾਂ ਉਹ ਹੁੰਦੇ ਹਨ, ਜੋ ਜਿੱਤ ਲਈ ਯਤਨ ਹੀ ਨਹੀਂ ਕਰਦੇ। ਜੇਕਰ ਤੁਸੀਂ ਜਿੱਤ ਲਈ ਆਪਣੇ-ਆਪ ‘ਤੇ ਮਾਣ ਮਹਿਸੂਸ ਕਰਦੇ ਹੋ ਤਾਂ ਫਿਰ ਅਸਫਲਤਾ ਜਾਂ ਹਾਰ ਲਈ ਦੋਸ਼ ਦੂਜਿਆਂ ਸਿਰ ਕਿਉਂ? ਸਾਲ 2018 ਵਿਚ ਤੁਸੀਂ ਆਪਣੀ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ ਕਰੋ। ਜ਼ਿੰਦਗੀ ਦੇ ਕਈ ਦੁੱਖ-ਦਰਦ ਅਜਿਹੇ ਹੁੰਦੇ ਹਨ, ਜਿਹੜੇ ਸਿਰਫ ਸਬਰ ਰੱਖਣ ਨਾਲ ਹੀ ਦੂਰ ਹੁੰਦੇ ਹਨ। ਇਹ ਜ਼ਿੰਦਗੀ ਇਕ ਇਮਤਿਹਾਨ ਹੈ ਅਤੇ ਨਤੀਜਾ ਸਾਡੇ ਆਪਣੇ ਕੰਮਾਂ ਕਰਕੇ ਬਣਦਾ ਹੈ। ਜਦੋਂ ਤੁਹਾਡੇ ਕੰਮ ਬੋਲਦੇ ਹਨ ਤਾਂ ਤੁਹਾਨੂੰ ਕੁਝ ਵੀ ਬੋਲਣ ਦੀ ਲੋੜ ਨਹੀਂ ਪੈਂਦੀ। ਤੁਹਾਡੀ ਆਪਣੀ ਆਵਾਜ਼ ਬਹੁਤੀ ਦੂਰ ਨਹੀਂ ਜਾ ਸਕਦੀ ਪਰ ਤੁਹਾਡੇ ਚੰਗੇ ਕੰਮਾਂ ਦੀ ਆਵਾਜ਼ ਉਥੋਂ ਤੱਕ ਵੀ ਜਾ ਪਹੁੰਚਦੀ ਹੈ, ਜਿਥੇ ਤੁਸੀਂ ਖੁਦ ਵੀ ਨਹੀਂ ਜਾ ਸਕਦੇ। ਜ਼ਿੰਦਗੀ ਇਕ ਮੰਚ ਹੈ ਅਤੇ ਤੁਸੀਂ ਇਸ ਦੇ ਕਲਾਕਾਰ ਹੋ। ਜ਼ਿੰਦਗੀ ਜਿਉਣ ਦੇ ਸਾਰੇ ਅੰਕ ਜੋੜ ਕੇ ਹੀ ਚਰਿੱਤਰ ਬਣਦਾ ਹੈ। ਜਿਸ ਤਰ੍ਹਾਂ ਜ਼ਹਿਰ ਦੀ ਇਕ ਬੂੰਦ ਬਰਤਨ ਵਿਚ ਪਏ ਸਾਰੇ ਦੁੱਧ ਨੂੰ ਜ਼ਹਿਰ ਬਣਾ ਦਿੰਦੀ ਹੈ, ਉਸੇ ਤਰ੍ਹਾਂ ਤੁਹਾਡੇ ਦਿਲ ਵਿਚ ਪੈਦਾ ਹੋਈ ਇਕ ਛੋਟੀ ਜਿਹੀ ਖੋਟ ਤੁਹਾਡੇ ਪੂਰੇ ਚਰਿੱਤਰ ਨੂੰ ਨੀਵਾਂ ਕਰ ਸਕਦੀ ਹੈ।
ਤੁਹਾਡੀ ਜ਼ਿੰਦਗੀ ਦਾ ਅਸਲ ਸਰਟੀਫਿਕੇਟ ਤੁਹਾਡਾ ਚਰਿੱਤਰ ਹੈ। ਗੁੱਸੇ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਸ ਦੀ ਸਭ ਤੋਂ ਵੱਧ ਸਜ਼ਾ ਅਸੀਂ ਆਪ ਹੀ ਭੁਗਤਦੇ ਹਾਂ। ਲੋੜ ਤੋਂ ਵਧੇਰੇ ਬੋਲਣਾ ਕਈ ਫਾਲਤੂ ਪ੍ਰੇਸ਼ਾਨੀਆਂ ਨੂੰ ਸੱਦਾ ਦੇਣਾ ਹੈ। ਸਮਾਂ, ਸਥਿਤੀ ਅਤੇ ਸਾਥੀ ਨੂੰ ਧਿਆਨ ਵਿਚ ਰੱਖ ਕੇ ਗੱਲ ਕਰੋ। ਈਰਖਾ ਸਾਡੇ ਮਨ ਦੇ ਅੰਦਰ ਫੈਲਿਆ ਉਹ ਪ੍ਰਦੂਸ਼ਣ ਹੈ, ਜਿਹੜਾ ਸਾਡੀਆਂ ਖੁਸ਼ੀਆਂ ਨੂੰ ਬਿਮਾਰ ਕਰ ਦਿੰਦਾ ਹੈ। ਈਰਖਾ ਕਾਰਨ ਸੁੰਦਰਤਾ ਕੁਮਲਾ ਜਾਂਦੀ ਹੈ, ਜਦਕਿ ਸੱਚੀ ਪ੍ਰਸੰਸਾ ਸਾਧਾਰਨ ਜਿਹੇ ਚਿਹਰੇ ਨੂੰ ਵੀ ਦਿਲਕਸ਼ ਬਣਾ ਦਿੰਦੀ ਹੈ। ਚਿਹਰੇ ਦੀ ਇਕ ਸੱਚੀ ਮੁਸਕਰਾਹਟ ਤੁਹਾਡੀ ਜ਼ਿੰਦਗੀ ਦਾ ਨੂਰ ਹੈ। ਇਹ ਨੂਰ ਰੂਹਾਨੀਅਤ ਹੈ ਅਤੇ ਹਰ ਪਲ ਹਰ ਸਥਿਤੀ ਵਿਚ ਪ੍ਰਸੰਨਚਿੱਤ ਹੋਣ ਦਾ ਐਲਾਨ ਹੈ। ਸ਼ੱਕ ਅਤੇ ਈਰਖਾ ਕਾਰਨ ਮਨ ਦੀ ਸ਼ਾਂਤੀ ਦੁੱਬਰ ਹੁੰਦੀ ਹੈ। ਖੁਦ ਦੀ ਤਰੱਕੀ ਲਈ ਐਨਾ ਸਮਾਂ ਲਗਾਓ ਕਿ ਦੂਜਿਆਂ ਦੀ ਬੁਰਾਈ ਕਰਨ ਦਾ ਤੁਹਾਨੂੰ ਸਮਾਂ ਹੀ ਨਾ ਮਿਲੇ। ਤੁਹਾਡਾ ਚੰਗਾਪਣ ਤੁਹਾਡੀ ਕਮਜ਼ੋਰੀ ਨਹੀਂ, ਬਲਕਿ ਇਹ ਉਨ੍ਹਾਂ ਲੋਕਾਂ ਦੀ ਕਮਜ਼ੋਰੀ ਹੈ, ਜਿਨ੍ਹਾਂ ਕੋਲ ਇਹ ਨਹੀਂ ਹੈ। ਚੰਗੇ ਕੰਮਾਂ ਦੀ ਮਿਆਦ ਤੁਹਾਡੀ ਉਮਰ ਤੋਂ ਵੱਡੀ ਹੁੰਦੀ ਹੈ। ਸ਼ੋਹਰਤ ਕਦੇ ਵੀ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੁੰਦੀ, ਜਿਹੜੇ ਇਸ ਦੇ ਮਗਰ ਦੌੜਦੇ ਹਨ। ਮਿਹਨਤ ਨਾਲ ਪ੍ਰਾਪਤ ਕੀਤੀ ਚੀਜ਼ ਸਾਨੂੰ ਕਦੇ ਵੀ ਖਰਾਬ ਨਹੀਂ ਕਰਦੀ।
ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਖੁਸ਼ੀਆਂ ਨੂੰ ਵੰਡਣਾ ਸਿੱਖੋ। ਕਿਸੇ ਲੋੜਵੰਦ ਦੀ ਲੋੜ ਪੂਰੀ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਖੁਸ਼ੀਆਂ ਦੇ ਬੀਜ ਬੀਜਦੇ ਹੋ। ਪ੍ਰਸੰਨਤਾ ਮਿਲਦੀ ਨਹੀਂ, ਸਗੋਂ ਕਮਾਈ ਜਾਂਦੀ ਹੈ। ਬਹੁਤ ਵੱਡੀਆਂ ਗੱਲਾਂ ਕਰਨ ਨਾਲ ਹੀ ਕੋਈ ਇਨਸਾਨ ਸਮਝਦਾਰ ਨਹੀਂ ਹੋ ਜਾਂਦਾ, ਬਲਕਿ ਸਮਝਦਾਰ ਤਾਂ ਉਹ ਉਸ ਸਮੇਂ ਹੁੰਦਾ ਹੈ ਜਦੋਂ ਉਹ ਬਹੁਤ ਛੋਟੀਆਂ-ਛੋਟੀਆਂ ਗੱਲਾਂ ਨੂੰ ਸਮਝਣਾ ਅਤੇ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਬਦਲੇ ਦੀ ਭਾਵਨਾ ਤੁਹਾਡੇ ਵਰਤਮਾਨ ਦੇ ਅਨੰਦ ਨੂੰ ਖਤਮ ਕਰ ਦਿੰਦੀ ਹੈ। ਜਿਸ ਤਰ੍ਹਾਂ ਨਵੇਂ ਸਾਲ ਦੀ ਆਮਦ ‘ਤੇ ਕੰਧਾਂ ਦੇ ਕੈਲੰਡਰ, ਡਾਇਰੀਆਂ ਤੇ ਜੰਤਰੀਆਂ ਬਦਲ ਜਾਂਦੀਆਂ ਹਨ, ਉਸੇ ਤਰ੍ਹਾਂ ਤੁਸੀਂ ਖੁਦ ਨੂੰ ਵੀ ਬਦਲੋ। ਜਦੋਂ ਲੋੜ ਤੋਂ ਵਧੇਰੇ ਵਿਸ਼ਵਾਸ ਤੁਹਾਡਾ ਘੁਮੰਡ ਬਣ ਜਾਂਦਾ ਹੈ ਤਾਂ ਫਿਰ ਇਸ ਘੁਮੰਡ ਕਾਰਨ ਤੁਹਾਨੂੰ ਆਪਣੀਆਂ ਗ਼ਲਤੀਆਂ ਅਤੇ ਔਗੁਣ ਵੀ ਦਿਖਾਈ ਦੇਣੋ ਹਟ ਜਾਂਦੇ ਹਨ।
ਜੋ ਤੁਹਾਡੇ ਦਿਲਾਂ ਵਿਚ ਰਹਿੰਦੇ ਹਨ, ਉਨ੍ਹਾਂ ਦੀਆਂ ਗੱਲਾਂ ਨੂੰ ਦਿਲ ‘ਤੇ ਲਾਉਣਾ ਠੀਕ ਨਹੀਂ। ਆਪਣਿਆਂ ਨਾਲ ਬਹਿਸ ਕਰਨਾ ਸਮਝਦਾਰੀ ਨਹੀਂ। ਵਾਰ-ਵਾਰ ਧੋਖੇ ਖਾਣਾ ਤੁਹਾਡੀ ਸਮਝਦਾਰੀ ‘ਤੇ ਪ੍ਰਸ਼ਨ ਚਿੰਨ੍ਹ ਹੈ। ਉਸ ਖਾਮੋਸ਼ੀ ਦਾ ਕੋਈ ਲਾਭ ਨਹੀਂ, ਜੋ ਤੁਹਾਡੀ ਮਨ ਦੀ ਬੇਚੈਨੀ ਵਿਚ ਵਾਧਾ ਕਰਦੀ ਹੈ। ਉਹ ਕਦੇ ਵੀ ਅਮੀਰ ਨਹੀਂ ਹੋ ਸਕਦੇ, ਜੋ ਦਿਲਾਂ ਦੇ ਗਰੀਬ ਹੁੰਦੇ ਹਨ।
ਸਾਲ 2017 ਹੁਣ ਤੁਹਾਡੀ ਜ਼ਿੰਦਗੀ ਦੀ ਇਕ ਯਾਦ ਹੈ ਅਤੇ 2018 ਤੁਹਾਡਾ ਵਰਤਮਾਨ ਤੇ ਭਵਿੱਖ। ਵਰਤਮਾਨ ਵਿਚ ਬੀਜੇ ਬੀਜ ਹੀ ਭਵਿੱਖ ਦੀ ਫਸਲ ਬਣਦੇ ਹਨ। ਭਵਿੱਖ ਦੀ ਚੰਗੀ ਤਸਵੀਰ ਲਈ ਵਰਤਮਾਨ ਵਿਚ ਚੰਗੇ ਰੰਗ ਭਰੋ, ਨਵੇਂ ਰਸਤੇ ਖੋਜੋ, ਨਵੇਂ ਰਿਸ਼ਤੇ ਉਸਾਰੋ, ਕੁਝ ਨਵਾਂ ਤੇ ਚੰਗਾ ਕਰਨ ਦਾ ਸੰਕਲਪ ਲਵੋ ਪਰ ਆਪਣੀ ਜ਼ਿੰਦਗੀ ਦੀਆਂ ਅਸਲ ਬੁਨਿਆਦਾਂ ਅਤੇ ਅਸੂਲਾਂ ਨੂੰ ਕਦੇ ਨਾ ਤਿਆਗੋ।

ਲੇਖਕ : ਅਮਰਜੀਤ ਬਰਾੜ
ਮੋਬਾ: 94179-49079