ਦੋ ਲੱਖ ਡਾਲਰ ਦਾ ਨਿਵੇਸ਼ ਕਰਨ ਵਾਲੇ 100 ਵਿਦੇਸ਼ੀ ਕਾਰੋਬਾਰੀਆਂ ਨੂੰ ਮਿਲੇਗਾ ਓਨਟਾਰੀਓ ‘ਚ ਵਸਣ ਦਾ ਮੌਕਾ

ਦੋ ਲੱਖ ਡਾਲਰ ਦਾ ਨਿਵੇਸ਼ ਕਰਨ ਵਾਲੇ 100 ਵਿਦੇਸ਼ੀ ਕਾਰੋਬਾਰੀਆਂ ਨੂੰ ਮਿਲੇਗਾ ਓਨਟਾਰੀਓ ‘ਚ ਵਸਣ ਦਾ ਮੌਕਾ

ਔਟਵਾ : ਉਨਟੇਰਿਉ ਸਰਕਾਰ ਅਗਲੇ ਦੋ ਸਾਲਾਂ ਦੌਰਾਨ 100 ਬਿਜ਼ਨਸ ਇਮੀਗ੍ਰੈਂਟਸ ਨੂੰ ਸੂਬੇ ਵਿਚ ਸੱਦਣ ਦੀ ਯੋਜਨਾ ਬਣਾ ਰਹੀ ਹੈ। ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਵਿਦੇਸ਼ੀ ਕਾਰੋਬਾਰੀ ਅਰਥਚਾਰੇ ਵਿਚ ਘੱਟੋ ਘੱਟ 2 ਲੱਖ ਡਾਲਰ ਦੇ ਨਿਵੇਸ਼ ਤੋਂ ਬਾਅਦ ਇਮੀਗ੍ਰੇਸ਼ਨ ਦੇ ਯੋਗ ਹੋ ਜਾਂਦੇ ਹਨ।
ਲੇਬਰ ਮਿਨਿਸਟਰ ਮੌਂਟੀ ਮਕਨੌਟਨ ਨੇ ਕਿਹਾ ਕਿ ਸਰਕਾਰ ਨਵੇਂ ਵਿਦੇਸ਼ੀ ਕਾਰੋਬਾਰੀਆਂ ਨੂੰ ਜੀਟੀਏ ਤੋਂ ਬਾਹਰ ਦੇ ਇਲਾਕਿਆਂ ਵਿਚ ਆਕਰਸ਼ਤ ਕਰਨ ‘ਤੇ ਤਵੱਜੋ ਦਵੇਗੀ। ਉਹਨਾਂ ਦੱਸਿਆ ਕਿ ਇਹਨਾਂ ਕਾਰੋਬਾਰੀਆਂ ਨੂੰ ਉਨਟੇਰਿਉ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਮੌਜੂਦਾ ਕਾਰੋਬਾਰ ਖਰੀਦਣ ਤੋਂ ਬਾਅਦ ਸੂਬੇ ਦੇ ਇਕਨੌਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਇਮੀਗ੍ਰੇਸ਼ਨ ਲਈ ਨਾਮਜ਼ਦ ਕੀਤਾ ਜਾਵੇਗਾ।
ਮਕਨੌਟਨ ਨੇ ਦੱਸਿਆ ਕਿ ਇਸ ਨਵੇਂ ਪ੍ਰੋਗਰਾਮ ਤਹਿਤ ਸਰਕਾਰ ਨੂੰ 6 ਮਿਲੀਅਨ ਡਾਲਰ ਦੀ ਲਾਗਤ ਆਏਗੀ, ਪਰ ਇਹ ਖ਼ਰਚ ਉਹਨਾਂ ਇਮੀਗ੍ਰੈਂਟਸ ਦੁਆਰਾ ਅਦਾ ਕੀਤੀਆਂ ਫੀਸਾਂ ਰਾਹੀਂ ਰਿਕਵਰ ਹੋ ਜਾਵੇਗਾ ਜੋ ਕਾਰੋਬਾਰ ਸ਼ੁਰੂ ਕਰਨ ਜਾਂ ਖਰੀਦਣ ਲਈ ਸੂਬੇ ਵਿੱਚ ਆ ਰਹੇ ਹਨ। ਉਹਨਾਂ ਉਮੀਦ ਜਤਾਈ ਕਿ ਇਸ ਨਵੀਂ ਇਮੀਗ੍ਰੇਸ਼ਨ ਸਟ੍ਰੀਮ ਰਾਹੀਂ ਘੱਟੋ ਘੱਟ 20 ਮਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ।
ਸੂਬੇ ਵਿਚ ਸਾਬਕਾ ਲਿਬਰਲ ਸਰਕਾਰ ਨੇ ਇਹ ਇਮੀਗ੍ਰੇਸ਼ਨ ਸਟ੍ਰੀਮ 2015 ਵਿਚ ਸ਼ੁਰੂ ਕੀਤੀ ਸੀ, ਪਰ ਉਦੋਂ ਤੋਂ ਹੁਣ ਤੱਕ ਇਸ ਸਟ੍ਰੀਮ ਵਿਚ ਸਿਰਫ਼ ਦੋ ਨਿਵੇਸ਼ਕ ਹੀ ਨਾਮਜ਼ਦ ਹੋਏ ਹਨ।
ਮਿਨਿਸਟਰ ਮਕਨੌਟਨ ਨੇ ਕਿਹਾ, ਮੈਂ ਇਮੀਗ੍ਰੇਸ਼ਨ ਨੂੰ ਉਨਟੇਰਿਉ ਦੀ ਇਕੌਨਮੀ ਦੇ ਵਿਕਾਸ ਦੇ ਮੁੱਖ ਕਾਰਕਾਂ ਵੱਜੋਂ ਦੇਖਦਾ ਹਾਂ। ਇਹ ਸੂਬੇ ਦੇ ਲੋਕਾਂ ਲਈ ਨੌਕਰੀਆਂ ਪੈਦਾ ਕਰਨ ਅਤੇ ਜੀਟੀਏ ਤੋਂ ਬਾਹਰ ਵੀ ਨਵੇਂ ਕਾਰੋਬਾਰ ਸਥਾਪਿਤ ਕਰਨ ਦਾ ਅਹਿਮ ਮੌਕਾ ਹੈ।
ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਸੂਬੇ ਦੀ ਕੋਵਿਡ 19 ਤੋਂ ਆਰਥਿਕ ਰਿਕਵਰੀ ਵਿਚ ਵੀ ਮਦਦ ਕਰੇਗਾ।
ਪਿਛਲੇ ਮਹੀਨੇ ਉਨਟੇਰਿਉ ਸਰਕਾਰ ਨੇ ਫ਼ੈਡਰਲ ਸਰਕਾਰ ਨੂੰ ਉਨਟੇਰਿਉ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ 9,000 ਤੋਂ ਵਧਾ ਕੇ 18,000 ਕਰਨ ਦੀ ਮੰਗ ਕੀਤੀ ਸੀ। ਹੁਨਰਮੰਦ ਕਾਮਿਆਂ ਦੀ ਗਿਣਤੀ ਵਧਾਉਣ ਦੇ ਉਦੇਸ਼ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਮਕਨੌਟਨ ਨੇ ਕਿਹਾ ਕਿ ਉਨਟੇਰਿਉ ਇਸ ਸਮੇਂ ਕਾਮਿਆਂ ਦੀ ਘਾਟ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਕੋਵਿਡ ਮਹਾਮਾਰੀ ਨੇ ਇਸ ਸਮੱਸਿਆ ਵਿਚ ਵਾਧਾ ਕੀਤਾ ਹੈ।