ਸਸਕੈਚਵਨ ਸੂਬੇ ਦੇ ਪ੍ਰੀਮੀਅਰ ਸਕੌਟ ਮੋਅ ਦੀ ਕੋਵਿਡ-19 ਰਿਪੋਰਟ ਪੌਜੀਟਿਵ ਆਈ

ਸਸਕੈਚਵਨ ਸੂਬੇ ਦੇ ਪ੍ਰੀਮੀਅਰ ਸਕੌਟ ਮੋਅ ਦੀ ਕੋਵਿਡ-19 ਰਿਪੋਰਟ ਪੌਜੀਟਿਵ ਆਈ

ਰੈਗਿਨਾ : ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਵੀ ਕੋਵਿਡ-19 ਦੀ ਲਪੇਟ ਵਿਚ ਆ ਗਏ ਹਨ। ਵੀਰਵਾਰ ਨੂੰ ਇੱਕ ਰੈਪਿਡ ਟੈਸਟ ਕਿਟ ਰਾਹੀਂ ਕੀਤੀ ਕੋਵਿਡ ਜਾਂਚ ਵਿਚ ਮੋਅ ਦਾ ਨਤੀਜਾ ਪੌਜ਼ਿਟਿਵ ਆਇਆ ਹੈ। ਬੁੱਧਵਾਰ ਨੂੰ ਪ੍ਰੀਮੀਅਰ ਮੋਅ ਨੇ ਇਨ-ਪਰਸਨ ਨਿਊਜ਼ ਕਾਨਫ਼੍ਰੰਸ ਵਿਚ ਸ਼ਿਰਕਤ ਕੀਤੀ ਸੀ। ਮੋਅ ਦੀ ਪ੍ਰੈਸ ਸਕੱਤਰ ਜੁਲੀ ਲੈਗੌਟ ਨੇ ਇੱਕ ਈ-ਮੇਲ ਵਿਚ ਦੱਸਿਆ ਕਿ ਮੋਅ ਅਕਸਰ ਹੀ ਰੈਪਿਡ ਟੈਸਟ ਕਿਟ ਰਾਹੀਂ ਕੋਵਿਡ ਟੈਸਟਿੰਗ ਕਰਦੇ ਰਹੇ ਹਨ। ਉਸਨੇ ਦੱਸਿਆ ਕਿ ਟੈਸਟ ਨਤੀਜਾ ਪੌਜ਼ਿਟਿਵ ਆਉਣ ਦੇ ਬਾਵਜੂਦ, ਮੋਅ ਨੂੰ ਕੋਈ ਲੱਛਣ ਨਹੀਂ ਹਨ। ਲੈਗੌਟ ਅਨੁਸਾਰ, ਇਸ ਤੋਂ ਪਹਿਲਾਂ ਮੋਅ ਨੇ ਐਤਵਾਰ ਸ਼ਾਮ ਨੂੰ ਆਖ਼ਰੀ ਵਾਰੀ ਰੈਪਿਡ ਟੈਸਟ ਕੀਤਾ ਸੀ ਜਿਸ ਦਾ ਨਤੀਜਾ ਨੈਗਟਿਵ ਆਇਆ ਸੀ।
ਮੋਅ ਅਤੇ ਸਸਕੈਚਵਨ ਦੇ ਚੀਫ਼ ਮੈਡੀਕਲ ਔਫ਼ਿਸਰ ਡਾ ਸਾਕਿਬ ਸ਼ਹਾਬ ਬੁੱਧਵਾਰ ਨੂੰ ਸੂਬਾਈ ਲਜਿਸਲੇਟਿਵ ਦੀ ਬਿਲਡਿੰਗ ਵਿਚ ਆਯੋਜਿਤ ਨਿਊਜ਼ ਕਾਨਫ਼੍ਰੰਸ ਵਿਚ ਮੌਜੂਦ ਸਨ। ਸ਼ਹਾਬ ਨੇ ਲਗਾਤਾਰ ਆਪਣਾ ਮਾਸਕ ਪਹਿਨਿਆ ਹੋਇਆ ਸੀ, ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੋਅ ਬਾਰ ਬਾਰ ਆਪਣਾ ਮਾਸਕ ਉਤਾਰ ਰਹੇ ਸਨ।