ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ : ਜਸਟਿਨ ਟਰੂਡੋ

ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ : ਜਸਟਿਨ ਟਰੂਡੋ

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕਿਊਬੈਕ ਦੀ ਵੈਕਸੀਨ ਨਾ ਲਵਾਉਣ ਵਾਲਿਆਂ ‘ਤੇ ਟੈਕਸ ਲਗਾਏ ਜਾਣ ਦੀ ਯੋਜਨਾ ਦਾ ਸਮਰਥਨ ਕਰਨ ਤੋਂ ਪਹਿਲਾਂ, ਉਹਨਾਂ ਨੂੰ ਇਸ ਬਾਰੇ ਹੋਰ ਜਾਨਣ ਦੀ ਜ਼ਰੂਰਤ ਹੈ। ਔਟਵਾ ਵਿਚ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਯਾਤਰਾ ਪਾਬੰਦੀਆਂ ਅਤੇ ਵੈਕਸੀਨ ਜ਼ਰੂਰੀ ਕੀਤੇ ਜਾਣ ਵਰਗੇ ਉਪਾਵਾਂ ਰਾਹੀਂ ਵੈਕਸੀਨ ਨਾ ਲਵਾਉਣ ਵਾਲਿਆਂ ਨੂੰ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ – ਪਰ ਕਿਊਬੈਕ ਦੁਆਰਾ ਪ੍ਰਸਤਾਵਿਤ ਇੱਕ ਹੈਲਥ ਕੇਅਰ ਟੈਕਸ ਇੱਕ ਨਵਾਂ ਸੰਕਲਪ ਹੈ ਜਿਸ ਨੂੰ ਹੋਰ ਸਟਡੀ ਕਰਨ ਦੀ ਜ਼ਰੂਰਤ ਹੈ।
ਹਾਲਾਂਕਿ ਇਸ ਨਵੇਂ ਪ੍ਰਸਤਾਵਿਤ ਹੈਲਥ ਟੈਕਸ ਦੇ ਕੋਈ ਵੇਰਵੇ ਨਹੀਂ ਆਏ ਹਨ, ਪਰ ਮੰਗਲਵਾਰ ਨੂੰ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਸੀ ਜਿਹੜੇ ਕਿਊਬੈਕ ਵਾਸੀ ਆਉਂਦੇ ਹਫ਼ਤਿਆਂ ਤੱਕ ਵੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਵਾਉਣਗੇ, ਉਹਨਾਂ ਉੱਪਰ ਇੱਕ ਹੈਲਥ ਟੈਕਸ ਲਗਾ ਦਿੱਤਾ ਜਾਵੇਗਾ।
ਲਿਗੋਅ ਨੇ ਇਹ ਤਾਂ ਨਹੀਂ ਦੱਸਿਆ ਕਿ ‘ਹੈਲਥ ਟੈਕਸ’ ਵਿਚ ਕਿੰਨੀ ਰਾਸ਼ੀ ਵਸੂਲੀ ਜਾਵੇਗੀ, ਅਤੇ ਇਹ ਕਦੋਂ ਤੋਂ ਲਾਗੂ ਹੋ ਸਕਦਾ ਹੈ, ਪਰ ਉਹ ਚਾਹੁੰਦੇ ਹਨ ਕਿ ਇਹ ਰਾਸ਼ੀ ਇੰਨੀ ਕੁ ਹੋਵੇ, 50 ਜਾਂ 100 ਡਾਲਰ ਤੋਂ ਵੱਧ, ਤਾਂ ਕਿ ਲੋਕਾਂ ਨੂੰ ਵੈਕਸੀਨ ਲਗਾਵਾਉਣ ਲਈ ਪ੍ਰੋਤਸਾਹਨ ਮਿਲੇ।
ਟਰੂਡੋ ਨੇ ਕਿਹਾ ਕਿ ਕੋਈ ਵੀ ਟੈਕਸ ਜਾਂ ਚਾਰਜ ਕੈਨੇਡਾ ਹੈਲਥ ਐਕਟ ਦੀ ਪਾਲਣਾ ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਹ ਫ਼ੈਡਰਲ ਕਾਨੂੰਨ ਸਭ ਲਈ ਹੈਲਥ ਕੇਅਰ ਤੱਕ ਪਹੁੰਚ ਦੀ ਗਾਰੰਟੀ ਦਿੰਦਾ ਹੈ। ਟਰੂਡੋ ਨੇ ਕਿਹਾ, ਵੇਰਵੇ ਮਹੱਤਵਪੂਰਨ ਹੁੰਦੇ ਹਨ। ਸਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਉਹ ਕੀ ਉਪਾਅ ਲਿਆ ਰਹੇ ਹਨ। ਸਾਨੂੰ ਇਸਦੀਆਂ ਸ਼ਰਤਾਂ ਜਾਣਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਜਾਣ ਸਕੀਏ ਕਿ ਕੀ ਇਹ ਪ੍ਰਭਾਵਸ਼ਾਲੀ ਹੋਵੇਗਾ। ਅਸੀਂ ਇਸਦੇ ਵੇਰਵਿਆਂ ਨੂੰ ਦੇਖਾਂਗੇ ਕਿ ਇਹ ਅਸਲ ਵਿਚ ਕਿਸ ਤਰ੍ਹਾਂ ਨਾਲ ਸ਼ੁਰੂ ਹੁੰਦਾ ਹੈ।
ਉਹਨਾਂ ਕਿਹਾ, ਅਸੀਂ ਕੱਲ ਐਲਾਨੇ ਗਏ ਉਪਾਅ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ। ਫ਼ੈਡਰਲ ਪੱਧਰ ‘ਤੇ, ਅਸੀਂ ਦਿਖਾਇਆ ਹੈ ਕਿ ਲਾਜ਼ਮੀ ਵੈਕਸੀਨ ਕਾਰਗਰ ਉਪਾਅ ਹੈ। ਡਿਉਕਲੋ ਨੇ ਦੱਸਿਆ ਕਿ ਫ਼ੈਡਰਲ ਸਰਕਾਰ ਵੱਲੋਂ ਸਾਰੇ ਫ਼ੈਡਰਲ ਮੁਲਾਜ਼ਮਾਂ ਲਈ ਕੋਵਿਡ ਵੈਕਸੀਨ ਲਾਜ਼ਮੀ ਕੀਤੇ ਜਾਣ ਤੋਂ ਬਾਅਦ, ਫ਼ੈਡਰਲ ਪਬਲਿਕ ਸਰਵਿਸ ਵਿਚ ਵੈਕਸੀਨੇਸ਼ਨ ਦਰ ਤਕਰੀਬਨ 99 ਫ਼ੀਸਦੀ ਹੋ ਗਈ ਹੈ।
ਟਰੂਡੋ ਨੇ ਰੇਲ ਅਤੇ ਹਵਾਈ ਯਾਤਰੀਆਂ ਲਈ ਅਤੇ ਫ਼ੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦੇ ਮੁਲਾਜ਼ਮਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਕਾਫ਼ੀ ਸਖ਼ਤ ਉਪਾਅ ਕੀਤੇ ਹਨ।
ਓ-ਟੂਲ ਆਪਣੀ ਲੀਡਰਸ਼ਿਪ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਅਤੇ ਉਹ ਕੈਨੇਡੀਅਨਜ਼ ਜਾਂ ਫ਼ਰੰਟ ਲਾਈਨ ‘ਤੇ ਕੰਮ ਕਰ ਰਹੇ ਸਾਡੇ ਹੈਲਥ ਕੇਅਰ ਵਰਕਰਾਂ ਨੂੰ ਸੁਰੱਖਿਅਤ ਰੱਖਣ ਬਾਰੇ ਨਹੀਂ ਸੋਚ ਰਹੇ।
ਇਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ, ਸਾਨੂੰ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਦੀ ਜ਼ਰੂਰਤ ਹੋਵੇਗੀ। ਅਸੀਂ ਇਸ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਓ’ਟੂਲ ਆਪਣੀ ਹੀ ਪਾਰਟੀ ਵਿਚ ਵੈਕਸੀਨ ਵਿਰੋਧੀਆਂ ਦੀ ਖ਼ੁਸ਼ਾਮਦ ਕਰਨ ‘ਤੇ ਕੇਂਦਰਤ ਹਨ।
ਹਾਊਸ ਔਫ਼ ਕੌਮਨਜ਼ ਵਿਚ ਵੀ ਇਨ-ਪਰਸਨ ਹਾਜ਼ਰ ਹੋਣ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਾਗੂ ਹੈ। ਅਗਿਆਤ ਗਿਣਤੀ ਵਿਚ ਕੰਜ਼ਰਵੇਟਿਵ ਐਮਪੀਜ਼ ਨੇ ਮੈਡੀਕਲ ਛੋਟ ਦੇ ਅਧਾਰ ‘ਤੇ ਵੈਕਸੀਨ ਪ੍ਰਾਪਤ ਨਹੀਂ ਕੀਤੀ ਹੈ।
ਓਮੀਕਰੌਨ ਦੇ ਮੁਲਕ ਵਿਚ ਪਸਾਰ ਨੂੰ ਲੈਕੇ ਕੰਜ਼ਰਵੇਟਿਵ ਲੀਡਰ ਐਰਿਨ ਓ’ਟੂਲੇ ਨੇ ਵੀ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਨਿਸ਼ਾਨਾ ਸਾਧਿਆ ਸੀ।
ਓ-ਟੂਲ ਨੇ ਟਰੂਡੋ ‘ਤੇ ਇਲਜ਼ਾਮ ਲਗਾਇਆ ਸੀ ਕਿ ਲੋੜੀਂਦੀ ਪੀਪੀਈ ਸਪਲਾਈ, ਰੈਪਿਡ ਟੈਸਟ ਅਤੇ ਬੂਸਟਰ ਸ਼ੌਟ ਮੁਹੱਈਆ ਕਰਵਾਉਣ ਵਿਚ ਸਰਕਾਰ ਨਾਕਾਮ ਰਹੀ ਹੈ ਅਤੇ ਲੌਕਡਾਉਨ ਨੂੰ ਆਮ ਗੱਲ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਸੀ ਕਿ ਟਰੱਕ ਡਰਾਈਵਰਾਂ ਵਰਗੇ ਬਗ਼ੈਰ ਵੈਕਸੀਨ ਵਾਲੇ ਅਸੈਂਸ਼ੀਅਲ ਵਰਕਰਾਂ ਲਈ ਕੁਝ ਛੋਟਾਂ ਹੋਣੀਆਂ ਚਾਹੀਦੀਆਂ ਹਨ। ਓ’ਟੂਲ ਦੀ ਇਸ ਟਿੱਪਣੀ ਨੂੰ ਟਰੂਡੋ ਨੇ ਅੱਜ ਗ਼ੈਰ-ਜ਼ਿੰਮੇਵਾਰਾਨਾ ਆਖਿਆ।