ਓਮੀਕੌਰਨ ਕਾਰਨ ਬੀ.ਸੀ. ਦੇ ਹਸਪਤਾਲਾਂ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵੱਧੀ

ਓਮੀਕੌਰਨ ਕਾਰਨ ਬੀ.ਸੀ. ਦੇ ਹਸਪਤਾਲਾਂ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵੱਧੀ

ਸਰੀ, (ਰਛਪਾਲ ਸਿੰਘ ਗਿੱਲ): ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਰੋਜ਼ਾਨਾ ਦੀ ਬਰੀਫਿੰਗ ਦੌਰਾਨ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 2,239 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿੱਚ ਦਰਜ ਕੇਸਾਂ ਦੀ ਕੁੱਲ ਗਿਣਤੀ 286,080 ਹੋ ਗਈ ਹੈ। ਇੱਕ ਲਿਖਤੀ ਬਿਆਨ ਵਿੱਚ, ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਸੂਬੇ ਵਿੱਚ ਕੋਵਿਡ-19 ਦੇ 36,087 ਸਰਗਰਮ ਕੇਸ ਹਨ, ਜੋ ਕਿ ਬੀ.ਸੀ. ਲਈ ਇੱਕ ਨਵਾਂ ਰਿਕਾਰਡ ਹੈ। ਸਰਗਰਮ ਮਾਮਲਿਆਂ ਵਿੱਚੋਂ, 469 (+38) ਵਿਅਕਤੀ ਵਰਤਮਾਨ ਵਿੱਚ ਹਸਪਤਾਲ ਵਿੱਚ ਭਰਤੀ ਹਨ ਅਤੇ 97 (+) ਇੰਟੈਂਸਿਵ ਕੇਅਰ ਵਿੱਚ ਹਨ। ਬਾਕੀ ਲੋਕ ਘਰਾਂ ‘ਚ ਸੈਲਫ-ਆਈਸੋਲੇਸ਼ਨ ਹਨ। ਬੀ.ਸੀ. ਦੇ ਵੱਖ ਵੱਖ ਇਲਾਕਿਆਂ ‘ਚ ਕੇਸਾਂ ਦੀ ਗਿਣਤੀ ਅਨੁਸਾਰ ਫਰੇਜ਼ਰ ਹੈਲਥ ‘ਚ 807 ਨਵੇਂ ਕੇਸ, ਕੁੱਲ 15,988 ਸਰਗਰਮ ਕੇਸ ਹਨ, ਵੈਨਕੂਵਰ ਕੋਸਟਲ ਹੈਲਥ ‘ਚ 383 ਨਵੇਂ ਕੇਸ, ਕੁੱਲ 10,334 ਸਰਗਰਮ ਕੇਸ ਹਨ। ਇੰਟੀਰੀਅਰ ਹੈਲਥ ‘ਚ 318 ਨਵੇਂ ਕੇਸ, ਕੁੱਲ 4,295 ਸਰਗਰਮ ਕੇਸ ਹਨ। ਨੌਰਥਨ ਹੈਲਥ ‘ਚ 167 ਨਵੇਂ ਕੇਸ, ਕੁੱਲ 1,136 ਸਰਗਰਮ ਕੇਸ ਹਨ। ਆਈਲੈਂਡ ਹੈਲਥ: 562 ਨਵੇਂ ਕੇਸ, 4,330 ਕੁੱਲ ਸਰਗਰਮ ਕੇਸ ਹਨ। ਕੈਨੇਡਾ ਤੋਂ ਬਾਹਰ ਦੇ ਦੋ ਨਵੇਂ ਕੇਸ, ਚਾਰ ਕੁੱਲ ਸਰਗਰਮ ਕੇਸ ਹਨ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਕੁੱਲ 2,449 ਮੌਤਾਂ ਹੋ ਚੁੱਕੀਆਂ ਹਨ।