ਕੋਵਿਡ-19 ਦੇ ਦੁਬਾਰਾ ਕੇਸ ਵਧਣ ਨਾਲ ਕੈਨੇਡਾ ਭਰ ‘ਚ ਜਨ-ਜੀਵਨ ਪ੍ਰਭਾਵਿਤ

ਕੋਵਿਡ-19 ਦੇ ਦੁਬਾਰਾ ਕੇਸ ਵਧਣ ਨਾਲ ਕੈਨੇਡਾ ਭਰ ‘ਚ ਜਨ-ਜੀਵਨ ਪ੍ਰਭਾਵਿਤ

ਸਰੀ, (ਰਛਪਾਲ ਸਿੰਘ ਗਿੱਲ): ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਭਰ ‘ਚ ਲਗਾਤਾਰ ਵੱਧ ਰਹੇ ਕੋਵਿਡ ਕੇਸਾਂ ਨੇ ਇੱਕ ਵਾਰ ਫਿਰ ਮੁਲਕ ਦਾ ਜਨ-ਜੀਵਨ ਪ੍ਰਭਾਵਿਤ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਓਮੀਕਰੋਨ ਦੇ ਮੱਦੇ ਨਜ਼ਰ ਕੈਨੇਡਾ ਵਾਸੀਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਵੀ ਕਈ ਲੋਕ ਵੈਕਸੀਨੇਸ਼ਨ ਲੈਣ ਤੋਂ ਟਾਲਾ ਵੱਟ ਰਹੇ ਹਨ ਜੋ ਕਿ ਹੋਰਨਾਂ ਲਈ ਵੀ ਖਤਰਾ ਪੈਦਾ ਕਰਦੇ ਹਨ। ਟਰੂਡੋ ਨੇ ਕਿਹਾ ਕਿ ਲੋਕਾਂ ਨੂੰ ਵੈਕਸੀਨੇਸ਼ਨ ਲੈਣ ਲਈ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਟਰੱਕ ਡਰਾਈਵਰਾਂ ਨੂੰ ਹੁਣ ਲਾਜ਼ਮੀ ਵੈਕਸੀਨੇਸ਼ਨ ਸਬੂਤ ਦਿਖਾਉਣ ਤੋਂ ਛੋਟ ਦਿੱਤੀ ਗਈ ਹੈ। ਹੁਣ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਵੈਕਸੀਨੇਸ਼ਨ ਦੀ ਭਾਵੇਂ ਇੱਕ ਡੋਜ਼ ਹੀ ਲੱਗੀ ਹੋਵੇ ਤਾਂ ਉਨ੍ਹਾਂ ਨੂੰ ਕੁਆਰੰਟੀਨ ਨਹੀਂ ਕੀਤਾ ਜਾਵੇਗਾ।
ਤੇਜ਼ੀ ਨਾਲ ਫ਼ੈਲਣ ਵਾਲੇ ਓਮੀਕਰੌਨ ਵੇਰੀਐਂਟ ਨੇ ਕੈਨੇਡਾ ਦੇ ਕਈ ਛੋਟੇ ਵੱਡੇ ਕਾਰੋਬਾਰਾਂ ਨੂੰ ਆਪਣੇ ਦਰਵਾਜ਼ੇ ਦੁਬਾਰਾ ਬੰਦ ਬਾਕੀ ਕਰਨ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਇਹਨਾਂ ਕਾਰੋਬਾਰਾਂ ਦੇ ਕਈ ਮੁਲਾਜ਼ਮ ਕੋਵਿਡ ਪੌਜ਼ਿਟਿਵ ਹੋ ਗਏ ਹਨ ਜਾਂ ਕਿਸੇ ਕੋਵਿਡ ਪ੍ਰਭਾਵਿਤ ਸ਼ਖ਼ਸ ਦੇ ਸੰਪਰਕ ਵਿਚ ਆਉਣ ਕਰਕੇ ਆਈਸੋਲੇਸ਼ਨ ਵਿਚ ਹਨ। ਪਰ ਹੁਣ ਇਹ ਸਟਾਫ਼ ਦੀ ਕਮੀ ਐਮਰਜੈਂਸੀ ਸੇਵਾਵਾਂ ਵਿਚ ਵੀ ਚੁਣੌਤੀ ਬਣਦੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਭਾਗਾਂ ਜਿਵੇਂ ਪੁਲਿਸ, ਐਂਬੁਲੈਂਸ ਅਤੇ ਫ਼ਾਇਰ ਸਰਵਿਸੇਜ਼ ਤੱਕ ਵਿਚ ਸਟਾਫ਼ ਦੀ ਕਮੀ ਹੋ ਗਈ ਹੈ।