ਆਤਮਵਿਸ਼ਵਾਸੀ ਕੋਇਲ

ਆਤਮਵਿਸ਼ਵਾਸੀ ਕੋਇਲ

ਇਕ ਵਾਰੀ ਪੰਛੀਆਂ ਦੇ ਸਕੂਲ ਵਿਚ ਹੁਨਰ ਨੂੰ ਉਭਾਰਨ ਲਈ ਖੁੱਲ੍ਹੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਸਾਰੇ ਪੰਛੀਆਂ ਨੇ ਕੁਝ ਨਾ ਕੁਝ ਕਰਕੇ ਵਿਖਾਉਣਾ ਸੀ। ਸਾਰੇ ਪੰਛੀ ਜ਼ੋਰ-ਸ਼ੋਰ ਨਾਲ ਤਿਆਰੀ ਕਰਨ ਵਿਚ ਲੱਗ ਗਏ। ਇਕ ਨਿੱਕੀ ਕੋਇਲ ਨੂੰ ਗਾਉਣ ਦਾ ਬਹੁਤ ਸ਼ੌਕ ਸੀ ਪਰ ਉਹ ਸਭ ਦੇ ਸਾਹਮਣੇ ਆਉਣ ਤੋਂ ਸ਼ਰਮਾਉਂਦੀ ਸੀ। ਉਹ ਉਤਸ਼ਾਹਤ ਤਾਂ ਸੀ ਪਰ ਅੰਦਰੋਂ ਡਰਦੀ ਸੀ। ਉਸ ਨੇ ਘਰ ਜਾ ਕੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ ਅਤੇ ਕਹਿਣ ਲੱਗੀ, ‘ਮੈਂ ਤਾਂ ਨਿੱਕੀ ਜਿਹੀ ਹਾਂ, ਸਾਰੇ ਮੇਰੇ ਉੱਤੇ ਹੱਸਣਗੇ। ਮੇਰਾ ਤਾਂ ਰੰਗ ਵੀ ਕਾਲਾ ਹੈ।’ ਇਹ ਕਹਿ ਕੇ ਉਹ ਰੋਣ ਲੱਗ ਪਈ। ‘ਨਹੀਂ ਬੇਟਾ, ਆਪਣੇ-ਆਪ ਉੱਤੇ ਵਿਸ਼ਵਾਸ ਰੱਖੋ। ਤੁਸੀਂ ਕੁਝ ਵੀ ਕਰ ਸਕਦੇ ਹੋ। ਪੂਰੀ ਤਿਆਰੀ ਕਰਕੇ ਪ੍ਰਤੀਯੋਗਤਾ ਵਿਚ ਹਿੱਸਾ ਲਵੋ, ਤੁਸੀਂ ਜ਼ਰੂਰ ਜਿੱਤੋਗੇ।’ ਮੰਮੀ ਨੇ ਕਿਹਾ।
ਅਗਲੇ ਦਿਨ ਕੋਇਲ ਨੇ ਸਕੂਲ ਵਿਚ ਪੂਰੇ ਵਿਸ਼ਵਾਸ ਨਾਲ ਗਾਇਆ। ਉਸ ਦਾ ਗਾਣਾ ਸਭ ਨੂੰ ਬਹੁਤ ਪਸੰਦ ਆਇਆ ਅਤੇ ਉਹ ਪਹਿਲਾ ਇਨਾਮ ਜਿੱਤ ਗਈ। ਉਸ ਦਿਨ ਤੋਂ ਬਾਅਦ ਕੋਇਲ ਕਦੇ ਵੀ ਨਾ ਡਰੀ ਅਤੇ ਸਭ ਦੇ ਸਾਹਮਣੇ ਸ਼ਰਮਾਉਣ ਤੋਂ ਹਟ ਗਈ। ਹੁਣ ਉਸ ਵਿਚ ਆਤਮਵਿਸ਼ਵਾਸ ਭਰ ਗਿਆ।
ਬੱਚਿਓ, ਪਰਮਾਤਮਾ ਨੇ ਹਰ ਜੀਵ ਨੂੰ ਆਪਣੇ-ਆਪ ਵਿਚ ਸੰਪੂਰਨ ਬਣਾਇਆ ਹੈ। ਦੂਜਿਆਂ ਨਾਲ ਨਕਾਰਾਤਮਿਕ ਤੁਲਨਾ ਕਦੇ ਨਾ ਕਰੋ। ਆਪਣੀ ਮਿਹਨਤ ਉੱਤੇ ਵਿਸ਼ਵਾਸ ਕਰਦੇ ਹੋਏ ਅੱਗੇ ਵਧਦੇ ਜਾਓ, ਤਾਂ ਹੀ ਸਫਲਤਾ ਮਿਲਦੀ ਹੈ।
– ਨਰਿੰਦਰ ਪਾਲ ਕੌਰ
ਗੁਰੂ ਨਾਨਕ ਨਗਰ, ਪਟਿਆਲਾ