ਦੁਨੀਆ ਦੇ ਇਤਿਹਾਸ ਦੀ ਇੱਕ ਬੇਮਿਸਾਲ ਘਟਨਾ : ਸਾਕਾ ਚਮਕੌਰ ਸਾਹਿਬ

ਉਂਝ ਤਾਂ ਸਾਰਾ ਸਿੱਖ ਇਤਿਹਾਸ ਹੀ ਲਹੂ ਨਾਲ ਲਥਪਥ ਹੈ ਪਰ ਪਿਛਲੇ ਲਗਭਗ 300 ਸਾਲਾਂ ਦੌਰਾਨ ਜਿਹੜੇ ਕਹਿਰ ਸਿੱਖਾਂ ਉੱਤੇ ਇਕ ਕੌਮ ਦੇ ਰੂਪ ਵਿਚ ਢਾਹੇ ਗਏ ਹਨ, ਉਨ੍ਹਾਂ ਵਿਚ ਸਾਕਾ ਸਰਹਿੰਦ, ਸਾਕਾ ਚਮਕੌਰ ਸਾਹਿਬ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਤੇ ਸਾਕਾ ਨੀਲਾ ਤਾਰਾ ਮੁੱਖ ਤੌਰ ‘ਤੇ ਸ਼ਾਮਿਲ ਹਨ। ਇਤਿਹਾਸ ਗਵਾਹ ਹੈ ਕਿ ਤਸੀਹੇ ਤੇ ਤਬਾਹੀ ਦੇ ਤੂਫਾਨਾਂ ਵਿਚੋਂ ਗੁਜ਼ਰਦਿਆਂ ਸਿੱਖਾਂ ਨੇ ਹਰ ਹਾਲ ਵਿਚ ਆਪਣੀ ਹਸਤੀ ਨੂੰ ਬਰਕਰਾਰ ਰੱਖਿਆ।
‘ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਓਂ ਰਹਾ ਹੈ ਦੁਸ਼ਮਨ, ਦੌਰੇ ਜ਼ਮਾਂ ਹਮਾਰਾ।’
-ਬਕੌਲ ਸ਼ਾਇਰ

ਵੈਸੇ ਤਾਂ ਪੰਥ ਦੇ ਲਗਭਗ ਸਾਰੇ ਸ਼ਹੀਦਾਂ ਨੂੰ ਇਕ-ਦੂਜੇ ਤੋਂ ਵਿਲੱਖਣ ਤਰੀਕੇ ਦੀ ਸ਼ਹੀਦੀ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਤੁਸੀਂ ਵੇਖੋਗੇ, ਕਈ ਪੱਖਾਂ ਤੋਂ ਬੇਮਿਸਾਲ ਸੀ। ਸਾਕਾ ਚਮਕੌਰ ਸਾਹਿਬ ਦੇ ਨਾਂਅ ਨਾਲ ਜਾਣੀ ਜਾਣ ਵਾਲੀ ਇਹ ਇਕ ਅਜਿਹੀ ਅਸਾਵੀਂ ਜੰਗ ਸੀ, ਜੋ ਸਿੱਖਾਂ ਦੇ ਕਾਲਜੇ ਸੱਲ ਗਈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ‘ਤੇ ਡੂੰਘੀ ਉਕਰੀ ਗਈ। ਤਾਹੀਓਂ ਗੁਰੂ ਸਾਹਿਬ ਵੱਲੋਂ ਮੁਗਲ ਸਮਰਾਟ, ਔਰੰਗਜ਼ੇਬ ਨੂੰ ਲਿਖੇ ਆਪਣੇ ਇਤਿਹਾਸਕ ਪੱਤਰ ‘ਜ਼ਫ਼ਰਨਾਮਾ’ ਵਿਚ ਚਮਕੌਰ ਦੀ ਜੰਗ ਦਾ ਵਾਰ-ਵਾਰ ਅਤੇ ਵੇਰਵੇ ਸਹਿਤ ਜ਼ਿਕਰ ਮਿਲਦਾ ਹੈ।
ਆਓ! ਗੱਲ ਨੂੰ ਇਕ ਸਿਲਸਿਲੇਵਾਰ ਢੰਗ ਨਾਲ ਵਿਚਾਰੀਏ। ਸਾਕਾ ਚਮਕੌਰ ਸਾਹਿਬ ਦੀ ਲੜੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 21 ਦਸੰਬਰ, 1704 ਈ: ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕੀਤਾ ਤਾਂ ਉਸ ਸਮੇਂ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ, ਗੁਰੂ ਕੇ ਮਹਿਲ ਅਤੇ ਕਾਫੀ ਗਿਣਤੀ ਵਿਚ ਸਿੰਘ ਉਨ੍ਹਾਂ ਦੇ ਨਾਲ ਸਨ। ਜਦੋਂ ਇਹ ਕਾਫਲਾ ਸਰਸਾ ਨਦੀ ਪਾਰ ਕਰਨ ਲੱਗਿਆ ਤਾਂ ਪਿੱਛਾ ਕਰ ਰਹੀਆਂ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵਹੀਰ ‘ਤੇ ਇਕ ਭਰਵਾਂ ਹੱਲਾ ਬੋਲ ਦਿੱਤਾ। ਇਹ ਇਕ ਠੰਢੀ ਤੇ ਵਰਖਾ ਦੀ ਰਾਤ ਸੀ ਅਤੇ ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਘਮਸਾਨ ਦਾ ਯੁੱਧ ਹੋਇਆ। ਇਸੇ ਦੌਰਾਨ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਵਹੀਰ ਨਾਲੋਂ ਵਿਛੜ ਜਾਂਦੇ ਹਨ। ਗੁਰੂ ਸਾਹਿਬ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਸਿੰਘ ਚਮਕੌਰ ਸਾਹਿਬ ਵੱਲ (ਬਰਾਸਤਾ ਰੋਪੜ ਤੇ ਬੂਰ ਮਾਜਰਾ) ਆਪਣਾ ਸਫਰ ਜਾਰੀ ਰੱਖਦੇ ਹਨ।
ਜਦੋਂ ਇਹ ਕਾਫਲਾ ਚਮਕੌਰ ਦੀ ਜੂਹ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਸਮੇਂ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ (ਜਨਮ 29 ਮਾਘ, 1743 ਬਿ:) ਅਤੇ ਬਾਬਾ ਜੁਝਾਰ ਸਿੰਘ (ਜਨਮ ਚੇਤ ਵਦੀ ਦਸਮੀ, 1747 ਬਿ:) ਤੋਂ ਇਲਾਵਾ ਗੁਰੂ ਸਾਹਿਬ ਨਾਲ ਕੇਵਲ 40 ਸਿੰਘ ਸਨ।
ਪਿੱਛਾ ਕਰ ਰਹੀ ਟਿੱਡੀ ਦਲ ਮੁਗਲ ਫੌਜ ਨੇ ਆਉਂਦੇ ਹੀ ਗੜ੍ਹੀ ਨੂੰ ਘੇਰ ਲਿਆ। ਇਸ ਤਰ੍ਹਾਂ ਚਮਕੌਰ ਦੀ ਧਰਤੀ ‘ਤੇ ਦੁਨੀਆ ਦੇ ਇਤਿਹਾਸ ਦੀ ਇਕ ਬੇਜੋੜ ਤੇ ਅਸਾਵੀਂ ਜੰਗ ਲੜੀ ਜਾਣ ਲਈ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ। ਇਸ ਅਸਾਵੀਂ ਜੰਗ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ‘ਜ਼ਫ਼ਰਨਾਮਾ’ ਵਿਚ ਲਿਖਦੇ ਹਨ-
ਗੁਰਸਨਾ : ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂ ਬੇਖ਼ਬਰ।
ਭਾਵ ਭੁੱਖਣ-ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ ਜੇ ਉਨ੍ਹਾਂ ਉੱਤੇ ਅਚਨਚੇਤ 10 ਲੱਖ (ਅਣਗਿਣਤ) ਫੌਜ ਟੁੱਟ ਪਵੇ। 22 ਦਸੰਬਰ, 1704 ਨੂੰ ਮੁਗਲ ਫੌਜ ਨੇ ਗੜ੍ਹੀ ‘ਤੇ ਇਕ ਭਰਵਾਂ ਹੱਲਾ ਬੋਲ ਦਿੱਤਾ। ਗੁਰੂ ਸਾਹਿਬ ਨੇ ਇਸ ਹਮਲੇ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਸ਼ਹੀਦੀ ਜਥੇ ਬਣਾ ਕੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਖੂਨ-ਡੋਲ੍ਹਵੀਂ ਲੜਾਈ ਹੋਈ। ਗੁਰੂ ਸਾਹਿਬ ‘ਜ਼ਫ਼ਰਨਾਮਾ’ ਵਿਚ ਲਿਖਦੇ ਹਨ ਕਿ ਹੇ ਔਰੰਗਜ਼ੇਬ! ਤੇਰੀ ਫੌਜ ਦੇ ਜਰਨੈਲ ਤੇ ਸਿਪਾਹੀ, ਗੜ੍ਹੀ ਦੀ ਦੀਵਾਰ ਦੀ ਓਟ ਲਈ ਆਪਣੀ ਜਾਨ ਦੀ ਖੈਰ ਮੰਗਦੇ ਰਹੇ ਅਤੇ ਜੋ ਵੀ ਕੋਈ ਦੀਵਾਰ ਦੀ ਓਟ ਤੋਂ ਜ਼ਰਾ ਬਾਹਰ ਆਇਆ, ਉਹ ਇਕੋ ਤੀਰ ਖਾ ਕੇ ਖੂਨ ਵਿਚ ਗਰਕ ਹੋ ਗਿਆ।
ਗੱਲ ਚੱਲ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਥੱਕੇ-ਟੁੱਟੇ ਤੇ ਭੁੱਖਣ-ਭਾਣੇ ਸਿੰਘਾਂ ਨੇ ਸ਼ਕਤੀਸ਼ਾਲੀ ਮੁਗਲ ਫੌਜ ਨਾਲ ਬੇਮਿਸਾਲ ਤੇ ਬੇਨਜ਼ੀਰ ਟੱਕਰ ਲੈ ਕੇ ਸ਼ਹੀਦੀ ਜਾਮ ਪੀਤੇ।
ਉਹ ਪਲ ਬਹੁਤ ਹੀ ਦਿਲ ਹਿਲਾਉਣ ਵਾਲੇ ਹੋਣਗੇ, ਜਦੋਂ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (14 ਸਾਲ) ਨੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿਚ ਕੁੱਦ ਕੇ ਲਾੜੀ ਮੌਤ ਨੂੰ ਪਰਨਾਉਣ ਲਈ ਆਗਿਆ ਮੰਗੀ ਹੋਵੇਗੀ।
ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਨ ਹੇਠ ਭੇਜੀ ਗਈ ਟੁਕੜੀ ਵਿਚ ਭਾਈ ਆਲਮ ਸਿੰਘ ਸ਼ਾਮਿਲ ਸੀ। ਭਾਈ ਆਲਮ ਸਿੰਘ ਅਜਿਹੀਆਂ ਬਹੁਤ ਸਾਰੀਆਂ ਜੰਗਾਂ ਦਾ ਹੀਰੋ ਸੀ। ਸਾਹਿਬਜ਼ਾਦੇ ਨੇ ਆਉਂਦੇ ਹੀ ਰਣ ਵਿਚ ਤਰਥੱਲੀ ਮਚਾ ਦਿੱਤੀ। ਪਹਿਲਾਂ ਬਰਛੇ ਨਾਲ ਅਤੇ ਫਿਰ ਤਲਵਾਰ ਨਾਲ ਮੁਗਲਾਂ ‘ਤੇ ਘਾਤਕ ਵਾਰ ਕੀਤੇ। ਜਦੋਂ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਜਾਂਦਾ ਹੈ ਤਾਂ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਗੁਰੂ ਸਾਹਿਬ ਪਾਸੋਂ ਰਣ ਤੱਤੇ ਵਿਚ ਜਾਣ ਦੀ ਆਗਿਆ ਮੰਗਦਾ ਹੈ। ਗੁਰੂ ਸਾਹਿਬ ਸਾਹਿਬਜ਼ਾਦੇ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕਰਦੇ ਹਨ ਅਤੇ ਆਪਣੀ ਦਿਲੀ ਤਮੰਨਾ ਦਾ ਇਜ਼ਹਾਰ ਇਉਂ ਕਰਦੇ ਹਨ-
ਖ੍ਵਾਹਸ਼ ਹੈ ਤੁਮ੍ਹੇਂ ਤੇਗ਼ ਚਲਾਤੇ ਹੂਏ ਦੇਖੇਂ।
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ।
-ਅੱਲ੍ਹਾ ਯਾਰ ਖਾਂ ਜੋਗੀ
ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਸੰਦਰਭ ਵਿਚ ਫੈਜ਼ ਅਹਿਮਦ ਫੈਜ਼ ਦਾ ਇਕ ਬਹੁਤ ਹੀ ਢੁਕਵਾਂ ਉਰਦੂ ਸ਼ਿਅਰ ਅਚਾਨਕ ਮੇਰੇ ਜ਼ਿਹਨ ਵਿਚ ਉੱਭਰ ਆਇਆ ਹੈ, ਜੋ ਤੁਹਾਡੀ ਨਜ਼ਰ ਹੈ-
ਯਹ ਜਾਂ ਤੋ ਆਨੀ ਜਾਨੀ ਹੈ, ਇਸ ਜਾਂ ਕੀ ਤੋ ਕੋਈ ਬਾਤ ਨਹੀਂ।
ਜਿਸ ਧਜ ਸੇ ਕੋਈ ਮਕਤਲ (ਕਤਲਗਾਹ) ਮੇਂ ਗਯਾ, ਵੁਹ ਸ਼ਾਨ ਸਲਾਮਤ ਰਹਤੀ ਹੈ।
ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਅਤੇ ਭਾਈ ਜੈਤਾ ਜੀ ਵੀ ਰਣਭੂਮੀ ਦੀ ਭੇਟ ਚੜ੍ਹ ਗਏ। ਇਸ ਤਰ੍ਹਾਂ ਲਗਭਗ ਸਾਰੇ ਸਿਦਕੀ ਸਿੰਘ ਸ਼ਹੀਦ ਹੋ ਗਏ ਪਰ ਗੁਰੂ ਸਾਹਿਬ ਨੇ ਆਪਣੇ ਪ੍ਰਾਣਾਂ ਤੋਂ ਵੀ ਪਿਆਰੇ ਕੁਝ ਸਿੰਘ ਅਜੇ ਵੀ ਬਚਾ ਕੇ ਰੱਖੇ ਹੋਏ ਸਨ।
ਰਾਤ ਪੈਣ ‘ਤੇ ਲੜਾਈ ਬੰਦ ਹੋ ਗਈ। ਉਸ ਸਮੇਂ ਗੜ੍ਹੀ ਵਿਚ ਗੁਰੂ ਸਾਹਿਬ ਸਮੇਤ ਕੇਵਲ 11 ਸਿੰਘ ਬਾਕੀ ਰਹਿ ਗਏ ਸਨ ਪਰ ਈ. ਸੀ. ਅਰੋੜਾ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ’ ਦੇ ਪੰਨਾ 235 ਉੱਤੇ ਲਿਖਦਾ ਹੈ, ‘ਅੰਤ ਗੁਰੂ ਗੋਬਿੰਦ ਸਿੰਘ ਦੇ 40 ਸਿੱਖਾਂ ਵਿਚੋਂ ਕੇਵਲ 5 ਸਿੱਖ ਜਿਊਂਦੇ ਰਹਿ ਗਏ।’ ਪ੍ਰਸਿੱਧ ਵਿਦਵਾਨ ਤੇ ਖੋਜੀ ਪ੍ਰੋ: ਹਰਬੰਸ ਸਿੰਘ ਵੀ ਉਕਤ ਤੱਥ ਦੀ ਪੁਸ਼ਟੀ ਕਰਦਾ ਹੈ। ਖੈਰ! ਗਿਣਤੀ ਭਾਵੇਂ 5 ਜਾਂ 11, ਇਹ ਸਾਰੇ ਸਿੰਘ 22 ਦਸੰਬਰ, 1704 ਈ: ਮੁਤਾਬਿਕ 8 ਪੋਹ, 1761 ਬਿ: ਦੀ ਅੱਧੀ ਰਾਤ ਵੇਲੇ ਗੁਰੂ ਸਾਹਿਬ ਦੇ ਕੋਲ ਬੈਠੇ ਸਨ। ਇਨ੍ਹਾਂ ਸਿੰਘਾਂ ਨੇ ਆਪਣੇ ਵਿਚੋਂ ਹੀ ਭਾਈ ਦਇਆ ਸਿੰਘ ਦੀ ਅਗਵਾਈ ਵਿਚ ਪੰਜ ਪਿਆਰੇ ਚੁਣ ਲਏ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਇਨ੍ਹਾਂ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਉਸੇ ਵੇਲੇ ਗੜ੍ਹੀ ਵਿਚੋਂ ਬਚ ਕੇ ਨਿਕਲ ਜਾਣ ਲਈ ਹੁਕਮਨੁਮਾ ਬੇਨਤੀ ਕੀਤੀ। ਗੁਰੂ ਸਾਹਿਬ ਨੇ ਥੋੜ੍ਹੀ ਸੋਚ-ਵਿਚਾਰ ਤੋਂ ਬਾਅਦ ਇਸ ਬੇਨਤੀ ਨੂੰ ਖਾਲਸੇ ਦਾ ਹੁਕਮ ਮੰਨ ਕੇ ਪ੍ਰਵਾਨ ਕਰ ਲਿਆ ਅਤੇ ਆਪਣੇ ਅਸਤਰ, ਸ਼ਸਤਰ ਤੇ ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਨੂੰ ਪਹਿਨਾ ਦਿੱਤੇ ਅਤੇ ਆਪਣੀ ਹੀਰਿਆਂ ਜੜੀ ਕਲਗੀ ਉਤਾਰ ਕੇ ਉਸ ਦੇ ਸਿਰ ‘ਤੇ ਸਜਾ ਦਿੱਤੀ। ਬੂਟੇ ਸ਼ਾਹ ਆਪਣੀ ਫਾਰਸੀ ‘ਚ ਲਿਖੀ ਪੁਸਤਕ ‘ਤਾਰੀਖ਼-ਏ-ਪੰਜਾਬ’ ਵਿਚ ਇਸ ਤੱਥ ਦੀ ਪੁਸ਼ਟੀ ਕਰਦਾ ਹੋਇਆ ਲਿਖਦਾ ਹੈ, ‘ਗੁਰੂ ਗੋਬਿੰਦ ਸਿੰਘ ਨੇ ਸੰਗਤ ਸਿੰਘ ਨਾਮੀ ਇਕ ਸਿੱਖ ਨੂੰ, ਜਿਸ ਦਾ ਮੂੰਹ-ਮੁਹਾਂਦਰਾ ਪੂਰੀ ਤਰ੍ਹਾਂ ਗੁਰੂ ਜੀ ਨਾਲ ਮਿਲਦਾ ਸੀ, ਨਿੱਜੀ ਲਿਬਾਸ ਤੇ ਸ਼ਸਤਰ ਆਪਣੇ ਹੱਥੀਂ ਪਹਿਨਾ ਦਿੱਤੇ।’ ਅਜਿਹਾ ਦੁਸ਼ਮਣ ਦੀਆਂ ਫੌਜਾਂ ਨੂੰ ਭੰਬਲਭੂਸੇ ਵਿਚ ਪਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਫਿਰ ਇਹ ਫੈਸਲਾ ਲਿਆ ਗਿਆ ਕਿ ਤਿੰਨ ਸਿੰਘ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ-ਗੁਰੂ ਸਾਹਿਬ ਦਾ ਸਾਥ ਦੇਣਗੇ ਅਤੇ ਬਾਕੀ ਸਿੰਘ ਬਾਬਾ ਸੰਗਤ ਸਿੰਘ ਸੰਗ ਗੜ੍ਹੀ ਵਿਚ ਹੀ ਟਿਕੇ ਰਹਿਣਗੇ।
ਗੁਰੂ ਸਾਹਿਬ ਅਤੇ ਤਿੰਨੋਂ ਸਿੰਘ ਇਕ-ਇਕ ਕਰਕੇ ਗੜ੍ਹੀ ਤੋਂ ਬਾਹਰ ਨਿਕਲ ਗਏ ਅਤੇ ਵੱਖਰੇ-ਵੱਖਰੇ ਰਾਹ ਪੈ ਗਏ। ਗੁਰੂ ਸਾਹਿਬ ‘ਜ਼ਫ਼ਰਨਾਮਾ’ ਵਿਚ ਲਿਖਦੇ ਹਨ ਕਿ ਪਰਮੇਸ਼ਰ ਦੀ ਕਿਰਪਾ ਨਾਲ ਉਨ੍ਹਾਂ ਨੂੰ ਗੜ੍ਹੀ ਤੋਂ ਬਾਹਰ ਨਿਕਲਣ ਵਿਚ ਉੱਕਾ ਹੀ ਕੋਈ ਦਿੱਕਤ ਪੇਸ਼ ਨਹੀਂ ਆਈ। ਇਥੋਂ ਗੁਰੂ ਸਾਹਿਬ ਮਾਛੀਵਾੜਾ ਵੱਲ ਨੂੰ ਹੋ ਤੁਰੇ। ਗੜ੍ਹੀ ‘ਚ ਰਹਿ ਗਏ ਬਾਕੀ ਸਿੰਘ ਵੀ ਅਗਲੀ ਸਵੇਰ ਬਹਾਦਰੀ ਦੇ ਜੌਹਰ ਦਿਖਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ।
ਇਹ ਰਹੀ, ਦੁਨੀਆ ਦੇ ਇਤਿਹਾਸ ਦੀ ਇਕ ਬੇਜੋੜ ਤੇ ਅਸਾਵੀਂ ਜੰਗ ਦੀ ਦਾਸਤਾਨ! ਸ਼ਹਾਦਤ ਦੀ ਇਸ ਲਾਸਾਨੀ ਘਟਨਾ ਨੇ ਸਿੱਖ ਸੋਚ ਤੇ ਫਲਸਫੇ ਨੂੰ ਨਵੀਆਂ-ਨਕੋਰ ਸੇਧਾਂ ਦਿੱਤੀਆਂ, ਕਿਉਂਕਿ ਇਸ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਹ ਨਾਅਰਾ ਦਿੱਤਾ ਕਿ ਜਦੋਂ ਕੋਈ ਕੰਮ ਸਾਰੇ ਹੀਲੇ-ਉਪਾਵਾਂ ਤੋਂ ਲੰਘ ਜਾਵੇ ਤਾਂ ਹੱਥ ਵਿਚ ਤਲਵਾਰ ਲੈਣਾ ਜਾਇਜ਼ ਹੈ। ਇਸ ਨਵੀਂ ਸੋਚ ਤੇ ਫਲਸਫੇ ਨੇ ਸਿੱਖਾਂ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਮੁਗਲਾਂ ਦੀ ਤਬਾਹੀ ਲਈ ਰਾਹ ਪੱਧਰਾ ਕੀਤਾ।
ਸ਼ਹੀਦ ਸੂਰਮੇ ਹਮੇਸ਼ਾ ਕਿਸੇ ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ ਅਤੇ ਜ਼ਿੰਦਾ ਕੌਮਾਂ ਆਪਣੇ ਸ਼ਹੀਦਾਂ ਦੀ ਯਾਦ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ। ਆਓ! ਆਪਾਂ ਵੀ ਅੱਜ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਈਏ ਅਤੇ ਉਨ੍ਹਾਂ ਦੀ ਯਾਦ ਨੂੰ ਆਪਣੇ ਦਿਲ ਦੇ ਸਭ ਤੋਂ ਸਾਫ਼-ਸੁਥਰੇ ਕੋਨੇ ਵਿਚ ਸਾਂਭੀ ਰੱਖਣ ਦਾ ਪ੍ਰਣ ਲਈਏ।

– ਡਾ: ਹਰਚੰਦ ਸਿੰਘ ਸਰਹਿੰਦੀ