ਵੋਟਾਂ ਦੇ ਪੈਸੇ

ਵੋਟਾਂ ਦੇ ਪੈਸੇ

(ਵਿਅੰਗ)
– ਪਿੰਡ ਦੀ ਸੱਥ ਵਿੱਚੋਂ

ਵੋਟਾਂ ਪੈਣ ਮਗਰੋਂ ਜਿਉਂ ਹੀ ਅਗਲਾ ਦਿਨ ਚੜ੍ਹਿਆ ਤਾਂ ਕੁਝ ਲੋਕ ਕੌਣ ਜਿੱਤੂ ਕੌਣ ਹਾਰੂ ਦੀਆਂ ਕਨਸੋਆਂ ਲੈਣ ਲਈ ਅਤੇ ਕੁਝ ਲੋਕ ਐਧਰ ਓਧਰ ਦੀਆਂ ਖਬਰਾਂ ਸੁਣਨ ਸੁਣਾਉਣ ਦੀਆਂ ਗੱਲਾਂ ਦਾ ਸੁਆਦ ਲੈਣ ਵਾਸਤੇ ਪਿਛਲੇ ਦਿਨਾਂ ਨਾਲੋਂ ਪਹਿਲਾਂ ਹੀ ਸੱਥ ‘ਚ ਇਕੱਠੇ ਹੋਣ ਲੱਗ ਪਏ। ਨਾਥਾ ਅਮਲੀ ਸੱਥ ‘ਚ ਆਉਂਦਿਆਂ ਹੀ ਸੱਥ ‘ਚ ਬੈਠੇ ਗੱਜਣ ਬੁੜ੍ਹੇ ਨੂੰ ਕਹਿੰਦਾ,
”ਪਾ ਆਇਆ ਤਾਇਆ ਵੋਟ ਫਿਰ ਕੱਲ੍ਹ?”
ਸੀਤਾ ਮਰਾਸੀ ਅਮਲੀ ਦੀ ਗੱਲ ਸੁਣ ਕੇ ਕਹਿੰਦਾ, ”ਪਾ ਨ੍ਹੀ ਆਇਆ, ਖੂਹ ‘ਚ ਸਿਟਿਆਇਆ ਲੱਗਦਾ। ਗਿਆ ਤਾਂ ਇਹ ਜਮ੍ਹਾਂ ਦਿਨ ਛਿਪੇ ਸੀ। ਮੈਨੂੰ ਤਾਂ ਲੱਗਦਾ ਜਿਮੇਂ ਵੋਟਾਂ ਆਲਿਆਂ ਨੇ ਮੋੜ ‘ਤਾ ਸੀ ਤਾਏ ਨੂੰ ਕੱਲ੍ਹ। ਤਾਹੀਂ ਤਾਂ ਹੁਣ ਇਉਂ ਢਿੱਲਾ ਜਾ ਹੋਇਆ ਬੈਠਾ ਜਿਮੇਂ ਗੱਡੇ ਤੋਂ ਡਿੱਗ ਕੇ ਤੂੜੀ ਦੀ ਪੰਡ ਢਿੱਲੀ ਹੋ ਜਾਂਦੀ ਹੁੰਦੀ ਐ। ਵੋਟਾਂ ਦਾ ਟੈਮ ਹੋ ਗਿਆ ਹੋਣਾ ਅਗਲਿਆਂ ਨੇ ਸਕੂਲ ਦੇ ਕਮਰੇ ‘ਚ ਵੜਣ ਈਂ ਨ੍ਹੀ ਦਿੱਤਾ।”
ਮਾਹਲਾ ਨੰਬਰਦਾਰ ਕਹਿੰਦਾ, ”ਨਹੀਂ ਯਾਰ ਇਉਂ ਤਾਂ ਨ੍ਹੀ ਹੋਈ ਹੋਣੀ, ਵੋਟ ਤਾਂ ਇਹ ਪਾ ਕੇ ਈ ਆਇਆ ਹੋਊ। ਆਪਣੇ ਗੁਆੜ ਆਲੇ ਬੜੇ ਮਾਣ ਤਾਣ ਨਾਲ ਜੀਪ ‘ਤੇ ਲੈ ਕੇ ਗਏ ਸੀ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਲੈ ਕੇ ਈ ਗਏ ਸੀ ਤੇ ਮੋੜ ਕੇ ਛੱਡ ਕੇ ਤਾਂ ਨ੍ਹੀ ਗਏ। ਆਇਆ ਤਾਂ ਤਾਇਆ ਤੁਰ ਕੇ ਸੀ ਫਿਰ। ਗੌਂਅ ਭਨਾਵੇਂ ਜੌਂ ਆਲੀ ਗੱਲ ਹੋ ਗੀ ਤਾਏ ਨਾਲ ਤਾਂ ਫਿਰ। ਅਗਲਿਆਂ ਨੇ ਵੋਟ ਪੁਆ ਲੀ ਤੇ ਧੱਕਾ ਮਾਰਕੇ ਸਕੂਲ ‘ਚੋਂ ਇਉਂ ਬਾਹਰ ਕੱਢ ‘ਤਾ ਹੋਣਾ ਜਿਮੇਂ ਸਿਰਗਟ ਪੀਂਦੇ ਭਈਏ ਨੂੰ ਕਨੈਕਟਰ ਨੇ ਬਿਨਾਂ ਅੱਡਿਉਂ ਈਂ ਬੱਸ ‘ਚੋਂ ‘ਤਾਰ ‘ਤਾ ਹੋਵੇ।” ਨਾਥਾ ਅਮਲੀ ਕਹਿੰਦਾ, ”ਮਤਬਲ ਲੈਣ ਵੇਲੇ ਬਾਈ ਇਉਂ ਈ ਹੁੰਦੀ ਐ। ਇਹ ਵੋਟਾਂ ਤਾਂ ਫਿਰ ਵੀ ਕਈ ਸਾਲਾਂ ਪਿੱਛੋਂ ਆਉਂਦੀਐਂ, ਏਥੇ ਤਾਂ ਲੋਕ ਬੱਕਰੀ ਚੋਅ ਕੇ ਗੋਡਾ ਮਾਰ ਕੇ ਕਹਿਣਗੇ, ਪਰ੍ਹਾਂ ਮਰ। ਨਾਲੇ ਨਿੱਤ ਦੋਨੇਂ ਡੰਗੀ ਚੋਣੀ ਹੁੰਦੀ ਐ। ਤਾਏ ਨੂੰ ਜੀਪ ‘ਤੇ ਲੈ ਕੇ ਗਏ ਹੋਣਗੇ, ਵੋਟ ਪੁਆ ਕੇ ਸਕੂਲ ‘ਚੋਂ ਬਾਹਰ ਲਿਆ ਕੇ ਇਉਂ ਛੱਡ ‘ਤਾ ਹੋਊ ਜਿਮੇਂ ਅਵਾਰਾਂ ਪਸੂਆਂ ਨੂੰ ਦਿਆਲਪੁਰੇ ਆਲੇ ਬੀੜ ‘ਚ ਛੱਡ ਆਉਂਦੇ ਹੁੰਦੇ ਐ।” ਭਾਨੇ ਬਾਵੇ ਕੇ ਗੇਜੇ ਨੇ ਤਾਏ ਗੱਜਣ ਸਿਉਂ ਨੂੰ ਪੁੱਛਿਆ,”ਤਾਇਆ ਕੀਹਨੂੰ ਪਾ ਕੇ ਆਇਐਂ ਵੋਟ, ਸਦੀਕ ਨੂੰ?”
ਨਾਥਾ ਅਮਲੀ ਗੇਜੇ ਦੀ ਢੂਹੀ ‘ਤੇ ਧੱਫਾ ਮਾਰ ਕੇ ਕਹਿੰਦਾ, ”ਏਥੇ ਆਪਣੇ ਕਿੱਥੇ ਉੱਠਿਆ ਓਏ ਸਦੀਕ। ਹੋਰ ਈ ਮਾਰੀ ਜਾਨੈਂ ਆਵਦੀਆਂ ਈਂ।”
ਮਾਹਲਾ ਨੰਬਰਦਾਰ ਨਾਥੇ ਅਮਲੀ ਦਾ ਮੋਢਾ ਫੜ੍ਹਕੇ ਕਹਿੰਦਾ, ”ਖੜ੍ਹ ਕਿਉਂ ਨ੍ਹੀ ਅਮਲੀਆ ਸਦੀਕ ਓਏ?”
ਅਮਲੀ ਕਹਿੰਦਾ, ”ਖੜ੍ਹਾ ਤਾਂ ਹੈ ਪਰ ਆਪਣੇ ਤਾਂ ਨ੍ਹੀ ਖੜ੍ਹਾ ਫਿਰ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਆਪਣੇ ਏਥੇ ਕਿੱਥੇ ਗੱਪੀਆਂ ਦੀ ਸੱਥ ‘ਚ ਖੜ੍ਹਣਾ ਸੀ।”
ਬੁੱਘਰ ਦਖਾਣ ਨੇ ਵੀ ਖੋਲ੍ਹਿਆ ਫਿਰ ਟਿੱਚਰ ਵਾਲਾ ਡੱਬਾ। ਅਮਲੀ ਦੇ ਮੋਢੇ ਨੂੰ ਝੰਜੋੜਕੇ ਕਹਿੰਦਾ, ”ਆਪਣੇ ਕਿਉਂ ਨ੍ਹੀ ਖੜ੍ਹਾ ਅਮਲੀਆ ਓਏ। ਮੈਂ ਆਪ ਵੇਖਿਆ ਕੱਲ੍ਹ ਖਣੀ ਪਰਸੋਂ ਐਥੇ ਬਿਸ਼ਨੇ ਕੇ ਘਰ ਮੂਹਰੇ ਖੜ੍ਹਾ ਸੀ। ਐਧਰ ਗਾਹਾਂ ਨੂੰ ਜਾਂਦਾ ਕਿੰਨਾਂ ਈਂ ਚਿਰ ਖੜ੍ਹਾ ਰਿਹਾ ਏਥੇ।” ਅਮਲੀ ਕਹਿੰਦਾ, ”ਬਿਸ਼ਨੇ ਕਾ ਤਾਂ ਸਾਰਾ ਟੱਬਰ ਕਾਮਰੇਟ ਐ। ਨਾਲੇ ਉਨ੍ਹਾਂ ਦੇ ਕੀ ਮੁੰਡੇ ਦੀ ਰੋਪਣਾ ਪੈਂਦੀ ਸੀ ਬਈ ਓੱਥੇ ਖੜ੍ਹਾ ਸੀ।”
ਸੀਤਾ ਮਰਾਸੀ ਕਹਿੰਦਾ’ ”ਪਰ ਪਰਾਰ ਦੇ ਬਿਸ਼ਨੇ ਦੇ ਮੁੰਡੇ ਦੇ ਵਿਆਹ ਵੇਲੇ ਦੇ ‘ਖਾੜੇ ਦੇ ਪੈਸੇ ਰਹਿੰਦੇ ਹੋਣੇ ਐਂ, ਉਹ ਲੈਣ ਆਇਆ ਹੋਊ। ਤੈਨੂੰ ਪਤਾ ਤਾਂ ਹੈ ਬਈ ਬਿਸ਼ਨੇ ਕੇ ਹਰੇਕ ਕੰਮ ਪਿੱਛੇ ਉਧਾਰ ਈ ਤਾਂ ਕਰ ਲੈਂਦੇ ਐ।”
ਭਜਨੇ ਗ੍ਰੰਥੀ ਕਾ ਜੋਗਾ ਵੀ ਮੁਸ਼ਕਣੀਆਂ ਹੱਸ ਕੇ ਟਿੱਚਰ ‘ਚ ਬੋਲਿਆ, ”ਖਬਰ੍ਹਾ ਸਦੀਕ ਉਨ੍ਹਾਂ ਦੇ ਛੋਟੇ ਮੁੰਡੇ ਦੀ ਰੋਪਣਾ ‘ਤੇ ‘ਖਾੜਾ ਲਾਉਣ ਆਇਆ ਹੋਵੇ ਜਿਹੜਾ ਉਨ੍ਹਾਂ ਦੇ ਦਰਾਂ ਮੂਹਰੇ ਖੜ੍ਹਾ ਸੀ।”
ਏਨੇ ਚਿਰ ਨੂੰ ਬਾਬਾ ਵੀਰ ਸਿਉਂ ਵੀ ਸੱਥ ‘ਚ ਆ ਦੜਕਿਆ। ਸੱਥ ਵਾਲੇ ਥੜ੍ਹੇ ‘ਤੇ ਬਹਿੰਦਿਆਂ ਹੀ ਨਾਥੇ ਅਮਲੀ ਨੂੰ ਪੁੱਛਣ ਲੱਗਾ, ”ਅਮਲੀਆ! ਕੀਹਦੇ ਮੁੰਡੇ ਦੀ ਰੋਪਣਾ ਪਾਈ ਜਾਨੇਂ ਐਂ ਓਏ?”
ਨਾਥਾ ਅਮਲੀ ਬਾਬੇ ਵੀਰ ਸਿਉਂ ਨੂੰ ਫ਼ਤਹਿ ਬੁਲਾ ਕੇ ਕਹਿੰਦਾ, ”ਰੋਪਣਾ ਰਾਪਣਾ ਕਾਹਨੂੰ ਪੈਂਦੀ ਐ ਬਾਬਾ ਕਿਸੇ ਦੀ। ਇਹ ਤਾਂ ਤਾਏ ਗੱਜਣ ਬੁੜ੍ਹੇ ਦੀ ਵੋਟ ਤੋਂ ਗੱਲ ਚੱਲ ਪੀ। ਤਾਏ ਨੂੰ ਪੁੱਛਦੇ ਐ ਬਈ ਤੂੰ ਸਦੀਕ ਨੂੰ ਵੋਟ ਪਾਈ ਐ। ਆਹ ਗੱਲ ਐ ਬਾਬਾ।”
ਬਾਬਾ ਕਹਿੰਦਾ, ”ਆਪਣੇ ਕਿੱਥੇ ਖੜ੍ਹਾ ਸਦੀਕ। ਸਦੀਕ ਤਾਂ ਕਿਤੇ ਹੋਰ ਥਾਂ ਤੋਂ ਉੱਠਿਆ।”
ਸੀਤਾ ਮਰਾਸੀ ਕਹਿੰਦਾ, ”ਉਹੀ ਤਾਂ ਬਾਬਾ ਗੱਲ ਕਰਦੇ ਆਂ। ਬਈ ਕੱਲ੍ਹ ਸਦੀਕ ਤੁਰਿਆ ਜਾਂਦਾ ਆਪਣੇ ਗੁਆੜ ਆਲੇ ਬਿਸ਼ਨੇ ਕੇ ਦਰਾਂ ਮੂਹਰੇ ਖੜ੍ਹਾ ਸੀ, ਇਨ੍ਹਾਂ ਨੇ ਗੱਲ ਚੱਕ ਲੀ ਬਈ ਸਦੀਕ ਐਥੇ ਆਪਣੇ ਖੜ੍ਹਾ ਵੋਟਾਂ ‘ਚ। ਆਹ ਗੱਲ ਐ ਬਾਬਾ।”
ਬਾਬਾ ਵੀਰ ਸਿਉਂ ਕਹਿੰਦਾ, ”ਛੱਡੋ ਯਾਰ ਇਹ ਗੱਲਾਂ। ਹੁਣ ਇਹ ਦੱਸੋ ਬਈ ਜਿਹੜੀਆਂ ਕੱਲ੍ਹ ਵੋਟਾਂ ਪਈਆਂ ਉਨ੍ਹਾਂ ‘ਚ ਕਿਹੜੀ ਪਾਲਟੀ ਜਿੱਤੂ?”
ਨਾਥਾ ਅਮਲੀ ਝੱਟ ਬੋਲਿਆ, ”ਜਿਹੜੀ ਪਾਲਟੀ ਬਾਹਲ਼ੀਆਂ ਵੋਟਾਂ ਲੈ ਗੀ।”
ਮਾਹਲਾ ਨੰਬਰਦਾਰ ਕਹਿੰਦਾ, ”ਫੇਰ ਬਾਹਲ਼ੀਆਂ ਵੋਟਾਂ ਕਿਹੜੀ ਪਾਲਟੀ ਲਜਾਊ?”
ਬਾਬਾ ਵੀਰ ਸਿਉਂ ਕਹਿੰਦਾ,”ਬਾਹਲ਼ੀਆਂ ਥੋੜ੍ਹੀਆਂ ਦੀ ਤਾਂ ਗੱਲ ਛੱਡੋ ਯਾਰ, ਤੁਸੀਂ ਇਹ ਦੱਸੋ ਬਈ ਵੋਟਾਂ ‘ਚ ਕੋਈ ਲੜਾਈ ਝਗੜਾ ਤਾਂ ਨ੍ਹੀ ਹੋਇਆ ਕਿਸੇ ਦਾ?”
ਨਾਥਾ ਅਮਲੀ ਕਹਿੰਦਾ, ”ਲੜਾਈ ਤਾਂ ਬਾਬਾ ਹੁੰਦੀ-ਹੁੰਦੀ ਰਹਿ ਗੀ। ਇੱਕ ਪਾਲਟੀ ਆਲੇ ਦੂਜੀ ਪਾਲਟੀ ਨਾਲ ਮਾੜਾ ਮੋਟਾ ਉੱਚਾ ਨੀਮਾਂ ਬੋਲ ਪੇ। ਓਧਰਲੇ ਗੁਆੜ ਆਲਾ ਤੇਜੂ ਕਾ ਛਿੰਦਾ ਜੰਗੇ ਰਾਹੀ ਨੂੰ ਕਹਿੰਦਾ ‘ਜਿਹੜੀਆਂ ਜਾਹਲੀ ਵੋਟਾਂ ਤੂੰ ਭਗਤਾਉਣ ਨੂੰ ਫਿਰਦੈਂ, ਅਸੀਂ ਭੁਗਤਣ ਨ੍ਹੀ ਦੇਣੀਆਂ’। ਜੰਗਾ ਰਾਹੀ ਕਹੇ ਉਹ ਵੋਟਾਂ ਸਹੀ ਐ। ਛਿੰਦੇ ਤੇ ਉਹਦੇ ਨਾਲ ਦਿਆਂ ਨੇ ਡੰਡੇ ਚੱਕ ਲੇ। ਕਹਿੰਦੇ ‘ਹੁਣ ਆਉਣ ਦੇ ਜੰਗੇ ਨੂੰ। ਇਹਦੀ ਤਾਂ ਬਣਾਮਾਂਗੇ ਟੁੱਟੀ ਡਸ ਆਲੀ ਤੱਕੜੀ। ਬਾਕੀਆਂ ਨੂੰ ਫੇਰ ਵੇਖਾਂਗੇ’। ਕਿਸੇ ਨੇ ਵਿੱਚੋਂ ਜਾ ਕੇ ਜੰਗੇ ਰਾਹੀ ਨੂੰ ਦੱਸ ‘ਤਾ ਬਈ ਦੂਜੀ ਪਾਲਟੀ ਆਲੇ ਡੰਡੇ ਚੱਕੀ ਫਿਰਦੇ ਐ ਆਪਾਂ ਨੂੰ ਕੁੱਟਣ ਨੂੰ। ਜੰਗੇ ਨੇ ਆਵਦੇ ਸਾਰੇ ਬੰਦਿਆਂ ਨੂੰ ਪਾਸੇ ਸੱਦ ਲਿਆ। ਸੱਦ ਕੇ ਕਹਿੰਦਾ ‘ਬਈ ਗੱਲ ਐ ਮੁੰਡਿਉ ਇਉਂ। ਉਹ ਦੂਜੀ ਪਾਲਟੀ ਆਲਾ ਛੋਹਰ ਵਾਧਾ ਜਾ ਫਿਰਦਾ ਚਾਂਭਲਿਆ। ਉਹ ਡੰਡੇ ਡੁੰਡੇ ਜੇ ਚੱਕੀ ਫਿਰਦੇ ਐ ਲੜਣ ਨੂੰ। ਸੋਨੂੰ ਘਬਰਾਉਣ ਦੀ ਲੋੜ ਨ੍ਹੀ। ਅਕੇ ਵਿੱਚੋਂ ਇੱਕ ਬੋਲਿਆ ‘ਉਨ੍ਹਾਂ ਕੋਲ ਤਾਂ ਪ੍ਰਧਾਨ ਜੀ ਡੰਡੇ ਐ, ਆਪਣੇ ਕੋਲ ਕੁਸ ਮਨ੍ਹੀ, ਜਾਂ ਤਾਂ ਆਪਾਂ ਵੀ ਡਾਂਗਾਂ ਚੱਕ ਲੀਏ’। ਅਕੇ ਜੰਗਾ ਇੱਕ ਉਂਗਲ ਖੜ੍ਹੀ ਕਰਕੇ ਉਂਗਲ ਦਖਾ ਕੇ ਕਹਿੰਦਾ ‘ਆਹ ਡਾਂਗ ਈ ਐ, ਫਿਕਰ ਨਾ ਕਰੋ ਕੜਿੱਲ ਕੱਢ ਦਿਆਂਗੇ’। ਪ੍ਰੀਤਮ ਮੋਟੇ ਕਾ ਜੈਲਾ ਜੜ੍ਹਾਂ ‘ਚੋਂ ਆਵਦੀ ਵੱਢੀ ਉਂਗਲ ਆਲਾ ਥਾਂ ਵਖਾ ਕੇ ਕਹਿੰਦਾ ‘ਮੇਰੇ ਕੋਲੇ ਤਾਂ ਪ੍ਰਧਾਨ ਇਹ ਡਾਂਗ ਮਨ੍ਹੀ ਹੈ, ਮੈਂ ਕੀ ਕਰੂੰ’?” ਜੈਲੇ ਦੀ ਗੱਲ ਸੁਣ ਕੇ ਸਾਰੇ ਹੱਸ ਪੇ।
ਅਮਲੀ ਦੀ ਗੱਲ ਸੁਣ ਕੇ ਬਾਬੇ ਵੀਰ ਸਿਉਂ ਨੇ ਪੁੱਛਿਆ, ”ਫੇਰ ਕੀ ਹੋਇਆ ਅਮਲੀਆ, ਲੜ ਪੇ ਸੀ ਕੁ ਬਚਗੇ ਸੀ?”
ਸੀਤਾ ਮਰਾਸੀ ਕਹਿੰਦਾ, ”ਲੜਣ ਆਲਾ ਕਿਹੜਾ ਸੀ ਬਾਬਾ ਉਨ੍ਹਾਂ ‘ਚ। ਜੰਗਾ ਰਾਹੀ ਤਾਂ ਆਪ ਸਿਰੇ ਦਾ ਡਰਾਕਲ ਐ। ਐਮੇਂ ਮੰਡ੍ਹੀਰ ‘ਕੱਠੀ ਕਰਕੇ ਫੋਕੇ ਡਰਾਵੇ ਮਾਰ ਮੂਰ ਕੇ ਫੇਰ ਟਿਕ ਗਿਆ।”
ਮਾਹਲੇ ਨੰਬਰਦਾਰ ਨੇ ਸੀਤੇ ਮਰਾਸੀ ਨੂੰ ਪੁੱਛਿਆ, ‘ਤੇ ਸੀਤਾ ਸਿਆਂ ਜਾਖਲਾਂ ਦੇ ਗੁਆੜ ਜਿਹੜਾ ਸੌਂਹ ਦਾ ਕੋਈ ਰੌਲ਼ਾ ਰੂਲ਼ਾ ਪਿਆ ਸੀ ਉਹਦੀ ਕੀ ਗੱਲ ਸੀ। ਕਹਿੰਦੇ ਤਾਰੇ ਕੇ ਸੁੱਖੇ ਨੇ ਦੋਹਾਂ ਪਾਲਟੀਆਂ ਤੋਂ ਵੋਟਾਂ ਦੇ ਪੈਂਸੇ ਲੈ ਲੇ, ਸੱਚੀ ਗੱਲ ਐ ਇਹੇ?”
ਨਾਥਾ ਅਮਲੀ ਕਹਿੰਦਾ, ”ਮੈਂ ਦੱਸਦਾਂ ਨੰਬਰਦਾਰਾ ਤੈਨੂੰ। ਤਾਰੇ ਕੇ ਸੁੱਖੇ ਨੇ ਨ੍ਹੀ, ਵੇਹੜੇ ਆਲੇ ਕਰਤਾਰੇ ਦੇ ਮੁੰਡੇ ਕੰਨੂੰ ਨੇ ਲਏ ਐ। ਦੋਹਾਂ ਪਾਲਟੀਆਂ ਤੋਂ ਨ੍ਹੀ, ਇੱਕੋ ਪਾਲਟੀ ਤੋਂ ਦੋ ਵਾਰੀ ਪੈਸੇ ਲੈ ਕੇ ਵੋਟ ਪਾਉਣ ਦੀ ਸੌਂਹ ਖਾ ਗਿਆ।” ਬਾਬੇ ਵੀਰ ਸਿਉਂ ਨੇ ਪੁੱਛਿਆ, ”ਵੋਟ ਪਾਈ ਫੇਰ ਕੁ ਉਹ ਵੀ ਮੁੱਕਰ ਗਿਆ?”
ਅਮਲੀ ਕਹਿੰਦਾ, ”ਗਾਹਾਂ ਤਾਂ ਸੁਣ। ਪਹਿਲਾਂ ਤਾਂ ਮਖਤਿਆਰੇ ਬਿੰਬਰ ਅਰਗੇ ਕੰਨੂੰ ਨੂੰ ਘਰੇ ਜਾ ਕੇ ਕਹਿੰਦੇ ‘ਤੇਰੀਆਂ ਪੰਜ ਵੋਟਾਂ ਨੇ, ਪੈਂਸੇ ਲੈ ਲਾ, ਵੋਟਾਂ ਸਾਡੀ ਪਾਲਟੀ ਨੂੰ ਪਾਈਂ’। ਅਕੇ ਕੰਨੂੰ ਕਹਿੰਦਾ ‘ਪੰਜ ਹਜਾਰ ਲਊਂ’। ਬਿੰਬਰ ਅਰਗਿਆਂ ਨੇ ਪੰਜ ਹਜਾਰ ਦੇ ‘ਤਾ। ਕਹਿੰਦੇ ‘ਮੁੰਡੇ ਦੀ ਸੌਂਹ ਖਾ’। ਕੰਨੂੰ ਪੰਜ ਹਜਾਰ ਲੈ ਕੇ ਆਵਦੇ ਮੁੰਡੇ ਦੀ ਸੌਂਹ ਖਾ ਕੇ ਕਹਿੰਦਾ ‘ਮੈਂ ਵੋਟਾਂ ਸੋਡੀ ਪਾਲਟੀ ਨੂੰ ਪਾਊਂ’। ਉਹ ਪੈਂਸੇ ਦੇ ਕੇ ਮੁੜ ਗੇ। ਦੋ ਕੁ ਘੈਂਟਿਆਂ ਪਿੱਛੋਂ ਕਿਤੇ ਸੰਤੋਖੇ ਮੌੜ ਅਰਗੇ ਆ ਗੇ ਕੰਨੂੰ ਦੇ ਘਰੇ। ਆ ਕੇ ਕਹਿੰਦੇ ‘ਤੇਰੀਆਂ ਪੰਜ ਵੋਟਾਂ ਨੇ। ਦੱਸ ਕਿੰਨੇ ਰਪੀਏ ਲੈਣੇ ਐਂ, ਵੋਟਾਂ ਸਾਨੂੰ ਪਾਈਂ। ਅਕੇ ਕੰਨੂੰ ਕਹਿੰਦਾ ‘ਪੰਜ ਹਜਾਰ’। ਸੰਤੋਖੇ ਅਰਗੇ ਪੰਜ ਹਜਾਰ ਦੇ ਕੇ ਕਹਿੰਦੇ ‘ਸੌਂਹ ਖਾ ਬਈ ਵੋਟਾਂ ਸਾਡੀ ਪਾਲਟੀ ਨੂੰ ਪਾਏਂਗਾ’। ਕੰਨੂੰ ਗੁਰਦੁਆਰੇ ਦੀ ਸੌਂਹ ਖਾ ਕੇ ਕਹਿੰਦਾ ‘ਮੈਨੂੰ ਗੁਰਦੁਆਰੇ ਦੀ ਸੌਂਹ, ਪੰਜੇ ਵੋਟਾਂ ਸੋਡੀ ਪਾਲਟੀ ਨੂੰ ਪਾਮਾਂਗੇ’। ਸੰਤੋਖਾ ਤੇ ਮਖਤਿਆਰਾ ਬਿੰਬਰ ਇੱਕੋ ਪਾਲਟੀ ਵਾਸਤੇ ਪੈਸੇ ਵੰਡਦੇ ਸੀ। ਵੋਟਾਂ ਪੈਣ ਤੋਂ ਮਗਰੋਂ ਜਦੋਂ ਪਾਲਟੀ ਦੇ ਲੀਡਰਾਂ ਨੇ ਆਪਣੇ ਬੰਦਿਆਂ ਤੋਂ ਪੈਂਸੇ ਪੁੱਛੇ ਬਈ ਕੀਹਨੂੰ ਕੀਹਨੂੰ ਕਿੰਨੇ ਕਿੰਨੇ ਪੈਂਸੇ ਦਿੱਤੇ ਐ ਦੱਸੋ, ਤਾਂ ਮਖਤਿਆਰੇ ਬਿੰਬਰ ਨੇ ਦੱਸਿਆ ਬਈ ਮੈਂ ਕਰਤਾਰੇ ਦੇ ਮੁੰਡੇ ਕੰਨੂੰ ਨੂੰ ਪੰਜ ਹਜਾਰ ਦੇ ਕੇ ਆਇਆਂ। ਓਧਰ ਸੰਤੋਖਾ ਕਹਿੰਦਾ ‘ਪੰਜ ਹਜਾਰ ਮੈਥੋਂ ਵੀ ਲੈ ਗਿਆ ਕੰਨੂੰ’। ਅਕੇ ਘੁੱਲਾ ਸਰਪੈਂਚ ਕਹਿੰਦਾ ‘ਹੁਣੇ ਈਂ ਚੱਲ ਕੇ ਪੁੱਛੋ ਕੰਨੂੰ ਨੂੰ ਬਈ ਤੂੰ ਦੋ ਵਾਰੀ ਪੈਂਸੇ ਲੈ ਗਿਐਂ ਸਾਡੀ ਪਾਲਟੀ ਤੋਂ’। ਇਹ ਘੁੱਲੇ ਸਰਪੈਂਚ ਅਰਗੇ ਪੰਦਰਾਂ ਵੀਹ ਬੰਦਿਆਂ ਨੇ ਜਦੋਂ ਕੰਨੂੰ ਨੂੰ ਰਾਤ ਨੂੰ ਗਿਆਰਾਂ ਸਾਢੇ ਗਿਆਰਾਂ ਵਜੇ ਜਾ ਕੇ ਪੁੱਛਿਆ ਬਈ ਤੂੰ ਦੋ ਵਾਰੀ ਪੰਜ-ਪੰਜ ਹਜਾਰ ਕਰਕੇ ਦਸ ਹਜਾਰ ਲੈ ਗਿਐਂ, ਪੰਜ ਹਜਾਰ ਸਾਡਾ ਮੋੜ’। ਜਦੋਂ ਸਰਪੈਂਚ ਨੇ ਇਹ ਗੱਲ ਕਹੀ ਤਾਂ ਕੰਨੂੰ ਸਰਪੈਂਚ ਨੂੰ ਕਹਿੰਦਾ ‘ਜੇ ਸਰਪੈਂਚਾ ਮੈਂ ਦੋ ਵਾਰੀ ਪੰਜ ਪੰਜ ਹਜਾਰ ਲੈ ਲਿਆ ਤਾਂ ਸੌਂਹ ਵੀ ਮੈਂ ਦੋ ਵਾਰੀਉ ਈ ਖਾਧੀ ਐ। ਇੱਕ ਪੰਜ ਹਜਾਰ ਦੀ ਸੌਂਹ ਤਾਂ ਮੈਂ ਮੁੰਡੇ ਦੀ ਖਾ ਗਿਆਂ। ਦੂਜੇ ਪੰਜ ਹਜਾਰ ਦੀ ਸੌਂਹ ਮੈਂ ਗੁਰਦੁਆਰੇ ਦੀ ਖਾਧੀ ਐ। ਵੋਟਾਂ ਤਾਂ ਮੈਂ ਪੰਜੇ ਸੋਨੂੰ ਈਂ ਪਾਈਐਂ, ਮੈਂ ਦੋ ਵਾਰੀ ਸੌਂਹ ਖਾਣ ਕਰਕੇ ਈ ਦੋ ਵਾਰੀ ਪੰਜ ਪੰਜ ਹਜਾਰ ਲਿਆ’। ਸਰਪੈਂਚ ਅਰਗਿਆਂ ਦੇ ਨਾਲ ਗਿਆ ਪ੍ਰੀਤਾ ਨਹਿੰਗ ਕਹਿੰਦਾ ‘ਇੱਕ ਸੌਂਹ ਮੋੜ ਕੇ ਪੰਜ ਹਜਾਰ ਤੂੰ ਮੋੜ ਦੇ’। ਸਰਪੈਂਚ ਸੀ ਬਾਬਾ ਸਿਆਣਾ। ਉਹ ਕਹਿੰਦਾ ‘ਚੱਲੋ ਛੱਡੋ ਯਾਰ ਐਮੇਂ ਪੰਜ ਹਜਾਰ ਪਿੱਛੇ ਲੜਾਂਗੇ’। ਆਂਏਂ ਬਾਬਾ ਕੰਨੂੰ ਨੇ ਕੀਤੀ। ਲੈ ਦੱਸ! ਲੋਕਾਂ ਦਾ ਵੀ ਸਰਿਆ ਈ ਪਿਆ।”
ਬਾਬਾ ਵੀਰ ਸਿਉਂ ਕਹਿੰਦਾ, ”ਫੇਰ ਤਾਂ ਕੰਨੂੰ ਦੋ ਵਾਰੀ ਸੌਂਹ ਖਾਣ ਦੇ ਪੈਸੇ ਲੈ ਗਿਆ ਹੈਂਅ?”
ਸੀਤਾ ਮਰਾਸੀ ਕਹਿੰਦਾ, ”ਫਿਰ ਵੀ ਵਪਾਰੀ ਦਾ ਮੁੰਡਾ ਕੰਨੂੰ।”
ਏਨੇ ਚਿਰ ਨੂੰ ਦੂਜੀ ਪਾਲਟੀ ਵਾਲੇ ਜਦੋਂ ਇਕੱਠ ਕਰੀ ਸੱਥ ਕੋਲ ਦੀ ਲੰਘਣ ਲੱਗੇ ਤਾਂ ਬਾਬੇ ਵੀਰ ਸਿਉਂ ਨੇ ਮੂਹਰੇ ਤੁਰੇ ਜਾਂਦੇ ਜੱਗੇ ਕਾਮਰੇਡ ਨੂੰ ਪੁੱਛਿਆ, ”ਕਾਮਰੇਟਾ ਕਿੱਧਰ ‘ਕੱਠ ਕੀਤੈ?”
ਇਕੱਠ ਦੇ ਨਾਲ ਤੁਰਿਆ ਜਾਂਦਾ ਬਾਬੂ ਕੱਬਾ ਕਹਿੰਦਾ, ”ਕਰਤਾਰੇ ਕੇ ਕੰਨੂੰ ਤੋਂ ਪੈਂਸੇ ਮੜਾਉਣ ਚੱਲੇ ਆਂ। ਸੁਣਿਐਂ ਦੋ ਤਿੰਨਾਂ ਪਾਲਟੀਆਂ ਆਲਿਆਂ ਤੋਂ ਪੈਂਸੇ ਲੈ ਗਿਆ ਵੋਟ ਪਤਾ ਨ੍ਹੀ ਕਿਸੇ ਨੂੰ ਪਾਈ ਐ ਕੁ ਨਹੀਂ।”
ਬਾਬੂ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਚੱਲੋ ਓਏ ਆਪਾ ਵੀ ਚੱਲੀਏ ਇਨ੍ਹਾਂ ਦੇ ਪੈਂਸੇ ਕਢਾਉਣ। ਨਾਲੇ ਸਾਲੇ ਦਾ ਜਲੂਸ ਨਿੱਕਲਦਾ ਵੇਖਾਂਗੇ’। ਜਿਉਂ ਹੀ ਨਾਥਾ ਅਮਲੀ ਸੱਥ ‘ਚੋਂ ਉੱਠ ਕੇ ਜੱਗੇ ਕਾਮਰੇਡ ਅਰਗਿਆਂ ਨਾਲ ਕੰਨੂੰ ਦੇ ਘਰ ਨੂੰ ਤੁਰਿਆ ਤਾਂ ਬਾਕੀ ਦੇ ਸੱਥ ਵਾਲੇ ਵੀ ਉਨ੍ਹਾਂ ਦੇ ਨਾਲ ਕੰਨੂੰ ਦੇ ਘਰ ਨੂੰ ਇਉਂ ਚੱਲ ਪਏ ਜਿਵੇਂ ਉਨ੍ਹਾਂ ਨੇ ਵੀ ਕੰਨੂੰ ਨੂੰ ਦਿੱਤੇ ਪੈਸੇ ਮੜਵਾਉਣੇ ਹੋਣ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113