ਸ਼ਿਕਾਰ ਸ਼ਿਕਾਰੀ ਅਤੇ ਕੁਦਰਤ ਮਾਂ

ਸ਼ਿਕਾਰ ਸ਼ਿਕਾਰੀ ਅਤੇ ਕੁਦਰਤ ਮਾਂ

ਕੁਦਰਤ ਦੇ ਕੁਝ ਗਿਣੇ-ਮਿੱਥੇ ਅਸੂਲਾਂ ਸਦਕਾ ਸ੍ਰਿਸ਼ਟੀ ਦਾ ਕੰਮ ਕਰੋੜਾਂ ਸਾਲਾਂ ਤੋਂ ਨਿਰਵਿਘਨ ਚਲਦਾ ਆ ਰਿਹਾ ਹੈ। ਇਨ੍ਹਾਂ ਹੀ ਅਸੂਲਾਂ ਦੀ ਲੜੀ ਵਿੱਚ ਸ਼ਿਕਾਰ ਕਰਨ ਤੇ ਸ਼ਿਕਾਰ ਬਣਨ ਦਾ ਸਿਧਾਂਤ ਸ਼ਾਮਿਲ ਹੈ। ਕੁਦਰਤ ਨੇ ਮਾਸਾਹਾਰੀ ਵਰਗ ਦੇ ਜੀਵਾਂ ਨੂੰ ਸ਼ਿਕਾਰ ਕਰਨ ਲਈ ਪੂਰੀ ਤਰ੍ਹਾਂ ਲੈਸ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਸ਼ਿਕਾਰ ਬਣਨ ਵਾਲੇ ਜੀਵਾਂ ਨੂੰ ਵੀ ਸਿਰ ‘ਤੇ ਘੂਕਦੀ ਮੌਤ ਨੂੰ ਟਾਲਣ ਲਈ ਕੁਝ ਬਹੁਤ ਹੀ ਅਸਰਦਾਰ ਬਚਾਅ ਸਾਧਨ ਬਖ਼ਸ਼ੇ ਹਨ। ਇਸ ਤੋਂ ਇਲਾਵਾ ਕੁਦਰਤ ਮਾਸਾਹਾਰੀ ਜੀਵਾਂ ਦੀ ਜਨਸੰਖਿਆ ਕਾਬੂ ਵਿੱਚ ਰੱਖਦੀ ਹੈ ਅਤੇ ਸ਼ਿਕਾਰ ਬਣਨ ਵਾਲੇ ਜੀਵਾਂ ਦੀ ਜਨਸੰਖਿਆ ਵਿੱਚ ਵਾਧਾ ਕਰਨ ਲਈ ਖੁੱਲ੍ਹਦਿਲੀ ਵਾਲਾ ਰਵੱਈਆ ਅਖ਼ਤਿਆਰ ਕਰਦੀ ਹੈ। ਇਹੋ ਕਾਰਨ ਹੈ ਕਿ ਸ਼ਿਕਾਰ ਬਣਨ ਵਾਲੇ ਜੀਵਾਂ ਵਿੱਚ ਗਰਭਕਾਲ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਦੂਜਾ, ਉਹ ਇੱਕ ਜਣੇਪੇ ‘ਚ ਕਈ ਬੱਚਿਆਂ ਨੂੰ ਜਨਮ ਦਿੰਦੇ ਹਨ। ਤੀਜਾ, ਜਣੇਪੇ ਤੋਂ ਬਾਅਦ ਉਹ ਬਿਨਾਂ ਸਮਾਂ ਗੁਆਏ ਫਿਰ ਗਰਭ ਧਾਰਨ ਕਰ ਲੈਂਦੇ ਹਨ। ਮਿਸਾਲ ਵਜੋਂ ਇੱਕ ਚੂਹੀ ਜਣੇਪੇ ਤੋਂ 24 ਘੰਟਿਆਂ ਬਾਅਦ ਹੀ ਗਰਭ ਧਾਰਨ ਕਰ ਸਕਦੀ ਹੈ। ਇਸ ਤਰ੍ਹਾਂ ਇੱਕ ਚੂਹੀ ਇੱਕ ਸਾਲ ਦੇ ਅਰਸੇ ਦੌਰਾਨ 60 ਬੱਚਿਆਂ ਨੂੰ ਜਨਮ ਦੇ ਸਕਦੀ ਹੈ। ਇਉਂ ਹੀ ਖ਼ਰਗੋਸ਼, ਜਿਸ ਉੱਤੇ ਮਨੁੱਖ ਸਮੇਤ ਸਭ ਮਾਸਾਹਾਰੀ ਜੀਵ ਅੱਖ ਰੱਖਦੇ ਹਨ, ਦਾ ਗਰਭਕਾਲ ਬਹੁਤ ਘੱਟ ਹੁੰਦੀ ਹੈ। ਸਿਰਫ਼ 32 ਦਿਨ! ਗੱਲ ਕੀ, ਕੁਦਰਤ ਆਪਣੇ ਹੀ ਢੰਗ-ਤਰੀਕਿਆਂ ਨਾਲ ਵੱਖ-ਵੱਖ ਜੀਵਾਂ ਦੀ ਆਬਾਦੀ ਦਾ ਸੰਤੁਲਨ ਕਾਇਮ ਰੱਖਦੀ ਹੈ।
ਵੱਡੀਆਂ ਬਿੱਲੀਆਂ (ਸ਼ੇਰ, ਚੀਤਾ ਆਦਿ) ਸ਼ਿਕਾਰੀ ਜਾਨਵਰਾਂ ਵਿੱਚੋਂ ਸ਼੍ਰੋਮਣੀ ਹਨ। ਸ਼ੇਰ ਨੂੰ ਆਪਣਾ ਸ਼ਿਕਾਰ ਢੂੰਡਣ ਤੇ ਘਾਤ ਲਾਉਣ ਲਈ ਨਜ਼ਰਾਂ ਨੂੰ ਸਿੱਧਾ ਟੈਲੀਸਕੋਪ ਵਾਂਗੂ ਕੇਂਦਰਿਤ ਕਰਨਾ ਪੈਂਦਾ ਹੈ। ਇਸੇ ਲਈ ਉਸ ਦੀਆਂ ਛੋਟੀਆਂ, ਪਰ ਮਸ਼ਾਲ ਵਾਂਗ ਚਮਕਦੀਆਂ ਅੱਖਾਂ ਐਨ ਸਾਹਮਣੇ ਤੇ ਨੇੜੇ-ਨੇੜੇ ਹੁੰਦੀਆਂ ਹਨ। ਬਿੱਲੀ ਪਰਿਵਾਰ ਦੇ ਮੈਂਬਰਾਂ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਹਨੇਰੇ ‘ਚ ਇਨ੍ਹਾਂ ਦੀ ਨਜ਼ਰ ਛੇ ਗੁਣਾ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਛੇ ਗੁਣਾ ਜ਼ਿਆਦਾ। ਇਸ ਤਰ੍ਹਾਂ ਇਹ ਜਾਨਵਰ ਆਪਣੇ ਨਿਸ਼ਾਨੇ ਹੇਠ ਆਏ ਸ਼ਿਕਾਰ ਦੀ ਦੂਰੀ ਦਾ ਸਹੀ ਅੰਦਾਜ਼ਾ ਲਗਾ ਲੈਂਦੇ ਹਨ। ਸ਼ਿਕਾਰੀ ਜਾਨਵਰਾਂ ਦੇ ਉਲਟ ਸ਼ਿਕਾਰ ਬਣਨ ਵਾਲੇ ਜਾਨਵਰਾਂ ਦੀਆਂ ਅੱਖਾਂ ਮੋਟੀਆਂ ਤੇ ਉੱਭਰਵੀਆਂ ਅਤੇ ਆਪਸੀ ਫਾਸਲਾ ਵੱਧ ਤੇ ਬਾਹਰ ਵੱਲ ਹੁੰਦੀਆਂ ਹਨ ਤਾਂ ਕਿ ਉਹ ਆਪਣੇ ਬਚਾਅ ਲਈ ਦੋਵੇਂ ਪਾਸੀਂ ਆਸਾਨੀ ਨਾਲ ਵੇਖ ਸਕਣ।
ਚੀਤਾ ਦੁਨੀਆਂ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਹੈ। ਦਰਅਸਲ, ਇਸ ਦੇ ਕੁਝ ਵਿਸ਼ੇਸ਼ ਸਰੀਰਕ ਗੁਣ ਜਿਵੇਂ ਬਿਨਾਂ ਵਾਧੂ ਭਾਰ ਤੋਂ ਸਰੀਰ, ਲੰਬੀਆਂ ਲੱਤਾਂ, ਮੁਕਾਬਲਤਨ ਛੋਟਾ ਸਿਰ, ਪਤਲੀ ਕਮਰ ਅਤੇ ਲਚਕਦਾਰ ਰੀੜ੍ਹ ਦੀ ਹੱਡੀ ਇਸ ਨੂੰ ਤੇਜ਼ ਦੌੜਾਕ ਬਣਾਉਂਦੇ ਹਨ। ਪੰਜ ਕੁ ਫੁੱਟ ਲੰਮਾ ਇਹ ਜਾਨਵਰ ਆਪਣੇ ਸ਼ਿਕਾਰ ਨੂੰ ਦਬੋਚਣ ਲਈ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 600 ਫੁੱਟ ਦੀ ਦੂਰੀ ਤਕ ਦੌੜ ਸਕਦਾ ਹੈ। ਹਾਂ! ਚੀਤਾ ਆਮ ਤੌਰ ‘ਤੇ ਸਿਰਫ਼ 20 ਸਕਿੰਟਾਂ ਤਕ ਹੀ ਆਪਣੇ ਸ਼ਿਕਾਰ ਦਾ ਪਿੱਛਾ ਕਰ ਸਕਦਾ ਹੈ ਕਿਉਂਕਿ ਇਕਦਮ ਤੇਜ਼ੀ ਨਾਲ ਦੌੜਨ ਕਰਕੇ ਉਸ ਦੇ ਸਰੀਰ ਦਾ ਤਾਪਮਾਨ ਇਸ ਅਰਸੇ ਦੌਰਾਨ ਹੀ 105 ਡਿਗਰੀ ਫਾਰਨਹੀਟ ਤਕ ਪਹੁੰਚ ਜਾਂਦਾ ਹੈ। ਚੀਤਾ ਆਪਣੇ ਸ਼ਿਕਾਰ ‘ਤੇ ਝਪਟਦਿਆਂ ਹੀ 2 ਤੋਂ 3 ਸਕਿੰਟਾਂ ਵਿੱਚ ਹੀ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦਾ ਹੈ ਅਤੇ ਫਿਰ 100 ਕਿਲੋਮੀਟਰ ਪ੍ਰਤੀ ਘੰਟਾ ਨੂੰ ਛੂਹ ਜਾਂਦਾ ਹੈ।
ਚੀਤਾ ਜਾਂ ਸ਼ੇਰ ਆਪਣੇ ਸ਼ਿਕਾਰ ਨੂੰ ਦਬੋਚਣ ਵਿੱਚ ਆਮ ਤੌਰ ‘ਤੇ ਉਦੋਂ ਹੀ ਸਫਲ ਹੁੰਦਾ ਹੈ ਜਦੋਂ ਹਮਲਾ ਕਰਨ ਵੇਲੇ ਸ਼ਿਕਾਰ ਉਸ ਤੋਂ ਲਗਪਗ 50 ਗਜ਼ ਦੀ ਦੂਰੀ ‘ਤੇ ਹੋਵੇ। ਤਾਹੀਉਂ, ਇਹ ਜਾਨਵਰ ਘਾਹ ਜਾਂ ਝਾੜੀਆਂ ਵਿੱਚ ਘਾਤ ਲਾ ਕੇ ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰਦਾ ਹੈ ਜਾਂ ਫਿਰ ਦੱਬੇ ਪੈਰ ਸ਼ਿਕਾਰ ਵੱਲ ਵਧਦਾ ਹੈ। ਇਸ ਦੇ ਪੈਰ ਥੱਲਿਉਂ ਨਰਮ ਗੱਦੀ ਵਾਂਗ ਹੁੰਦੇ ਹਨ ਅਤੇ ਤੁਰਨ ਵੇਲੇ ਆਵਾਜ਼ ਪੈਦਾ ਨਹੀਂ ਕਰਦੇ। ਦੂਜਾ, ਕੁਦਰਤ ਨੇ ਸ਼ੇਰ ਜਾਤੀ ਦੇ ਜੀਵਾਂ ਨੂੰ ਬਲ, ਫੁਰਤੀ, ਫੌਲਾਦੀ ਪੰਜੇ, ਮਜ਼ਬੂਤ ਜਬਾੜਾ ਅਤੇ ਮਾਸ ਨੋਚਣ ਤੇ ਖਾਣ ਲਈ ਖ਼ਾਸ ਕਿਸਮ ਦੇ ਦੰਦ ਦਿੱਤੇ ਹਨ। ਸ਼ੇਰ, ਚੀਤੇ ਦੇ ਮੁਕਾਬਲੇ ਵੱਧ ਫ਼ਾਸਲੇ ਤਕ ਸ਼ਿਕਾਰ ਦਾ ਪਿੱਛਾ ਕਰਦਾ ਹੈ। ਉਹ ਤਕਰੀਬਨ 500 ਤੋਂ 800 ਗਜ਼ ਤਕ ਪਿੱਛਾ ਕਰਦਾ ਹੈ। ਇਸ ਤਰ੍ਹਾਂ ਸ਼ਿਕਾਰ ਬਣਨ ਵਾਲੇ 50 ਫ਼ੀਸਦੀ ਜਾਨਵਰ, ਵੱਡੀਆਂ ਬਿੱਲੀਆਂ ਦੇ ਹਮਲੇ ਤੋਂ ਅਕਸਰ ਬਚ ਨਿਕਲਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਵਿੱਚ ਸਭ ਕੁਝ ਸ਼ਕਤੀਸ਼ਾਲੀ ਮਾਸਾਹਾਰੀ ਜੀਵਾਂ ਦੀ ਮਰਜ਼ੀ ਅਨੁਸਾਰ ਹੀ ਨਹੀਂ ਵਾਪਰਦਾ ਕਿਉਂਕਿ ਸ਼ਿਕਾਰ ਬਣਨ ਵਾਲੇ ਜੀਵਾਂ ਨੂੰ ਵੀ ਕੁਦਰਤ ਨੇ ਓਨੇ ਹੀ ਅਸਰਦਾਰ ਬਚਾਓ ਸਾਧਨ ਮੁਹੱਈਆ ਕੀਤੇ ਹਨ। ਖ਼ਾਸਕਰ ਚੌਕਸੀ, ਤੇਜ਼ ਰਫ਼ਤਾਰ ਲੱਤਾਂ, ਤੇਜ਼ ਨਜ਼ਰ ਤੇ ਸੁਣਨ-ਸੁੰਘਣ ਸ਼ਕਤੀ। ਹੈਰਾਨਗੀ ਦੀ ਗੱਲ ਹੈ ਕਿ ਮਾਸਾਹਾਰੀ ਜੀਵਾਂ ਨੂੰ ਕਈ ਵਾਰ ਉਲਟਾ ਲੈਣੇ ਦੇ ਦੇਣੇ ਪੈ ਜਾਂਦੇ ਹਨ। ਇਸ ਸਬੰਧ ਵਿੱਚ ਦੋ ਚੋਣਵੀਆਂ ਮਿਸਾਲਾਂ ਪੇਸ਼ ਹਨ:
ਸ਼ੇਰ ਨਿਰਸੰਦੇਹ ਜੰਗਲ ਦਾ ਬਾਦਸ਼ਾਹ ਹੈ, ਪਰ ਇਸ ਦੀ ਜ਼ਿੰਦਗੀ ਵਿੱਚ ਕਦੇ-ਕਦਾਈਂ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਇਸ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ। ਉਹ ਆਪਣੀ ਪਰਜਾ ਦੇ ਇੱਕ ਜਨ-ਸਾਧਾਰਨ ਹੱਥੋਂ ਮੂੰਹ ਪਰਨੇ ਜਾ ਡਿੱਗਦਾ ਹੈ। ਉਸ ਦੀ ਹਾਲਤ ਇੱਕ ਲੇਲੇ ਤੋਂ ਵੀ ਬਦਤਰ ਹੋ ਜਾਂਦੀ ਹੈ। ਆਓ ਵੇਖੀਏ! ਸ਼ੇਰ ਦੀ ਪੱਗ ਨੂੰ ਕੌਣ ਹੱਥ ਪਾਉਂਦਾ ਹੈ ਅਤੇ ਉਸ ਦੀ ਵਿਸ਼ੇਸ਼ ਹੈਸੀਅਤ ਤੇ ਸ਼ਾਨੋ-ਸ਼ੌਕਤ ਕਿਵੇਂ ਮਿੱਟੀ ਵਿੱਚ ਮਿਲ ਜਾਂਦੀ ਹੈ: ਅੰਗੋਲਾ ਵਾਸੀ ਸੇਬਲ ਐਂਟੇਲੋਪ (ਹਿਰਨ ਵਰਗਾ ਇੱਕ ਜਾਨਵਰ) ਬਹੁਤ ਬਹਾਦਰ ਤੇ ਹੌਂਸਲੇ ਵਾਲਾ ਜਾਨਵਰ ਹੈ। ਕਈ ਵਾਰ ਸ਼ੇਰ ਨਾਲ ਸਾਹਮਣਾ ਹੋ ਜਾਣ ‘ਤੇ ਇਹ ਦਿੜ੍ਹਤਾ ਨਾਲ ਖੜ੍ਹਾ ਰਹਿੰਦਾ ਹੈ ਅਤੇ ਝੱਟ ਆਪਣੇ ਸਿੰਗਾਂ ਨੂੰ ਨੀਵਾਂ ਕਰ ਲੈਂਦਾ ਹੈ। ਫਿਰ ਸ਼ੇਰ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਇਹ ਸ਼ਾਕਾਹਾਰੀ ਜਾਨਵਰ ਆਪਣੇ ਮਾਰੂ ਸਿੰਗਾਂ ਨਾਲ ਉਸ ਨੂੰ ਉਧੇੜ ਕੇ ਰੱਖ ਦਿੰਦਾ ਹੈ। ਕਈ ਮੌਕਿਆਂ ‘ਤੇ ਤੇਜ਼ੀ ਨਾਲ ਕੀਤੇ ਗਏ ਹਮਲੇ ਦੀ ਸੱਟ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਸਿੰਗ ਦਾ ਕੁਝ ਹਿੱਸਾ ਸ਼ੇਰ ਦੇ ਸਰੀਰ ਅੰਦਰ ਹੀ ਟੁੱਟ ਜਾਂਦਾ ਹੈ। ਉਸ ਹਾਲਤ ਵਿੱਚ ਜ਼ਖ਼ਮੀ ਹੋਇਆ ਸ਼ੇਰ ਅੱਡੀਆਂ ਰਗੜ ਕੇ ਭਿਆਨਕ ਮੌਤ ਮਰਦਾ ਹੈ। ਇਉਂ ਹੀ ਜੰਗਲੀ ਅਫਰੀਕਨ ਮੱਝਾਂ ਦੀ ਮੌਜੂਦਗੀ ਵਿੱਚ ਕੋਈ ਕੱਲਾ-ਕਾਰਾ ਸ਼ੇਰ ਉਨ੍ਹਾਂ ਦੇ ਕੱਟਰੂ ‘ਤੇ ਹਮਲਾ ਕਰਨ ਦੀ ਭੁੱਲ ਕਰ ਬੈਠੇ ਤਾਂ ਉਹ ਸ਼ੇਰ ਨੂੰ ਘੇਰ ਲੈਂਦੀਆਂ ਹਨ। ਉਸ ਹਾਲਤ ਵਿੱਚ ਸ਼ੇਰ ਦੀ ਹਾਲਤ ਤਰਸਯੋਗ ਹੁੰਦੀ ਹੈ। ਭੂਸਰੀਆਂ ਹੋਈਆਂ ਮੱਝਾਂ ਆਪਣੇ ਮਜ਼ਬੂਤ ਸਿੰਗਾਂ ਨਾਲ ਉਸ ‘ਤੇ ਜ਼ੋਰਦਾਰ ਹਮਲੇ ਕਰਦੀਆਂ ਹਨ। ਜੇ ਅੜਿੱਕੇ ਆਇਆ ਸ਼ੇਰ ਉੱਥੋਂ ਭੱਜਣ ਵਿੱਚ ਸਫਲ ਨਾ ਹੋ ਸਕੇ ਤਾਂ ਮੱਝਾਂ ਉਸ ਨੂੰ ਮਾਰ ਮੁਕਾਉਂਦੀਆਂ ਹਨ। ਜ਼ੈਬਰਾ, ਘੋੜੇ ਦੀ ਕਿਸਮ ਦਾ ਇੱਕ ਅਫਰੀਕਨ ਜੰਗਲੀ ਜਾਨਵਰ ਹੈ। ਸ਼ੇਰ ਵੱਲੋਂ ਇਸ ‘ਤੇ ਹਮਲਾ ਕੀਤੇ ਜਾਣ ਦੀ ਸੂਰਤ ਵਿੱਚ ਇਹ ਆਪਣੀਆਂ ਜ਼ੋਰਦਾਰ ਦੁਲੱਤੀਆਂ ਨਾਲ ਉਸ ਦਾ ਹੁਲੀਆ ਵਿਗਾੜ ਸਕਦਾ ਹੈ। ਜੇ ਦਾਓ ਭਰ ਜਾਵੇ ਤਾਂ ਜਬਾੜਾ ਤੋੜ ਦਿੰਦਾ ਹੈ।
ਜਿਰਾਫ਼ ਅਫ਼ਰੀਕਾ ਦੇ ਰੇਗਿਸਤਾਨੀ ਇਲਾਕੇ ਵਿੱਚ ਮਿਲਣ ਵਾਲਾ ਇੱਕ ਜੰਗਲੀ ਜੀਵ ਹੈ। ਇਸ ਫੁਰਤੀਲੇ ਜਾਨਵਰ ਦੀ ਦੁਲੱਤੀ ਸ਼ੇਰ ਦੇ ਟਿਕਾਣੇ ਪੈ ਜਾਵੇ ਤਾਂ ‘ਨਾਨੀ ਯਾਦ ਕਰਵਾ ਦਿੰਦੀ’ ਹੈ। ਇਸ ਦੀ ਮਾਰੂ ਦੁਲੱਤੀ ਤੋਂ ਡਰਦਿਆਂ ਸ਼ੇਰ ਇਸ ‘ਤੇ ਹਮਲਾ ਕਰਨ ਤੋਂ ਝਿਜਕਦਾ ਹੈ। ਖ਼ੈਰ! ਸ਼ੇਰ ਤੋਂ ਇੱਕ ਖ਼ਾਸ ਕਿਸਮ ਦੀ ਦੁਰਗੰਧ ਆਉਂਦੀ ਹੈ। ਸ਼ਿਕਾਰ ਬਣਨ ਵਾਲੇ ਜਾਨਵਰਾਂ ਦੀ ਤੀਖਣ ਸੁੰਘਣ ਸ਼ਕਤੀ ਆਫ਼ਤ ਨੂੰ ਨੇੜੇ-ਤੇੜੇ ਭਾਂਪ ਲੈਂਦੀ ਹੈ ਅਤੇ ਉਹ ਖ਼ਤਰੇ ਵਾਲੀ ਥਾਂ ਤੋਂ ਕਿਨਾਰਾ ਕਰ ਲੈਂਦੇ ਹਨ। ਉਧਰ, ਸ਼ੇਰ ਵੀ ਘੱਟ ਨਹੀਂ। ਉਹ ਹਵਾ ਦੀ ਦਿਸ਼ਾ ਦੇ ਉਲਟ ਸ਼ਿਕਾਰ ਵੱਲ ਵਧਦਾ ਹੈ।
ਕੁਝ ਜਾਨਵਰ ਚਾਹੇ ਉਹ ਸ਼ਿਕਾਰੀ ਹੋਣ ਜਾਂ ਸ਼ਿਕਾਰ, ਛਲੀਆ-ਰੂਪ (ਕੈਮਾਫਲਾਜ਼) ਕਲਾ ਦੀ ਵਰਤੋਂ ਕਰਦੇ ਹਨ। ਇਸ ਕਲਾ ਦਾ ਪ੍ਰਯੋਗ ਕਰਨ ਵਾਲੇ ਸ਼ਿਕਾਰੀ ਜਾਨਵਰ ਘਾਤ ਲਾ ਕੇ ਬੈਠਣ ਲਈ ਕੋਈ ਅਜਿਹਾ ਆਲਾ-ਦੁਆਲਾ ਚੁਣ ਲੈਂਦੇ ਹਨ ਜਿਸ ਨਾਲ ਉਨ੍ਹਾਂ ਦਾ ਆਪਣਾ ਰੰਗ ਇਕਮਿਕ ਹੋ ਜਾਵੇ। ਉਨ੍ਹਾਂ ਵਿੱਚ ਆਪਣੇ-ਆਪ ਨੂੰ ਛੁਪਾ ਕੇ ਰੱਖਣ ਤੇ ਲੰਮੀ ਉਡੀਕ ਕਰਨ ਦੀ ਯੋਗਤਾ ਹੁੰਦੀ ਹੈ। ਚੌਗਿਰਦੇ ਨਾਲ ਇਕਮਿਕ ਹੋ ਜਾਣ ਕਾਰਨ ਸ਼ਿਕਾਰੀ ਜਾਨਵਰ ਸ਼ਿਕਾਰ ਨੂੰ ਦਿਖਾਈ ਨਹੀਂ ਦਿੰਦਾ। ਜਦੋਂ ਸ਼ਿਕਾਰੀ ਇਕਦਮ ਝਪਟ ਪੈਂਦਾ ਹੈ ਤਾਂ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਘਾਤ ਲਾ ਕੇ ਸ਼ਿਕਾਰ ਕਰਨ ਦੀ ਕਲਾ ਵਿੱਚ ਮਗਰਮੱਛ ਦਾ ਕੋਈ ਸਾਨੀ ਨਹੀਂ। ਇਹ ਜ਼ੈਬਰਾ ਵਰਗੇ ਵੱਡ-ਆਕਾਰੀ ਜਾਨਵਰ ਨੂੰ ਵੀ ਫੜ ਲੈਂਦਾ ਹੈ। ਇਹ ਪਾਣੀ ਵਿੱਚ ਇੱਕ ਬੇਜਾਨ ਸ਼ਤੀਰੀ ਵਾਂਗ ਤੈਰਦਾ ਰਹਿੰਦਾ ਹੈ ਜਾਂ ਫਿਰ ਦਰਿਆ ਕੰਢੇ ਪਾਣੀ ਵਿੱਚ ਲੁਕ ਕੇ ਅਹਿੱਲ ਪਿਆ ਰਹਿੰਦਾ ਹੈ। ਜਦੋਂ ਸ਼ਿਕਾਰ ਉਸ ਦੀ ਪਹੁੰਚ ਵਿੱਚ ਆ ਜਾਂਦਾ ਹੈ ਤਾਂ ਉਹ ਤੇਜ਼ੀ ਨਾਲ ਝਪਟ ਕੇ ਉਸ ਨੂੰ ਆਪਣੇ ਲੰਮੇ ਤੇ ਮਜ਼ਬੂਤ ਜਬਾੜਿਆਂ ਵਿੱਚ ਫੜ ਕੇ ਪਾਣੀ ਵਿੱਚ ਡੁਬੋ ਕੇ ਮਾਰ ਦਿੰਦਾ ਹੈ। ਇਉਂ ਹੀ, ਦੱਖਣੀ ਅਮਰੀਕਾ ਦਾ ਐਨਾਕੋਂਡਾ ਨਾਮਕ ਸੱਪ, ਜੋ ਦੁਨੀਆਂ ਦਾ ਸਭ ਤੋਂ ਭਾਰਾ ਸੱਪ ਹੈ, ਗਾਰੇ ਵਿੱਚ ਛੁਪ ਕੇ ਸ਼ਿਕਾਰ ਦੀ ਉਡੀਕ ਕਰਦਾ ਹੈ। ਜਦੋਂ ਕੋਈ ਜੀਵ ਨੇੜੇ ਆਉਂਦਾ ਹੈ ਤਾਂ ਉਹ ਉਸ ਨੂੰ ਦਬੋਚ ਲੈਂਦਾ ਹੈ। ਛਲੀਆ-ਰੂਪ ਅਖ਼ਤਿਆਰ ਕਰਨ ਤੋਂ ਇਲਾਵਾ ਕੁਝ ਜੀਵਾਂ ਦਾ ਰੰਗ ਰੂਪ ਉਨ੍ਹਾਂ ਦੇ ਆਲੇ-ਦੁਆਲੇ ਨਾਲ ਮਿਲਦਾ-ਜੁਲਦਾ ਹੁੰਦਾ ਹੈ ਜੋ ਉਨ੍ਹਾਂ ਨੂੰ ਦੁਸ਼ਮਣ ਦੀਆਂ ਨਜ਼ਰਾਂ ਤੋਂ ਓਹਲਾ ਦਿੰਦਾ ਹੈ। ਮਿਸਾਲ ਵਜੋਂ ਵੱਖ ਵੱਖ ਥਾਵਾਂ ਤੇ ਇਲਾਕਿਆਂ ਵਿੱਚ ਰਹਿਣ ਵਾਲੇ ਸੱਪਾਂ ਦਾ ਰੰਗ ਉਨ੍ਹਾਂ ਦੇ ਚੌਗਿਰਦੇ ਨਾਲ ਮੇਲ ਖਾਣ ਵਾਲਾ ਹੁੰਦਾ ਹੈ। ਜਿਵੇਂ ਹਰਿਆਵਲ ਵਿੱਚ ਰਹਿਣ ਵਾਲੇ ਸੱਪ ਹਰੇ, ਪੱਥਰਾਂ ਵਿੱਚ ਰਹਿਣ ਵਾਲੇ ਸੱਪਾਂ ਦੇ ਰੰਗ ਪੱਥਰ ਵਰਗੇ ਅਤੇ ਟਿੱਬਿਆਂ ਦੇ ਸੱਪ ਮਿੱਟੀ-ਰੰਗੇ ਹੁੰਦੇ ਹਨ। ਜੀਵਾਂ ਦੇ ਇਸ ਕੁਦਰਤੀ ਬਚਾਅ ਸਾਧਨ ਨੂੰ ਰੱਖਿਆਤਮਕ ਸਮਰੂਪਤਾ ਦਾ ਨਾਂ ਦਿੱਤਾ ਜਾਂਦਾ ਹੈ। ਰੱਖਿਆਤਮਕ ਸਮਰੂਪਤਾ ਦੀਆਂ ਸਭ ਤੋਂ ਚਮਤਕਾਰੀ ਮਿਸਾਲਾਂ ਕੀੜੇ-ਪਤੰਗਿਆਂ ਵਿੱਚ ਵੇਖੀਆਂ ਜਾ ਸਕਦੀਆਂ ਹਨ। ਜੀਵਾਂ ਵਿੱਚ ਇਸ ਤਰ੍ਹਾਂ ਦੇ ਕੁਦਰਤੀ ਬਚਾਅ ਸਾਧਨ ਜੀਵ-ਵਿਕਾਸ ਦੌਰਾਨ ਹੌਲੀ-ਹੌਲੀ ਸਿਲਸਿਲੇਵਾਰ ਪਰਿਵਰਤਨਾਂ ਦੇ ਰੂਪ ਵਿੱਚ ਹੋਂਦ ਵਿੱਚ ਆਏ। ਕਈ ਜੰਗਲੀ ਜਾਨਵਰ ਪਰਸਪਰ ਹਿੱਤ ਲਈ ਆਪਸੀ ਤਾਲਮੇਲ ਪੈਦਾ ਕਰ ਲੈਂਦੇ ਹਨ। ਮਿਸਾਲ ਵਜੋਂ ਗਿੱਦੜ, ਸ਼ੇਰ ਦੇ ਨੇੜੇ-ਤੇੜੇ ਰਹਿੰਦਾ ਹੈ ਅਤੇ ਉਸ ਨੂੰ ਸ਼ਿਕਾਰ ਦੀ ਸੂਹ ਦਿੰਦਾ ਹੈ। ਇਸ ਬਦਲੇ ਸ਼ੇਰ ਉਸ ਨੂੰ ਬਚਿਆ ਮਾਸ ਖਾਣ ਨੂੰ ਦਿੰਦਾ ਹੈ। ਇਉਂ ਹੀ ਬਾਂਦਰਾਂ ਅਤੇ ਹਿਰਨਾਂ ਨੂੰ ਵੀ ਇੱਕ-ਦੂਜੇ ਦੇ ਨੇੜੇ-ਤੇੜੇ ਵੇਖਿਆ ਜਾ ਸਕਦਾ ਹੈ। ਬਾਂਦਰ ਦੀ ਤੇਜ਼ ਨਜ਼ਰ ਅਤੇ ਹਿਰਨ ਦੀ ਤੀਖਣ ਸੁੰਘਣ ਸ਼ਕਤੀ ਸ਼ਿਕਾਰੀ ਜਾਨਵਰ ਨੂੰ ਦੂਰੋਂ ਹੀ ਭਾਂਪ ਲੈਂਦੀ ਹੈ। ਇਸੇ ਤਰ੍ਹਾਂ ਜ਼ੈਬਰਾ ਅਤੇ ਸ਼ੁਤਰਮੁਰਗ ਨਾਲ-ਨਾਲ ਚੁਗਦੇ ਹਨ। ਸ਼ੁਤਰਮੁਰਗ ਆਪਣੀ ਉਚਾਈ ਤੇ ਤੇਜ਼ ਨਜ਼ਰ ਸਦਕਾ ਆਪਣੇ ਮਿੱਤਰਾਂ ਨੂੰ ਸਮੇਂ ਸਿਰ ਖ਼ਤਰੇ ਤੋਂ ਜਾਣੂ ਕਰਾ ਦਿੰਦਾ ਹੈ। ਝੁੰਡ ਵਿੱਚ ਇਕੱਠੇ ਰਹਿਣ ਵਾਲੇ ਜਾਨਵਰਾਂ ਦੇ ਚੁਗਦੇ ਸਮੇਂ ਉਨ੍ਹਾਂ ਦਾ ਇੱਕ ਸਾਥੀ ਪਹਿਰਾ ਦਿੰਦਾ ਹੈ ਅਤੇ ਖ਼ਤਰੇ ਸਮੇਂ ਉਨ੍ਹਾਂ ਨੂੰ ਸੁਚੇਤ ਕਰ ਦਿੰਦਾ ਹੈ। ਜਿਵੇਂ ਸ਼ੇਰ ਨੂੰ ਜੰਗਲ ਦਾ ਬਾਦਸ਼ਾਹ ਕਿਹਾ ਜਾਂਦਾ ਹੈ, ਉਵੇਂ ਹੀ ਬਾਜ਼ ਨੂੰ ਪੰਛੀਆਂ ਦਾ ਸਮਰਾਟ ਸਮਝਿਆ ਜਾਂਦਾ ਹੈ। ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਬਾਜ਼ 1.6 ਕਿਲੋਮੀਟਰ ਦੀ ਉਚਾਈ ‘ਤੇ ਉਡਦਿਆਂ, ਧਰਤੀ ‘ਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਲੈਸ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਨੋਚਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ‘ਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ। ਆਮ ਤੌਰ ‘ਤੇ ਬਾਜ਼ ਆਪਣੇ ਸ਼ਿਕਾਰ ਦੀ ਉਡੀਕ ਵਿੱਚ ਕਿਸੇ ਇੱਟ ਵਾਂਗ ਉਸ ‘ਤੇ ਡਿੱਗ ਪੈਂਦਾ ਹੈ। ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ 1-2 ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ। ਕਿਸੇ ਸਮੇਂ ਪੰਜਾਬ ਦੀ ਧਰਤੀ ‘ਤੇ ਵੱਡੇ ਆਕਾਰ ਦੇ ਬਾਜ਼ਾਂ, ਜਿਨ੍ਹਾਂ ਨੂੰ ਉਕਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀਆਂ ਪੰਜ ਕਿਸਮਾਂ ਪਰਵਾਜ਼ ਕਰਦੀਆਂ ਸਨ। ਅਫਸੋਸ! ਐਕੁਇਲਾ ਜਾਤੀ ਨਾਲ ਸਬੰਧਿਤ ਉਕਾਬਾਂ ਦੀਆਂ ਇਹ ਪੰਜੇ ਕਿਸਮਾਂ ਪੰਜਾਬ ਨੂੰ ਅਲਵਿਦਾ ਕਹਿ ਗਈਆਂ ਹਨ। ਸ਼ਿਕਰਾ (ਛੋਟੇ ਆਕਾਰ ਦਾ ਬਾਜ਼) ਵੀ ਲੋਪ ਹੋਣ ਕੰਢੇ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਲ ਹਨ।
ਪਿਛਲੇ ਸਮਿਆਂ ਵਿੱਚ ਕਈ ਵਿਅਕਤੀ ਉਕਾਬ ਨੂੰ ਪਾਲਤੂ ਬਣਾ ਕੇ ਅਤੇ ਸਿਖਲਾਈ ਦੇ ਕੇ ਉਸ ਨਾਲ ਖ਼ਰਗੋਸ਼ਾਂ, ਤਿੱਤਰਾਂ, ਬਟੇਰਿਆਂ, ਮੁਰਗਾਬੀਆਂ ਆਦਿ ਦਾ ਸ਼ਿਕਾਰ ਕਰਦੇ ਸਨ। ਅੱਜ ਵੀ ਕਜ਼ਾਖਸਤਾਨ, ਜਾਪਾਨ ਅਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ਼ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ਼ ਪਾਲਕਾਂ ਵੱਲੋਂ ਜਿਉਂਦੀ ਰੱਖਿਆ ਜਾ ਰਿਹਾ ਹੈ।
ਜਿਨ੍ਹਾਂ ਮੁਲਕਾਂ ਵਿੱਚ ਉਕਾਬ ਵੱਡੀ ਗਿਣਤੀ ਵਿੱਚ ਪਾਏ ਜਾਂਦੇ ਹਨ, ਉੱਥੇ ਕਦੇ ਕਦਾਈਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਸਬੰਧ ਵਿੱਚ ਕੁਝ ਮਿਸਾਲਾਂ ਪੇਸ਼ ਹਨ: 8 ਅਪਰੈਲ 1990 ਦੇ ਅਖ਼ਬਾਰਾਂ ਵਿੱਚ ਖ਼ਬਰ ਏਜੰਸੀ ਆਈਆਰਐੱਨਏ ਦੇ ਹਵਾਲੇ ਨਾਲ ਤਹਿਰਾਨ ਤੋਂ ਜਾਰੀ ਕੀਤੀ ਗਈ ਇੱਕ ਖ਼ਬਰ ਵਿੱਚ ਦੱਸਿਆ ਗਿਆ ਕਿ ਇੱਕ ਵੱਡਾ ਉਕਾਬ, ਇਸਫਾਹਾਨ ਨੇੜਿਓਂ ਦੋ ਸਾਲ ਦੇ ਇੱਕ ਬੱਚੇ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਗਿਆ। ਦੁਰਘਟਨਾ ਵਾਪਰਨ ਵੇਲੇ ਬੱਚੇ ਦੇ ਮਾਪੇ ਉੱਥੇ ਨੇੜੇ ਹੀ ਮੌਜੂਦ ਸਨ। ਇਉਂ ਹੀ 10 ਜਨਵਰੀ 2003 ਦੇ ਅਖ਼ਬਾਰਾਂ ਵਿੱਚ ਖ਼ਬਰ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਸਟਾਕਹੋਮ ਤੋਂ ਜਾਰੀ ਇੱਕ ਖ਼ਬਰ ਵਿੱਚ ਦੱਸਿਆ ਗਿਆ ਕਿ ਹੈਲੰਡ ਸ਼ਹਿਰ ਵਿੱਚ ਇੱਕ ਅਭਾਗਾ ਕੁੱਤਾ ਸਹੇ ਦੇ ਸ਼ਿਕਾਰ ਵਿੱਚ ਲੱਗਾ ਹੋਇਆ ਸੀ ਕਿ ਉੱਪਰ ਉਡਦੇ ਇੱਕ ਭੁੱਖੇ ਉਕਾਬ ਨੇ ਉਸ ਨੂੰ ਹੀ ਸ਼ਿਕਾਰ ਬਣਾ ਲਿਆ। ਦਰਅਸਲ, ਜਦੋਂ ਕੜਾਕੇ ਦੀ ਠੰਢ ਕਾਰਨ ਪੰਛੀਆਂ ਨੂੰ ਖਾਣਾ ਲੱਭਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸ਼ਹਿਰਾਂ ਤੇ ਕਸਬਿਆਂ ਵੱਲ ਆ ਜਾਂਦੇ ਹਨ।
ਪਾਣੀ ਵਿੱਚ ਸ਼ਿਕਾਰ ਕਰਨ ਵਾਲੇ ਪੰਛੀਆਂ ਦੀਆਂ ਲੱਤਾਂ ਪਤਲੀਆਂ ਤੇ ਲੰਮੀਆਂ ਹੁੰਦੀਆਂ ਹਨ, ਪਰ ਚੁੰਝਾਂ ਵੱਖ-ਵੱਖ ਕਿਸਮ ਦੀਆਂ ਹੁੰਦੀਆਂ ਹਨ। ਸਵਾਲ ਉੱਠਦਾ ਹੈ ਕਿ ਚੁੰਝਾਂ ਵੱਖ-ਵੱਖ ਕਿਸਮ ਦੀਆਂ ਕਿਉਂ?
ਕੁਦਰਤ ਨੇ ਹਰ ਪੰਛੀ ਨੂੰ ਉਸ ਦੇ ਨਿਵਾਸ-ਸਥਾਨ ‘ਤੇ ਉਪਲੱਬਧ ਭੋਜਨ ਅਨੁਸਾਰ ਸਹੀ ਕਿਸਮ ਦੀ ਚੁੰਝ ਨਾਲ ਲੈਸ ਕੀਤਾ ਹੈ। ਦੂਜਾ, ਇਸ ਨਾਲ ਇੱਕੋ ਖਿੱਤੇ ਵਿੱਚ ਰਹਿਣ ਵਾਲੇ ਵੱਖ-ਵੱਖ ਜਾਤੀਆਂ ਦੇ ਪੰਛੀਆਂ ਵਿਚਕਾਰ ਭੋਜਨ ਲਈ ਆਪਸੀ ਖਿੱਚੋਤਾਣ ਘਟਦੀ ਹੈ। ਮਿਸਾਲ ਵਜੋਂ ਵੇਖੀਏ ਕਿ ਪਾਣੀ ਦਾ ਸ਼ਿਕਾਰ ਕਰਨ ਵਾਲੇ ਕਿਸੇ ਪੰਛੀ ਦੀ ਚੁੰਝ ਦੀ ਵਿਸ਼ੇਸ਼ ਬਣਤਰ ਕਿਵੇਂ ਸ਼ਿਕਾਰ ਨੂੰ ਕਾਬੂ ਕਰਨ ਵਿੱਚ ਉਸ ਦੀ ਮਦਦ ਕਰਦੀ ਹੈ: ਪੈਲਿਕਾਨ, ਇੱਕ ਬਹੁਤ ਵੱਡਾ ਜਲ-ਪੰਛੀ ਹੈ ਜੋ ਮੱਛੀਆਂ ਖਾਂਦਾ ਹੈ। ਇਸ ਪੰਛੀ ਨੂੰ ਹਰ ਰੋਜ਼ ਘੱਟੋ-ਘੱਟ ਦੋ ਕਿਲੋ ਖ਼ੁਰਾਕ ਦੀ ਲੋੜ ਹੁੰਦੀ ਹੈ। ਇਸ ਦੀ ਲੰਬੀ, ਭਾਰੀ ਤੇ ਚਪਟੀ ਚੁੰਝ ਹੇਠ ਇੱਕ ਲਚਕਦਾਰ ਥੈਲੀ ਹੁੰਦੀ ਹੈ ਜਿਸ ਨੂੰ ਇਹ ਮੱਛੀਆਂ ਫੜਨ ਲਈ ਜਾਲ ਵਜੋਂ ਵਰਤਦਾ ਹੈ। ਸ਼ਿਕਾਰ ਨੂੰ ਪਹਿਲਾਂ ਢੇਰ ਸਾਰੇ ਪਾਣੀ ਨਾਲ ਚੁੰਝ ਵਿੱਚ ਲੈ ਆਉਂਦਾ ਹੈ ਅਤੇ ਫਿਰ ਪਾਣੀ ਨੂੰ ਬਾਹਰ ਕੱਢ ਕੇ ਸ਼ਿਕਾਰ ਨੂੰ ਨਿਗਲ ਜਾਂਦਾ ਹੈ। ਇਉਂ ਹੀ ਸਪੂਨ-ਬਿਲ ਨਾਮਕ ਪੰਛੀ ਆਪਣੀ ਚਿਮਚੇ ਵਰਗੀ ਚੁੰਝ ਨਾਲ ਚਿੱਕੜ ਵਾਲੀਆਂ ਥਾਵਾਂ ਤੋਂ ਆਪਣੀ ਖੁਰਾਕ (ਛੋਟੇ ਜੀਵ) ਲੱਭ ਕੇ ਖਾਂਦਾ ਹੈ। ਖੁਰਾਕ ਦੀ ਭਾਲ ਵਿੱਚ ਇਹ ਪੰਛੀ ਅਕਸਰ ਆਪਣੀ ਚੁੰਝ ਨੂੰ ਚਿੱਕੜ ਵਿੱਚ ਗੱਡੀ ਰੱਖਦਾ ਹੋਇਆ ਹੌਲੀ-ਹੌਲੀ ਤੁਰਦਾ ਰਹਿੰਦਾ ਹੈ।
ਗੌਰਤਲਬ ਹੈ ਕਿ ਜਿਹੜੇ ਪੰਛੀ ਸਹੀ ਕਿਸਮ ਦੀ ਚੁੰਝ, ਲੱਤਾਂ, ਪੰਜਿਆਂ ਜਾਂ ਕਿਸੇ ਹੋਰ ਪੱਖੋਂ ਹੀਣੇ ਰਹਿ ਗਏ, ਉਹ ਸਮੇਂ ਦੀ ਬੇਦਰਦ ਹਨੇਰੀ ਨਾਲ ਹੂੰਝੇ ਗਏ। ਇਹ ਕਿਹਾ ਜਾ ਸਕਦਾ ਹੈ ਕਿ ਜੀਵਾਂ ਵਿੱਚ ਸ਼ਿਕਾਰ ਕਰਨ ਤੇ ਸ਼ਿਕਾਰ ਬਣਨ ਦੇ ਮਾਮਲੇ ਵਿੱਚ ਕੁਦਰਤ ਦੂਹਰਾ ਰੋਲ ਅਦਾ ਕਰਦੀ ਹੈ। ਇੱਕ ਪਾਸੇ ਉਹ ਸ਼ਿਕਾਰ ਕਰਨ ਵਾਲੇ ਜੀਵਾਂ ਨੂੰ ਲੋੜੀਂਦਾ ਬਲ, ਹੌਂਸਲਾ ਤੇ ਮਾਰੂ ਹਥਿਆਰਾਂ ਨਾਲ ਲੈਸ ਕਰਦੀ ਹੈ ਅਤੇ ਦੂਜੇ ਪਾਸੇ ਸ਼ਿਕਾਰ ਬਣਨ ਵਾਲੇ ਜੀਵਾਂ ਦਾ ਵੀ ਪੱਖ ਪੂਰਦੀ ਹੈ। ਇੱਕ ਤਰ੍ਹਾਂ ਨਾਲ ਸਦਾ ਉਨ੍ਹਾਂ ਦੇ ਅੰਗ-ਸੰਗ ਰਹਿੰਦੀ ਹੈ ਅਤੇ ਮਾਸਾਹਾਰੀ ਜੀਵਾਂ ਦੀ ਮਨਮਾਨੀ ਨੂੰ ਰੋਕਦੀ ਹੈ ਤਾਂ ਕਿ ਸਮਰੱਥਾ ਵਾਲੇ (ਜਿਊਣ ਦੇ ਕਾਬਲ) ਬਚ ਨਿਕਲਣ ਤੇ ਧਰਤੀ ‘ਤੇ ਜੀਵਾਂ ਦੀ ਆਬਾਦੀ ਦਾ ਸੰਤੁਲਨ ਕਾਇਮ ਰਹੇ। ਦੁੱਖ ਦੀ ਗੱਲ ਹੈ ਕਿ ਅਜੋਕੇ ਯੁੱਗ ਵਿੱਚ ਮਨੁੱਖ ਵੱਲੋਂ ਜੰਗਲਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਅਤੇ ਕੀੜੇਮਾਰ ਦਵਾਈਆਂ ਦੀ ਵਿਵੇਕਹੀਣ ਵਰਤੋਂ ਕਾਰਨ ਜੀਵਾਂ ਦੀ ਆਬਾਦੀ ਦਾ ਸੰਤੁਲਨ ਬੁਰੀ ਤਰ੍ਹਾਂ ਡਗਮਗਾ ਗਿਆ ਜਿਸ ਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰੀ ਮੁੱਲ ਚੁਕਾਉਣਾ ਪਵੇਗਾ।

– ਡਾ. ਹਰਚੰਦ ਸਿੰਘ ਸਰਹਿੰਦੀ