ਮੁਨਾਫ਼ੇ ਦੀ ਹਵਸ ਅਤੇ ਮੀਡੀਏ ‘ਚ ਨੈਤਿਕ ਨਿਘਾਰ

ਮੁਨਾਫ਼ੇ ਦੀ ਹਵਸ ਅਤੇ ਮੀਡੀਏ ‘ਚ ਨੈਤਿਕ ਨਿਘਾਰ

ਕੰਪੋਜਿੰਗ, ਪਰੂਫ ਰੀਡਿੰਗ, ਕਟਿੰਗ, ਪੇਸਟਿੰਗ, ਪੇਜ ਸੈਟਿੰਗ, ਡਰਾਫਟਿੰਗ ਅਤੇ ਐਡੀਟਿੰਗ ਅਜੇਹੇ ਸ਼ਬਦ ਹਨ ਜਿਨ੍ਹਾਂ ਬਾਰੇ ਪ੍ਰਿੰਟ ਮੀਡੀਆ ‘ਚ ਆਮ ਸੁਣੀਂਦਾ ਸੀ । ਇਸ ਪੇਸ਼ੇ ਚੇ ਇਹ ਸ਼ਬਦ ਉਸੇ ਤਰ੍ਹਾਂ ਹਨ ਜਿਵੇਂ ਕਿਸਾਨ ਲਈ ਹੱਲ, ਬਲਦ, ਖੇਤ, ਬੀਜ ਅਤੇ ਖਾਦ ਆਦਿ । ਪਰ ਹਾਲ ‘ਚ ਹੀ ਹੋਈਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਿੰਟ ਮੀਡੀਏ ਲਈ ਇਹ ਸ਼ਬਦ ਪੁਰਾਣੇ ਹੋ ਗਏ ਸਨ ਉਦਾਰੀਕਰਨ ਅਤੇ ਮੁਕਤ ਮੰਡੀ ਦੇ ਦੌਰ ‘ਚ ਭਲਾ ਮੀਡੀਆ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਨਾਲ ਕਿਉਂ ਬੱਝਿਆ ਰਹੇ ? ਉਹ ਵੀ ਤਦ ਜਦ ਮੀਡੀਆ ਹੀ ਉਦਾਰੀਕਰਨ ਦਾ ਸਭ ਤੋਂ ਵੱਡਾ ਪੈਰੋਕਾਰ ਰਿਹਾ ਹੋਵੇ । ਸਹੀ ਮਾਅਨਿਆਂ ‘ਚ ਧੁਤੂ । ਇਸ ਲਈ ਇਕ ਨਵਾਂ ਸ਼ਬਦ ਇਜਾਦ ਕੀਤਾ ਗਿਆ-ਪੇਸ਼ਕਾਰੀ (ਪੈਕੇਜਿੰਗ) । ਇਸ ਇਕ ਸ਼ਬਦ ਨਾਲ ਮੀਡੀਆ ਪ੍ਰਤੀ ਲੋਕਾਂ ਦਾ ਭਰਮ ਮਿਟ ਗਿਆ ਹੈ । ਇਸ ਸ਼ਬਦ ਨਾਲ ਉਨ੍ਹਾਂ ਸਾਰੇ” ਨਾਹਰਿਆਂ ਦਾ ਖੋਖਲਾਪਨ ਸ਼ੀਸ਼ੇ ਵਾਂਗ ਸਾਫ਼ ਦਿੱਸਣ ਲੱਗਾ ਜਿਸ ਨੂੰ ਅਖ਼ਬਾਰ ਪਹਿਲੇ ਪੰਨੇ ਦੇ ਸਜ਼ਾ ਦਿੰਦੇ ਹਨ । ਇਹ ਨਾਹਰੇ ਹਨ- ਨਿਡਰ ਅਵਾਜ਼, ਨਿਰਪੱਖ ਅਵਾਜ਼, ਜਨਤਾ ਦੀ ਪਹਿਰੇਦਾਰ, ਸੱਚ ਬੋਲਣ ਦਾ ਸਾਹਸ ਆਦਿ । ਇਹ ਨਵਾਂ ਸ਼ਬਦ ਇਜਾਦ ਕਰ ਕੇ ਮੀਡੀਆ ਨੇ ਕੋਈ ਅਪਰਾਧ ਕੀਤਾ ਹੋਵੇ ਅਜਿਹਾ ਵੀ ਨਹੀਂ ਹੈ । ਇਸ ਉਦਾਰੀਕਰਨ ਦੇ ਦੌਰ ਚੇ ਅਪਰਾਧ ਸਿਰਫ਼ ਪੈਸਾ ਨਾ ਕਮਾਉਣਾ ਹੈ। ਪੇਸ਼ਕਾਰੀ ਨੇ ਤਾਂ ਮਾਲਕਾਂ ਦੀ ਬੱਲੇ ਬੱਲੇ ਕਰ ਦਿੱਤੀ ਹੈ । ਲੱਖਾਂ ਤੋਂ ਲੈ ਕੇ ਕਰੋੜਾਂ ਤਕ ਦੀ ਪੇਸ਼ਕਾਰੀ ਦਾ ਅੰਦਾਜ਼ । ਜਿੰਨਾ ਵੱਡਾ ਅਖ਼ਬਾਰ ਓਨੀ ਬੜੀ ਪੇਸ਼ਕਾਰੀ ਦੀ ਰਾਸ਼ੀ । ਜਿੰਨਾ ਵੱਡਾ ਪੈਕੇਜ ਓਨਾ ਵੱਡਾ ਝੂਠ ਜਿੰਨਾ ਵੱਡਾ ਪੈਕੇਜ ਲੋਕਾਂ ਨਾਲ ਓਨਾ ਹੀ ਵੱਡਾ ਧੋਖਾ । ਪਰ ਹੁਣ ਲੋਕਾਂ ਅਤੇ ਝੂਠ ਦੀ ਕਿਸ ਨੂੰ ਫਿਕਰ ਸੀ । ਇਹ ਹੀ ਹੋੜ ਹੈ ਕਿ ਸਮਾਜ, ਦੇਸ਼ ਅਤੇ ਲੋਕਾਂ ਤੋਂ ਜੋ ਕਮਾਇਆ ਜਾ ਸਕੇ, ਕਮਾਉਣਾ ਹੈ ਜੋ ਵੇਚਿਆ ਜਾ ਸਕੇ, ਵੇਚਣਾ ਹੈ । ਖਪਤਕਾਰੀ ਸੱਭਿਆਚਾਰ ‘ਚ ਲੋਕ ਇਨਸਾਨ ਨਹੀਂ ਖਪਤਕਾਰ ਹੁੰਦੇ ਹਨ । ਉਨ੍ਹਾਂ ਨੂੰ ਲੁਭਾਉਣਾ ਹੁੰਦਾ ਹੈ, ਇਸ਼ਤਿਹਾਰਬਾਜ਼ੀ ਦੇ ਜ਼ਰੀਏ । ਵਸਤੂਆਂ ਲਈ ਖਪਤਕਾਰ ਤਿਆਰ ਕਰਨੇ ਹੁੰਦੇ ਹਨ । ਅਕਾਲ ਅਤੇ ਖੁਦਕੁਸ਼ੀਆਂ ਦੇ ਦੌਰ ਚੇ ਸ਼ੇਅਰ ਬਜ਼ਾਰ ਉਛਾਲਣਾ ਹੁੰਦਾ ਹੈ । ਜਦੋਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ, ਉਦਾਰੀਕਰਨ ਦੀਆਂ ਨੀਤੀਆਂ ਨਾਲ ਲੋਕਾਂ ਦੀ ਆਰਥਿਕ ਹਾਲਤ ਪਤਲੀ ਪੈ ਰਹੀ ਹੋਵੇ ਉਦੋਂ ਅੰਬਾਨੀ ਦੀ ਦੌਲਤ ਦੇ ਅੰਬਾਰਾਂ ਦਾ ਗੁਣਗਾਨ ਕੀਤਾ ਜਾਂਦਾ ਹੈ । ਚਮਕਦੇ ਭਾਰਤ ਦਾ ਧੂਤੂ ਵਜਾਇਆ ਜਾਂਦਾ ਹੈ । ਵਿਧਾਨ ਸਭਾ ਚੋਣਾਂ ‘ਚ ਵੀ ਮੀਡੀਆ ਨੇ ਇਹ ਹੀ ਕੀਤਾ ਹੈ । ਬਸ ਖਪਤਕਾਰ ਦੀ ਜਗ੍ਹਾ ਵੋਟਰ ਸ਼ਬਦ ਰੱਖ ਦਿੱਤਾ ਗਿਆ ਹੈ । ਹੁਣ ਖਪਤਕਾਰਾਂ ਨੂੰ ਨਹੀਂ ਵੋਟਰਾਂ ਨੂੰ ਲੁਭਾਉਣਾ ਸੀ, ਖਾਲਸ ਇਸ਼ਤਿਹਾਰਬਾਜ਼ੀ ਦੀ ਦੁਨੀਆ ਵਾਂਗ ਵਸਤੂਆਂ ਦੀ ਗੁਣਵੰਤਾ ਨੂੰ ਘਟਾਉਦੇ । ਉਮੀਦਵਾਰ ਦੇ ਨਿੱਜੀ ਅਕਸ, ਉਸ ਦੇ ਆਚਰਨ ਨੂੰ ਦਰਕਿਨਾਰ ਕਰਦੇ ਹੋਏ । ਧਨਾਢ ਰਾਜਨੀਤਕ ਪਾਰਟੀਆਂ ਦੀਆਂ ਪੁਰਾਣੀਆਂ ਨੀਤੀਆਂ ਅਤੇ ਉਨ੍ਹਾਂ ਦੇ ਅਵਾਮ ਦੇ ਪਏ ਅਸਰ ਨੂੰ ਨਜ਼ਰਅੰਦਾਜ਼ ਕਰਦੇ ਹੋਏ । ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਦੇ ਆਲੋਚਨਾਮਈ ਵਿਸ਼ਲੇਸ਼ਣ ਦੀ ਜ਼ੰਮੇਵਾਰੀ ਨੂੰ ਭੁੱਲਦੇ ਹੋਏ । ਮੁਨਾਫ਼ੇ ਦੀ ਹਵਸ ਨੇ ਮੀਡੀਏ ਦੀਆਂ ਕਦਰਾਂ ਨੂੰ ਹੀ ਨਸ਼ਟ ਕਰ ਦਿੱਤਾ ਹੈ । ਪੈਕੇਜਿੰਗ ਦੇ ਦੌਰ ਚੇ ਅਖ਼ਬਾਰਾਂ ਨੂੰ ਆਪਣੀਆਂ ਹੀ ਟਿੱਪਣੀਆਂ ਅਤੇ ਵਿਸ਼ਲੇਸ਼ਣਾਂ ਦੇ ਵਿਪਰੀਤ ਪੈਕੇਜ ਛਾਪਣਾ ਪਿਆ । ਕਿਸੇ ਜ਼ਮਾਨੇ ‘ਚ ਇਹ ਥੁੱਕ ਕੇ ਚੱਟਣ ਵਾਂਗ ਸੀ । ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ। ਹੁਣ ਮੀਡੀਆ ਕਦਰਾਂ-ਕੀਮਤਾਂ ਜਾਂ ਨੈਤਿਕਤਾ ਨਾਲ ਬੱਝਿਆ ਹੋਇਆ ਨਹੀਂ । ਲੋਕਾਂ ‘ਚ ਜੋ ਉਮੀਦਵਾਰ ਬਦਨਾਮ ਹੋ ਗਏ ਹਨ, ਅਖ਼ਬਾਰ ਉਨ੍ਹਾਂ ਨੂੰ ਬੇਦਾਗ ਅਤੇ ਮਿਲਣਸਾਰ ਕਹਿ ਰਹੇ ਸਨ । ਜੋ ਉਮੀਦਵਾਰ ਤੀਜੇ ਜਾਂ ਚੌਥੇ ਸਥਾਨ ਤੇ ਰਹੇ ਹਨ ਅਤੇ ਜਿਨ੍ਹਾਂ ਨੂੰ ਆਪਣੀ ਜ਼ਮਾਨਤ ਬਚਾਉਣ ਦੇ ਲਾਲੇ ਪਏ ਸਨ ਅਖ਼ਬਾਰਾਂ ਚੇ ਉਨ੍ਹਾਂ ਸਭਨਾਂ ਨੂੰ ਭਾਰੀ ਦਸਿਆ ਜਾ ਰਿਹਾ ਸੀ । ਪੈਕੇਜ ਪਰਣਾਲੀ ਨੇ ਅਖ਼ਬਾਰਾਂ ਦੇ ਮਾਲਕਾਂ ਦੀਆਂ ਜੇਬਾਂ ਜ਼ਰੂਰ ਗਰਮ ਕੀਤੀਆਂ ਹੋਣਗੀਆਂ ਪਰ ਅਖ਼ਬਾਰਾਂ ‘ਚ ਲੋਕਾਂ ਦਾ ਵਿਸ਼ਵਾਸ ਜ਼ਰੂਰ ਘਟਿਆ ਹੈ । ਜਮਹੂਰੀਅਤ ਦੇ ਚੌਥੇ ਥੰਮ ਚ ਲੋਕਾਂ ਦਾ ਵਿਸ਼ਵਾਸ ਘਟਣਾ ਗੰਭੀਰ ਗੱਲ ਹੈ । ਜਮਹੂਰੀਅਤ ਦੇ ਕਿਸੇ ਇਕ ਥੰਮ ਦੇ ਖੋਖਲਾ ਹੋਣ ਦਾ ਅਸਰ ਜਮਹੂਰੀਅਤ ‘ਤੇ ਵੀ ਪੈਂਦਾ ਹੈ । ਮੀਡੀਆ ਦੀ ਭੂਮਿਕਾ ਚੇ ਇਹ ਬਦਲਾਅ ਅਚਾਨਕ ਨਹੀਂ ਆਇਆ । ਅਜ਼ਾਦੀ ਦੇ ਅੰਦੋਲਨ ਚੇ ਪ੍ਰੈਸ ਦੀ ਭੂਮਿਕਾ ਮਹੱਤਵਪੂਰਨ ਸੀ । ਇਹ ਭੂਮਿਕਾ ਨਿਭਾਉਣ ਦੀ ਜ਼ਿੱਦ ਨੇ ਪ੍ਰੈਸ ਨੂੰ ਬਰਤਾਨਵੀ ਹਕੂਮਤ ਦਾ ਦਮਨ ਸਹਿਣ ਕਰਨ ਅਤੇ ਉਸ ਨੂੰ ਚੁਣੌਤੀ ਦੇਣ ਦਾ ਸਾਹਸ ਪੈਦਾ ਕੀਤਾ ਸੀ । ਅਜ਼ਾਦੀ ਤੋਂ ਬਾਅਦ ਵੀ ਇਹ ਮੁੱਲ ਕੁਝ ਹੱਦ ਤੱਕ ਕਾਇਮ ਰਹੇ । ਆਰਥਿਕ ਸੰਕਟ ਦੇ ਵਧਣ ਅਤੇ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੇ ਲੋਕਾਂ ਤੋਂ ਅਲੱਗ ਪੈ ਜਾਣ ਨਾਲ ਮੀਡੀਆ ਵੀ ਹੌਲੀ ਹੌਲੀ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਛੱਡਦਾ ਚਲਾ ਗਿਆ । ਉਦਾਰੀਕਰਨ ਦੇ ਦੌਰ ਨਾਲ ਸ਼ੁਰੂ ਹੋਈ ਮੁਕਤ ਮੰਡੀ ਦੀ ਵਿਵਸਥਾ ਨੇ ਮੀਡੀਆ ਨੂੰ ਵੀ ਸਾਰੀਆਂ ਪ੍ਰਤੀਬੱਧਤਾਵਾਂ, ਸਮਾਜਿਕ ਸਰੋਕਾਰਾਂ ਤੋਂ ਮੁਕਤ ਕਰ ਦਿੱਤਾ ਹੈ । ਉਦਾਰੀਕਰਨ ਦੇ ਦੌਰ ਚੇ ਇਹ ਕੇਵਲ ਮੀਡੀਆ ਨਾਲ ਹੀ ਨਹੀਂ ਹੋਇਆ ਸਗੋਂ ਸਮਾਜ ਭਲਾਈ ਅਤੇ ਸਮਾਜਿਕ ਸਰੋਕਾਰਾਂ ਵਾਲੇ ਹਰ ਪਹਿਲੂ ਦਾ ਗਲ ਘੁੱਟਿਆ ਗਿਆ ਹੈ। ਸਿੱਖਿਆ ਅਤੇ ਸਿਹਤ ਦੀ ਗਿਣਤੀ ਹੁਣ ਸਮਾਜਿਕ ਸੇਵਾਵਾਂ ‘ਚ ਨਹੀਂ ਹੁੰਦੀ । ਹੁਣ ਸਿੱਖਿਆ ਪੇਸ਼ਾ ਬਣ ਗਿਆ ਹੈ । ਜਦ ਪੇਸ਼ਾ ਹੈ ਤਾਂ ਚਿੰਤਾ ਸਮਾਜਿਕ ਸਰੋਕਾਰਾਂ ਦੀ ਨਹੀਂ ਮੁਨਾਫ਼ਾ ਕਮਾਉਣ ਦੀ ਹੋਵੇਗੀ । ਹਰ ਧੰਦੇ ਦਾ ਇਹ ਹੀ ਹਾਲ ਹੈ ਮੀਡੀਆ ਵੀ ਹੁਣ ਸਨਅਤ ਬਣ ਗਿਆ ਹੈ । ਪੂੰਜੀਪਤੀ ਇਸ ਸਨਅਤ ਚੇ ਪੂੰਜੀ ਨਿਵੇਸ਼ ਦਾਨੇ-ਦੇਖਣਾ ਲਈ ਨਹੀਂ ਕਰਦੇ । ਉਨ੍ਹਾਂ ਦਾ ਮਕਸਦ ਸਮਾਜਿਕ ਚੇਤਨਾ ਵਧਾਉਣਾ ਜਾਂ ਸਮਾਜ ਦੇ ਸਾਹਮਣੇ ਸੱਚਾਈ ਪੇਸ਼ ਕਰਨਾ ਵੀ ਨਹੀਂ ਹੈ । ਮੁਨਾਫ਼ਾ ਕਮਾਉਣ ਅਤੇ ਇਸ ਧੰਦੇ ਦੇ ਨਾਲ ਨਾਲ ਆਪਣੇ ਦੂਜੇ ਧੰਦਿਆਂ ਨੂੰ ਅੱਗੇ ਵਧਾਉਣ ਲਈ ਹੀ ਉਹ ਪੂੰਜੀ ਲਾਉਾਂਦੇ ਨ । ਪਰ ਮੀਡੀਆ ਜਾਂ ਪ੍ਰਿੰਟ ਮੀਡੀਆ ਸਨਅਤ ਹੁੰਦੇ ਹੋਏ ਵੀ ਦੂਜੀਆਂ ਸਨਅਤਾਂ ਤੋਂ ਅਲੱਗ ਹੈ । ਦੂਜੀਆਂ ਸਨਅਤਾਂ ਚੇ ਪੈਸਾ ਲਾਉਣ ਤੋਂ ਬਾਅਦ ਬਣਨ ਵਾਲੀ ਵਸਤੂ ਨੂੰ ਵੇਚ ਕੇ ਪੂੰਜੀਪਤੀ ਆਪਣੀ ਪੂੰਜੀ ‘ਚ ਇਜ਼ਾਫਾ ਕਰਦੇ ਹਨ ਅਰਥ- ਸ਼ਾਸਤਰ ਦੀ ਪਰਿਭਾਸ਼ਾ ਚੇ ਸਬੰਧਤ ਸਨਅਤ ਚੇ ਕੱਚੇ ਮਾਲ ਨੂੰ ਵਸਤੂ ‘ਚ ਬਦਲਣ ਲਈ ਜੋ ਕਿਰਤ ਲੱਗਦੀ ਹੈ ਉਸ ਨਾਲ ਮੁਨਾਫ਼ਾ ਬਣਦਾ ਹੈ ਕਿਉਕਿ ਮਜ਼ਦੂਰ ਨੂੰ ਉਸ ਦੀ ਕਿਰਤ ਦਾ ਪੂਰਾ ਹਿੱਸਾ ਨਹੀਂ ਮਿਲਦਾ । ਉਸ ਨੂੰ ਆਪਣੀ ਕਿਰਤ ਦਾ ਜੋ ਹਿੱਸਾ ਨਹੀਂ ਮਿਲਦਾ ਬਸ ਉਹ ਹੀ ਮੁਨਾਫ਼ਾ ਹੈ। ਮਤਲਬ ਕਿਰਤ ਦੀ ਜਿੰਨੀ ਚੋਰੀ ਹੋਵੇਗੀ, ਮੁਨਾਫ਼ਾ ਓਨਾ ਹੀ ਜ਼ਿਆਦਾ ਹੋਵੇਗਾ । ਪ੍ਰਿੰਟ ਮੀਡੀਆ ਸਨਅਤ ਹੈ। ਇਸ ‘ਚ ਕਿਰਤ ਹੈ। ਕਿਰਤ ਦੀ ਚੋਰੀ ਵੀ ਹੁੰਦੀ ਹੈ ਪਰ ਮਾਲਕ ਨੂੰ ਮੁਨਾਫ਼ਾ ਇਸ ਕਿਰਤ ਤੋਂ ਪੈਦਾ ਹੋਈ ਵਸਤੂ ਤੋਂ ਨਹੀਂ ਮਿਲਦਾ। ਆਮ ਜਨਤਾ ਨੂੰ ਜੋ ਅਖ਼ਬਾਰ ਤਿੰਨ ਰੁਪਏ, ਦੋ ਰੁਪਏ ਅਤੇ ਕਦੀ ਕਦੀ ਇਕ ਰੁਪਏ ‘ਚ ਮਿਲਦਾ ਹੈ ਉਸ ਲਾਗਤ ਦਾ ਮੁੱਲ ਹੀ ਦਸ ਬਾਰਾਂ ਰੁਪਏ ਬਣਦਾ ਹੈ। ਬਾਰਾਂ ਰੁਪਏ ਦਾ ਉਤਪਾਦ ਇਕ ਰੁਪਏ ‘ਚ ਵੇਚ ਕੇ ਗਿਆਰਾਂ ਰੁਪਏ ਦਾ ਘਾਟਾ ਖਾ ਕੇ ਵੀ ਮਾਲਕ ਅਖ਼ਬਾਰ ਦਾ ਕਾਰੋਬਾਰ ਵਧਾਉਦਾਂ । ਮੀਡੀਆ ਨੂੰ ਵੀ ਪੈਸਾ ਇਸ਼ਤਿਹਾਰਬਾਜ਼ੀ ਤੋਂ ਆਉਂਦਾ। ਸਨਅਤੀ ਘਰਾਣੇ ਅਖ਼ਬਾਰਾਂ ਨੂੰ ਇਸ਼ਤਿਹਾਰ ਖੈਰਾਤ ‘ਚ ਨਹੀਂ ਦਿੰਦੇ। ਇਸ ਲਈ ਦਿੰਦੇ ਹਨ ਕਿ ਅਖ਼ਬਾਰਾਂ ਉਨ੍ਹਾਂ ਦੀਆਂ ਵਸਤੂਆਂ ਲਈ ਖਪਤਕਾਰ ਤਿਆਰ ਕਰ ਸਕਣ । ਦੇਸ਼ੀਂ ਵਿਦੇਸ਼ੀ ਨਿਗਮਾਂ ਦੇ ਹਿੱਤ ਸਾਧਣ ਵਾਲੇ ਮੀਡੀਏ, ਚਾਹੇ ਇਲੈਕਟ੍ਰੌਨਿਕ ਹੋਵੇ ਜਾਂ ਪ੍ਰਿੰਟ, ਨੇ ਆਮ ਲੋਕਾਂ ਦੇ ਹਿੱਤਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ। ਤਕਰੀਬਨ ਹਰ ਦੇਸ਼ ਵਿੱਚ ਚੋਣਾਂ ਚੇ ਇਸ਼ਤਿਹਾਰ ਖਾ ਕੇ ਮੀਡੀਆ ਡਕਾਰ ਮਾਰ ਜਾਂਦਾ ਹੈ ਬਾਅਦ ਵਿੱਚ ਨਤੀਜਾ ਚਾਹੇ ਕੁਝ ਵੀ ਆ ਜਾਵੇ । ਹੁਣ ਦਿਨੋ ਦਿਨ ਜਨਤਾ ਵੀ ਸਮਝਦਾਰ ਹੋ ਰਹੀ ਹੈ ਵਿਕਾਊ ਮੀਡੀਏ ਦੇ ਪ੍ਰਭਾਵ ਹੇਠ ਨਾ ਆ ਕੇ ਗਲਤ ਇਨਸਾਨਾਂ ਨੂੰ ਜਾਂ ਪਾਰਟੀਆਂ ਨੂੰ ਨਕਾਰ ਰਹੀ ਹੈ ।