ਰੁਝਾਨ ਖ਼ਬਰਾਂ
ਸਵੈਮਾਨ ਦੇ ਰੰਗ

ਸਵੈਮਾਨ ਦੇ ਰੰਗ

ਅਮਰੀਕਾ ਤੋਂ ਪੰਜਾਬ ਤਾਂ ਭਾਵੇਂ ਮੈਂ ਹਰ ਸਾਲ ਹੀ ਜਾਂਦਾ ਹਾਂ, ਪਰ ਤੇਰਾਂ ਸਾਲ ਤੋਂ ਕਦੇ ਪਿੰਡ ਰਹਿ ਕੇ ਦੁਸਹਿਰਾ, ਦੀਵਾਲੀ ਦੇ ਤਿਉਹਾਰ ਨਹੀਂ ਸੀ ਦੇਖੇ। ਸੋ ਅਕਤੂਬਰ ਦੇ ਪਹਿਲੇ ਹਫਤੇ ਮੈਂ ਅਤੇ ਮੇਰੀ ਪਤਨੀ ਪਿੰਡ ਪਹੁੰਚ ਗਏ। ਸਕੂਲ ਪੜ੍ਹਦੇ ਮੇਰੇ ਪੋਤਰੇ ਨੂੰ ਇਕ ਦਿਨ ਖੰਘ, ਜ਼ੁਕਾਮ ਦੇ ਨਾਲ ਨਾਲ ਥੋੜ੍ਹਾ ਬੁਖਾਰ ਵੀ ਹੋ ਗਿਆ। ਉਸ ਨੂੰ ਦਵਾਈ ਦਿਵਾਉਣ ਲਈ ਜਾਡਲੇ ਜਾਣ ਦੀ ਮੇਰੀ ਡਿਊਟੀ ਲੱਗ ਗਈ।
‘ਪੁਰੀ ਮੈਡੀਕਲ ਸਟੋਰ’ ਦੇ ਬੈਂਚ ਮਰੀਜ਼ਾਂ ਨਾਲ ਭਰੇ ਪਏ ਸਨ। ਮੈਥੋਂ ਪਹਿਲਾਂ ਪਹੁੰਚੇ ਹੋਏ ਬਹੁਤੇ ਮਰੀਜ਼ਾਂ ਬਾਬਤ ਡਾਕਟਰ ਪੁਰੀ ਦੇ ਮੂੰਹੋਂ ਨਵੀਂ ਗੱਲ ਸੁਣ-ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਰੇਡੀਓ-ਕਲਾਕਾਂ ਦੇ ਸੈਲ ਮੁੱਕਦੇ ਤਾਂ ਸੁਣੇ ਸਨ, ਇਥੇ ਕੀ ਬੱਚੇ, ਕੀ ਬੁੱਢੇ; ਸਭ ਮਰੀਜ਼ਾਂ ਨੂੰ ਡਾਕਟਰ ਦੱਸ ਰਿਹਾ ਸੀ ਕਿ ਫਲਾਣਿਆਂ ਤੇਰੇ ਇੰਨੇ ਸੈਲ ਘਟ ਗਏਸ਼ਤੇਰੇ ਐਨੇ ਘਟ ਗਏ ਹਨ।
ਵਾਰੀ ਸਿਰ ਮਰੀਜ਼ ਬੈਂਚਾਂ ਤੋਂ ਉਠ-ਉਠ ਕੇ ਡਾਕਟਰ ਕੋਲੋਂ ਚੈਕਅਪ ਕਰਵਾ ਰਹੇ ਸਨ। ਬੈਂਚ ‘ਤੇ ਮੇਰੇ ਨਾਲ ਵਾਲੀ ਖਾਲੀ ਥਾਂ ‘ਤੇ ਪਤੀ-ਪਤਨੀ ਜੋੜਾ ਆਪਣੇ ਬੱਚੇ ਨੂੰ ਗੋਦ ਲੈ ਕੇ ਆ ਬੈਠਾ। ਮੈਲੇ ਕੁਚੈਲੇ ਕੱਪੜਿਆਂ ਵਾਲੇ ਸਾਈਕਲ ‘ਤੇ ਆਏ ਇਹ ਦੋਵੇਂ ਪੂਰਬੀਏ ਸਨ। ਉਹ ਬੁਖਾਰ ਨਾਲ ਵਿਆਕੁਲ ਹੋ ਰਹੇ ਆਪਣੇ ਬੱਚੇ ਨੂੰ ਧਰਵਾਸ ਦਿੰਦਿਆਂ ਪੂਰਬੀਆਂ ਵਾਂਗ ਬੋਲ ਰਹੇ ਸਨ। ਥੋੜ੍ਹਾ ਪਰਦਾ ਜਿਹਾ ਕਰ ਕੇ ਉਹ ਜ਼ਨਾਨੀ ਬੱਚੇ ਨੂੰ ਦੁੱਧ ਚੁੰਘਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਦੁੱਖ ਦਾ ਝੰਬਿਆ ਬੱਚਾ ਤਿਲਮਿਲਾ ਰਿਹਾ ਸੀ। ਖੰਘ-ਖੰਘ ਕੇ ਹਫਿਆ ਮੇਰਾ ਪੋਤਰਾ ਵੀ ਭਾਵੇਂ ਮੇਰੇ ਪੱਟ ‘ਤੇ ਸਿਰ ਸੁੱਟੀ ਬੈਠਾ ਸੀ ਪਰ ਮੈਨੂੰ ਉਸ ਗਰੀਬ ਬੱਚੇ ‘ਤੇ ਤਰਸ ਆ ਗਿਆ, ਤੇ ਮੈਂ ਸੋਚਿਆ ਕਿ ਆਪਣੀ ਵਾਰੀ ਆਉਣ ‘ਤੇ ਪਹਿਲਾਂ ਇਨ੍ਹਾਂ ਨੂੰ ਡਾਕਟਰ ਕੋਲ ਜਾਣ ਦਿਆਂਗਾ। ਦਵਾਈ ਦੇਣ ਬਾਅਦ ਡਾਕਟਰ ਨੂੰ ਮਰੀਜ਼ਾਂ ਤੋਂ ਪੈਸੇ ਲੈਂਦਿਆਂ ਦੇਖ ਕੇ ਮੈਂ ਅੰਦਾਜ਼ ਲਾਇਆ ਕਿ ਇਹ ਪੰਜਾਹ ਤੋਂ ਢਾਈ-ਤਿੰਨ ਸੌ ਰੁਪਏ ਤੱਕ ਹੀ ਪੈਸੇ ਲੈ ਰਿਹਾ ਹੈ; ਇਸ ਤੋਂ ਵਧ ਨਹੀਂ।
ਜਦ ਮੇਰੀ ਵਾਰੀ ਆਉਣ ਲੱਗੀ ਤਾਂ ਮੈਂ ਖੜ੍ਹੇ ਮਰੀਜ਼ਾਂ ਦਾ ਓਹਲਾ ਜਿਹਾ ਹੋਣ ‘ਤੇ ਆਪਣੀ ਜੇਬ ਵਿਚੋਂ ਪੰਜ ਸੌ ਦਾ ਨੋਟ ਕੱਢ ਕੇ ਉਸ ਗਰੀਬ ਜੋੜੇ ਵੱਲ ਮੁੱਠੀ ਵਧਾਉਂਦਿਆਂ ਕਿਹਾ, ”ਮੇਰੇ ਸੇ ਪਹਿਲੇ ਆਪ ਦਵਾਈ ਲੇ ਲੋ, ਕੋਈ ਬਾਤ ਨਹੀਂ, ਮੈਂ ਬਾਅਦ ਮੇਂ ਲੇ ਲੂੰਗਾ।” ਅਜਿਹਾ ਕਰਦਿਆਂ ਮੈਂ ਸੋਚਿਆ ਸੀ ਕਿ ਉਹ ਦ੍ਰਵੀ ਘਿਗਿਆਈ ਆਵਾਜ਼ ਵਿਚ ਆਪਣੇ ਨਿਢਾਲ ਹੋਏ ਬੱਚੇ ਦੀ ਬਿਮਾਰੀ ਬਾਰੇ ਦੱਸ ਕੇ ਮੈਥੋਂ ਪੈਸੇ ਫੜ ਲਏਗਾ ਪਰ ਉਨ੍ਹਾਂ ਦੋਹਾਂ ਦਾ ਅਨੋਖਾ ਵਿਹਾਰ ਦੇਖ ਕੇ ਮੈਂ ਦੰਗ ਰਹਿ ਗਿਆ।
ਪਹਿਲਾਂ ਉਸ ਬੰਦੇ ਨੇ ਮੇਰੀ ਮੁੱਠ ਨੂੰ ਅਸਵੀਕਾਰ ਕਰਦਿਆਂ ਪੈਸੇ ਫੜ੍ਹਨ ਤੋਂ ਨਾਂਹ ਕਰ ਦਿੱਤੀ, ਜਦੋਂ ਮੈਂ ਉਸ ਦੀ ਤ੍ਰੀਮਤ ਨੂੰ ਪੈਸੇ ਫੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ”ਆਪ ਕਾ ਬੱਚਾ ਭੀ ਤੋ ਮੇਰੇ ਬੱਚੇ ਜੈਸਾ ਹੈਸ਼ ਇਸ ਕੋ ਤੁਮ ਜੂਸ ਵਗੈਰਾ ਪਿਲਾ ਦੇਨਾ”, ਤਾਂ ਉਹ ਬੰਦਾ ਬਗੈਰ ਮੇਰਾ ਸ਼ੁਕਰਾਨਾ ਕਰਿਆਂ ਥੋੜ੍ਹਾ ਖਰ੍ਹਵਾ ਜਿਹਾ ਮੈਨੂੰ ਕਹਿੰਦਾ, ”ਸਰਦਾਰ ਜੀ, ਭਗਵਾਨ ਨੇ ਹਮੇਂ ਹਾਥ ਦੀਏ ਹੂਏ ਹੈਂ, ਔਰ ਹਮ ਕਾਮ ਕਰਤੇ ਹੈਂ, ਆਪ ਸੇ ਪੈਸੇ ਨਹੀਂ ਲੇਂਗੇ ਹਮ!” ਕੋਲ ਖੜ੍ਹੇ ਬਹੁਤੇ ਮਰੀਜ਼ਾਂ ਨੂੰ ਇਸ ਗੱਲਬਾਤ ਦਾ ਪਤਾ ਲੱਗਣ ਦੇ ਡਰੋਂ ਮੈਂ ਛਿੱਥਾ ਜਿਹਾ ਪੈ ਕੇ ਨੋਟ ਆਪਣੀ ਜੇਬ ਵਿਚ ਪਾ ਲਿਆ।
ਦੀਵਾਲੀ ਤੋਂ ਦੋ ਕੁ ਦਿਨ ਪਹਿਲਾਂ ਮੈਂ ਤੇ ਮੇਰੀ ਪਤਨੀ ਨਵਾਂਸ਼ਹਿਰ ਦੇ ਕੋਠੀ ਰੋਡ ਵਾਲੇ ਬਾਜ਼ਾਰ ਵਿਚ ਖਰੀਦਦਾਰੀ ਕਰਦੇ ਫਿਰ ਰਹੇ ਸਾਂ। ਹਾਸੇ ਭਾਣੇ ਅਸੀਂ ਇਸ ਬਾਜ਼ਾਰ ਦੇ ਉਸ ਖੂੰਜੇ ਚਲੇ ਗਏ ਜਿਥੇ ਹਲਵਾਈ ਦੀ ਛੋਟੀ ਜਿਹੀ ਦੁਕਾਨ ਹੁੰਦੀ ਸੀ। ਉਸ ਬਜੁਰਗ ਹਲਵਾਈ ਦੀਆਂ ਜਲੇਬੀਆਂ ਆਪਣੀ ਮਿਸਾਲ ਆਪ ਹੁੰਦੀਆਂ ਸਨ। ਉਥੇ ਪਹੁੰਚ ਅਸੀਂ ਹੈਰਾਨ ਹੋਏ ਕਿ ਹੋਰ ਸਾਰਾ ਆਲਾ-ਦੁਆਲਾ ਬਦਲਿਆ ਹੋਇਆ ਹੈ ਪਰ ਹਲਵਾਈ ਦੀ ਦੁਕਾਨ ਉਥੇ ਲਗਭਗ ਉਸੇ ਰੂਪ ਵਿਚ ਮੌਜੂਦ ਸੀ। ਫਰਕ ਸੀ ਤਾਂ ਬਸ ਇਹੀ ਕਿ ਬਜੁਰਗ ਹਲਵਾਈ ਦੀ ਥਾਂ ਕੋਈ ਮੁੰਡਾ ਭੱਠੀ ‘ਤੇ ਬੈਠਾ ਸੀ। ਜਲੇਬੀਆਂ ਖਾਣ ਦੀ ਮੋਹਲਤ ਮੈਨੂੰ ਘਰਵਾਲੀ ਵਲੋਂ ਸਿਰਫ ਦੀਵਾਲੀ ਵਾਸਤੇ ਹੀ ਮਿਲੀ ਸੀ, ਇਸ ਕਰਕੇ ਅਸੀਂ ਹਲਵਾਈ ਨੂੰ ਕਿਹਾ ਕਿ ਦਸ ਕੁ ਸਮੋਸੇ ਪੈਕ ਕਰ ਦੇਹ ਬਈ।
ਐਨ ਇਸੇ ਮੌਕੇ ਸਾਡੇ ਖੜ੍ਹਿਆਂ ਦੇ ਪਿੱਛੇ ਕੋਈ ਮੰਗਤਾ ਆ ਕੇ ਸਾਥੋਂ ਪੈਸੇ ਮੰਗਣ ਲੱਗਾ। ਹਲਕੇ ਜਿਹੇ ਮੂਡ ‘ਚ ਮੈਂ ਉਸ ਨੂੰ ਕਿਹਾ, ”ਪੈਸਿਆਂ ਦਾ ਵੀ ਤੂੰ ਖਾਣ ਲਈ ਕੁਝ ਖਰੀਦੇਂਗਾ? ਅਸੀਂ ਸਮੋਸੇ ਲਏ ਆ, ਲੈ ਤੂੰ ਵੀ ਸਮੋਸੇ ਛਕ ਲੈ!” ਇੰਨਾ ਕਹਿ ਕੇ ਮੈਂ ਹਲਵਾਈ ਨੂੰ ਇਸ਼ਾਰਾ ਕੀਤਾ ਕਿ ਦੋ ਤਿੰਨ ਸਮੋਸੇ ਲਿਫਾਫੇ ਵਿਚ ਪਾ ਕੇ ਮੰਗਤੇ ਨੂੰ ਫੜ੍ਹਾ ਦਿਉ। ਜਿਉਂ ਹੀ ਹਲਵਾਈ ਨੇ ਸਮੋਸੇ ਪਾਉਣ ਲਈ ਲਿਫਾਫਾ ਚੁਕਿਆ, ਉਹ ਮੰਗਤਾ ਬੜੇ ਰੋਹਬ ਜਿਹੇ ਨਾਲ ਮੈਨੂੰ ਕਹਿੰਦਾ, ”ਮੈਂ ਨਹੀਂ ਸਮੋਸੇ ਖਾਣੇ।” ਪਹਿਲੀ ਵਾਰੀ ਤਾਂ ਉਸ ਨੇ ਹਿੰਦਕੀ ਜਿਹੀ ਵਿਚ ਸਾਥੋਂ ਪੈਸੇ ਮੰਗੇ ਸਨ ਪਰ ਹੁਣ ਉਹ ਸਿੱਧੀ ਪੰਜਾਬੀ ‘ਚ ਬੋਲਿਆ, ”ਦੀਵਾਲੀ ਦਾ ਤਿਹਾਰ ਆਸ਼ ਆਪ ਤੁਸੀਂ ਖਾਣੀਆਂ ਮਿਠਾਈਆਂਸ਼ ਮੈਂ ਖਾਵਾਂ ਸਮੋਸੇ?” ਉਸ ਦੀ ਬੇਬਾਕੀ ‘ਤੇ ਉਚੀ ਉਚੀ ਹੱਸਦਿਆਂ ਅਸੀਂ ਹਲਵਾਈ ਨੂੰ ਕਿਹਾ ਕਿ ਉਹ ਪਾਈਆ ਕੁ ਬਰਫੀ ਦੇ ਦੇਵੇ ਉਸ ਨੂੰ। ਹੁਣ ‘ਨਾਂਹ ਨਾਂਹ’ ਕਰਦਿਆਂ ਮੰਗਤਾ ਅੱਗੇ ਵਧ ਕੇ ਖੁਦ ਹੀ ਹਲਵਾਈ ਨੂੰ ਕਹਿੰਦਾ, ”ਬਰਫੀ ਨੀ, ਕਲਾਕੰਦ ਪਾ।”
ਦੀਵਾਲੀ ਵਾਲੇ ਦਿਨ ਇਕ ਹੋਰ ਪਰਵਾਸੀ ਮਿੱਤਰ ਸਾਡੇ ਘਰੇ ਡੱਬਾ ਦੇਣ ਆ ਗਿਆ। ਗੱਲਾਂਬਾਤਾਂ ਕਰਦਿਆਂ ਮੈਂ ਉਸ ਨੂੰ ਇਹ ਦੋਵੇਂ ਵਾਕਿਆਤ ਸੁਣਾ ਕੇ ਕਿਹਾ ਕਿ ਅਸੀਂ ਬਾਹਰ ਬੈਠੇ ਸਮਝਦੇ ਰਹਿੰਦੇ ਹਾਂ ਕਿ ਖੌਰੇ ਸਾਰਾ ਪੰਜਾਬ ‘ਆਟਾ ਦਾਲ ਸਕੀਮ’ ਦਾ ਦੀਵਾਨਾ ਹੋ ਗਿਐ ਪਰ ਨਹੀਂ, ਸਵੈਮਾਣ ਹਾਲੇ ਜਿਉਂਦਾ ਜਾਗਦਾ ਹੈ, ਮਰਿਆ ਨਹੀਂ। ਮੇਰੀ ਗੱਲ ਦੇ ਜਵਾਬ ਵਿਚ ਉਸ ਨੇ ਆਪਣੀ ਅਜਿਹੀ ਹੱਡ-ਬੀਤੀ ਸੁਣਾਈ ਜੋ ਇਸ ਵਿਚਲੇ ਇਕ ਪਾਤਰ ਲਈ ਭਾਵੇਂ ਸਵੈਮਾਣ ਦੀ ਲਖਾਇਕ ਹੀ ਹੋਵੇ, ਪਰ ਹੈ ਅਸਲ ਵਿਚ ਇਹ ‘ਰੱਸੀ ਸੜ ਗਈ ਪਰ ਵੱਟ ਨਾ ਗਿਆ’ ਵਾਲੀ ਕਹਾਵਤ ਦਾ ਰੂਪ।
ਇਸ ਪਰਵਾਸੀ ਮਿੱਤਰ ਦੇ ਪਿੰਡ ਗਲੀ-ਗੁਆਂਢ ਵਿਚ ਦੋ ਕੁ ਮਹੀਨਿਆਂ ਲਈ ਇਕ ਹੋਰ ਸੱਜਣ ਇੰਗਲੈਂਡ ਤੋਂ ਆਇਆ ਸੀ। ਪਿੰਡ ਦੀ ਹੀ ਇਕ ਨੂੰਹ ਨੂੰ ਉਸ ਨੇ ਤਨਖਾਹ ‘ਤੇ ਆਪਣੇ ਘਰੇਲੂ ਕੰਮਕਾਰ ਲਈ ਰੱਖਿਆ ਹੋਇਆ ਸੀ। ਸਾਡੇ ਘਰ ਆਏ ਮਿੱਤਰ ਨੇ ਉਸ ਨੂੰਹ ਨੂੰ ਕਿਹਾ ਕਿ ਬੇਟਾ ਸਾਨੂੰ ਵੀ ਕੋਈ ਲੜਕੀ ਦੱਸ ਜੋ ਸਾਡੇ ਘਰੇ ਰੋਟੀ-ਪਾਣੀ, ਝਾੜੂ-ਪੋਚਾ ਲਾ ਦਿਆ ਕਰੇ, ਜਿੰਨਾ ਕੁ ਚਿਰ ਅਸੀਂ ਇਥੇ ਰਹਿਣਾ ਹੈ। ਗਰੀਬ ਪਰਿਵਾਰ ਦੀ ਉਸ ਬੀਬੀ ਨੇ ਆਪਣੀ ਦਰਾਣੀ-ਜਠਾਣੀ ਦਾ ਨਾਂ ਲੈ ਕੇ ਕਿਹਾ, ‘ਚਾਚਾ ਜੀ, ਉਹ ਮੈਨੂੰ ਪੁੱਛਦੀ ਤਾਂ ਸੀ ਕਿ ਮੈਨੂੰ ਵੀ ਆਪਣੇ ਵਾਂਗ ਕਿਤੇ ਕੰਮ ਦਿਵਾ ਦੇਹ।’ ਚਾਚਾ ਜੀ ਕਹਿੰਦੇ, ‘ਪੁੱਛਣਾ ਪੁਛਾਉਣਾ ਕੀ ਆ ਪੁੱਤ, ਤੂੰ ਅੱਜ ਹੀ ਉਸ ਨੂੰ ਸਾਡੇ ਘਰ ਭੇਜ।’
ਇੰਗਲੈਂਡੀਆਂ ਦੇ ਘਰੇ ਕੰਮ ਕਰਦੀ ਨੂੰਹ ਸ਼ਾਮ ਨੂੰ ਮੇਰੇ ਮਿੱਤਰ ਦੇ ਘਰੇ ਆ ਕੇ ਕਹਿੰਦੀ, ਚਾਚਾ ਜੀ ਮੇਰੀ ਦਰਾਣੀ ਕਹਿੰਦੀ ਹੈ ਕਿ ਕੋਈ ਹੋਰ ਬਾਹਰੋਂ ਆਇਆ ਹੋਇਆ ਐ ਤਾਂ ਦੱਸ, ਮੈਂ ਉਨ੍ਹਾਂ ਦੇ ਘਰੇ ਨੌਕਰੀ ਨਹੀਂ ਲੱਗਣਾਸ਼ ਉਹ ਮੈਨੂੰ ਕਹਿੰਦੀ ਕਿ ਤੈਨੂੰ ਪਤਾ ਨਹੀਂ, ਸਾਡੀ ਜਾਤ ਉਨ੍ਹਾਂ ਨਾਲੋਂ ਉਚੀ ਐ?’

– ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268