ਦੋ ਅਵਾਜ਼ਾ ਵਾਲੀ ਗਾਇਕਾ ਮਨਦੀਪ ਮਨੀ ਦਾ ਸਵਿੱਤਰੀ ਬਾਈ ਫੂਲੇ ਨੈਸ਼ਨਲ ਐਵਾਰਡ ਨਾਲ ਸਨਮਾਨ

ਦੋ ਅਵਾਜ਼ਾ ਵਾਲੀ ਗਾਇਕਾ ਮਨਦੀਪ ਮਨੀ ਦਾ ਸਵਿੱਤਰੀ ਬਾਈ ਫੂਲੇ ਨੈਸ਼ਨਲ ਐਵਾਰਡ ਨਾਲ ਸਨਮਾਨ

ਭਗਤਾ ਭਾਈਕਾ, ( ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ): ਭਾਰਤੀਆ ਦਲਿਤ ਸਾਹਿਤ ਅਕਾਦਮੀ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਦੇ ਮੌਕੇ ਤੇ ਪੰਚਸ਼ੀਲ ਆਸ਼ਰਮ ਦਿੱਲੀ ਵਿਖੇ ਕਰਵਾਏ ਗਏ 34ਵੇਂ ਰਾਸਟਰੀ ਦਲਿਤ ਸਾਹਿਤਕਾਰ ਮਹਾਂ ਸੰਮੇਲਨ ਮੌਕੇ ਪੰਜਾਬ ਦੀ ਮਿਸ਼ਨਰੀ ਗਾਇਕਾ ਦੋ ਅਵਾਜਾਂ ਵਾਲੀ ਮਿਸ: ਮਨਦੀਪ ਮਨੀ (ਮਾਲਵਾ) ਨੂੰ ਕਲਾ ਦੇ ਖੇਤਰ ਵਿੱਚ ਵੈਰਾਗਨਾਏ ਸਵਿੱਤਰੀ ਬਾਈ ਫੂਲੇ ਨੈਸ਼ਨਲ ਫੈਲੋਸ਼ਿੱਪ ਅਵਾਰਡ 2018 ਨਾਲ ਸਨਮਾਨਿਤ ਕੀਤਾ ਗਿਆ। ਭਾਰਤੀਆ ਦਲਿਤ ਸਾਹਿਤ ਅਕਾਦਮੀ ਦੇ ਪੰਜਾਬ ਪ੍ਰਧਾਨ ਸ੍ਰੀ ਤੀਰਥ ਤੋਂਗਰੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਚਸ਼ੀਲ ਆਸ਼ਰਮ ਦਿੱਲੀ ਵਿਖੇ ਭਾਰਤੀਆ ਦਲਿਤ ਸਾਹਿਤ ਅਕਾਦਮੀ ਵੱਲੋਂ ਕਰਵਾਏ ਦਲਿਤ ਸਹਿਤਕਾਰ ਮਹਾਂ ਸੰਮੇਲਨ ਵਿਚ ਦੇਸ ਭਰ ਚੋਂ ਦਲਿਤ ਸਾਹਿਤਕਾਰ, ਪੱਤਰਕਾਰ, ਲੇਖਕ, ਸਮਾਜ ਸੁਧਾਰਕ ਅਤੇ ਸਮਾਜ ਸੇਵਕਾਂ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤੀ । ਉਹਨਾਂ ਦੱਸਿਆ ਕਿ ਦੋ ਦਿਨ ਚੱਲੇ ਇਸ ਸਾਹਿਤਕਾਰ ਮਹਾ ਸੰਮੇਲਨ ਦਾ ਪਹਿਲਾ ਦਿਨ ਸਨਮਾਨ ਦਿਵਸ ਅਤੇ ਦੂਸਰਾ ਦਿਨ ਅਧਿਕਾਰ ਦਿਵਸ ਦੇ ਤੌਰ ਤੇ ਮਨਾਇਆ ਗਿਆ । ਪਹਿਲੇ ਦਿਨ ਸਨਮਾਨ ਦਿਵਸ ਦੇ ਮੌਕੇ ਤੇ ਆਪਣੇ ਆਪਣੇ ਖੇਤਰਾਂ ਵਿਚ ਦਲਿਤ ਉਥਾਨ ਲਈ ਕੰਮ ਕਰਨ ਵਾਲੇ ਦੇਸ ਭਰ ਚੋਂ ਪਹੁੰਚੇ ਦਲਿਤ ਸਾਹਿਤਕਾਰ, ਪੱਤਰਕਾਰ, ਲੇਖਕ, ਸਮਾਜ ਸੁਧਾਰਕ ਅਤੇ ਸਮਾਜ ਸੇਵਕਾਂ ਦਾ ਵਿਸ਼ੇਸ਼ ਤੌਰ ਤੇ ਵੱਖ ਵੱਖ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿਚ ਪੰਜਾਬ ਦੀ ਮਿਸ਼ਨਰੀ ਗਾਇਕਾ ਮਿਸ: ਦੋ ਅਵਾਜਾਂ ਵਾਲੀ ਮਨਦੀਪ ਮਨੀ ਨੂੰ ਕਲਾ ਦੇ ਖੇਤਰ ਵਿੱਚ ਵੈਰਾਗਨਾਏ ਸਵਿੱਤਰੀ ਬਾਈ ਫੂਲੇ ਨੈਸ਼ਨਲ ਫੈਲੋਸ਼ਿੱਪ ਅਵਾਰਡ 2018 ਨਾਲ ਸਨਮਾਨਿਤ ਕੀਤਾ ਗਿਆ । ਉਹਨਾਂ ਦੱਸਿਆ ਕਿ ਮਿਸ ਮਨਦੀਪ ਮਨੀ ਮਾਲਵਾ ਲੰਬੇ ਸਮੇ ਤੋਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠਕੇ ਆਪਣੀ ਸਾਫ ਸੁਖਰੀ ਗਾਇਕੀ ਦੇ ਨਾਲ ਮਿਸ਼ਨ ਦੀ ਸੇਵਾ ਕਰ ਰਹੀ ਹੈ । ਜਿਕਰਯੋਹ ਹੈ ਕਿ ਮਨਦੀਪ ਮਨੀਂ ਦੀ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਭਾਰਤੀਆ ਦਲਿਤ ਸਾਹਿਤ ਅਕਾਦਮੀ ਪੰਜਾਬ ਵੱਲੋਂ ਉਹਨਾਂ ਨੂੰ ਵਿਸ਼ੇਸ਼ ਅਵਾਰਡ ਦੇਣ ਦੀ ਸ਼ਿਫਾਰਸ਼ ਕੀਤੀ ਗਈ ਸੀ । ਇਸ ਮੌਕੇ ਅਕਾਦਮੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਸੋਹਨਪਾਲ ਸੁਮਨਾਖਸ਼ਰ ਨੇ ਉਹਨਾਂ ਨੂੰ ਅਵਾਰਡ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਤੀਰਥ ਤੋਂਗਰੀਆ, ਹਰਿਆਣਾ ਦੇ ਪ੍ਰਧਾਨ ਸ੍ਰੀ ਰਮੇਸ ਕੁਮਾਰ ਡੀਗਵਾਲ, ਤਰਸੇਮ ਸਿੰਘ ਜਨਾਗਲ, ਸ੍ਰੀ ਲਾਲ ਚੰਦ ਮਲੋਟ ਅਤੇ ਮਿਸ਼ਨਰੀ ਲੇਖਕ ਕੇਵਲ ਬੁਰਜਵਾਲਾ ਵੀ ਹਾਜਰ ਸਨ।ਇਸ ਸਬੰਧੀ ਜਦੋਂ ਮਿਸ ਮਨਦੀਪ ਮਨੀ ਮਾਲਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਇਸ ਸਨਮਾਨ ਦਾ ਸੇਹਰਾ ਉਹਨਾ ਦੇ ਉਸਤਾਦ ਕੇਵਲ ਬੁਰਜਵਾਲਾ ਨੂੰ ਜਾਂਦਾ ਹੈ ਜਿਸ ਦੀ ਸਖਤ ਮਿਹਨਤ ਅਤੇ ਪ੍ਰੇਰਨਾਂ ਦੇ ਨਾਲ ਉਹ ਇਸ ਮੁਕਾਮ ਤੱਕ ਪਹੁੰਚੀ ਹੈ। ਉਹਨਾਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਨੂੰ ਹੋਰ ਅੱਗੇ ਵਧਣ ਦੀ ਤਾਕਤ ਮਿਲੀ ਹੈ।