ਤੁਰ ਗਿਆ ਬਰਮਾ ਨੂੰ

ਤੁਰ ਗਿਆ ਬਰਮਾ ਨੂੰ

ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦੀ ਗੱਲ ਕਰੀਏ ਤਾਂ ਜਾਪਦੈ ਹੈ ਕਿ ਪ੍ਰਦੇਸ਼ਾਂ ਵਿੱਚ ਜਾਣ ਦਾ ਬਹੁਤਾ ਨਾ ਹੀ ਚਾਅ ਸੀ ਨਾ ਹੀ ਰੁਝਾਣ। ਜੇਕਰ ਕੋਈ ਪ੍ਰਦੇਸੀ ਪੈਸੇ ਧੇਲੇ ਲਈ ਚਲਾ ਜਾਂਦਾ ਤਾਂ ਦਹਾਕਿਆਂ ਬਾਦ ਮੁੜਦਾ। ਲੋਕ ਅਮਰੀਕਾ ਦੇ ਕੈਲੇਫੋਰਨੀਆ ਸੂਬੇ ‘ਚ ਵੀ ਗਏ। ਬਰਮਾ, ਸਿੰਘਾਪੁਰ, ਮਲੇਸ਼ੀਆ, ਹਾਂਗਕਾਂਗ ਵਰਗੇ ਮੁਲਕਾਂ ‘ਚ ਗਏ। ਪੈਸੇ ਸੋਹਣੇ ਬਣਾ ਲਿਆਏ। ਜਵਾਨੀ ‘ਚ ਗਏ ਬੁਢਾਪੇ ‘ਚ ਵਾਪਸ ਪਰਤੇ। ਆਪਣੇ ਘਰੇ ਆਏ ਤਾਂ ਪਛਾਣੇ ਵੀ ਨਾਂ ਗਏ। ਜਨਾਨੀਆਂ ਦੀ ਜਵਾਨੀ ਬੁਢੇਪਿਆਂ ‘ਚ ਚਲੀ ਗਈ। ਉਡੀਕਾਂ ਕਰਦੀਆਂ ਦੀ। ਬਹੁਤੇ ਲੋਕ ਹਾਂਗਕਾਂਗ ‘ਚ ਵੀ ਗਏ। ਫੋਨ ਤਾਂ ਹੁੰਦੇ ਨਾ ਸੀ। ਚਿੱਠੀਆਂ ਦਾ ਆਦਾਨ ਪ੍ਰਦਾਨ ਵੀ ਕਈ ਮਹੀਨਿਆਂ ਬਾਦ ਹੋਇਆ ਕਰਦਾ ਸੀ। ਪੜ੍ਹਾਈ-ਲਿਖਾਈ ਦਾ ਜਮਾਨਾ ਵੀ ਨਹੀਂ ਸੀ। ਚਿੱਠੀਆਂ ਕਿਸੇ ਨਾ ਕਿਸੇ ਤੋਂ ਲਿਖਾਈਆਂ ਜਾਂਦੀਆਂ ਸਨ ਦਿਨ ਰਾਤ ਚਿੱਠੀ ਦੀ ਉਡੀਕ ਕਿੰਨੀ ਹੁੰਦੀ ਸੀ। ਦੱਸਣ ਤੋਂ ਬਾਹਰੀ ਗੱਲ ਹੈ। ਕਈ ਤਾਂ ਬਾਹਰ ਜਾ ਕੇ ਮੇਮਾਂ ਦੇ ਗੁਲਾਮ ਹੋ ਕੇ ਹੀ ਰਹਿ ਗਏ। ਕਈ ਕਮਾਈਆਂ ਕਰਕੇ ਬੁਢਾਪੇ ਸਮੇਂ ਘਰੀਂ ਪਰਤੇ ਸਨ। ਜਵਾਨੀ ਪਹਿਰੇ ਦੇ ਪ੍ਰਵਾਸ ਬਾਅਦ ਵਿਚਾਰੇ ਵਿਆਹ ਕਰਵਾਉਣ ਤੋਂ ਵੀ ਵਾਂਝੇ ਰਹੇ। ਸਮੁੰਦਰੀ ਜਹਾਜ਼ਾਂ ਦੇ ਸਫ਼ਰ ਦੌਰਾਨ ਕਈਆਂ ਨੂੰ ਭਿਆਨਕ ਬਿਮਾਰੀਆਂ ਵੀ ਘੇਰ ਲੈਂਦੀਆਂ। ਪਰ ਮਜ਼ਬੂਰੀਆਂ ਲੋਕਾਂ ਨੂੰ ਪੰਜਾਬ ਜਾਂ ਭਾਰਤ ਵਿੱਚ ਟਿੱਕ ਕੇ ਕਿਥੇ ਬੈਠਣ ਦਿੰਦੀਆਂ। ਨਹੀਂ ਤਾਂ ਕੀਹਦਾ ਦਿਲ ਕਰਦਾ ਸੀ ਘਰ-ਪਰਿਵਾਰ ਨੂੰ ਛੱਡਣ ਲਈ। ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਸਟਾਕਟਿਨ ਜਾਂ ਫਿਰ ਯੂਬਾ ਸਿਟੀ ਦੇ ਅੰਗੂਰਾਂ ਦੇ ਬਾਗਾਂ ਦੇ ਕਮਾਏ ਡਾਲਿਆਂ (ਡਾਲਰਾਂ) ਨੇ ਪੰਜਾਬੀ ਬਾਬਿਆਂ ਦੀਆਂ ਸੋਨੇ ਦੀ ਚਿੜੀ ਤੱਕ ਪਰਤਦਿਆਂ ਪਰਤਦਿਆਂ ਦਾਹੜੀਆਂ ਚਿੱਟੀਆਂ ਜ਼ਰੂਰ ਕਰ ਦਿੱਤੀਆਂ। ਉਨ੍ਹਾਂ ਬਾਬਿਆਂ ਨੇ ਪੰਜਾਬ ਜਾ ਕੇ ਜਿਹੜੇ ਚੁਬਾਰੇ ਛੱਤੇ ਉਨ੍ਹਾਂ ਦੀ ਝਲਕ ਅੱਜ ਵੀ ਫਿਰਨੀ ‘ਤੇ ਪਾਈਆਂ ਕੋਠੀਆਂ ਨੂੰ ਮਾਤ ਪਾ ਰਹੀ ਹੈ। ਇਹੀ ਨਹੀਂ ਭਾਰਤ ਦੀ ਜੰਗੇ-ਆਜ਼ਾਦੀ ਵਿੱਚ ਵੀ ਇਨ੍ਹਾਂ ਬਾਬਿਆਂ ਨੇ ਗਦਰੀ ਬਾਬਿਆਂ ਦੇ ਰੂਪ ਵਿੱਚ ਜੋ ਯੋਗਦਾਨ ਪਾਇਆ। ਉਹ ਕਿਸੇ ਵੀ ਰੂਪ ਵਿੱਚ ਭੁੱਲਣਯੋਗ ਨਹੀਂ। ਸ. ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਣਾ ਵਰਗਿਆਂ ਦਾ ਯੋਗਦਾਨ ਅਜੇ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਣਯੋਗ ਹੈ। ਇਹ ਗੱਲ ਵੱਖਰੀ ਹੈ ਕਿ ਆਜ਼ਾਦੀ ਤੋਂ ਬਾਅਦ ਇਨ੍ਹਾਂ ਯੋਧਿਆਂ ਦੀ ਕੁਰਬਾਨੀ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਮਿੱਟੀ ‘ਚ ਰੋਲਣ ਵਿੱਚ ਕੋਈ ਕਸਰ ਬਾਕੀ ਨਾਂ ਰਹਿਣ ਦਿੱਤੀ। ਸਮਾਂ ਬਲਵਾਨ ਹੈ। ਅੱਜ ਪ੍ਰਵਾਸ ਦੇ ਮਾਅਨੇ ਬਦਲ ਚੁੱਕੇ ਹਨ। ਵੀਹਵੀਂ ਸਦੀ ਦੇ ਸ਼ੁਰੂ ਦੇ ਸਾਲਾਂ ‘ਚ ਕੁਝ ਕੁ ਜਾਂ ਕੁਝ ਕੁ ਸੌ ਬੰਦੇ ਕੈਨੇਡਾ/ਅਮਰੀਕਾ ਆਉਂਦੇ ਸਨ। ਇਹ ਕੁਝ ਦਹਾਕੇ ਪਹਿਲਾਂ ਤੱਕ ਵਿਆਹਾਂ ਦੇ ਜ਼ਰੀਏ, ਪ੍ਰਵਾਸ ਨੇ ਪ੍ਰਦੇਸ਼ਾਂ ਦਾ ਰਾਹ ਕਾਫੀ ਖੋਲ੍ਹ ਦਿੱਤਾ। ਹੁਣ ਕੈਨੇਡਾ/ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀ ਪੜ੍ਹਾਈ ਲਿਖਾਈ ਜਾਂ ਕਹਿ ਲਵੋ ਆਈਲੈੱਟਸ ਦੀ ਵਿਉਂਤਬੰਦੀ ਨਾਲ ਪਹੁੰਚ ਰਹੇ ਹਨ। ਭਾਵੇਂ ਉਨ੍ਹਾਂ ਨੂੰ ਇਥੇ ਸੈੱਟ ਹੋਣ ‘ਚ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਇਕੋ ਇੱਕ ਮਨੋਰਥ ਇਥੋਂ ਦੀ ਇਮੀਗ੍ਰੇਸ਼ਨ ਲੈਣ ਦਾ ਹੀ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਇਸ ਉਪਰ ਕਦੇ ਫਿਰ ਵਿਚਾਰ ਇਸ ਕਾਲਮ ‘ਚ ਕਰਨ ਦਾ ਯਤਨ ਕੀਤਾ ਜਾਵੇਗਾ। ਪੰਜਾਬ ਦੀ ਸੁੰਗੜ ਰਹੀ ਆਰਥਿਕਤਾ, ਖੇਤੀਬਾੜੀ ਦਾ ਬਹੁਤੀ ਫਾਇਦੇਮੰਦ ਨਾ ਹੋਣਾ, ਹੱਦ ਦਰਜੇ ਦੀ ਬੇਰੁਜ਼ਗਾਰੀ, ਅਮਰੀਕਾ ਕੈਨੇਡਾ ਦੀ ਚਮਕ-ਦਮਕ ਨੇ ਪੰਜਾਬ ਦੇ ਲੋਕਾਂ ਦੀ ਮੱਤਮਾਰ ਦਿੱਤੀ ਹੈ। ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ, ਹਰ ਇੱਕ ਦਾ ਯਤਨ ਬਾਹਰ ਆ ਕੇ ਸੈੱਟ ਹੋਣਾ ਹੀ ਜਾਪ ਰਿਹਾ ਹੈ। ਪੜ੍ਹਾਈ ਲਿਖਾਈ ਤਾਂ ਇੱਕ ਮਾਧਿਅਮ ਹੈ। ਕੈਨੇਡਾ ਦੀ ਲਿਬਰਲ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਫੀ ਹੱਦ ਤੱਕ ਨਰਮ ਹੋਣ ਦਾ ਲਾਭ ਪੰਜਾਬੀ ਖੂਬ ਲੈ ਰਹੇ ਹਨ। ਪਰ ਇਥੇ ਆ ਕੇ ਰਹਿਣਾ ਕਿਵੇਂ ਹੈ। ਜ਼ਰੂਰਤ ਤਾਂ ਇਸ ਗੱਲ ਨੂੰ ਸਮਝਣ ਦੀ ਹੈ ਤਾਂ ਕਿ ਪੰਜਾਬੀਆਂ ਦੀ ਸ਼ਾਨ ਸਦਾ ਉੱਚੀ ਤੇ ਸੁੱਚੀ ਰਹੇ।
-ਰਸ਼ਪਾਲ ਸਿੰਘ ਗਿੱਲ