Copyright © 2019 - ਪੰਜਾਬੀ ਹੇਰਿਟੇਜ
ਅਸੀਂ ਆਲਮੀ ਜੰਗਾਂ ਸਿੱਖਾਂ ਕਰਕੇ ਹੀ ਜਿੱਤੇ : ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ

ਅਸੀਂ ਆਲਮੀ ਜੰਗਾਂ ਸਿੱਖਾਂ ਕਰਕੇ ਹੀ ਜਿੱਤੇ : ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ

”ਜੇ ਦੋਵੇਂ ਸੰਸਾਰ ਜੰਗਾਂ ‘ਚ ਸਿੱਖ ਬਰਤਾਨੀਆ ਨਾਲ ਨਾ ਹੁੰਦੇ, ਤਾਂ ਇਨ੍ਹਾਂ ਲੜਾਈਆਂ ਦੇ ਨਤੀਜੇ ਉਲਟ ਹੋਣੇ ਸਨ।” ਇਹ ਕਹਿਣਾ ਹੈ, ਭਾਰਤ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਂਡਰੀਉ ਆਇਰ ਦਾ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਇਕ ਬਹਾਦਰ ਕੌਮ ਹੈ ਅਤੇ ਇਹ ਕੌਮ ਆਪਣੀ ਬਹਾਦਰੀ ਤੇ ਈਮਾਨਦਾਰੀ ਸਦਕਾ ਦੁਨੀਆ ਭਰ ਵਿਚ ਵਿਸ਼ੇਸ਼ ਸਤਿਕਾਰ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੋਹਾਂ ਵਿਸ਼ਵ ਜੰਗਾਂ ਚ ਬਰਤਾਨੀਆ ਵਲੋਂ ਲੜ ਕੇ ਬਹਾਦਰੀ ਦੀਆਂ ਮਿਸਾਲਾਂ ਕਾਇਮ ਕੀਤੀਆਂ।
ਐਂਡਰੀਉ ਆਇਰ ਪੰਜਾਬ ਦੇ ਡੇਹਲੋਂ ਲਾਗਲੇ ਪਿੰਡ ਮਹਿਮਾ ਸਿੰਘ ਵਾਲਾ ਵਿਖੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਸਿਪਾਹੀਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਪਹਿਲੇ ਵਿਸ਼ਵ ਯੁੱਧ ‘ਚ ਬਰਤਾਨੀਆ ਵਲੋਂ ਲੜਨ ਵਾਲੇ 70 ਸਿਪਾਹੀਆਂ, ਜਿਨ੍ਹਾਂ ਵਿਚੋਂ 5 ਨੇ ਇਸ ਯੁੱਧ ‘ਚ ਸ਼ਹਾਦਤ ਪ੍ਰਾਪਤ ਕੀਤੀ ਸੀ, ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਿਪਾਹੀਆਂ ਦੀ ਯਾਦ ‘ਚ ਬਣੀ ਯਾਦਗਾਰ ਦੀ ਘੁੰਡ ਚੁਕਾਈ ਕੀਤੀ। ਪਹਿਲੇ ਵਿਸ਼ਵ ਯੁੱਧ ਵਿਚ ਇਸ ਪਿੰਡ ਦੇ 70 ਵਿਅਕਤੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿਚੋਂ ਪੰਜ ਵਿਅਕਤੀਆਂ ਨੇ ਜਾਨ ਦੀ ਕੁਰਬਾਨੀ ਦਿੱਤੀ ਸੀ। ਬਰਤਾਨੀਆ ਵਿਚ ਵਸਦੇ ਕਾਰੋਬਾਰੀ ਜਸਵੰਤ ਸਿੰਘ ਗਰੇਵਾਲ ਦੇ ਯਤਨਾਂ ਸਦਕਾ ਇਹ ਸਮਾਗਮ ਕਰਵਾਇਆ ਗਿਆ। ਜਸਵੰਤ ਸਿੰਘ ਗਰੇਵਾਲ ਨੇ 5 ਲੱਖ ਦਾ ਚੈੱਕ ਵਰਲਡ ਕੈਂਸਰ ਕੇਅਰ ਅਤੇ ਇਕ ਲੱਖ ਦਾ ਚੈੱਕ ਪਿੰਡ ਲਈ ਦਿੱਤਾ। ਆਇਰ ਨੇ ਪਿੰਡ ਦੇ ਸਟੇਡੀਅਮ ਦਾ ਦੌਰਾ ਕਰ ਕੇ ਉਥੇ ਵਿਜ਼ੇਟਰ ਬੁੱਕ ਵਿਚ ਦਸਤਖ਼ਤ ਕੀਤੇ। ਇਸ ਮੌਕੇ ਡਾ. ਮਨਮੋਹਨ ਸਿੰਘ, ਵਰਲਡ ਕੈਂਸਰ ਕੇਅਰ ਦੇ ਕੁਲਵੰਤ ਸਿੰਘ ਧਾਲੀਵਾਲ, ਮਹਿਦਰ ਸਿੰਘ ਗਿੱਲ ਯੂ.ਕੇ, ਦਵਿੰਦਰ ਸਿੰਘ ਰੰਧਾਵਾ ਯੂਕੇ ਵੀ ਮੌਜੂਦ ਸਨ।