
ਬਰਗਾੜੀ ਇਨਸਾਫ਼ ਮੋਰਚੇ ਬਾਰੇ ਜਥੇਦਾਰਾਂ ਦਰਮਿਆਨ ਵਖਰੇਵੇਂ
ਕੀ ਜਥੇਦਾਰਾਂ ਦੀ ਕੌਮ ਪ੍ਰਤੀ ਜਵਾਬਦੇਹੀ ਖ਼ਤਮ ਹੋ ਗਈ ਹੈ?
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਸੰਘਰਸ਼ 1ਜੂਨ 2018 ਨੂੰ ਬਰਗਾੜੀ ਤੋਂ ਸ਼ੁਰੂ ਹੋਇਆ, ਉਹ ਪਹਿਲਾ ਸੰਘਰਸ਼ ਸੀ ਜੋ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰਾਂ ਦੁਆਰਾ ਆਰੰਭਿਆ ਗਿਆ।ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਉਪਰੰਤ ਇਹ ਪਹਿਲਾ ਸਿੱਖ ਸੰਘਰਸ਼ ਮੰਨਿਆ ਜਾਵੇਗਾ ਜੋ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਸਹਿਯੋਗ ਪ੍ਰਾਪਤ ਕਰ ਸਕਿਆ।ਅਜੇਹਾ ਇਸ ਕਰਕੇ ਸੰਭਵ ਹੋ ਸਕਿਆ ਕਿ ਕੌਮ ਨੂੰ ਇਹ ਮਾਣ ਸੀ ਕਿ ਜਿਹੜੇ ਜਥੇਦਾਰ ਹੁਣ ਉਸ ਦੀਆਂ ਖਾਹਿਸ਼ਾਂ ਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਹਨ ਕਿਸੇ ਇੱਕ ਸ਼ਖਸ਼ ਦੀ ਜੇਬ ਵਿੱਚੋਂ ਨਹੀ ਨਿਕਲੇ। ਬਰਗਾੜੀ ਇਨਸਾਫ ਮੋਰਚੇ ਦੀ ਆਰੰਭਤਾ ਦੇ ਚਸ਼ਮਦੀਦ ਇਹ ਸਾਖੀ ਭਰਨਗੇ ਕਿ 1ਜੂਨ 2018 ਵਾਲੇ ਦਿਨ ,ਜਦੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥਕ ਇੱਕਠ ਮੁਹਰੇ ਇਹ ਸ਼ਬਦ ਕਹੇ ਸਨ ਕਿ ‘ਕੌਮ ਦਾ ਜਥੇਦਾਰ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਹੈ ਕਿ ਮੈਂ ਕੌਮ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵਾਂ।ਜੇ ਕੁਰਬਾਨੀ ਦੀ ਵੀ ਲੋੜ ਪਈ ਤਾਂ ਪਹਿਲੀ ਕੁਰਬਾਨੀ ਮੈਂ ਦੇਵਾਂਗਾ’।ਜਥੇਦਾਰ ਧਿਆਨ ਸਿੰਘ ਮੰਡ ਦੇ ਇਸ ਐਲਾਨ ਉਪਰੰਤ ਹਾਜਰ ਸੰਗਤਾਂ ਵਿਚ ਕਿਸੇ ਦੇ ਚਿਹਰੇ ਤੇ ਕੋਈ ਹੈਰਾਨੀ,ਕੋਈ ਚਿੰਤਾ ਜਾਂ ਨਿਰਾਸ਼ਾ ਨਹੀ ਵੇਖੀ ਗਈ ਬਲਕਿ ਕੌਮੀ ਤੇ ਖਾਲਸਈ ਨਾਅਰਿਆਂ ਦਾ ਉਹੀ ਜੈਕਾਰ,ਕੌਮੀ ਚਾਅ ਤੇ ਖੁਸ਼ੀ ਵੇਖੀ ਗਈ ਜੋ 10 ਨਵੰਬਰ 2015 ਨੂੰ ਪਿੰਡ ਚੱਬਾ ਵਿਖੇ ਪੰਥਕ ਧਿਰਾਂ ਵਲੋਂ ਕਰਵਾਏ ਸਰਬੱਤ ਖਾਲਸਾ ਮੌਕੇ,ਕੌਮ ਦੀ ਅਗਵਾਈ ਨਵੇਂ ਜਥੇਦਾਰਾਂ ਨੂੰ ਥਾਪੇ ਜਾਣ ਦੇ ਐਲਾਨ ਮੌਕੇ ਸਾਹਮਣੇ ਆਈ।
ਅਸੀਂ ਇਹ ਜਿਕਰ 11ਨਵੰਬਰ ਦੀ ਅਖਬਾਰ ਤੋਂ ਇਲਾਵਾ ਅਨਗਿਣਤ ਵਾਰ ਕਰ ਚੁੱਕੇ ਹਾਂ ਤੇ ਰੋਜ਼ਾਨਾ ਪਹਿਰੇਦਾਰ ਵਲੋਂ ਦੁਹਰਾਉਣਾ ਵੀ ਚਾਹੁੰਦੇ ਹਾਂ ਕਿ ਜੋ ਸੰਗਤੀ ਇਕੱਠ ਚੱਬਾ ਦੀ ਇਤਿਹਾਸਕ ਧਰਤੀ ਤੇ ਹੋਇਆ।ਜੋ ਉਤਸ਼ਾਹ ਤੇ ਜੋਸ਼ ਸਿੱਖ ਸੰਗਤ ਨੇ ਖਾਲਸਾ ਸਿਰਜਣਾ ਦਿਹਾੜੇ ਅਤੇ ਬੰਦੀ ਛੋੜ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਬੁਲਾਏ ਗਏ ਦੋ ਵੱਖ ਵੱਖ ਸਰਬੱਤ ਖਾਲਸਾ ਜਾਂ ਕੌਮੀ ਜਥੇਦਾਰਾਂ ਵਲੋਂ ਵੱਖ ਵੱਖ ਸਮੇਂ ਬਰਗਾੜੀ ਇਨਸਾਫ ਮੋਰਚੇ ਦੇ ਮੰਚ ਤੋਂ ਦਿੱਤੇ ਸੱਦੇ ਸੱਦਿਆਂ ਨੂੰ ਸਫਲ ਕਰਨ ਲਈ ਵਿਖਾਇਆ,ਉਹ ਕਿਸੇ ਇੱਕ ਸ਼ਖਸ਼ ,ਜਥੇਬੰਦੀ ਜਾਂ ਆਗੂ ਕਰਕੇ ਨਹੀ ਬਲਕਿ ਕੌਮ ਦੇ ਅੰਦਰ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦਰਦ ਦੇ ਮੱਦੇ ਨਜਰ ਹੈ।ਅੱਜ ਵੀ ਜੇਕਰ ਬਰਗਾੜੀ ਮੋਰਚੇ ਦੀ ਕੋਈ ਪ੍ਰਾਪਤੀ ਗਿਨਣੀ ਹੋਵੇ ਤਾਂ ਉਸਤੋਂ ਪਹਿਲਾਂ ਕੌਮ ਵਲੋਂ ਅਪ੍ਰੈਲ 2017 ਵਿੱਚ ਸਿੱਖ ਕੌਮ ਵਲੋਂ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੌਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਬਾਦਲਕਿਆਂ ਨੂੰ ਸੂਬੇ ਦੀ ਸੱਤਾ ਤੋਂ ਬਾਹਰ ਕਰਨਾ ਵਿਚਾਰਨਾ ਬਣਦਾ ਹੈ।ਵਿਚਾਰਨਾ ਬਣਦਾ ਹੈ ਕਿ ਜਾਗਰੂਕ ਕੌਮ ਨੇ ਨਾਂ ਤਾਂ ਕੌਮੀ ਸਿਧਾਤਾਂ,ਤਖਤਾਂ ਦੀ ਮਾਣ ਮਰਿਆਦਾ ਤੇ ਸਤਿਕਾਰ ਢਾਹ ਲਾਣ ਵਾਲੇ ਸਰਕਾਰੀ ਜਥੇਦਾਰਾਂ ਨੂੰ ਅਜੇ ਤੀਕ ਮੁਆਫ ਕੀਤਾ ਹੈ ਤੇ ਨਾ ਹੀ ਉਨਾਂ ਬਾਦਲ ਦਲੀਆਂ ਨੂੰ ਜਿਨਾਂ ਨੇ ਜਥੇਦਾਰਾਂ ਪਾਸੋਂ ਇਹ ਘਿਨਾਉਣਾ ਪਾਪ ਕਰਵਾਇਆ।ਬਰਗਾੜੀ ਮੋਰਚੇ ਦੀਆਂ ਪ੍ਰਾਪਤੀਆਂ ਤੇ ਅਸਫਲਤਾਵਾਂ ,ਇੱਕ ਲੰਬਾ ਚੌੜਾ ਤੇ ਚਿੰਤਨ ਦਾ ਵਿਸ਼ਾ ਹੈ ਜਿਸ ਬਾਰੇ ਫਿਲਹਾਲ ਕੁਝ ਕਹਿਣਾ ਸਹੀ ਨਹੀ ਹੋਵੇਗਾ। ਬਰਗਾੜੀ ਮੋਰਚੇ ਦੇ ਮੁੱਖ ਸੂਤਰਧਾਰ ਜਥੇਦਾਰ ਧਿਆਨ ਸਿੰਘ ਮੰਡ ਦੇ ਆਪਣੇ ਸ਼ਬਦਾਂ ਵਿੱਚ ‘ਮੋਰਚਾ ਸਮਾਪਤ ਨਹੀ ਹੋਇਆ। ਇੱਕ ਪੜਾਅ ਤੋਂ ਦੂਸਰੇ ਪੜਾਅ ਵੱਲ ਵਧਿਆ ਹੈ’। ਅਸੀਂ ਉਨਾਂ ਵਲੋਂ ਅਗਾਮੀ ਦਿਨਾਂ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮ ਦੀ ਉਡੀਕ ਵੀ ਕਰਾਂਗੇ ਤੇ ਕਰਨੀ ਵੀ ਚਾਹੀਦੀ ਹੈ।
ਲ਼ੇਕਿਨ ਸਭਤੋਂ ਅਹਿਮ ਮੁੱਦਾ ਜੋ ਕੌਮ ਦੇ ਸਾਹਮਣੇ ਆਇਆ ਹੈ ਉਹ ਬੇਹੱਦ ਚਿੰਤਾਜਨਕ ਹੈ ਕਿ ਜਿਹੜੇ ਜਥੇਦਾਰਾਂ ਨੂੰ ਕੌਮ ਨੇ ਸੁਚੱਜੀ ਅਗਵਾਈ ਦੀ ਜਿੰਮੇਵਾਰੀ ਸੌਪੀ ਤੇ ਉਹ ਖੁਦ ਬਾਰ ਬਾਰ ਕੌਮੀ ਏਕਤਾ ਦਾ ਸੁਨੇਹਾ ਦਿੰਦੇ ਰਹੇ, ਉਹ ਖੁੱਦ ਹੀ ਏਕਤਾ ਤੋਂ ਦੂਰ ਹਨ। ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀ ਹਨ ਕਿ ਜਥੇਦਾਰੀਆਂ ਸੰਭਾਲਣ ਉਪਰੰਤ ਇਨਾਂ ਜਥੇਦਾਰਾਂ ਵਲੋਂ ਲਏ ਫੈਸਲਿਆਂ ਤੇ ਕੌਮ ਨੇ ਕੋਈ ਇਤਰਾਜ ਨਹੀ ਜਿਤਾਇਆ। ਲੇਕਿਨ ਇਹ ਜਥੇਦਾਰ, ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਭੇਜੇ ਸੁਨੇਹਿਆਂ ਤੇ ਸੰਦੇਸ਼ਾਂ ਤੇ ਭੀ ਕਿੰਤੂ ਪ੍ਰੰਤੂ ਜਰੂਰ ਕਰਦੇ ਰਹੇ, ਇਹ ਪਹਿਲੂ ਕਦਾਚਿਤ ਅਣਗੋਲਿਆ ਨਹੀ ਕੀਤਾ ਜਾ ਸਕਦਾ।ਲੇਕਿਨ ਇਸਦੇ ਬਾਵਜੂਦ ਸਿੱਖ ਕੌਮ ਨੇ ਸਰਬੱਤ ਖਾਲਸਾ ਜਥੇਦਾਰਾਂ ਵਿੱਚ ਵਿਸ਼ਵਾਸ਼ ਜਾਰੀ ਰੱਖਿਆ ਤੇ ਉਹ ਵਿਸ਼ਵਾਸ਼ ਬਰਗਾੜੀ ਇਨਸਾਫ ਮੋਰਚੇ ਦੇ ਪਹਿਲੇ ਦਿਨ (1ਜੂਨ2018)ਤੋਂ 192 ਵੇਂ ਦਿਨ (9 ਦਸੰਬਰ 2018)ਤੀਕ ਬਰਕਰਾਰ ਰਿਹਾ।ਜਿਹੜੇ ਜਾਗਰੂਕ ਸਿੱਖ 1 ਜੂਨ ਤੋਂ ਲੈਕੇ 191 ਵੇਂ ਦਿਨ ਤੀਕ ਬਰਗਾੜੀ ਇਨਸਾਫ ਮੋਰਚੇ ਦੇ ਸਮੁਚੇ ਸਮਾਗਮਾਂ ਦੀ ਵਿਉਂਤਬੰਦੀ ਦੇ ਗਵਾਹ ਹਨ ਉਹ ਇਹ ਜਰੂਰ ਤਸਦੀਕ ਕਰਨਗੇ ਕਿ ਹਰ ਦਿਨ ਸਮਾਪਤੀ ਦਾ ਭਾਸ਼ਣ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਿੰਦੇ ਰਹੇ ਹਨ।ਉਨਾਂ ਦੇ ਹਰ ਵਿਚਾਰ ਵਿੱਚ ਇਹ ਸਪਸ਼ਟ ਰਹਿੰਦਾ ਸੀ ਕਿ ਇਹ ਇਨਸਾਫ ਮੋਰਚਾ ਸਾਰੇ ਹੀ ਸਰਬੱਤ ਖਾਲਸਾ ਜਥੇਦਾਰ ਸਾਹਿਬਾਨ ਦੇ ਸਾਂਝੇ ਯਤਨਾਂ ਸਦਕਾ ਅੱਗੇ ਵਧ ਰਿਹਾ ਹੈ। 1 ਜੂਨ ਵਾਲੇ ਦਿਨ ਉਨਾਂ ਦੀ ਮੰਚ ਤੋਂ ਬਾਰ ਬਾਰ ਅਵਾਜ ਗੂੰਜਦੀ ਰਹੀ ਕਿ ‘ਜਥੇਦਾਰ ਧਿਆਨ ਸਿੰਘ ਮੰਡ ਅੱਜ ਕੋਈ ਅਹਿਮ ਫੈਸਲਾ ਸੁਨਾਉਣਗੇ,ਜਥੇਦਾਰ ਮੰਡ ਕੋਈ ਪ੍ਰੋਗਰਾਮ ਦੇਣਗੇ’।
ਜਿਕਰ ਕਰਨਾ ਜਰੂਰੀ ਹੈ ਕਿ ਇਨਾਂ 191 ਦਿਨਾਂ ਵਿੱਚ ਜਥੇਦਾਰ ਮੰਡ ਲਈ ਕਦੇ ਵੀ ਕਿਸੇ ਵੀ ਬੁਲਾਰੇ ਜਾਂ ਜਥੇਦਾਰ ਸਾਹਿਬ ਨੇ ਸ਼ਬਦ ‘ਡਿਕਟੇਟਰ’ਨਹੀ ਵਰਤਿਆ। ਲੇਕਿਨ ਜਥੇਦਾਰ ਮੰਡ ਲਈ ਸ਼ਬਦ ‘ਡਿਕਟੇਟਰ’ ਦੀ ਵਰਤੋਂ ਕੀਤੀ ਗਈ ਜਥੇਦਾਰ ਦਾਦੂਵਾਲ ਵਲੋਂ ਤੇ ਉਹ ਵੀ 192 ਵੇਂ ਦਿਨ ਜਦੋਂ ਮੋਰਚੇ ਦੇ ਇੱਕ ਪੜਾਅ ਦੀ ਸਮਾਪਤੀ ਦਾ ਐਲਾਨ ਹੋਣਾ ਸੀ। ਇਹ ਤਲਖ ਹਕੀਕਤ ਵੀ ਝੁਠਲਾਈ ਨਹੀ ਜਾ ਸਕਦੀ ਕਿ ਬਰਗਾੜੀ ਇਨਸਾਫ ਮੋਰਚਾ ਦੇ ਪ੍ਰਬੰਧ ਅਤੇ ਲਏ ਜਾਣ ਵਾਲੇ ਫੈਸਲਿਆਂ ਪ੍ਰਤੀ ਰਾਏ ਦੇਣ ਲਈ ਇੱਕ ਕਮੇਟੀ ਵੀ ਬਣੀ ਹੋਈ ਸੀ।ਇੱਕ ਪਾਸੇ ਸਿੱਖ ਕੌਮ ਪਿਛਲੇ 37 ਮਹੀਨਿਆਂ ਤੋਂ ਸਰਬੱਤ ਖਾਲਸਾ ਜਥੇਦਾਰਾਂ ਪਾਸੋਂ ਆਸ ਲਾਈ ਬੈਠੀ ਹੈ ਕਿ ਉਹ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਿੱਚ ਕੌਮ ਦੀ ਅਗਵਾਈ ਕਰਨਗੇ ਤੇ ਦੂਸਰੇ ਪਾਸੇ ਇੱਕ ਜਥੇਦਾਰ ਸਾਹਿਬ ਇਹ ਕਹਿ ਰਹੇ ਹਨ ਕਿ ਦੂਸਰੇ ਜਥੇਦਾਰ ਨੇ ਉਨਾਂ ਨਾਲ ਮੋਰਚੇ ਦੀ ਸਮਾਪਤੀ ਲਈ ਸਲਾਹ ਹੀ ਨਹੀ ਕੀਤੀ। ਸਾਡੀ ਚਿੰਤਾ ਦਾ ਵਿਸ਼ਾ ਸਿਰਫ ਇਹੀ ਹੈ ਕਿ ਇਨਸਾਫ ਮੋਰਚੇ ਦਾ ਜੇ ਪਹਿਲਾ ਪੜਾਅ ਸਮਾਪਤ ਹੋਇਆ ਜਾਂ ਕਰ ਦਿੱਤਾ ਗਿਆ ਤਾਂ ਕੀ ਸਰਬੱਤ ਖਾਲਸਾ ਜਥੇਦਾਰਾਂ ਦੀ ਕੌਮ ਪ੍ਰਤੀ ਜਵਾਬਦੇਹੀ ਖਤਮ ਹੋ ਗਈ ਹੈ?
-ਨਰਿੰਦਰ ਪਾਲ ਸਿੰਘ, 98553-13236