ਸਿੱਖ ਕਮਿਊਨਿਟੀ ਦੇ ਨਕਾਰਾਤਮਕ ਹਵਾਲੇ ਨੂੰ ਪਬਲਿਕ ਸੇਫ਼ਟੀ ਮੰਤਰਾਲੇ ਦੀ ਰਿਪੋਰਟ ਵਿੱਚੋਂ ਹਟਾਉਣ ਦੀ ਮੰਗ ਨੇ ਜ਼ੋਰ ਫੜਿਆ

ਸਿੱਖ ਕਮਿਊਨਿਟੀ ਦੇ ਨਕਾਰਾਤਮਕ ਹਵਾਲੇ ਨੂੰ ਪਬਲਿਕ ਸੇਫ਼ਟੀ ਮੰਤਰਾਲੇ ਦੀ ਰਿਪੋਰਟ ਵਿੱਚੋਂ ਹਟਾਉਣ ਦੀ ਮੰਗ ਨੇ ਜ਼ੋਰ ਫੜਿਆ

ਵੈਨਕੂਵਰ: ਪਬਲਿਕ ਸੇਫਟੀ ਕੈਨੇਡਾ ਦੀ ਸਾਲ 2018 ਦੀ ਰਿਪੋਰਟ ਵਿੱਚ ਲਿਬਰਲ ਸਰਕਾਰ ਵਲੋਂ ਸਿੱਖ (ਖਾਲਿਸਤਾਨ) ਅੱਤਵਾਦ ਨੂੰ ਸ਼ਾਮਲ ਕਰਨਾ ਸਿੱਖ ਕਮਿਊਨਿਟੀ ਲਈ ਬੇਹੱਦ ਹੈਰਾਨੀਜਨਕ ਅਤੇ ਚਿੰਤਾਜਨਕ ਹੈ। ਜਦੋਂ ਕਿ ਹਮੇਸ਼ਾ ਹੀ ਸਿੱਖ ਕਮਿਊਨਿਟੀ ਨੂੰ ਅਸਿੱਧੇਤੌਰ ‘ਤੇ ਹਿੰਸਾ ਤੇ ਹੇਟ ਕ੍ਰਾਈਮ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਇਸ ਰਿਪੋਰਟ ਨਾਲ ਸਮੁੱਚੀ ਸਿੱਖ ਕਮਿਊਨਿਟੀ ਦਾ ਅਕਸ ਗੰਧਲਾ ਹੋਣ ਦਾ ਡਰ ਹੈ ਅਤੇ ਇਸ ਦਾ ਕੈਨੇਡਾ ਭਰ ਦੇ ਸਿੱਖਾਂ ਉੱਤੇ ਗੰਭੀਰ ਅਸਰ ਪੈ ਸਕਦਾ ਹੈ।
ਬੀ.ਸੀ.ਐਸ.ਜੀ.ਸੀ. ਦੇ ਬੁਲਾਰੇ ਮੋਨਿੰਦਰ ਸਿੰਘ ਤੇ ਓ.ਜੀ.ਸੀ. ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਆਖਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਪਬਲਿਕ ਸੇਫਟੀ ਕੈਨੇਡਾ ਰਿਪੋਰਟ ਵਿੱਚ ਸਿੱਖ ਅੱਤਵਾਦ ਦਾ ਹਵਾਲਾ ਪੇਸ਼ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਅਜਿਹੀ ਰਿਪੋਰਟ ਤਿਆਰ ਕਰਨਾ ਇੱਕ ਗੈਰਜ਼ਿੰਮੇਵਰਾਨਾ ਕੰਮ ਕਿਹਾ ਜਾ ਸਕਦਾ ਹੈ ਕਿਉਂਕਿ ਰਿਪੋਰਟ ਵਿੱਚ ਅਜਿਹੀਆਂ ਥਾਂਵਾਂ ਉੱਤੇ ਸਾਡੀ ਕਮਿਊਨਿਟੀ ਦਾ ਨਾਂ ਲੈ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਦੇਸ਼ ਲਈ ਕਿੰਨਾ ਵੱਡਾ ਖਤਰਾ ਹਾਂ। ਇਸ ਰਿਪੋਰਟ ਵਿੱਚ ਸਭ ਤੋਂ ਵੱਧ ਹੈਰਾਨੀਜਨਕ ਗੱਲ ਇਹ ਹੈ ਕਿ ਤਿੰਨ ਦਹਾਕੇ ਪਹਿਲਾਂ 1985 ‘ਚ ਸਿੱਖ ਕਮਿਊਨਿਟੀ ਨਾਲ ਜੁੜੀ ਇੱਕ ਘਟਨਾ ਨੂੰ 2018 ਦੀ ਰਿਪੋਰਟ ‘ਚ ਸ਼ਾਮਿਲ ਕੀਤਾ ਜਾਣਾ। ਆਖਰ ਇਸ ਘਟਨਾ ਨੂੰ 2018 ਦੀ ਰਿਪੋਰਟ ‘ਚ ਕਿਉਂ ਸ਼ਾਮਿਲ ਕੀਤਾ ਗਿਆ ? ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਮਨਿਸਟਰੀ ਆਫ ਪਬਲਿਕ ਸੇਫਟੀ ਦੀਆਂ ਰਿਪੋਰਟਾਂ ਵਿੱਚ ਕਦੇ ਵੀ ਸਿੱਖ ਅੱਤਵਾਦ ਟਰਮ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਆਖਰ ਇਸ ਸਾਲ ਅਜਿਹਾ ਕੀ ਵਾਪਰਿਆ ਕਿ ਲਿਬਰਲ ਸਰਕਾਰ ਨੂੰ ਅਜਿਹਾ ਗੰਭੀਰ ਕਦਮ ਚੁੱਕ ਕੇ ਸਿੱਖ ਕਮਿਊਨਿਟੀ ਨੂੰ ਇਸ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ?
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਮੁੱਢ ਤੋਂ ਹੀ ਕੈਨੇਡਾ ਵਿੱਚ ਸਿੱਖਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦੀ ਆਈ ਹੈ, ਜੋ ਕਿ ਹੁਣ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਹੋਰ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਫਰਵਰੀ 2018 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਤੇ ਬਾਅਦ ਵਿੱਚ ਕਈ ਤਰ੍ਹਾਂ ਦੇ ਵਿਵਾਦਾਂ ਪੈਦਾ ਹੋਏ। ਭਾਰਤ ਸਰਕਾਰ ਵੱਲੋਂ ਲਗਾਤਾਰ ਕੈਨੇਡੀਅਨ ਅਧਿਕਾਰੀਆਂ ਉੱਤੇ ਦਬਾਅ ਪਾਇਆ ਗਿਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਿੱਖਾਂ ਸਬੰਧੀ ਮਤਭੇਦਾਂ ਨੂੰ ਠੱਲ੍ਹ ਪਾਵੇ। ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਬਾਰੇ ਰਿਪੋਰਟ ਤੇ ਨੈਸ਼ਨਲ ਸਕਿਊਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਆਮੈਂਟੇਰੀਅਨਜ਼ ਵੱਲੋਂ ਪਿਛਲੇ ਹਫਤੇ ਜਾਰੀ ਰਿਪੋਰਟ ਤੋਂ ਇਹ ਸਬੂਤ ਮਿਲਦੇ ਹਨ ਕਿ ਭਾਰਤ ਵੱਲੋਂ ਸਿੱਖ ਅੱਤਵਾਦ ਦਾ ਮੁੱਦਾ ਲਗਾਤਾਰ ਕੈਨੇਡਾ ਸਰਕਾਰ ਕੋਲ ਉਠਾਇਆ ਜਾਂਦਾ ਰਿਹਾ ਹੈ ਤੇ ਗਲਤ ਢੰਗ ਤਰੀਕਿਆਂ ਨਾਲ ਕੈਨੇਡਾ ਸਰਕਾਰ ਨੂੰ ਸ਼ਰਮਿੰਦਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।
ਇਸ ਰਿਪੋਰਟ ਦੇ ਵਿਸ਼ਾ ਵਸਤੂ ‘ਚ ਵੀ ਸਿੱਖ ਕਮਿਊਨਿਟੀ ਬਾਰੇ ਅਤੇ ਸਿੱਖ ਮਾਮਲਿਆਂ ਵਿੱਚ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਸਪਸ਼ਟ ਤੌਰ ਉੱਤੇ ਨਜ਼ਰ ਆ ਰਹੀ ਹੈ। ਬੀ.ਸੀ. ਅਤੇ ਓਨਟਾਰੀਓ ਦੇ ਗੁਰਦੁਆਰਿਆਂ ਦੇ ਪੱਖ ਉੱਤੇ ਗੱਲ ਕਰਦਿਆਂ ਮੋਨਿੰਦਰ ਸਿੰਘ ਨੇ ਆਖਿਆ ਕਿ ਆਪਣੇ ਟਰੈਕ ਰਿਕਾਰਡ ਮੁਤਾਬਕ ਭਾਰਤ ਕੈਨੇਡਾ ਵਿੱਚ ਵੀ ਸਿੱਖਾਂ ਦੀ ਅਸਹਿਮਤੀ ਨੂੰ ਰੋਕਣ ਲਈ ਕੁੱਝ ਵੀ ਕਰ ਸਕਦਾ ਹੈ। ਭਾਰਤ ਵਿੱਚ ਘੱਟ ਗਿਣਤੀ ਕਮਿਊਨਿਟੀਜ਼ ਦੇ ਅਧਿਕਾਰਾਂ ਦੀ ਉਲੰਘਣਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਹ ਜੱਗ ਜ਼ਾਹਿਰ ਹੈ। ਸਿੱਖ ਕਮਿਊਨਿਟੀ ਦੀ ਖਾਲਿਸਤਾਨ ਦੀ ਮੰਗ ਨੂੰ ਵੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਪਰ ਕੈਨੇਡਾ ਦੀ ਲਿਬਰਲ ਸਰਕਾਰ ਵਲੋਂ ਭਾਰਤ ਸਰਕਾਰ ਦੇ ਦਬਾਅ ਅੱਗੇ ਗੋਡੇ ਟੇਕ ਕੇ ਆਪਣੀ ਤਾਜ਼ਾ ਰਿਪੋਰਟ ਵਿੱਚ ਸਿੱਖ ਕਮਿਊਨਿਟੀ ਨੂੰ ਕੈਨੇਡਾ ਲਈ ਖਤਰਾ ਦੱਸਣਾ ਬੇਹੱਦ ਨਿਰਾਸ਼ਾਜਨਕ ਅਤੇ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਇਹ ਬਿਲਕੁਲ ਧਿਆਨ ਵਿੱਚ ਨਹੀਂ ਰੱਖਿਆ ਗਿਆ ਕਿ ਇਸ ਨਾਲ ਜ਼ਾਹਰਾ ਤੌਰ ਉੱਤੇ ਨਜ਼ਰ ਆਉਣ ਵਾਲੀ ਸਿੱਖ ਕਮਿਊਨਿਟੀ ਉੱਤੇ ਕਿੰਨਾ ਮਾੜਾ ਪ੍ਰਭਾਵ ਪੈ ਸਕਦਾ ਹੈ ਉਹ ਵੀ ਉਸ ਸਮੇਂ ਜਦੋਂ ਕਿ ਸਿੱਖਾਂ ਖਿਲਾਫ ਕੈਨੇਡਾ ਵਿੱਚ ਵੀ ਹੇਟ ਕ੍ਰਾਈਮ ਵੱਧਦਾ ਜਾ ਰਿਹਾ ਹੋਵੇ।
ਕੈਨੇਡਾ ਭਰ ਦੇ ਸਿੱਖ ਗੁਰਦੁਆਰਿਆਂ ਅਤੇ ਸਿੱਖ ਐਮ.ਪੀਜ਼ ਵਲੋਂ ਪਬਲਿਕ ਸੇਫਟੀ ਮੰਤਰੀ ਕੋਲ ਪਹੁੰਚ ਕਰਕੇ ਇਸ ਮੁੱਦੇ ਉੱਤੇ ਗੰਭੀਰਤਾ ਨਾਲ ਅਗਲੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਰਿਪੋਰਟ ਵਿੱਚੋਂ ਸਿੱਖ ਕਮਿਊਨਿਟੀ ਅਕਸ ਨੂੰ ਖਰਾਬ ਕਰਨ ਵਾਲੇ ਇਸ ਹਵਾਲੇ ਨੂੰ ਹਟਾਇਆ ਜਾ ਸਕੇ।

ਇਸ ਰਿਪੋਰਟ ਨਾਲ ਕੈਨੇਡੀਅਨ ਸਿੱਖ ਦੇ ਅਕਸ ‘ਤੇ ਪਵੇਗਾ ਮਾੜਾ ਅਸਰ : ਡਬਲਿਊ.ਐਸ.ਓ.

ਔਟਵਾ: ਵਰਲਡ ਸਿੱਖ ਆਰਗੇਨਾਈਜੇਸਨ ਆਫ ਕੈਨੇਡਾ (ਡਬਲਿਊ.ਐਸ.ਓ.) ਨੇ ਪਬਲਿਕ ਸੇਫਟੀ ਕੈਨੇਡਾ 2018 ਦੀ ਰਿਪੋਰਟ ‘ਚ ਵਿੱਚ ਸਿੱਖ (ਖਾਲਿਸਤਾਨੀ) ਅੱਤਵਾਦ ਨੂੰ ਸ਼ਾਮਲ ਕੀਤਾ ਜਾਣਾ ਬੇਹੱਦ ਚਿੰਤਾਜਨਕ ਦੱਸਦਿਆ ਇਸ ਰਿਪੋਰਟ ‘ਤੇ ਕਾਫੀ ਨਰਾਜ਼ਗੀ ਪ੍ਰਗਟਾਈ ਹੈ। ਉਨਾਂ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਭਾਰਤ ਵੱਲੋਂ ਸਿੱਖ ਕਮਿਊਨਿਟੀ ਵਿੱਚ ਵੱਧ ਰਹੇ ਅੱਤਵਾਦ ਦੇ ਦੋਸ਼ਾਂ ਬੇਵਜਾ ਉਛਾਲਿਆ ਗਿਆ ਅਤੇ ਜਿਸ ਕਰਕੇ ਹੀ ਸ਼ਾਇਦ ਲਿਬਰਲ ਸਰਕਾਰ ਵਲੋਂ ਇਹ ਕਦਮ ਚੁੱਕਿਆ ਗਿਆ। ਹਾਲਾਂਕਿ 2018 ਦੀ ਪਬਲਿਕ ਸੇਫਟੀ ਰਿਪੋਰਟ ਵਿੱਚ ਭਾਵੇਂ ਸਿੱਖ ਕਮਿਊਨਿਟੀ ਵਿੱਚ ਮੌਜੂਦਾ ਅੱਤਵਾਦੀ ਗਤੀਵਿਧੀਆਂ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ ਪਰ ਇਸ ਵਿੱਚ ਆਖਿਆ ਗਿਆ ਹੈ ਕਿ ਕੈਨੇਡਾ ਵਿੱਚ ਰਹਿਣ ਵਾਲੇ ਕੁੱਝ ਖਾਸ ਵਿਅਕਤੀ ਅੱਜ ਵੀ ਸਿੱਖ (ਖਾਲਿਸਤਾਨੀ) ਅੱਤਵਾਦੀ ਵਿਚਾਰਧਾਰਾ ਅਤੇ ਲਹਿਰ ਦਾ ਸਮਰਥਨ ਕਰ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਸਬੰਧ ਵਿੱਚ ਪਾਰਲੀਆਮੈਂਟੇਰੀਅਨਜ਼ ਦੀ ਨੈਸ਼ਨਲ ਸਕਿਊਰਿਟੀ ਐਂਡ ਇੰਟੈਲੀਜੈਂਸ ਕਮੇਟੀ ਵੱਲੋਂ ਪਿਛਲੇ ਹਫਤੇ ਜਾਰੀ ਕੀਤੀ ਗਈ ਵਿਸ਼ੇਸ਼ ਸਕਿਊਰਿਟੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਭਾਰਤ ਅਤੇ ਕੈਨੇਡਾ ‘ਚ ਹੋਣ ਵਾਲੀ ਹਰ ਮੀਟਿੰਗ ਵਿੱਚ ਭਾਰਤ ਵੱਲੋਂ ਹਮੇਸ਼ਾਂ ਸਿੱਖ ਅੱਤਵਾਦ ਦਾ ਮੁੱਦਾ ਬਿਨਾ ਕਿਸੇ ਦਾਅਵੇ ਅਤੇ ਸਬੂਤ ਦੇ ਚੁੱਕਿਆ ਜਾਂਦਾ ਰਿਹਾ ਹੈ । ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਸ ਮੁੱਦੇ ਉੱਤੇ ਕੈਨੇਡਾ ਨੇ ਭਾਰਤ ਨੂੰ ਤਸੱਲੀ ਦਿਵਾਉਣ ਦੀ ਵੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਇਸ ਕੋਸ਼ਿਸ਼ ਦੀ ਝਲਕ ਆਰਸੀਐਮਪੀ, ਸੀਐਸਆਈਐਸ ਤੇ ਭਾਰਤ ਦੀ ਹਮਰੁਤਬਾ ਏਜੰਸੀ ਦਰਮਿਆਨ ਹੋਣ ਵਾਲੀਆਂ ਮੀਟਿੰਗ ਵਿੱਚ ਵੀ ਮਿਲਦੀ ਹੈ। ਟਰੂਡੋ ਦੀ ਭਾਰਤ ਫੇਰੀ ਬਾਰੇ ਰਿਪੋਰਟ ਵਿੱਚ ਵੀ ਇਹ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਉਸ ਦੌਰਾਨ ਕੈਨੇਡੀਅਨ ਸਰਕਾਰ ਨੂੰ ਸ਼ਰਮਿੰਦਾ ਕਰਨ ਤੇ ਸਿੱਖ ਅੱਤਵਾਦ ਦੇ ਨਾਂ ਉੱਤੇ ਸਿੱਖ ਭਾਈਚਾਰੇ ਦਾ ਅਕਸ ਵਿਗਾੜਨ ਲਈ ਜਾਣਬੁੱਝ ਕੇ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਸਾਲ ਦੇ ਸ਼ੁਰੂ ਵਿੱਚ ਟਰੂਡੋ ਦੀ ਭਾਰਤ ਫੇਰੀ ਦੌਰਾਨ ਕੈਨੇਡਾ ਸਰਕਾਰ ਨੇ ਕੈਨੇਡਾ ਤੇ ਭਾਰਤ ਦਰਮਿਆਨ ਅੱਤਵਾਦ ਨੂੰ ਰੋਕਣ ਤੇ ਹਿੰਸਕ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਦੋਵਾਂ ਮੁਲਕਾਂ ਵੱਲੋਂ ਸਹਿਯੋਗ ਕੀਤੇ ਜਾਣ ਲਈ ਤਿਆਰ ਖਰੜੇ ਉੱਤੇ ਵੀ ਦਸਤਖ਼ਤ ਕੀਤੇ ਸਨ।
ਡਬਲਿਊ.ਐਸ.ਓ. ਵੱਲੋਂ ਚਿੰਤਾ ਪ੍ਰਗਟਾਈ ਗਈ ਹੈ ਕਿ ਕੈਨੇਡੀਅਨ ਤੇ ਭਾਰਤੀ ਹਮਰੁਤਬਾ ਏਜੰਸੀਆਂ ਵਿੱਚ ਆਪਸੀ ਤਾਲਮੇਲ ਦੇ ਵਾਧੇ ਨਾਲ ਕੈਨੇਡੀਅਨ ਸਿੱਖਾਂ ਜਾਂ ਉਨਾਂ ਦੇ ਭਾਰਤ ਰਹਿੰਦੇ ਪਰਿਵਾਰਾਂ ਤੇ ਦੋਸਤਾਂ ਦੀਆਂ ਜ਼ਿੰਦਗੀਆਂ ਖਤਰੇ ਵਿੱਚ ਪੈ ਸਕਦੀਆਂ ਹਨ। ਡਬਲਿਊਐਸਓ ਦੇ ਪ੍ਰੈਜ਼ੀਡੈਂਟ ਮੁਖਬੀਰ ਸਿੰਘ ਨੇ ਅੱਜ ਆਖਿਆ ਕਿ ਕੈਨੇਡਾ ਨੂੰ ਦਰਪੇਸ ਅੱਤਵਾਦ ਸਬੰਧੀ ਚੁਣੌਤੀ ਬਾਬਤ 2018 ਦੀ ਪਬਲਿਕ ਰਿਪੋਰਟ ਵਿੱਚ ਸਿੱਖ ਅੱਤਵਾਦ ਦੀ ਕਲਪਿਤ ਤਸਵੀਰ ਪੇਸ਼ ਕੀਤੇ ਜਾਣ ਨਾਲ ਉਨਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ। ਭਾਰਤ ਵੱਲੋਂ ਸਿੱਖ ਅੱਤਵਾਦ ਵਿੱਚ ਹੋ ਰਹੇ ਵਾਧੇ ਦੀਆਂ ਝੂਠੀਆਂ ਤਸਵੀਰਾਂ ਪੇਸ਼ ਕਰਨ ਤੇ ਪਬਲਿਕ ਸੇਫਟੀ ਕੈਨੇਡਾ ਵੱਲੋਂ ਇਸ ਨੂੰ ਮੰਨ ਲਏ ਜਾਣ ਦਾ ਕੋਈ ਠੋਸ ਆਧਾਰ ਜਾਂ ਸਪਸ਼ਟੀਕਰਨ ਨਹੀਂ ਹੈ। ਕੈਨੇਡਾ ਰਹਿੰਦੇ ਸਿੱਖਾਂ ਵੱਲੋਂ ਲਗਾਤਾਰ ਇਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ। ਸਿੱਖਾਂ ਦੇ ਮਨੁੱਖੀ ਅਧਿਕਾਰਾਂ ਜਾਂ ਖਾਲਿਸਤਾਨ ਦੀ ਪੈਰਵੀ ਕਰਨਾ ਅੱਤਵਾਦ ਨਹੀਂ ਹੈ ਤੇ ਇਸ ਤੋਂ ਵੀ ਅਗਾਂਹ ਇਹ ਦਾਅਵੇ ਕਰਨਾ ਕਿ ਇਸ ਨਾਲ ਕੈਨੇਡਾ ਨੂੰ ਨੁਕਸਾਨ ਹੋਵੇਗਾ ਸਰਾਸਰ ਗਲਤ ਹੈ। ਉਨਾਂ ਆਖਿਆ ਕਿ ਕੈਨੇਡਾ ਦੇ ਸਿੱਖਾਂ ਦੀ ਸਾਖ ਦਾ ਪੱਖ ਪੂਰਨ ਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਸੰਵਿਧਾਨਕ ਅਧਿਕਾਰ ਦੱਸਣ ਦੀ ਥਾਂ ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਰੂਟ ਨੂੰ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ। ਸਿੱਖ ਅੱਤਵਾਦ ਦੀ ਗੱਲ ਸਵੀਕਾਰਕੇ ਸਰਕਾਰ ਕਮਿਊਨਿਟੀ ਦੀ ਸਾਖ਼ ਨੂੰ ਦਾਗ ਲਾ ਰਹੀ ਹੈ ਤੇ ਇਸ ਨਾਲ ਕੈਨੇਡੀਅਨ ਸਿੱਖਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਉੱਤੇ ਮਾੜਾ ਪ੍ਰਭਾਵ ਪਵੇਗਾ।