ਰੁਝਾਨ ਖ਼ਬਰਾਂ

ਜੇ ਅਤੇ ਕਿਉਂ ਵਿੱਚ ਉਲਝੀਆਂ ਜ਼ਿੰਦਗੀਆਂ

ਜਦੋਂ ਅਸੀਂ ਕੋਈ ਮਨਮੋਹਕ ਕੁਦਰਤੀ ਦ੍ਰਿਸ਼ ਵੇਖਦੇ ਹਾਂ ਤਾਂ ਅਵਾਕ ਹੋ ਕੇ ਉਸੇ ਵਿਚ ਖੁੱਭ ਕੇ ਰਹਿ ਜਾਂਦੇ ਹਾਂ। ਕਈ ਦ੍ਰਿਸ਼ ਤਾਂ ਉਮਰ ਭਰ ਦੀ ਯਾਦ ਬਣ ਜਾਂਦੇ ਹਨ। ਇਨ੍ਹਾਂ ਕੁਦਰਤੀ ਦ੍ਰਿਸ਼ਾਂ ਵਿਚ ਅਸੀਂ ਆਪਣੀ ਮਰਜ਼ੀ ਨਾਲ ਤਬਦੀਲੀ ਨਹੀਂ ਕਰ ਸਕਦੇ, ਯਾਨੀ ਨਾ ਬੱਦਲਾਂ ਦੀ ਸ਼ਕਲ ਬਦਲ ਸਕਦੇ ਹਾਂ, ਨਾ ਹੀ ਡੁੱਬਦੇ ਸੂਰਜ ਦਾ ਸਮੁੰਦਰ ਵਿਚ ਪੈਂਦਾ ਅਕਸ ਤੇ ਨਾ ਹੀ ਬਰਫ਼ ਨਾਲ ਕੱਜੇ ਪਹਾੜ ਜਾਂ ਡਿੱਗਦੇ ਝਰਨੇ ਦੀਆਂ ਉੱਡਦੀਆਂ ਛਿੱਟਾਂ! ਅਜਿਹਾ ਦ੍ਰਿਸ਼ ਜਿਉਂ ਦਾ ਤਿਉਂ ਤਸਵੀਰਾਂ ਵਿਚ ਜਾਂ ਅੱਖਾਂ ਵਿਚ ਵਸਾ ਲੈਂਦੇ ਹਾਂ।
ਸੋਚ ਕੇ ਵੇਖੀਏ: ਕੀ ਅਸੀਂ ਕਦੇ ਕਹਿੰਦੇ ਹਾਂ- ਜੇ ਦਰਖਤ ਪਹਾੜ ਦੇ ਪਰਲੇ ਕੋਨੇ ਉੱਤੇ ਹੁੰਦਾ ਤਾਂ ਹੀ ਨਜ਼ਾਰਾ ਸੋਹਣਾ ਹੁੰਦਾ। ਜੇ ਕਿਤੇ ਡੁੱਬਦੇ ਸੂਰਜ ਦਾ ਪਰਛਾਵਾਂ ਸਮੁੰਦਰ ਦੇ ਪਰਲੇ ਕੋਨੇ ਉੱਤੇ ਪੈਂਦਾ, ਤਾਂ ਹੀ ਮੈਂ ਤਸਵੀਰ ਖਿੱਚਦਾ! ਇਹ ਦ੍ਰਿਸ਼ ਬਿਨਾਂ ਤਬਦੀਲੀ ਸਦਕਾ ਹੀ ਮਨਮੋਹਕ ਲੱਗਦੇ ਹਨ। ਜਿਉਂ ਹੀ ਅਸੀਂ ਆਪ ਕਿਸੇ ਥਾਂ ਜਾਂ ਮਨੁੱਖ ਵਿਚ ਤਬਦੀਲੀ ਭਾਲਦੇ ਹਾਂ ਤਾਂ ਸਾਡੇ ਮਨ ਅੰਦਰਲੀ ਅਤ੍ਰਿਪਤ ਉਮੰਗ ਸਾਹਮਣੇ ਆ ਖੜ੍ਹੀ ਹੁੰਦੀ ਹੈ। ਇਹੀ ਪੁਆੜੇ ਦੀ ਜੜ੍ਹ ਹੁੰਦੀ ਹੈ।
ਜ਼ਿੰਦਗੀ ਦੀਆਂ ਅਤ੍ਰਿਪਤ ਉਮੰਗਾਂ ਹੀ ਸਾਨੂੰ ਸੰਤੁਸ਼ਟ ਨਹੀਂ ਹੋਣ ਦਿੰਦੀਆਂ। ‘ਜੇ’ ਮੇਰੇ ਕੋਲ ਵੱਡੀ ਕਾਰ ਹੁੰਦੀ, ‘ਜੇ’ ਮੇਰੀ ਵਹੁਟੀ ਉਸ ਵਰਗੀ ਸੋਹਣੀ ਹੁੰਦੀ, ‘ਜੇ’ ਮੇਰਾ ਬੱਚਾ ਵੀ ਡਾਕਟਰ ਬਣ ਜਾਂਦਾ, ‘ਜੇ’ ਮੇਰੀ ਨੌਕਰੀ ਅਮਰੀਕਾ ਵਿਚ ਹੁੰਦੀ, ਮੇਰੇ ਨਾਲ ਹੀ ਸਭ ਕੁੱਝ ਮਾੜਾ ‘ਕਿਉਂ’ ਹੁੰਦਾ ਹੈ, ਆਦਿ ਸਾਨੂੰ ਆਪਣੇ ਅੱਜ ਤੋਂ ਖੁਸ਼ੀ ਮਹਿਸੂਸ ਕਰਨ ਜੋਗਾ ਨਹੀਂ ਛੱਡਦੇ। ਜੋ ਕੁੱਝ ਹਾਸਲ ਹੈ, ਉਹ ਇਕ ਪਾਸੇ ਛੱਡ ਕੇ, ਪੂਰਾ ਜ਼ੋਰ ਤਬਦੀਲੀ ਉੱਤੇ ਲਾਉਣ ਸਦਕਾ ਅਸੀਂ ਪਤੀ-ਪਤਨੀ ਜਾਂ ਹੋਰ ਘਰੇਲੂ ਰਿਸ਼ਤਿਆਂ ਵਿਚ ਤਰੇੜ ਪਾ ਲੈਂਦੇ ਹਾਂ।
ਸਾਈਕਲ ਵਾਲਾ ਸਕੂਟਰ ਲੈਣ ਦਾ ਸੁਫ਼ਨਾ ਵੇਖਦਾ ਹੈ ਤੇ ਸਕੂਟਰ ਵਾਲਾ ਕਾਰ, ਕਾਰ ਵਾਲਾ ਜਹਾਜ਼ ਤੇ ਜਹਾਜ਼ ਵਾਲਾ ਚੰਨ ਉੱਤੇ ਪਹੁੰਚਣ ਨੂੰ ਜ਼ੋਰ ਲਾਉਂਦਾ ਹੀ ਪੂਰੀ ਜ਼ਿੰਦਗੀ ਖ਼ਤਮ ਕਰ ਲੈਂਦਾ ਹੈ। ਜੋ ਅੱਜ ਹੈ ਤੇ ਜੋ ਚੰਗੀਆਂ ਗੱਲਾਂ ਅੱਜ ਮਾਣ ਰਹੇ ਹਾਂ, ਉਹ ਸਾਡੀ ‘ਜੇ’ ਤੇ ‘ਕਿਉਂ’ ਵਿਚ ਰੁਲ ਜਾਂਦੀਆਂ ਹਨ ਤੇ ਅਸੀਂ ਉਸ ਖ਼ੁਸ਼ੀ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹੀ ਕਾਰਨ ਹੈ ਕਿ ਕੈਂਸਰ ਨਾਲ ਜੂਝ ਰਹੇ ਜਿੰਨੇ ਵੀ ਬੰਦੇ ਆਖ਼ਰੀ ਘੜੀਆਂ ਗਿਣ ਰਹੇ ਹੋਣ, ਉਹ ਸਾਰੇ ਇਕੋ ਹੀ ਸ਼ਿਕਾਇਤ ਕਰਦੇ ਵੇਖੇ ਗਏ ਹਨ- ‘ਜ਼ਿੰਦਗੀ ਮਾਨਣ ਦਾ ਵਕਤ ਹੀ ਨਹੀਂ ਮਿਲਿਆ, ਪਤਾ ਹੀ ਨਹੀਂ ਲੱਗਿਆ ਕਦੋਂ ਕੰਮਾਂ-ਕਾਰਾਂ ਵਿਚ ਲੰਘ ਗਈ।’
ਬਿਲਕੁਲ ਇੰਜ ਹੀ ਜਿਸ ਦੀ ਨਜ਼ਰ ਅਚਾਨਕ ਚਲੀ ਜਾਏ, ਉਦੋਂ ਹੀ ਉਸ ਨੂੰ ਕਹਿੰਦੇ ਸੁਣਦੇ ਹਾਂ- ‘ਹਾਏ, ਹੁਣ ਪਤਾ ਲੱਗਿਆ, ਅੱਖਾਂ ਕੀ ਨਿਆਮਤ ਨੇ!’ ਜਦੋਂ ਸੁਜਾਖਾ ਸੀ, ਉਦੋਂ ਅੱਖਾਂ ਦੀ ਅਹਿਮੀਅਤ ਸਮਝੀ ਹੀ ਨਹੀਂ। ਬਿਲਕੁਲ ਏਸੇ ਤਰ੍ਹਾਂ ਤੁਰਦੇ ਫਿਰਦੇ ਅਹਿਸਾਸ ਹੀ ਨਹੀਂ ਹੁੰਦਾ ਕਿ ਕਰੋੜਾਂ ਬੰਦੇ ਤੁਰ ਫਿਰ ਨਹੀਂ ਸਕਦੇ, ਅਨੇਕ ਮੰਜਿਆਂ ਉੱਤੇ ਅਪਾਹਜ ਬਣ ਕੇ ਅੱਡੀਆਂ ਰਗੜ ਰਹੇ ਹਨ, ਉਨ੍ਹਾਂ ਬਾਰੇ ਖ਼ਿਆਲ ਕਰ ਕੇ ਸ਼ੁਕਰਾਨਾ ਕਰਦਿਆਂ ਆਨੰਦਿਤ ਮਹਿਸੂਸ ਕਰਨ ਦੀ ਥਾਂ ਬੇਲੋੜੀਆਂ ਮੰਗਾਂ ਪੂਰੀਆਂ ਕਰਨ ਦੇ ਚੱਕਰ ਵਿਚ ਤਣਾਓ ਸਹੇੜ ਕੇ ਜਾਨ ਗੁਆ ਬਹਿੰਦੇ ਹਾਂ, ਜਾਂ ਸਰੀਰ ਰੋਗਾਂ ਦੀ ਪੰਡ ਬਣ ਕੇ ਰਹਿ ਜਾਂਦਾ ਹੈ।
ਸੰਤੁਸ਼ਟੀ ਸਿਰਫ਼ ਤਾਂ ਆਉਂਦੀ ਹੈ ਜਦੋਂ ਅਸੀਂ ਆਪਣੇ ਹਾਲਾਤ ਨੂੰ ਜਿਉਂ ਦਾ ਤਿਉਂ ਮੰਨ ਕੇ ਉਸ ਵਿਚੋਂ ਖ਼ੁਸ਼ੀ ਦਾ ਅਹਿਸਾਸ ਭਾਲੀਏ। ਉਸ ਵਿਚ ਹੋਰ ਤਬਦੀਲੀ ਲੱਭਦੇ ਲੱਭਦੇ ਜ਼ਿੰਦਗੀ ਦਾ ਅਨਮੋਲ ਸਮਾਂ ਅਜਾਈਂ ਗੁਆ ਲੈਂਦੇ ਹਾਂ। ਸਵੇਰੇ ਉੱਠਦੇ ਸਾਰ ਬੰਦਾ ਝੁੰਜਲਾਹਟ ਨਾਲ ਚੀਕਦਾ ਹੈ- ‘ਅੱਜ ਫਿਰ ਰੌਲਾ-ਰੱਪਾ ਪਾ ਕੇ ਜਗਾ’ਤਾ। ਇਨ੍ਹਾਂ ਨਿਆਣਿਆਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ। ਅੱਗੋਂ ਸਾਰਾ ਦਿਨ ਬੌਸ ਦੀ ਚੱਕ ਚੱਕ! ਜ਼ਿੰਦਗੀ ਨਰਕ ਬਣੀ ਪਈ ਹੈ!’
ਹੁਣ ਦੂਜਾ ਪਾਸਾ ਵੇਖੀਏ।
1. ਸਵੇਰੇ ਉੱਠਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਲੱਖ ਲੋਕਾਂ ਵਿਚੋਂ ਨਹੀਂ ਹਾਂ ਜਿਨ੍ਹਾਂ ਨੇ ਅੱਜ ਦੀ ਸਵੇਰ ਨਹੀਂ ਵੇਖਣੀ ਤੇ ਮੌਤ ਦੇ ਮੂੰਹ ਵਿਚ ਚਲੇ ਜਾਣਾ ਹੈ।
2. ਨਿਆਣਿਆਂ ਦੇ ਰੌਲੇ-ਰੱਪੇ ਦਾ ਮਤਲਬ ਹੈ ਕਿ ਸਾਨੂੰ ਕੁਦਰਤ ਨੇ ਪਿਆਰੇ ਬੱਚੇ ਦਿੱਤੇ ਹਨ। ਅਸੀਂ ਨਿਆਣਿਆਂ ਵਲੋਂ ਬਿਰਧ ਆਸ਼ਰਮ ਵਿਚ ਵੀ ਨਹੀਂ ਧੱਕੇ ਹੋਏ।
3. ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਮੂੰਹ ਨਾਲ ਬੋਲ ਰਹੇ ਹਾਂ ਤੇ ਤੁਰ ਵੀ ਸਕਦੇ ਹਾਂ।
4. ਬੌਸ ਦੀ ਚੱਕ ਚੱਕ ਦਾ ਮਤਲਬ ਹੈ ਕਿ ਸਾਨੂੰ ਨੌਕਰੀ ਵੀ ਮਿਲੀ ਹੋਈ ਹੈ ਤੇ ਅਸੀਂ ਕਰੋੜਾਂ ਲੋਕਾਂ ਤੋਂ ਚੰਗੇ ਹਾਂ ਜਿਹੜੇ ਬੇਰੁਜ਼ਗਾਰ ਹਨ।
5. ਘਰ ਅੰਦਰ ਜਾਗ ਖੁੱਲ੍ਹੀ ਹੈ ਤਾਂ ਮਤਲਬ ਹੈ, ਸਿਰ ਉੱਤੇ ਛੱਤ ਵੀ ਹੈ ਜੋ ਕਰੋੜਾਂ ਨੂੰ ਨਸੀਬ ਨਹੀਂ।
6. ਕੀ ਇਹ ਸਭ ਕੁੱਝ ਹੁੰਦਿਆਂ ਹਾਲੇ ਵੀ ਨਿਰਾ ਅਫਸੋਸ ਹੀ ਕਰਨਾ ਹੈ? ਇਸ ਦੀ ਬਜਾਏ ਜੇ ਇਹ ਸੋਚਿਆ ਜਾਏ- ਜਿਨ੍ਹਾਂ ਦੇ ਸਿਰਾਂ ਉੱਤੇ ਛੱਤ ਹੈ, ਚਲਾਉਣ ਨੂੰ ਕਾਰ ਸਕੂਟਰ ਹੈ, ਰੋਟੀ ਮਿਲ ਰਹੀ ਹੈ, ਜੇਬ ਵਿਚ ਪੈਸੇ ਹਨ, ਨੌਕਰੀ ਹੈ, ਬੈਂਕ ਬੈਲੈਂਸ ਹੈ, ਅੱਖਾਂ, ਕੰਨ, ਨੱਕ ਤੇ ਲੱਤਾਂ ਸਲਾਮਤ ਹਨ ਤੇ ਜੇਲ੍ਹ ਅੰਦਰ ਬੰਦ ਵੀ ਨਹੀਂ ਹਾਂ, ਤਾਂ ਅਸੀਂ ਦੁਨੀਆਂ ਭਰ ਦੇ ਲੋਕਾਂ ਵਿਚੋਂ ਚੋਟੀ ਦੇ 2 ਫੀਸਦੀ ਲੋਕਾਂ ਵਿਚ ਸ਼ਾਮਲ ਹਾਂ। ਕੀ ਇਹ ਖ਼ੁਸ਼ੀ ਮਨਾਉਣ ਵਾਲੀ ਗ਼ੱਲ ਨਹੀਂ ਹੈ?
ਜੇ ਖਿਝ ਕੇ ਉੱਠਣ ਨਾਲੋਂ ਸਵੇਰੇ ਉੱਠ ਕੇ ਆਪਣੇ ਜ਼ਿੰਦਾ ਹੋਣ ਦਾ ਸ਼ੁਕਰ ਮਨਾ ਕੇ, ਆਪਣੇ ਬੱਚਿਆਂ ਨਾਲ ਹੱਸ ਖੇਡ ਕੇ ਉਸ ਦਿਨ ਦਾ ਭਰਪੂਰ ਆਨੰਦ ਮਾਣੀਏ ਤਾਂ ਜ਼ਿੰਦਗੀ ਖ਼ੂਬਸੂਰਤ ਜਾਪੇਗੀ। ਇਹ ਜਸ਼ਨ ਦਾ ਮਾਹੌਲ ਸਭ ਨੂੰ ਖ਼ੁਸ਼ੀ ਨਾਲ ਭਰ ਦੇਵੇਗਾ ਤੇ ਚੁਫ਼ੇਰਾ ਚੰਗਾ ਜਾਪਣ ਲੱਗ ਪਵੇਗਾ।
ਜੀਵਨ ਸਾਥੀ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਨ ਨਾਲੋਂ ਉਸ ਦੀਆਂ ਚੰਗੀਆਂ ਆਦਤਾਂ ਤੇ ਕੋਈ ਚੰਗੀ ਗੱਲ ਦੀ ਸਰਾਹਣਾ ਕਰਦੇ ਸਾਰ ਰਿਸ਼ਤਿਆਂ ਵਿਚਲੀ ਕੁੜੱਤਣ ਖੁਰ ਖਾਂਦੀ ਹੈ। ਜੋ ਹੈ, ਉਸ ਵਿਚ ਸੰਤੁਸ਼ਟ ਹੋਣਾ ਸਿੱਖਣ ਦੀ ਲੋੜ ਹੈ। ਨਹੀਂ ਤਾਂ ਸਾਰੀ ਉਮਰ ਕੁੜ੍ਹਦੇ ਹੋਏ ਹੀ ਲੰਘ ਜਾਣੀ ਹੈ ਤੇ ਕਦੋਂ ਅੰਤ ਹੋ ਜਾਣਾ ਹੈ, ਪਤਾ ਹੀ ਨਹੀਂ ਲੱਗਣਾ।
ਹਾਲੇ ਵੀ ਵੇਲਾ ਹੈ। ਰੋਜ਼ ਦੋਸਤਾਂ ਮਿੱਤਰਾਂ ਨਾਲ ਖ਼ੁਸ਼ੀਆਂ ਵੰਡੀਏ। ਪਤਾ ਨਹੀਂ, ਕਿਸ ਨੇ ਕਦੋਂ ਵਿਛੜ ਜਾਣਾ ਹੈ। ਰੋਜ਼ ਆਪਣੇ ਬੱਚਿਆਂ ਨਾਲ ਸਮਾਂ ਬਿਤਾਈਏ। ਪਤਾ ਹੀ ਨਹੀਂ ਲੱਗਣਾ, ਕਦੋਂ ਉਨ੍ਹਾਂ ਜਵਾਨ ਹੋ ਕੇ ਘਰੋਂ ਬਾਹਰ ਆਪਣੇ ਕੰਮਾਂ ਵਿਚ ਰੁੱਝ ਕੇ ਦੂਰ ਤੁਰ ਜਾਣਾ ਹੈ। ਬੇਰਹਿਮ ਮੌਤ ਨੇ ਕਦੋਂ ਜੀਵਨ ਸਾਥੀ ਖੋਹ ਲੈਣਾ ਹੈ, ਇਸ ਤੋਂ ਵੀ ਅਸੀਂ ਬੇਖ਼ਬਰ ਹਾਂ। ਇਸੇ ਲਈ ਆਪਣਿਆਂ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਦਿਆਂ ਮਨ ਵਿਚ ਕੌੜ ਭਰਨ ਦੀ ਥਾਂ ਉਨ੍ਹਾਂ ਨੂੰ ਕੁਦਰਤੀ ਦ੍ਰਿਸ਼ਾਂ ਵਾਂਗ ਇੰਜ ਹੀ ਅਪਣਾ ਲਈਏ ਤਾਂ ਜ਼ਿੰਦਗੀ ਵਾਕਈ ਬਹੁਤ ਖ਼ੂਬਸੂਰਤ ਜਾਪਣ ਲੱਗ ਪੈਣੀ ਹੈ ਤੇ ਬੇਰੰਗ ਰਿਸ਼ਤਿਆਂ ਵਿਚ ਵਾਪਸ ਰੌਣਕ ਪਰਤ ਆਵੇਗੀ। ਸੰਪੂਰਨ ਸੰਤੁਸ਼ਟੀ ਕਿਸੇ ਨੂੰ ਹਾਸਲ ਨਹੀਂ ਹੁੰਦੀ। ਇਸੇ ਲਈ ਉਸ ਦੀ ਉਡੀਕ ਕਰਨੀ ਫਜ਼ੂਲ ਹੈ।
– ਡਾ. ਹਰਸ਼ਿੰਦਰ ਕੌਰ ਐੱਮ.ਡੀ.
-ਸੰਪਰਕ: 0175-2216783