ਇੱਟਾਂ

ਇੱਟਾਂ

ਅਸੀਂ ਇੱਟਾਂ ਹਾਂ
ਜਿਨ੍ਹਾਂ ਨਾਲ ਮੰਦਰ ਬਣਦਾ ਹੈ,
ਮਸਜਿਦ ਵੀ, ਗੁਰਦੁਆਰਾ, ਅਤੇ ਗਿਰਜਾ ਵੀ।

ਅਖ਼ੀਰ ਬੋਲਣਾ ਪੈ ਰਿਹਾ ਹੈ
ਬੁੱਧੀਮਾਨਾਂ ਨੂੰ ਕਿਵੇਂ ਸਮਝਾਈਏ?
ਜਾਗਦਿਆਂ ਨੂੰ ਕਿਵੇਂ ਜਗਾਈਏ?

ਅਸੀਂ ਇੱਟਾਂ ਹਾਂ
ਮਿੱਟੀ ਦੀਆਂ ਬਣੀਆਂ ਹੋਈਆਂ
ਮਜ਼ਦੂਰ ਸਾਨੂੰ ਪੱਥਦਾ ਹੈ
ਪਕਾਉਂਦਾ ਹੈ, ਢੋਂਦਾ ਹੈ,
ਚਿਣਦਾ ਹੈ ਮਸਜਿਦ ਉੱਤੇ, ਮੰਦਰ ਉੱਤੇ
ਗੁਰਦੁਆਰੇ ਉੱਤੇ, ਗਿਰਜੇ ਉੱਤੇ।
ਫਿਰ ਬਣ ਜਾਂਦੀਆਂ ਹਾਂ ਮੰਦਰ
ਮਸਜਿਦ, ਗੁਰਦੁਆਰਾ, ਗਿਰਜਾ।

ਸਾਡੀ ਪੂਜਾ ਹੁੰਦੀ ਹੈ
ਮੰਦਰ, ਮਸਜਿਦ, ਗੁਰਦੁਆਰਾ ਸਮਝ ਕੇ
ਹੁੰਦੀਆਂ ਅਸੀਂ ਇੱਟਾ ਹੀ ਹਾਂ
ਇਕੋ ਮਜ਼ਦੂਰ ਦੀਆਂ ਪੱਥੀਆਂ ਹੋਈਆਂ
ਪਕਾਈਆਂ, ਢੋਈਆਂ, ਚਿਣੀਆਂ ਹੋਈਆਂ।

ਤੁਸੀਂ ਲੜਦੇ ਹੋ
ਮੰਦਰ, ਮਸਜਿਦ, ਗੁਰਦੁਆਰਾ ਸਮਝ ਕੇ
ਪਰ ਅਸੀਂ ਇੱਟਾਂ ਹਾਂ ਬੇਜ਼ੁਬਾਨ,
ਤੁਸੀਂ ਹੋ ਮਹਾਂ ਵਿਦਵਾਨ
ਮਹਾਂ ਪੰਡਤ, ਮਹਾਂ ਗਿਆਨੀ।
ਆਲਿਮ-ਫ਼ਾਜ਼ਿਲ
ਵੇਦਾਂ ਕਿਤੇਬਾਂ ਦੇ ਗਿਆਤਾ।

ਅਸੀਂ ਪੁਸਤਕਾਂ ਨਹੀਂ ਪੜ੍ਹੀਆਂ
ਗ੍ਰੰਥ, ਵੇਦ, ਕਿਤੇਬ ਨਹੀਂ ਪੜ੍ਹੇ
ਪਰ ਅਸੀਂ ਸੁਣਦੀਆਂ ਹਾਂ
ਤੁਹਾਡੀਆਂ ਗੱਲਾਂ, ਤੁਹਾਡੇ ਭਾਸ਼ਨ, ਤੁਹਾਡੇ ਲੈਕਚਰ

ਉੱਚੀ ਉੱਚੀ ਬੋਲਦੇ ਹੋ
ਮਾਈਕ ਪਾਟਨ ਨੂੰ ਆ ਜਾਂਦੇ ਹਨ
ਇੱਕੋ ਪਰਮਾਤਮਾ, ਇੱਕੋ ਖ਼ੁਦਾ
ਇੱਕੋ ਵਾਹਿਗੁਰੂ ਦੀਆਂ ਗੱਲਾਂ ਕਰਦੇ ਹੋ
ਤੁਸੀਂ ਲਗਦੇ ਹੋ, ਨਿਮਰਤਾ, ਪ੍ਰੇਮ
ਸਹਿਨਸ਼ੀਲਤਾ ਦੇ ਮੁਦਈ।

ਕੀ ਹੋ ਜਾਂਦਾ ਹੈ ਅਚਾਨਕ?
ਕੀ ਬਣ ਜਾਂਦੇ ਹੋ ਤੁਸੀਂ?
ਹੱਥਾਂ ਵਿਚ ਤਲਵਾਰਾਂ, ਤ੍ਰਿਸ਼ੂਲ, ਬਰਛੇ
ਬੰਦੂਕਾਂ ਆ ਜਾਂਦੀਆਂ ਹਨ

ਬੰਬ ਫਟਦੇ ਹਨ, ਅੱਗਾਂ ਲਗਦੀਆਂ ਹਨ,
ਭਾਂਬੜ ਬਲਦੇ ਹਨ, ਖ਼ੂਨ ਵਗਦੇ ਹਨ।
ਹੈਰਾਨੀ ਹੁੰਦੀ ਹੈ, ਬਹੁਤ ਹੈਰਾਨੀ
ਇਹ ‘ਸ਼ਹਿਨਸ਼ੀਲਤਾ’ ਇਹ ‘ਪ੍ਰੇਮ’
ਇਹ ‘ਨਿਮਰਤਾ’ ਦੇਖ ਕੇ।

ਅਸੀਂ ਇੱਟਾਂ ਹਾਂ
ਅਣਪੜ੍ਹ, ਬੇਜਾਨ, ਬੇਜ਼ੁਬਾਨ
ਅੱਕ ਗਈਆਂ ਹਾਂ ਅਸੀਂ
ਥੱਕ ਗਈਆਂ ਹਾਂ ਅਸੀਂ
ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜਿਆਂ
ਉੱਤੇ ਲੱਗਣ ਤੋਂ।

ਮਹਾਂ ਵਿਦਵਾਨੋ, ਮਹਾਂ ਪੰਡਤੋ
ਵੇਦਾਂ ਕਿਤੇਬਾਂ ਦੇ ਗਿਅਤਿਓ
ਤੁਹਾਤੋਂ ਆਕੀ ਹਾਂ ਅਸੀਂ
ਤੁਹਾਤੋਂ ਬਾਗੀ ਹਾਂ ਅਸੀਂ
ਤੁਹਾਡੀ ਇਹ ‘ਨਿਮਰਤਾ’
ਤੁਹਾਡਾ ਇਹ ‘ਪ੍ਰੇਮ’
ਤੁਹਾਡੀ ਇਹ ‘ਸ਼ਹਿਣਸ਼ੀਲਤਾ’ ਦੇਖ ਕੇ।

ਪਖੰਡੀ ਹੋ ਤੁਸੀਂ, ਮਹਾਂ ਪਖੰਡੀ
ਉਸ਼ਟੰਡੀ ਹੋ ਤੁਸੀਂ, ਮਹਾਂ ਉਸ਼ਟੰਡੀ।
ਨਹੀਂ ਲੱਗਣਾ ਚਾਹਾਂਗੀਆਂ ਅਸੀਂ
ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਉੱਤੇ
ਗਿਰਜਿਆਂ ਤੇ ਮੱਠਾਂ ਉੱਤੇ।
ਆਕੀ ਹਾਂ ਅਸੀਂ,
ਬਾਗ਼ੀ ਹਾਂ ਅਸੀਂ।
ਬਾਗ਼ੀ ਹਾਂ ਅਸੀਂ।

– ਰਿਪੁਦਮਨ ਸਿੰਘ ਰੂਪ