ਮਤਭੇਦ ਹੋਣ ਹੀ ਕਿਉਂ?

ਕਹਾਵਤ ਹੈ ਕਿ ਜਿੱਥੇ ਚਾਰ ਭਾਂਡੇ ਹੋਣਗੇ ਤਾਂ ਉਹ ਆਪੋ ਵਿਚ ਜ਼ਰੂਰ ਖੜਕਣਗੇ। ਇਹੋ ਸਥਿਤੀ ਕਿਸੇ ਪਰਿਵਾਰ ਜਾਂ ਦੋਸਤਾਂ ਦੀ ਵੀ ਹੋ ਸਕਦੀ ਹੈ। ਜੇਕਰ ਸਮੇਂ ਸਿਰ ਆਪਸੀ ਮਤਭੇਦਾਂ ਨੂੰ ਖ਼ਤਮ ਕਰ ਦਿੱਤਾ ਜਾਵੇ ਤਾਂ ਪਰਿਵਾਰ ਤੇ ਦੋਸਤਾਂ ਦੇ ਆਪਸੀ ਸਬੰਧਾਂ ‘ਤੇ ਕੋਈ ਅਣਸੁਖਾਵਾਂ ਪ੍ਰਭਾਵ ਨਹੀਂ ਪੈਂਦਾ। ਅਸਲ ਵਿਚ ਜੇਕਰ ਆਪੋ ਵਿਚ ਵਿਚਾਰ-ਵਟਾਂਦਰਾ ਹੋਵੇਗਾ ਤਾਂ ਮਤਭੇਦ ਵੀ ਸਾਹਮਣੇ ਆਉਣਗੇ। ਇਨ੍ਹਾਂ ਨਾਲ ਥੋੜ੍ਹੀ ਬਹੁਤ ਟਕਰਾ ਦੀ ਸਥਿਤੀ ਵੀ ਬਣ ਸਕਦੀ ਹੈ। ਇਸ ਦੇ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਮਤਭੇਦਾਂ ਨੂੰ ਸਥਾਈ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਰਿਸ਼ਤਿਆਂ ਵਿਚ ਦੂਰੀਆਂ ਆ ਜਾਂਦੀਆਂ ਹਨ।
ਕਾਹਲ ਅਤੇ ਮੁਕਾਬਲੇ ਦੇ ਇਸ ਦੌਰ ਵਿਚ ਲੋਕੀਂ ਆਪਣੇ ਬਾਰੇ ਵਧੇਰੇ ਸੋਚਣ ਲੱਗ ਪਏ ਹਨ। ਸਮਾਜਿਕ ਕਦਰਾਂ-ਕੀਮਤਾਂ ਦੇ ਟੁੱਟਣ ਨਾਲ ਮਨੁੱਖੀ ਰਿਸ਼ਤਿਆਂ ਵਿਚ ਤਰੇੜਾਂ ਆਉਣ ਲੱਗ ਪਈਆਂ ਹਨ। ‘ਅੱਖ ਦੀ ਸ਼ਰਮ’ ਅਤੇ ‘ਰਿਸ਼ਤੇ ਦੀ ਸਾਂਝ’ ਦਾ ਪ੍ਰਭਾਵ ਬੱਚਿਆਂ ਵਿਚ ਘਟ ਰਿਹਾ ਹੈ। ਸੰਯੁਕਤ ਪਰਿਵਾਰਾਂ ਦੇ ਟੁੱਟਣ ਨਾਲ ਬੱਚਿਆਂ ਅਤੇ ਮਾਪਿਆਂ ਵਿਚਕਾਰ ਆਪਸੀ ਮਤਭੇਦ ਵਧ ਰਹੇ ਹਨ। ਮੱਧ ਵਰਗੀ ਸ਼ਹਿਰੀ ਪਰਿਵਾਰਾਂ ਵਿਚ ਇਸ ਦਾ ਪ੍ਰਭਾਵ ਵਧੇਰੇ ਪ੍ਰਤੱਖ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਤਭੇਦ ਤਾਂ ਮੁੱਢ ਕਦੀਮ ਤੋਂ ਹੀ ਹੁੰਦੇ ਰਹੇ ਹਨ, ਪਰ ਉਦੋਂ ਇਹ ਬਹੁਤੇ ਘਾਤਕ ਸਿੱਧ ਨਹੀਂ ਹੁੰਦੇ ਸਨ। ਸਮਾਜ ਵਿਚ ਅਤੇ ਪਰਿਵਾਰ ਵਿਚ ਬਜ਼ੁਰਗਾਂ ਦੀ ਇੱਜ਼ਤ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਦੇ ਸਾਹਮਣੇ ਬੋਲਣ ਦਾ ਹੌਸਲਾ ਘੱਟ ਹੀ ਕੀਤਾ ਜਾਂਦਾ ਸੀ। ਉਨ੍ਹਾਂ ਵੱਲੋਂ ਕੀਤੇ ਫ਼ੈਸਲੇ ਨੂੰ ਆਮ ਤੌਰ ‘ਤੇ ਮੰਨ ਲਿਆ ਜਾਂਦਾ ਸੀ, ਪਰ ਹੁਣ ਜਦੋਂ ਕਿ ਸੰਯੁਕਤ ਪਰਿਵਾਰ ਟੁੱਟ ਰਹੇ ਹਨ ਤਾਂ ਸਥਿਤੀ ਬਦਲ ਗਈ ਹੈ। ਕਈ ਵਾਰ ਤਾਂ ਨੌਬਤ ਘਰ ਟੁੱਟਣ ਤਕ ਆ ਜਾਂਦੀ ਹੈ। ਇਸ ਘਰੋਗੀ ਮਾਹੌਲ ਦਾ ਪ੍ਰਭਾਵ ਬੱਚਿਆਂ ‘ਤੇ ਵਧੇਰੇ ਪੈਂਦਾ ਹੈ। ਬੱਚਿਆਂ ਵਿਚ ਵੱਡਿਆਂ ਦੇ ਵਿਚਾਰਾਂ ਦਾ ਸਤਿਕਾਰ ਘਟ ਰਿਹਾ ਹੈ। ਉਨ੍ਹਾਂ ਵਿਚ ਆਪਣੀ ਗੱਲ ‘ਤੇ ਅੜ ਜਾਣਾ ਅਤੇ ਆਪਣੇ ਆਪ ਨੂੰ ਸੂਝਵਾਨ ਸਮਝਣਾ ਆਮ ਵੇਖਣ ਵਿਚ ਆਉਂਦਾ ਹੈ।
ਆਪਸੀ ਮਤਭੇਦ ਦੂਰ ਕਰਨ ਲਈ ਇਹ ਵੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹਾ ਟਕਰਾਅ ਹੁੰਦਾ ਹੀ ਕਿਉਂ ਹੈ? ਪਿਆਰ, ਦੋਸਤੀ ਅਤੇ ਅਸੂਲਾਂ ਦੇ ਹੁੰਦਿਆਂ ਹੋਇਆਂ ਵੀ ਆਪੋ ਵਿਚ ਖਿੱਚੋਤਾਣ ਕਿਉਂ ਹੁੰਦੀ ਹੈ? ਆਪਸੀ ਮਤਭੇਦਾਂ ਨੂੰ ਜਨਮ ਦੇਣ ਵਾਲੇ ਕਾਰਨਾਂ ਨੂੰ ਨਿਖੇੜਨਾ ਜ਼ਰੂਰੀ ਹੈ। ਜ਼ਿੱਦੀ ਸੁਭਾਅ, ਅਧੂਰੀ ਜਾਣਕਾਰੀ, ਹਊਮੈ, ਹੀਣਭਾਵਨਾ ਅਤੇ ਸ਼ੈਤਾਨੀ ਸੋਚ ਆਪਸ ਵਿਚ ਗ਼ਲਤ ਫ਼ਹਿਮੀਆਂ ਨੂੰ ਜਨਮ ਦਿੰਦੇ ਹਨ।
ਰਲਮਿਲ ਕੇ ਕੀਤੇ ਫ਼ੈਸਲੇ ਹਮੇਸ਼ਾਂ ਮਤਭੇਦਾਂ ਨੂੰ ਘੱਟ ਕਰਦੇ ਹਨ। ਅਜਿਹਾ ਕੀਤਿਆਂ ਸਾਰੀਆਂ ਧਿਰਾਂ ਦੀ ਹਊਮੈ ਨੂੰ ਵੀ ਸੰਤੁਸ਼ਟੀ ਮਿਲਦੀ ਹੈ। ਇਹ ਅਸੂਲ ਘਰ ਦੇ ਨਿੱਕੇ ਫ਼ੈਸਲਿਆਂ ‘ਤੇ ਵੀ ਓਨਾ ਹੀ ਲਾਗੂ ਹੁੰਦਾ ਹੈ ਜਿਨਾ ਸੰਸਥਾਵਾਂ ਵਿਚ ਹੋਣ ਵਾਲੇ ਵੱਡੇ ਫ਼ੈਸਲਿਆਂ ‘ਤੇ ਲਾਗੂ ਹੁੰਦਾ ਹੈ। ਖੁੱਲ੍ਹ ਕੇ ਕੀਤੇ ਵਿਚਾਰ ਵਟਾਂਦਰੇ ਨਾਲ ਨਿਰਾ ਮਤਭੇਦ ਹੀ ਘੱਟ ਨਹੀਂ ਹੁੰਦੇ ਸਗੋਂ ਫ਼ੈਸਲੇ ਵੀ ਵਧੀਆ ਹੋ ਜਾਂਦੇ ਹਨ। ਇਹ ਫ਼ੈਸਲੇ ਕਿਉਂਕਿ ਸਾਰਿਆਂ ਨੇ ਰਲ ਕੇ ਲਏ ਹੁੰਦੇ ਹਨ, ਇਸ ਕਰਕੇ ਇਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਵੀ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਇੰਜ ਹੋਈਆਂ ਪ੍ਰਾਪਤੀਆਂ ਦਾ ਆਨੰਦ ਸਾਰੇ ਹੀ ਮਾਣਦੇ ਹਨ।
ਅਧੂਰੀ ਜਾਣਕਾਰੀ ਜਿੱਥੇ ਮਤਭੇਦਾਂ ਦਾ ਕਾਰਨ ਬਣਦੀ ਹੈ, ਉੱਥੇ ਪੂਰੀ ਜਾਣਕਾਰੀ ਇਨ੍ਹਾਂ ਨੂੰ ਘੱਟ ਕਰਨ ਵਿਚ ਸਹਾਈ ਹੁੰਦੀ ਹੈ। ਸਾਥੀਆਂ ਦਾ ਵਿਸ਼ਵਾਸ ਉਦੋਂ ਹੀ ਜਿੱਤਿਆ ਜਾ ਸਕਦਾ ਹੈ ਜੇਕਰ ਉਨ੍ਹਾਂ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ। ਜਦੋਂ ਵੀ ਜਾਣਕਾਰੀ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸ਼ੱਕ ਦੀ ਭਾਵਨਾ ਉਤਪੰਨ ਹੋ ਜਾਂਦੀ ਹੈ ਤੇ ਸਵੈਮਾਣ ਨੂੰ ਠੇਸ ਲੱਗਦੀ ਹੈ। ਆਪਣੇ ਸਾਥੀਆਂ ਕੋਲੋਂ ਕੁਝ ਵੀ ਛੁਪਾਉਣ ਦੀ ਕੋਸ਼ਿਸ਼ ਨਾ ਕਰੋ, ਕੰਮ ਵਿਚ ਸਫਲਤਾ ਤਾਂ ਆਖਿਰ ਉਨ੍ਹਾਂ ਦੇ ਸਹਿਯੋਗ ਨਾਲ ਹੀ ਪ੍ਰਾਪਤ ਹੋਣੀ ਹੈ। ਹਮੇਸ਼ਾਂ ਸਾਰਿਆਂ ਦੇ ਵਿਚਾਰ ਸੁਣੋ। ਵਿਚਾਰ ਵਟਾਂਦਰੇ ਪਿੱਛੋਂ ਜੇ ਲੋੜ ਪਵੇ ਤਾਂ ਪਹਿਲਾਂ ਕੀਤੇ ਫ਼ੈਸਲੇ ਵਿਚ ਤਬਦੀਲੀ ਕਰ ਲੈਣੀ ਚਾਹੀਦੀ ਹੈ।
ਟਕਰਾਅ ਵਾਲੀ ਸਥਿਤੀ ਸਾਰਿਆਂ ਲਈ ਘਾਤਕ ਹੈ। ਸੂਝਵਾਨ ਮੁਖੀ ਅਜਿਹੀ ਸਥਿਤੀ ‘ਤੇ ਜਲਦੀ ਹੀ ਕਾਬੂ ਪਾ ਲੈਂਦਾ ਹੈ। ਕੁਝ ਮੁਖੀ ਅਜਿਹੇ ਵੀ ਹੁੰਦੇ ਹਨ ਜਿਹੜੇ ਜਾਣਕਾਰੀ ਹੁੰਦਿਆਂ ਹੋਇਆਂ ਵੀ ਅਵੇਸਲੇ ਹੋ ਜਾਂਦੇ ਹਨ। ਮਤਭੇਦਾਂ ਅਤੇ ਟਕਰਾਅ ਨੂੰ ਦੂਰ ਕਰਨ ਦੀ ਥਾਂ ਉਹ ਸੋਚਦੇ ਹਨ ਕਿ ਸਮੇਂ ਦੇ ਬੀਤਣ ਨਾਲ ਇਹ ਆਪਣੇ ਆਪ ਹੀ ਖ਼ਤਮ ਹੋ ਜਾਣਗੇ। ਇਹ ਵਿਚਾਰ ਸਹੀ ਨਹੀਂ ਹਨ। ਮੁਖੀ ਨੂੰ ਚਾਹੀਦਾ ਹੈ ਕਿ ਸਾਰੀਆਂ ਧਿਰਾਂ ਨੂੰ ਭਰੋਸੇ ਵਿਚ ਲੈ ਕੇ ਮਤਭੇਦਾਂ ਅਤੇ ਟਕਰਾਅ ਨੂੰ ਖ਼ਤਮ ਕਰੇ। ਟਕਰਾਅ ਅਤੇ ਮਤਭੇਦ ਆਉਂਦੇ ਹੀ ਹਨ। ਇਨ੍ਹਾਂ ਤੋਂ ਘਬਰਾਉਣਾ ਜਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸਗੋਂ ਸਮੇਂ ਸਿਰ ਸਾਰੀਆਂ ਧਿਰਾਂ ਨੂੰ ਵਿਸ਼ਵਾਸ ਵਿਚ ਲੈ ਕੇ ਇਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ।

-ਡਾ. ਰਣਜੀਤ ਸਿੰਘ