Copyright © 2019 - ਪੰਜਾਬੀ ਹੇਰਿਟੇਜ
ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ ਸਾਲ 2018

ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ ਸਾਲ 2018

ਸਾਲ 2018 ਸਾਨੂੰ ਅਲਵਿਦਾ ਕਹਿ ਚੁੱਕਾ ਹੈ ਅਤੇ ਨਵਾਂ ਸਾਲ 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਲ 2018 ਕੁਝ ਅਜਿਹੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਕੇ ਗਿਆ ਹੈ ਜੋ ਹਮੇਸ਼ਾ ਯਾਦ ਰਹਿਣਗੀਆਂ। ਆਓ ਜਾਣਦੇ ਹਾਂ 2018 ਦੀਆਂ ਖਾਸ ਗੱਲਾਂ ਬਾਰੇ :

ਕੈਨੇਡਾ ‘ਚ ਬਣਿਆ ਭੰਗ ਦਾ ਕਾਨੂੰਨ
ਕੈਨੇਡੀਅਨ ਲੋਕਾਂ ਲਈ 17 ਅਕਤੂਬਰ, 2018 ਦਾ ਦਿਨ ਬਹੁਤ ਖਾਸ ਰਿਹਾ। ਇਸ ਦਿਨ ਸਰਕਾਰ ਵਲੋਂ ਮਨਜ਼ੂਰ ਭੰਗ ਦਾ ਬਿੱਲ ਲਾਗੂ ਕੀਤਾ ਗਿਆ, ਜਿਸ ਕਾਰਨ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ। ਹਾਲਾਂਕਿ ਇਸ ਦੇ ਨਾਲ ਕਈ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਭਾਵ ਲਿਮਟ ਤੋਂ ਵਧ ਭੰਗ ਪੀਣਾ ਜਾਂ ਕੋਲ ਰੱਖਣਾ ਅਪਰਾਧ ਮੰਨਿਆ ਜਾਵੇਗਾ। ਜਿਸ ਦਿਨ ਕੈਨੇਡਾ ‘ਚ ਇਹ ਕਾਨੂੰਨ ਲਾਗੂ ਹੋਣਾ ਸੀ, ਉਸ ਤੋਂ ਇਕ ਦਿਨ ਪਹਿਲਾਂ ਹੀ ਲੋਕਾਂ ਨੇ ਭੰਗ ਦੇ ਸਟੋਰਾਂ ਦੇ ਬਾਹਰ ਕਤਾਰਾਂ ਬਣਾ ਕੇ ਭੰਗ ਖਰੀਦਣ ਦਾ ਇੰਤਜ਼ਾਰ ਕੀਤਾ। ਬਹੁਤ ਸਾਰੇ ਲੋਕ ਘੰਟਿਆਂ ਤਕ ਉਡੀਕ ਕਰਦੇ ਰਹੇ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇਕ ਦਿਨ ‘ਚ ਹੀ ਕੈਨੇਡਾ ਦੇ ਕਈ ਸ਼ਹਿਰਾਂ ਦੇ ਸਟੋਰਾਂ ‘ਚ ਭੰਗ ਖਤਮ ਹੋ ਗਈ ਸੀ।

ਕੈਨੇਡੀਅਨ-ਪੰਜਾਬੀ ਸੰਸਦ ਮੈਂਬਰ ਦਾ ਅਸਤੀਫਾ
ਕੈਨੇਡਾ ‘ਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਖਰਾਬ ਸਿਹਤ ਦਾ ਹਵਾਲਾ ਦੇ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਸੀ ਪਰ ਕੁਝ ਦਿਨਾਂ ਬਾਅਦ ਗਰੇਵਾਲ ਨੇ ਆਪਣੇ ਇਸ ਫੈਸਲੇ ਨੂੰ ਬਦਲ ਲਿਆ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗਰੇਵਾਲ ਨੂੰ ਜੂਏ ਦੀ ਲਤ ਹੈ। ਇਸ ਮਗਰੋਂ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ ਕਿਉਂਕਿ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਪੈਸੇ ਦੇ ਰਿਕਾਰਡ ਨੂੰ ਪੂਰੀ ਤਰ੍ਹਾਂ ਜਾਂਚਿਆ ਜਾਣ ਲੱਗ ਗਿਆ ਸੀ। ਉਂਝ ਗਰੇਵਾਲ ਜੁਲਾਈ 2018 ‘ਚ ਵਿਆਹ ਦੇ ਬੰਧਨ ‘ਚ ਬੱਝੇ ਹਨ
ਅਮਰੀਕਾ-ਚੀਨ ਦੀ ਟਰੇਡ ਵਾਰ ‘ਚ ਫਸਿਆ ਕੈਨੇਡਾ
ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੀ ਟਰੇਡ ਵਾਰ ‘ਚ ਕੈਨੇਡਾ ਫਸ ਗਿਆ ਹੈ। ਕੈਨੇਡਾ ‘ਚ ਪਹਿਲੀ ਦਸੰਬਰ ਨੂੰ ਚੀਨੀ ਕੰਪਨੀ ਹੁਵੇਈ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਨੂੰ ਹਿਰਾਸਤ ‘ਚ ਲਿਆ ਗਿਆ। ਇਸ ਮਗਰੋਂ ਚੀਨ ਨੇ ਕੈਨੇਡਾ ਦੇ 3 ਨਾਗਰਿਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਹੋ ਸਕਦਾ ਹੈ ਕਿ 2019 ‘ਚ ਇਸ ਮਸਲੇ ਦਾ ਕੋਈ ਹੱਲ ਹੋ ਜਾਵੇ ਪਰ ਅਜੇ ਤਕ ਇਸ ਦਾ ਹੱਲ ਨਿਕਲਦਾ ਦਿਖਾਈ ਨਹੀਂ ਆ ਦਿੰਦਾ।
ਟੋਰਾਂਟੋ ‘ਚ ਹੋਈਆਂ ਰਿਕਾਰਡ ਤੋੜ ਹਿੰਸਕ ਘਟਨਾਵਾਂ
ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਸਾਲ 2018 ‘ਚ ਰਿਕਾਰਡ ਤੋੜ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ, ਪੁਲਿਸ ਵੱਲੋਂ ਪੇਸ਼ ਕੀਤੇ ਗਏ ਅੰਕੜਿਆ ਦੇ ਮੁਤਾਬਿਕ 31 ਦਸੰਬਰ 2018 ਤੱਕ ਟੋਰਾਂਟੋ ‘ਚ ਹਿੰਸਾਂ ਦੀਆਂ 424 ਘਟਨਾਵਾਂ ਵਾਪਰੀਆਂ ਹਨ ਜਦਕਿ 2016 ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ 407 ਸੀ। ਟੋਰਾਂਟੋ ਪੁਲਿਸ ਦੇ ਬੁਲਾਰੇ ਮੁਤਾਬਿਕ 2018 ਦਾ ਇਹ ਰਿਕਾਰਡ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਜ਼ੀਰੋ ਗਨ ਵਾਇਲੈਂਸ ਮੂਵਮੈਂਟ ਦੇ ਸੰਸਥਾਪਕ ਲੂਈਸ ਮਾਰਚ ਨੇ ਦੱਸਿਆ ਕਿ ਸ਼ਹਿਰ ‘ਚ ਇਸ ਸਾਲ ਵਾਪਰੀਆਂ ਘਟਨਾਵਾਂ ਰਾਤ ਨੂੰ ਨਹੀਂ ਸਗੋਂ ਦਿਨ ਦਿਹਾੜੇ ਵਾਪਰੀਆਂ ਨੇ, ਜਿਨ੍ਹਾਂ ਦੀ ਜਾਂਚ ਕਰਨ ‘ਚ ਸਰਕਾਰ ਲਗਭਗ ਅਸਫ਼ਲ ਰਹੀ ਹੈ। ਜੇਕਰ ਗੱਲ 2017 ਦੀ ਕਰੀਏ ਤਾਂ ਇਸ ਦੌਰਾਨ ਸ਼ਹਿਰ ‘ਚ 392 ਘਟਨਾਵਾਂ ਵਾਪਰੀਆਂ ਸਨ, ਜੋ ਕਿ ਸਾਲ 2018 ਦੇ ਮੁਤਾਬਿਕ 32 ਘੱਟ ਸਨ। ਜਦਕਿ 2005 ‘ਚ ਟੋਰਾਂਟੋ ਨੂੰ ‘ਦਾ ਈਅਰ ਆਫ ਦਾ ਗੰਨ’ ਦੇ ਨਾਂਅ ਵਜੋਂ ਜਾਣਿਆ ਗਿਆ ਸੀ, ਜਦੋਂ ਇੱਥੇ 359 ਘਟਨਾਵਾਂ ਵਾਪਰੀਆਂ ਸਨ। ਇਸ ਦੇ ਉਲਟ 2014 ‘ਚ ਸਭ ਤੋਂ ਘੱਟ ਘਟਨਾਵਾਂ ਟੋਰਾਂਟੋ ਸ਼ਹਿਰ ‘ਚ ਵਾਪਰੀਆਂ, ਜਿਨ੍ਹਾਂ ਦੀ ਗਿਣਤੀ ਮਹਿਜ਼ 177 ਸੀ।
ਕਰਤਾਰਪੁਰ ਸਾਹਿਬ ਲਾਂਘਾ
ਸ਼ੁਰੂਆਤ ਕਰਦੇ ਹਾਂ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਜਿਸ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਕੇ ਸਿੱਖਾਂ ਦੀ 70 ਸਾਲ ਪੁਰਾਣੀ ਮੰਗ ਪੂਰੀ ਕੀਤੀ ਹੈ। 2018 ਦੀ ਸਭ ਤੋਂ ਮਿੱਠੀ ਅਤੇ ਪਵਿੱਤਰ ਯਾਦ ਕਰਤਾਰਪੁਰ ਸਾਹਿਬ ਲਾਂਘਾ ਹੈ, ਜਿਸ ਨੂੰ ਖੋਲ੍ਹਣ ਲਈ 22 ਨਵੰਬਰ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦਿੱਤੀ। ਇਸ ਮਨਜ਼ੂਰੀ ਤੋਂ ਬਾਅਦ ਭਾਰਤ ਵਲੋਂ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ‘ਚ 26 ਨਵੰਬਰ 2018 ਨੂੰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ 28 ਅਕਤੂਬਰ 2018 ਨੂੰ ਪਾਕਿਸਤਾਨ ‘ਚ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਖਬਰ ਨਾਲ ਦੇਸ਼-ਵਿਦੇਸ਼ ‘ਚ ਰਹਿੰਦੀ ਸਿੱਖ ਸੰਗਤ ‘ਚ ਬਹੁਤ ਉਤਸ਼ਾਹ ਹੈ। ਉਮੀਦ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਕਰਤਾਰਪੁਰ ਸਾਹਿਬ ‘ਚ ਗੁਰਦੁਆਰਾ ਸਾਹਿਬ ਦੇ ਦਰਸ਼ਨ-ਦੀਦਾਰ ਕਰ ਸਕਣਗੀਆਂ, ਜਿੱਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਤੀਤ ਕੀਤੇ ਸਨ। ਤੁਹਾਨੂੰ ਦੱਸ ਦਈਏ ਕਿ ਹੁਣ ਤਕ ਸੰਗਤਾਂ ਡੇਰਾ ਬਾਬਾ ਨਾਨਕ ‘ਚ ਲੱਗੀ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀਆਂ ਰਹੀਆਂ ਹਨ।
#metoo ਅੰਦੋਲਨ ਦੀ ਦਸਤਕ
ਅਮਰੀਕਾ ਵਿੱਚ ਸ਼ੁਰੂ ਹੋਈ #$ਕ”ਰਰ ਮੁਹਿੰਮ ਨੇ ਇਸ ਸਤੰਬਰ ਵਿੱਚ ਉਦੋਂ ਦਸਤਕ ਦਿੱਤੀ ਜਦੋਂ ਫਿਲਮ ਅਦਾਕਾਰ ਤਨੁਸ਼੍ਰੀ ਦੱਤਾ ਨੇ ਦਸ ਸਾਲ ਪਹਿਲਾਂ ਹੋਏ ਇੱਕ ਮਾਮਲੇ ਵਿੱਚ ਨਾਨਾ ਪਾਟੇਕਰ ਦੇ ਖਿਲਾਫ਼ ਸ਼ੋਸ਼ਣ ਦੇ ਇਲਜ਼ਾਮ ਲਾਏ। ਇਸ ਤੋਂ ਬਾਅਦ ਇਸ ਮੁਹਿੰਮ ਦੇ ਤਹਿਤ ਫਿਲਮ, ਕਲਾ ਅਤੇ ਮੀਡੀਆ ਨਾਲ ਜੁੜੀਆਂ ਕਈ ਔਰਤਾਂ ਨੇ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ‘ਤੇ ਖੁੱਲ੍ਹ ਕੇ ਗੱਲ ਕੀਤੀ।
ਜੀ-7 ਸੰਮੇਲਨ
ਜੂਨ ਮਹੀਨੇ ‘ਚ ਹੋਏ ਜੀ-7 ਸੰਮੇਲਨ ਦੀ ਇੱਕ ਤਸਵੀਰ ਦੁਨੀਆਂ ਭਰ ‘ਚ ਵਾਈਰਲ ਹੋਈ ਸੀ। ਇਸ ਤਸਵੀਰ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੁਰਸੀ ‘ਤੇ ਬੈਠੇ ਹੋਏ ਹਨ ਜਦ ਕਿ ਬਾਕੀ ਸਾਰੇ ਦੇਸਾਂ ਦੇ ਨੁਮਾਇੰਦੇ ਉਨ੍ਹਾਂ ਵੱਲ ਤਲਖ਼ੀ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ। ਇਸ ਤਸਵੀਰ ਨੇ ਅਮਰੀਕਾ ਅਤੇ ਜੀ-7 ਦੇ ਬਾਕੀ ਦੇਸਾਂ ਵਿਚਾਲੇ ਤਣਾਅ ਨੂੰ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਸੀ।

ਅੱਧਾ ਝੁਕਿਆ ਅਮਰੀਕੀ ਝੰਡਾ
ਜਦੋਂ ਅਮਰੀਕੀ ਸਿਨੇਟਰ ਜੌਨ ਮੈਕੇਨ ਦੀ ਅਗਸਤ ਮਹੀਨੇ ‘ਚ ਕੈਂਸਰ ਨਾਲ ਮੌਤ ਹੋਈ ਤਾਂ ਵ੍ਹਾਈਟ ਹਾਊਸ ਉਨ੍ਹਾਂ ਦੀ ਮੌਤ ‘ਤੇ ਸੋਗ ਮਨਾਉਣ ਨੂੰ ਲੈ ਕੇ ਦੁਚਿੱਤੀ ‘ਚ ਦਿਖਿਆ। ਮੈਕੇਨ, ਡੌਨਲਡ ਟਰੰਪ ਦੀ ਹੀ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹੇ ਸਨ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਤਾਂ ਜੌਨ ਮੈਕੇਨ ਦੇ ਸਨਮਾਨ ‘ਚ ਝੰਡਾ ਨੂੰ ਝੁਕਾਇਆ, ਫਿਰ ਉਸ ਨੂੰ ਉਪਰ ਚੁੱਕ ਦਿੱਤਾ ਅਤੇ ਨਿੰਦਾ ਹੋਣ ‘ਤੇ ਇੱਕ ਵਾਰ ਫਿਰ ਝੰਡੇ ਨੂੰ ਝੁਕਾ ਦਿੱਤਾ ਗਿਆ।
ਕਠੂਆ ਗੈਂਗਰੇਪ
ਅਪ੍ਰੈਲ ਮਹੀਨੇ ‘ਚ ਜੰਮੂ-ਕਸ਼ਮੀਰ ‘ਚ ਕਠੂਆ ਜ਼ਿਲੇ ਦੇ ਰਾਸਨਾ ਪਿੰਡ ‘ਚ ਬਕਰਵਾਲ ਭਾਈਚਾਰੇ ਦੀ 8 ਸਾਲ ਦੀ ਬੱਚੀ ਦੀ ਲਾਸ਼ ਬਰਾਮਦ ਹੋਈ ਸੀ। 10 ਅਪ੍ਰੈਲ ਨੂੰ ਦਾਇਰ ਪੁਲਸ ਦੀ ਚਾਰਜਸ਼ੀਟ ਮੁਤਾਬਕ, ਬੱਚੀ ਦਾ ਗੈਂਗਰੇਪ ਦੇ ਬਾਅਦ ਕਤਲ ਕੀਤਾ ਗਿਆ ਸੀ। ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਸੁੰਨ ਕਰ ਕੇ ਰੱਖ ਦਿੱਤਾ ਸੀ। ਇੰਟਰਨੈਸ਼ਨਲ ਮੀਡੀਆ ਨੇ ਵੀ ਇਸ ਨੂੰ ਕਵਰ ਕੀਤਾ ਅਤੇ ਹੈਵਾਨੀਅਤ ਕਰਾਰ ਦਿੱਤਾ। ਦੋਸ਼ ਪਿੰਡ ਦੇ ਇਕ ਸੇਵਾਦਾਰ ‘ਤੇ ਲੱਗਿਆ ਸੀ। ਕਿਹਾ ਜਾ ਰਿਹਾ ਹੈ ਕਿ ਬਕਰਵਾਲ ਭਾਈਚਾਰੇ ਨੂੰ ਪਿੰਡ ‘ਚੋਂ ਬੇਦਖਲ ਕਰਵਾਉਣ ਦੇ ਇਰਾਦੇ ਨਾਲ ਇਹ ਸਾਜ਼ਿਸ਼ ਰਚੀ ਗਈ ਸੀ। ਇਸ ਮਾਮਲੇ ‘ਚ ਇਕ ਨਾਬਾਲਗ ਸਮੇਤ 8 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਸੀ। ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਅੰਮ੍ਰਿਤਸਰ ਰੇਲ ਹਾਦਸਾ
ਸਾਲ 2018 ‘ਚ ਦੁਸਹਿਰੇ ਦਾ ਤਿਉਹਾਰ ਅੰਮ੍ਰਿਤਸਰ ‘ਚ ਭਿਆਨਕ ਰੇਲ ਹਾਦਸੇ ਦੀ ਭੇਂਟ ਚੜ੍ਹ ਗਿਆ। ਇਸ ਹਾਦਸੇ ‘ਚ ਘੱਟ ਤੋਂ ਘੱਟ 60 ਲੋਕਾਂ ਦੀ ਮੌਤ ਹੋ ਗਈ ਅਤੇ 140 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਦੋਂ ਹੋਇਆ ਜਦੋਂ ਅੰਮ੍ਰਿਤਸਰ ਤੋਂ ਸਟੇ ਜੋੜਾ ਫਾਟਕ ਦੇ ਨੇੜੇ ਸ਼ਾਮ ਕਰੀਬ ਸਾਢੇ ਛੇ ਵਜੇ ਰਾਵਣ ਨੂੰ ਸਾੜਣ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਲੋਕਲ ਟ੍ਰੇਨ ਜੋੜਾ ਫਾਟਕ ‘ਤੋਂ ਲੰਘੀ ਅਤੇ ਜੋ ਲੋਕ ਟ੍ਰੈਕ ਦੇ ਨੇੜੇ ਖੜੇ ਹੋ ਕੇ ਰਾਵਣ ਦਹਿਣ ਦੇਖ ਰਹੇ ਸਨ ਟਰੇਨ ਦੀ ਚਪੇਟ ‘ਚ ਆ ਗਏ। ਲੋਕਾਂ ਦਾ ਕਹਿਣਾ ਹੈ ਕਿ ਪਟਾਕਿਆਂ ਅਤੇ ਰੋਲੇ ਕਾਰਨ ਟਰੇਨ ਦਾ ਹਾਰਨ ਸੁਣਾਈ ਨਹੀਂ ਦਿੱਤਾ। ਇਸ ਕਾਰਨ ਇਹ ਹਾਦਸਾ ਹੋਇਆ।
ਪੁਲਾੜ ‘ਚ ਕਾਰ
ਫਰਵਰੀ ਮਹੀਨੇ ‘ਚ ਹੀ ਏਲਨ ਮਸਕ ਨੇ ਆਪਣੀ 2008 ਦੀ ਟੈਸਲਾ ਰੋਜਸਟਰ ਕਾਰ ਨੂੰ ਸੂਰਜ ਦੀ ਧੁਰੀ ‘ਚ ਭੇਜਿਆ ਸੀ। ਜਿਸ ‘ਚ ਡਰਾਈਵਰ ਵਜੋਂ ਇੱਕ ਪੁਤਲੇ ਨੂੰ ਬਿਠਾਇਆ ਗਿਆ ਸੀ। ਪੁਲਾੜ ‘ਚ ਤੈਰ ਰਹੀ ਇਸ ਕਾਰ ਦੀ ਤਸਵੀਰ ਦੁਨੀਆਂ ਭਰ ਵਿੱਚ ਸੁਰਖ਼ੀਆਂ ਵਿੱਚ ਰਹੀ।
ਜਵਾਲਾਮੁਖੀ ਦੇ ਲਾਵੇ ਦੀ ਨਦੀ
5ਮਈ ਨੂੰ ਅਮਰੀਕੀ ਦਾ ਹਵਾਈ ਦੀਪ ਭਿਆਨਕ ਜ਼ਲਜ਼ਲੇ ਨਾਲ ਹਿਲ ਗਿਆ ਸੀ। ਇਹ ਹਵਾਈ ‘ਤੇ 40 ਸਾਲ ਦਾ ਸਭ ਤੋਂ ਭਿਆਨਕ ਭੂਚਾਲ ਸੀ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਹਵਾਈ ‘ਤੇ ਸਥਿਤ ਜਵਾਲਾਮੁਖੀ ਕਿਲਾਉਈਆ ਭੜਕਿਆ। ਉਛਲਦਾ ਲਾਵਾ ਆਲੇ-ਦੁਆਲੇ ਦੇ ਇਲਾਕੇ ‘ਚ ਫੈਲ ਗਿਆ। ਇਹ ਤਸਵੀਰ ਦੁਨੀਆਂ ‘ਚ ਇੰਝ ਮਸ਼ਹੂਰ ਹੋਈ ਜਿਵੇਂ ਮੰਨੋ ਇਸ ਭਿਆਨਕ ਲਾਵੇ ਨੇ ਦੁਨੀਆਂ ਦਾ ਰਸਤਾ ਰੋਕ ਲਿਆ ਹੋਵੇ।
ਪਲਾਸਟਿਕ ‘ਚ ਕੈਦ ਪੰਛੀ
ਮਈ ਮਹੀਨੇ ‘ਚ ਨੈਸ਼ਨਲ ਜਿਓਗਰਾਫਿਕ ਚੈਨਲ ਦੇ ਇੱਕ ਫੋਟੋਗ੍ਰਾਫਰ ਨੇ ਇੱਕ ਸਾਰਸ ਦੀ ਤਸਵੀਰ ਲਈ ਜਿਸ ਨੇ ਦੁਨੀਆਂ ਦੇ ਰੋਂਗਟੇ ਖੜੇ ਕਰ ਦਿੱਤੇ। ਉਹ ਪੰਛੀ ਪੂਰੀ ਤਰ੍ਹਾਂ ਪਾਲਸਟਿਕ ਦੀ ਪੰਨੀ ‘ਚ ਕੈਦ ਸੀ। ਇਸ ਨੇ ਦੁਨੀਆਂ ਨੂੰ ਪਲਾਸਟਿਕ ਦੀ ਭਿਆਨਕਤਾ ਦਾ ਅਹਿਸਾਸ ਕਰਵਾਇਆ। ਸਪੇਨ ਵਿੱਚ ਇਸ ਦੀ ਫੋਟੋ ਖਿੱਚਣ ਵਾਲੇ ਫੋਟੋਗ੍ਰਾਫ਼ਰ ਨੇ ਇਸ ਨੂੰ ਪਲਾਸਟਿਕ ‘ਚੋਂ ਆਜ਼ਾਦ ਕਰ ਦਿੱਤਾ ਸੀ।