Copyright © 2019 - ਪੰਜਾਬੀ ਹੇਰਿਟੇਜ
ਟਰੰਪ ਨੇ ਮੋਦੀ ਦਾ ਉਡਾਇਆ ਮਜ਼ਾਕ

ਟਰੰਪ ਨੇ ਮੋਦੀ ਦਾ ਉਡਾਇਆ ਮਜ਼ਾਕ

ਵਾਸ਼ਿੰਗਟਨ : ਅਮਰੀਕੀ ਸਦਰ ਡੋਨਲਡ ਟਰੰਪ ਨੇ ਨਵੇਂ ਸਾਲ ਵਿੱਚ ਆਪਣੀ ਪਲੇਠੀ ਕੈਬਨਿਟ ਮੀਟਿੰਗ ਵਿੱਚ ਚੁਟਕੀ ਲੈਂਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫ਼ਗ਼ਾਨਿਸਤਾਨ ਵਿੱਚ ‘ਲਾਇਬਰੇਰੀ’ ਲਈ ਫੰਡ ਮੁਹੱਈਆ ਕਰਾਏ ਜਾਣ ਦਾ ਮੌਜੂ ਉਡਾਇਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਜੰਗ ਦੇ ਲਤਾੜੇ ਇਸ ਮੁਲਕ ਵਿੱਚ ਅਰਬਾਂ ਡਾਲਰ ਖਰਚ ਦਿੱਤੇ ਜਦੋਂਕਿ ਭਾਰਤੀ ਪ੍ਰਧਾਨ ਮੰਤਰੀ ਨੇ ‘ਲਾਇਬਰੇਰੀ’ ਉਸਾਰਨ ਲਈ ਜਿੰਨਾ ਫੰਡ ਮੁਹੱਂਈਆ ਕਰਵਾਇਆ ਹੈ, ਓਨਾ ਅਮਰੀਕਾ ਪੰਜ ਘੰਟਿਆਂ ‘ਚ ਖਰਚ ਦਿੰਦਾ ਹੈ। ਉਧਰ ਭਾਰਤ ਨੇ ਅਮਰੀਕੀ ਸਦਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਜੂ ਉਡਾਏ ਜਾਣ ਨੂੰ ਸਖ਼ਤੀ ਨਾਲ ਲੈਂਦਿਆਂ ਕਿਹਾ ਕਿ ਵਿਕਾਸ ਸਬੰਧੀ ਦਿੱਤੀ ਇਮਦਾਦ ਅਫ਼ਗ਼ਾਨਿਸਤਾਨ ਦੇ ਕਾਇਆ ਕਲਪ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਤੇ ਗੁਆਂਢੀ ਮੁਲਕ ਦੀ ਤਰੱਕੀ ਵਿੱਚ ਭਾਰਤ ਦਾ ਵੱਡਾ ਹੱਥ ਹੈ।
ਅਮਰੀਕੀ ਸਦਰ ਡੋਨਲਡ ਟਰੰਪ ਨੇ ਕੈਬਨਿਟ ਮੀਟਿੰਗ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫ਼ਗ਼ਾਨਿਸਤਾਨ ਵਿੱਚ ‘ਲਾਇਬਰੇਰੀ’ ਲਈ ਫੰਡ ਮੁਹੱਈਆ ਕਰਾਏ ਜਾਣ ਦਾ ਮੌਜੂ ਉਡਾਇਆ। ਉਨ੍ਹਾਂ ਕਿਹਾ ਕਿ ਜੰਗ ਦੇ ਝੰਬੇ ਇਸ ਮੁਲਕ ਵਿੱਚ ‘ਲਾਇਬਰੇਰੀ’ ਕਿਸੇ ਕੰਮ ਦੀ ਨਹੀਂ। ਟਰੰਪ ਨੇ ਅਫ਼ਗ਼ਾਨਿਸਤਾਨ ਦੀ ਸੁਰੱਖਿਆ ਲਈ ਜਿਆਦਾ ਕੁਝ ਨਾ ਕੀਤੇ ਜਾਣ ਲਈ ਭਾਰਤ ਤੇ ਹੋਰਨਾਂ ਮੁਲਕਾਂ ਦੀ ਨੁਕਤਾਚੀਨੀ ਵੀ ਕੀਤੀ। ਟਰੰਪ ਨੇ ਸ੍ਰੀ ਮੋਦੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਵੇਂ ਆਲਮੀ ਆਗੂ ਆਪੋ ਆਪਣੇ ਯੋਗਦਾਨ ਦੀਆਂ ਗੱਲਾਂ ਕਰਦੇ ਹਨ, ਜੋ ਕਿ ਅਮਰੀਕਾ ਵੱਲੋਂ ਇਸ ਮੁਲਕ ਵਿੱਚ ਖਰਚੇ ‘ਅਰਬਾਂ ਡਾਲਰ’ ਦੇ ਸਾਹਮਣੇ ਕੁਝ ਵੀ ਨਹੀਂ।
ਇਧਰ ਭਾਰਤ ਨੇ ਟਰੰਪ ਦੀਆਂ ਉਪਰੋਕਤ ਟਿੱਪਣੀਆਂ ਦੇ ਪ੍ਰਤੀਕਰਮ ‘ਚ ਸਾਫ਼ ਕਰ ਦਿੱਤਾ ਕਿ ਭਾਰਤ ਨੇ ਅਫ਼ਗ਼ਾਨਿਸਤਾਨ ਵਿੱਚ ਭਾਈਚਾਰੇ ਦੇ ਵਿਕਾਸ ਨਾਲ ਸਬੰਧਤ ਪ੍ਰੋਗਰਾਮ ਤੋਂ ਇਲਾਵਾ ਬੁਨਿਆਦੀ ਢਾਂਚੇ ਦੀ ਸਥਾਪਤੀ ਨਾਲ ਜੁੜੇ ਵਿਸ਼ਾਲ ਪ੍ਰਾਜੈਕਟ ਉਥੋਂ ਦੇ ਲੋਕਾਂ ਦੀ ਲੋੜ ਮੁਤਾਬਕ ਹੀ ਵਿੱਢੇ ਹਨ। ਭਾਰਤ ਮੁਤਾਬਕ ਅਜਿਹੀ ਇਮਦਾਦ ਮੁਲਕ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਤੇ ਸਥਿਰ ਬਣਾਏਗੀ। ਭਾਰਤ ਨੇ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਛੋਟੀਆਂ ਲਾਇਬਰੇਰੀਆਂ ਭਾਈਚਾਰੇ ਦੇ ਵਿਕਾਸ ਦੇ ਆਸੇ ਨਾਲ ਬਣਵਾਈਆਂ ਗਈਆਂ ਹਨ, ਜਦੋਂਕਿ ਵੱਡਾ ਨਿਵੇਸ਼ ਵਿਸ਼ਾਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿੱਚ ਕੀਤਾ ਗਿਆ ਹੈ। ਇਹੀ ਨਹੀਂ ਭਾਰਤ ਵੱਲੋਂ ਅਫ਼ਗ਼ਾਨਿਸਤਾਨ ਨੂੰ ਫੌਜੀ ਸਾਜ਼ੋ-ਸਾਮਾਨ ਦੇ ਨਾਲ ਸੈਂਕੜੇ ਅਫ਼ਗਾਨ ਸੁਰੱਖਿਆ ਅਮਲੇ ਨੂੰ ਸਿਖਲਾਈ ਵੀ ਮੁਹੱਈਆ ਕਰਵਾਈ ਜਾਂਦੀ ਹੈ। ਕੁੱਲ ਮਿਲਾ ਕੇ ਵਿਕਾਸ ਭਾਈਵਾਲ ਵਜੋਂ ਭਾਰਤ ਦੀ ਅਫ਼ਗ਼ਾਨਿਸਤਾਨ ਵਿੱਚ ਅਹਿਮ ਭੂਮਿਕਾ ਹੈ।