Copyright © 2019 - ਪੰਜਾਬੀ ਹੇਰਿਟੇਜ
ਭਗਤਾ ਭਾਈ ਕਾ ਦਾ 21ਵਾਂ ਤਿੰਨ ਰੋਜ਼ਾ ਭਾਈ ਬਹਿਲੋ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ

ਭਗਤਾ ਭਾਈ ਕਾ ਦਾ 21ਵਾਂ ਤਿੰਨ ਰੋਜ਼ਾ ਭਾਈ ਬਹਿਲੋ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ

ਨਗਰ ਨਿਵਾਸੀਆਂ ਨੇ ਟੂਰਨਾਮੈਂਟ ‘ਚ ਆਏ ਸਭਨਾਂ ਦਾ ਕੀਤਾ ਸਵਾਗਤ

ਵੈਨਕੂਵਰ (ਬਰਾੜ-ਭਗਤਾ ਭਾਈ ਕਾ): ਪੰਜਾਬ ਵਿੱਚ ਅੱਜ ਕੱਲ੍ਹ ਖੇਡ ਮੇਲਿਆਂ ਦਾ ਸਮਾਂ ਪੂਰੇ ਜੋਬਨ ‘ਤੇ ਚੱਲ ਰਿਹਾ ਹੈ। ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੇਲਿਆਂ ਦਾ  ਕਰਵਾਉਣਾ ਅੱਜ ਦੇ ਸਮੇਂ ‘ਚ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਹੈ।

ਇਸੇ ਤਰਾਂ ਹੀ ਪਿੰਡ ਤੋਂ ਕਸਬੇ ਦਾ ਰੂਪ ਧਾਰਨ ਕੀਤਾ ਬਠਿੰਡਾ ਜ਼ਿਲ੍ਹਾ ਦੇ ਇਤਿਹਾਸਿਕ ਨਗਰ ਭਗਤਾ ਭਾਈ ਕਾ ਵਿਖੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਨਾਲ ਦਸੰਬਰ ਦੇ ਆਖਰੀ ਹਫ਼ਤੇ ਤਿੰਨ ਰੋਜ਼ਾ 21ਵਾਂ ਭਾਈ ਬਹਿਲੋ ਖੇਡ ਮੇਲਾ ਕਰਵਾਇਆ ਗਿਆ ਜਿਸ ਦਾ ਉਦਘਾਟਨ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਚੇਅਰਮੈਨ ਮਨਜੀਤ ਇੰਦਰ ਸਿੰਘ ਬਰਾੜ, ਪਰਮਜੀਤ ਸਿੰਘ ਬਿਦਰ ਪ੍ਰਧਾਨ, ਹਰਿੰਦਰ ਸਿੰਘ ਬਰਾੜ ਸਕੱਤਰ, ਸਮੂਹ ਕਮੇਟੀ ਮੈਂਬਰਾਨ ਅਤੇ ਨਗਰ ਦੇ ਮੋਹਤਬਰ ਵਿਅਕਤੀਆਂ ਦੀ ਸ਼ਮੂਲੀਅਤ ਸਮੇਂ ਬਲਬੀਰ ਸਿੰਘ ਡੇਰਾ ਸੁਖਾਨੰਦ ਭੋਰੇ ਵਾਲਿਆਂ ਦੁਆਰਾ ਕੀਤਾ ਗਿਆ। ਖੇਡ ਕਲੱਬ ਦੇ ਪ੍ਰੈਸ ਸਕੱਤਰ ਮਾਸਟਰ ਜਗਸੀਰ ਸਿੰਘ ਪੰਮਾ ਨੇ ਮੀਡੀਆ ਨਾਲ ਗੱਲ-ਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਇਸ ਖੇਡ ਮੇਲੇ ਵਿੱਚ ਕਬੱਡੀ, ਹਾਕੀ, ਫੁੱਟਬਾਲ ਤੋਂ ਇਲਾਵਾ ਹੋਰ ਕਈ ਤਰਾਂ ਦੀਆਂ ਦਿਲਚਸਪ ਖੇਡਾਂ ਕਰਵਾਈਆਂ ਗਈਆਂ। ਮਾਸਟਰ ਪੰਮਾ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਹਾਕੀ ‘ਚ ਕੁੱਲ 19 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਪ੍ਰਿੰਸੀਪਲ ਸਵ: ਮੋਹਨ ਸਿੰਘ ਬਰਾੜ ਹਾਕੀ ਕੱਪ ਦੇ ਮੁਕਾਬਲਿਆਂ ‘ਚ ਧੂੜਕੋਟ ਏ ਟੀਮ ਜੇਤੂ ਅਤੇ ਧੂੜਕੋਟ ਬੀ ਟੀਮ ਦੋਮ ਰਹੀ। ਫੁੱਟਬਾਲ ਦੇ ਮੁਕਾਬਲਿਆਂ ‘ਚ 32 ਟੀਮਾਂ ਮੈਦਾਨ ‘ਚ ਉੱਤਰੀਆਂ ਸਨ ਜਿੰਨ੍ਹਾਂ ਵਿੱਚ ਕੋਕਰੀ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਕਦੋਂ ਕਿ ਚੜਿੱਕ ਦੀ ਟੀਮ ਨੂੰ ਦੂਜੇ ਸਥਾਨ ‘ਤੇ ਰਹਿ ਕੇ ਸਬਰ ਕਰਨਾ ਪਿਆ। ਜਿਸ ਲਈ ਪਹਿਲਾ ਇਨਾਮ ਇੰਦਰਜੀਤ ਸਿੰਘ ਮਾਨ ਵੱਲੋਂ ਦਿੱਤਾ ਗਿਆ।

ਇਸੇ ਤਰਾਂ ਕਬੱਡੀ ਦੇ ਵੱਖ ਵੱਖ ਤਿੰਨ ਉਮਰ ਵਰਗਾਂ ਵਿੱਚ 100 ਦੇ ਕਰੀਬ ਕਬੱਡੀ ਟੀਮਾਂ ਨੇ ਉਚੇਚੇ ਤੌਰ ‘ਤੇ ਭਾਗ ਲਿਆ। ਸਵ: ਜੁਗਰਾਜ ਸਿੰਘ ਬਰਾੜ ਕਬੱਡੀ ਕੱਪ ਓਪਨ ਕਬੱਡੀ ਮੁਕਾਬਲਿਆਂ ‘ਚ ਥਰਾਜ ਅਤੇ ਮਹੀਆਂ ਵਾਲਾ ਦੀਆਂ ਕਬੱਡੀ ਟੀਮਾਂ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਪਹਿਲਾ ਇਨਾਮ ਹਰਬੰਸ ਸਿੰਘ ਬਰਾੜ ਵੱਲੋਂ ਦਿੱਤਾ ਗਿਆ।

75 ਕਿੱਲੋ ਉਮਰ ਵਰਗ ਵਿੱਚ ਪਿੰਡ ਜਲਾਲ ਦੀ ਟੀਮ ਨੇ ਤੂੰਬੜਭੰਨ ਦੀ ਟੀਮ ਨੂੰ ਹਰਾ ਕੇ ਸਵ: ਇਕੱਤਰ ਸਿੰਘ ਸਿੱਧੂ ਕਬੱਡੀ ਕੱਪ ਜਿੱਤਿਆ ਹੈ ਜਿਸ ਲਈ ਪਹਿਲਾ ਇਨਾਮ ਬੂਟਾ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ।

57 ਕਿੱਲੋ ਉਮਰ ਵਰਗ ਕਬੱਡੀ ਵਿੱਚ ਭਗਤਾ ਭਾਈ ਕਾ ਦੀ ਟੀਮ ਜੇਤੂ ਰਹੀ ਜਦੋਂ ਕਿ ਦੂਜਾ ਸਥਾਨ ਗੇਹਲੋਂ ਦੀ ਟੀਮ ਨੂੰ ਪ੍ਰਾਪਤ ਹੋਇਆ। ਇਸ ਉਮਰ ਵਰਗ ਨੂੰ ਪਹਿਲਾ ਇਨਾਮ ਜਸ਼ਅਮਨਦੀਪ ਸਿੰਘ ਸੁਖਾਨੰਦ ਵੱਲੋਂ ਦਿੱਤਾ ਗਿਆ।

70 ਸਾਲ ਉਮਰ ਵਰਗ ਵਿੱਚ ਗੋਲਾ ਸੁੱਟਣ ਦੇ ਮੁਕਾਬਲਿਆਂ ‘ਚ ਸੁਖਦੇਵ ਸਿੰਘ ਰਿਟਾ: ਇੰਸਪੈਕਟਰ ਨੇ ਪਹਿਲਾ ਅਤੇ ਇਕੱਤਰ ਸਿੰਘ ਭਗਤਾ ਦੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਭਾਈ ਬਹਿਲੋ ਹਾਕੀ ਅਕੈਡਮੀ ਭਗਤਾ ਅਤੇ ਸੰਤ ਮਹੇਸ਼ ਮੁਨੀ ਗਰਲਜ਼ ਕਾਲਜ ਭਗਤਾ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ ਹਾਕੀ ਦਾ ਸ਼ੋਅ ਮੈਚ ਕਰਵਾਇਆ ਗਿਆ।

ਟੂਰਨਾਮੈਂਟ ਦੇ ਆਖਰੀ ਦਿਨ ਜੈਸੀ ਕਾਂਗੜ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਭਾਈ ਬਹਿਲੋ ਖੇਡ ਅਤੇ ਸਭਿਆਚਾਰ ਕਲੱਬ ਲਈ 2 ਲੱਖ ਰੁਪਏ ਸਹਾਇਤਾ ਦੇਣ ਦੇ ਵਾਅਦੇ ਦਾ ਐਲਾਨ ਕੀਤਾ। ਆਖਰ ਵਿੱਚ ਖੇਡ ਕਲੱਬ ਅਤੇ ਭਗਤਾ ਭਾਈ ਕਾ ਨਗਰ ਨਿਵਾਸੀਆਂ ਵੱਲੋਂ ਸਾਰੀਆਂ ਟੀਮਾਂ, ਦਰਸ਼ਕਾਂ ਅਤੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਵਧਾਈ ਦੇਣ ਉਪਰੰਤ ਭਾਗ ਲੈਣ ਵਾਲਿਆਂ ਦੀ ਹੌਸਲਾ ਅਫ਼ਜਾਈ ਕੀਤੀ।