Copyright & copy; 2019 ਪੰਜਾਬ ਟਾਈਮਜ਼, All Right Reserved
6 ਸਾਲਾਂ ‘ਚ ਪੰਜਾਬ ਦੇ 8491 ਬੱਚੇ ਲਾਪਤਾ ਹੋਏ

6 ਸਾਲਾਂ ‘ਚ ਪੰਜਾਬ ਦੇ 8491 ਬੱਚੇ ਲਾਪਤਾ ਹੋਏ

ਲੁਧਿਆਣਾ: ਪੰਜਾਬ ਵਿਚ ਪਿਛਲੇ ਛੇ ਸਾਲਾਂ ਦੌਰਾਨ 8491 ਬੱਚੇ ਲਾਪਤਾ ਹੋਏ ਹਨ। ਇਨ੍ਹਾਂ ਬੱਚਿਆਂ ਵਿਚੋਂ ਪੁਲਿਸ ਅਜੇ ਤੱਕ 1491 ਦਾ ਪਤਾ ਨਹੀਂ ਲਗਾ ਸਕੀ। ਆਰ.ਟੀ.ਆਈ. ਕਾਰਕੁਨ ਰੋਹਿਤ ਸੱਭਰਵਾਲ ਨੇ ਸੂਚਨਾ ਤਹਿਤ ਡੀ.ਜੀ.ਪੀ. ਦਫਤਰ ਪਾਸੋਂ ਮੰਗੀ ਜਾਣਕਾਰੀ ਵਿਚ ਇਹ ਖੁਲਾਸਾ ਹੋਇਆ ਹੈ। ਸਭ ਤੋਂ ਵੱਧ ਬੱਚੇ ਜਿਨ੍ਹਾਂ ਬਾਰੇ ਕੋਈ ਵੀ ਉਘ ਸੁੱਘ ਨਹੀਂ ਲੱਗੀ ਹੈ, ਉਨ੍ਹਾਂ ਵਿਚ ਕਮਿਸ਼ਨਰੇਟ ਲੁਧਿਆਣਾ ਸਭ ਤੋਂ ਮੋਹਰੀ ਹੈ। ਪਿਛਲੇ 6 ਸਾਲਾਂ ਦੌਰਾਨ ਲਾਪਤਾ ਹੋਏ ਬੱਚਿਆਂ ਵਿਚੋਂ 319 ਬੱਚੇ ਲੁਧਿਆਣਾ ਸ਼ਹਿਰ ‘ਚੋਂ ਅਜੇ ਵੀ ਲਾਪਤਾ ਹਨ, ਜਦ ਕਿ ਅੰਮ੍ਰਿਤਸਰ ਵਿਚ 81, ਜਲੰਧਰ ਵਿਚ 107, ਤਰਨਤਾਰਨ ਵਿਚ 81, ਅੰਮ੍ਰਿਤਸਰ ਦਿਹਾਤੀ ‘ਚ 25, ਬਟਾਲਾ ਵਿਚ 20, ਪਠਾਨਕੋਟ ਵਿਚ 7, ਜਲੰਧਰ ਦਿਹਾਤੀ ਵਿਚ 49, ਹੁਸ਼ਿਆਰਪੁਰ ਵਿਚ 36, ਕਪੂਰਥਲਾ 47, ਬਟਾਲਾ 20, ਸੰਗਰੂਰ 65, ਬਰਨਾਲਾ 27, ਲੁਧਿਆਣਾ ਦਿਹਾਤੀ 26, ਖੰਨਾ 32, ਫਤਹਿਗੜ੍ਹ ਸਾਹਿਬ 16, ਰੂਪਨਗਰ 30, ਐਸ.ਏ.ਐਸ. ਨਗਰ 99, ਫਿਰੋਜ਼ਪੁਰ 71, ਫਰੀਦਕੋਟ 33, ਐਸ.ਬੀ.ਐਸ. ਨਗਰ 35, ਮੋਗਾ 13, ਫਾਜ਼ਿਲਕਾ 46, ਸ੍ਰੀ ਮੁਕਤਸਰ ਸਾਹਿਬ 128, ਰੇਲਵੇ ਥਾਣੇ ਪਟਿਆਲਾ ਅਧੀਨ ਪੈਂਦੇ ਇਲਾਕੇ ‘ਚ 8 ਬੱਚਿਆਂ ਦੀ ਅਜੇ ਤੱਕ ਕੋਈ ਉੱਗ ਸੁੱਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਗੁਰਦਾਸਪੁਰ ਜ਼ਿਲ੍ਹਾ ਇਕ ਅਜਿਹਾ ਜ਼ਿਲ੍ਹਾ ਹੈ ਜਿਥੇ ਕਿ ਪੁਲਿਸ ਵਲੋਂ ਲਾਪਤਾ ਹੋਏ ਸਾਰੇ ਬੱਚਿਆਂ ਨੂੰ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਸਾਲ 2013 ਵਿਚ ਸੂਬੇ ਭਰ ‘ਚ 1218 ਬੱਚੇ ਲਾਪਤਾ ਹੋਏ ਸਨ, ਜਦ ਕਿ 2014 ਵਿਚ 1408, 2015 ਵਿਚ 1172, 2016 ਵਿਚ 1053, 2017 ਵਿਚ 1006, 2018 ਵਿਚ 1231 ਅਤੇ 2019 ਵਿਚ 1343 ਬੱਚੇ ਲਾਪਤਾ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਪਾਲਣਾ ਨਹੀਂ ਕਰ ਰਹੀ। ਲਾਪਤਾ ਹੋਏ ਬੱਚਿਆਂ ਨੂੰ ਲੱਭਣ ਵਾਸਤੇ ਪੁਲਿਸ ਉਪਰਾਲੇ ਨਹੀਂ ਕਰਦੀ। ਸੁਪਰੀਮ ਕੋਰਟ ਨੇ ਇਸ ਸਬੰਧੀ ਦਾਇਰ ਪਟੀਸ਼ਨ ਵਿਚ ਪੁਲਿਸ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਲਾਪਤਾ ਬੱਚਿਆਂ ਦੇ ਕੇਸਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜੇਕਰ ਚਾਰ ਮਹੀਨੇ ਦੇ ਅੰਦਰ ਬੱਚਿਆਂ ਦਾ ਪਤਾ ਨਹੀਂ ਲੱਗਦਾ ਤਾਂ ਇਹ ਮਾਮਲਾ ਮਨੁੱਖੀ ਤਸਕਰੀ ਵਿਰੁੱਧ ਵਿੰਗ ਨੂੰ ਸੌਂਪਿਆ ਜਾਵੇ ਅਤੇ ਇਸ ਦੀ ਬਕਾਇਦਾ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇ।