Copyright © 2019 - ਪੰਜਾਬੀ ਹੇਰਿਟੇਜ
ਕਰਤਾਰਪੁਰ ਸਾਹਿਬ ਨਤਮਸਤਕ ਹੋਣਗੇ ਐਂਟੋਨੀਓ ਗੁਤਰਸ

ਕਰਤਾਰਪੁਰ ਸਾਹਿਬ ਨਤਮਸਤਕ ਹੋਣਗੇ ਐਂਟੋਨੀਓ ਗੁਤਰਸ

ਸੰਯੁਕਤ ਰਾਸ਼ਟਰ : ਪਾਕਿਸਤਾਨ ਦੀ ਯਾਤਰਾ ਦੌਰਾਨ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ (ਯੂਐੱਨ) ਸਕੱਤਰ ਜਨਰਲ ਐਂਟੋਨੀਓ ਗੁਤਰਸ ਕਰਤਾਰਪੁਰ ਸਾਹਿਬ ਗੁਰਦੁਆਰੇ ਨਤਮਸਤਕ ਹੋਣਗੇ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਿਤਾਏ ਸਨ।

ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਤਵਾਰ ਨੂੰ ਆਪਣੀ ਚਾਰ-ਰੋਜ਼ਾ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੀਟਿੰਗਾਂ ਕਰਨਗੇ। ਯੂਐੱਨ ਦੇ ਬੁਲਾਰੇ ਫਰਹਾਨ ਹੱਕ ਨੇ ਦੱਸਿਆ ਕਿ ਯੂਐੱਨ ਸਕੱਤਰ ਜਨਰਲ ਮੰਗਲਵਾਰ ਨੂੰ ਪਾਕਿਸਤਾਨ ‘ਚ ਸਥਿਤ ਦੂਜੇ ਸਿੱਖ ਧਾਰਮਿਕ ਸਥਾਨਾਂ ‘ਤੇ ਵੀ ਜਾਣਗੇ। ਉਹ 17 ਫਰਵਰੀ ਨੂੰ ਅਫ਼ਗਾਨ ਸ਼ਰਨਾਰਥੀਆਂ ਨੂੰ ਆਸਰਾ ਦਿੱਤੇ ਜਾਣ ਦੇ 40 ਸਾਲ ਪੂਰੇ ਹੋਣ ਦੇ ਸਬੰਧ ਵਿਚ ਪਾਕਿਸਤਾਨ ਵਿਚ ਕਰਵਾਏ ਜਾ ਰਹੇ ਇਕ ਅੰਤਰਰਾਸ਼ਟਰੀ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਗੁਤਰਸ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਵੀ ਮੁਲਾਕਾਤ ਕਰਨਗੇ। ਉਹ 18 ਫਰਵਰੀ ਨੂੰ ਲਾਹੌਰ ਵਿਖੇ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ਪੋਲੀਓ ਰੋਕੂ ਮੁਹਿੰਮ ‘ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। 19 ਫਰਵਰੀ ਨੂੰ ਉਹ ਨਿਊਯਾਰਕ ਪਰਤਣ ਤੋਂ ਪਹਿਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਪਿਛਲੇ ਸਾਲ ਨਵੰਬਰ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਰਤਾਰਪੁਰ ਗਲਿਆਰੇ ਦੀ ਸ਼ੁਰੂਆਤ ਨੂੰ ਲੈ ਕੇ ਯੂਐੱਨ ਸਕੱਤਰ ਜਨਰਲ ਨੇ ਪ੍ਰਸੰਨਤਾ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਇਸ ਨੂੰ ਵੱਖ-ਵੱਖ ਧਰਮਾਂ ਵਿਚ ਆਪਸੀ ਸਮਝ ਵਧਾਉਣ ਵਾਲਾ ਕਦਮ ਦੱਸਿਆ ਸੀ। 4.7 ਕਿਲੋਮੀਟਰ ਲੰਬਾ ਇਹ ਗਲਿਆਰਾ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਸਥਿਤ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।