Copyright © 2019 - ਪੰਜਾਬੀ ਹੇਰਿਟੇਜ
ਪਾਈਪਲਾਈਨ ਦੇ ਵਿਰੁੱਧ ਪ੍ਰਦਰਸ਼ਨ ਪੂਰੇ ਦੇਸ਼ ‘ਚ ਫੈਲਿਆ 

ਪਾਈਪਲਾਈਨ ਦੇ ਵਿਰੁੱਧ ਪ੍ਰਦਰਸ਼ਨ ਪੂਰੇ ਦੇਸ਼ ‘ਚ ਫੈਲਿਆ

ਸਰੀ, (ਪਰਮਜੀਤ ਸਿੰਘ, ਕੈਨੇਡੀਅਨ ਪੰਜਾਬ ਟਾਈਮਜ਼): ਬ੍ਰਿਟਿਸ਼ ਕੋਲੰਬਿਆ ਸੂਬੇ ‘ਚ ਪਾਈਪਲਾਈਨ ਦੇ ਵਿਰੁਧ ਸ਼ੁਰੂ ਹੋਇਆ ਸੰਘਰਸ਼ ਹੋਲੀ-ਹੋਲੀ ਪੂਰੇ ਦੇਸ਼ਭਰ ‘ਚ ਫੈਲਦਾ ਜਾ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਨ੍ਹਾਂ ਮੁਜ਼ਾਹਰਿਆਂ ‘ਚ ਸ਼ਾਮਲ ਹੋ ਰਹੇ ਹਨ ਅਤੇ ਸਰਕਾਰੀ ਅਦਾਰਿਆਂ ਦੇ ਬਾਹਰ ਵੀ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦੇਸ਼ਭਰ ‘ਚ ਹੁਣ ਤੱਕ 223 ਤੋਂ ਵੱਧ ਰੇਲਾਂ ਰੱਦ ਕਰਨੀਆਂ ਪਈਆਂ ਹਨ। ਜਿਸ ਕਾਰਨ 34 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਉਦਯੋਗ ਵੀ ਰੇਲ ਆਵਾਜਈ ਰੁਕਣ ਕਾਰਨ ਪ੍ਰਭਾਵਿਤ ਹੋਏ ਹਨ। ਸੂਬੇ ‘ਚ ਪੁਲਿਸ ਵਲੋਂ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ ਪਰ ਇਸ ਦੇ ਬਾਵਜੂਦ ਪ੍ਰਦਰਸ਼ਨਾਂ ਦਾ ਸਿਲਸਿਲ ਵੱਧਦਾ ਹੀ ਜਾ ਰਿਹਾ ਹੈ।

ਪਾਈਪਲਾਈਨ ਬਣਾਉਣ ਦੇ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਰੇਲ ਆਵਾਜਾਈ ਠੱਪ ਹੋਣ ਦੇ ਮਾਮਲੇ ਪ੍ਰਤੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੈਬਨਿਟ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਕੈਬਨਿਟ ਮੀਟਿੰਗ ਦੌਰਾਨ ਉਨ੍ਹਾਂ ਪਾਈਪਲਾਇਨ ਬਣਾਉਣ ਦੇ ਵਿਰੁੱਧ ਚੱਲ ਰਹੇ ਵਿਵਾਦ ਦੇ ਹੱਲ ਲਈ ਅਗਲੇ ਲਏ ਜਾਣ ਵਾਲੇ ਫੈਸਲਿਆ ‘ਤੇ ਵਿਚਾਰ ਵਟਾਂਦਰਾ ਕੀਤਾ। ਇੱਕ ਪੈੱਸ ਕਾਨਫਰੰਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨਾ ਨਾਗਰਿਕਾਂ ਦਾ ਅਧਿਕਾਰ ਹੈ ਅਤੇ ਪਰ ਇਹ ਯਕੀਨੀ ਬਣਾਉਣਾ ਵੀ ਲਾਜ਼ਮੀ ਹੈ ਕਿ ਕਾਨੂੰਨ ਦਾ ਵੀ ਸਤਿਕਾਰ ਕੀਤਾ ਜਾਵੇ । ਇਸੇ ਲਈ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਤਾਂ ਜੋ ਅਗਲੇ ਫੈਸਲਿਆਂ ਬਾਰੇ ਗੰਭੀਰਤਾ ਨਾਲ ਸੋਚਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪਾਈਪਲਾਇਨ ਦੇ ਮਸਲੇ ਦੇ ਹੱਲ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਟਰਾਂਸਪੋਰਟ ਮੰਤਰੀ ਮਾਰਕ ਗਾਰਨੇਯੂ ਨਾਲ ਵੀ ਇਸ ਮਸਲੇ ‘ਤੇ ਵਿਸ਼ੇਸ਼ ਮੁਲਾਕਾਤ ਕੀਤੀ ਜਾ ਸਕਦੀ ਹੈ। ਕਿਉਂਕਿ ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ‘ਚ ਕਿਹਾ ਗਿਆ ਸੀ ਕਿ ਰੇਲਵੇ ਨੈੱਟਵਰਕ ਦੇ ਕੁਝ ਮਹੱਤਵਪੂਰਨ ਸਥਾਨਾਂ ‘ਤੇ ਪ੍ਰਦਰਸ਼ਨਕਾਰੀਆਂ ਵਲੋਂ ਨਾਕਾਬੰਦੀ ਕੀਤੇ ਜਾਣ ਕਾਰਨ ਰੇਲ ਆਵਾਜਾਈ ਨੂੰ ਅਸਥਾਈ ਤੌਰ ‘ਤੇ ਬੰਦ ਕਰਨਾ ਪਿਆ ਹੈ। ਦਿਨੋਂ ਦਿਨ ਵੱਧਦੇ ਇਸ ਮਸਲੇ ਤੋਂ ਫੈਡਰਲ ਸਰਕਾਰ ਬੇਹੱਦ ਚਿੰਤਤ ਹੈ। ਉਨ੍ਹਾਂ ਕਿਹਾ ਕਿ ਰੇਲ ਆਵਾਜਾਈ ਰੁਕਣ ਨਾਲ ਸਿਰਫ਼ ਰੇਲਵੇ ਦਾ ਹੀ ਨੁਕਸਾਨ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਉਦਯੋਗਾਂ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪੈਵੇਗਾ ਕਿਉਂਕਿ ਖੱਪਤਕਾਰਾਂ ਲਈ ਜ਼ਰੂਰੀ ਵਸਤੂਆਂ ਅਤੇ ਉਤਪਾਦ ਉਨ੍ਹਾਂ ਤੱਕ ਸਮੇਂ ਸਿਰ ਨਹੀਂ ਪਹੁੰਚਾਇਆ ਜਾ ਸਕੇਗਾ।

ਜ਼ਿਕਰਯੋਗ ਹੈ ਕਿ ਵੈਟਸੁਵੈਟਨ ਨੇਸ਼ਨ ਦੇ ਸਮਰਥਨ ਵਿੱਚ ਬੈਲੇਵਿਲੇ, ਓਨਟਾਰੀਓ ਵਿੱਚ ਮੁਜ਼ਾਹਰਾਕਾਰੀਆਂ ਵੱਲੋਂ ਰਾਹ ਰੋਕੇ ਜਾਣ ਕਾਰਣ ਵਾਇਆ ਰੇਲ ਵੱਲੋਂ ਅਸਥਾਈ ਤੌਰ ‘ਤੇ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਵਾਇਆ ਰੇਲ ਵੱਲੋਂ ਕਿਹਾ ਗਿਆ ਹੈ ਕਿ ਮਾਂਟਰੀਅਲ ਤੋਂ ਟੋਰਾਂਟੋ ਅਤ ਔਟਵਾ ਤੋਂ ਟੋਰਾਂਟੋ ਦਰਮਿਆਨ ਚੱਲਣ ਵਾਲੀਆਂ ਲੱਗਭਗ ਦਸ ਰੇਲ ਲਾਈਨਾਂ ਉੱਤੇ ਇਸ ਦਾ ਅਸਰ ਪਵੇਗਾ। ਵਾਇਆ ਰੇਲ ਵੱਲੋਂ ਆਪਣੇ ਯਾਤਰੀਆਂ ਨੂੰ ਤਾਜ਼ਾ ਅਪਡੇਟਸ ਲਈ ਆਨਲਾਈਨ ਸਥਿਤੀ ਜਾਂਚਣ ਦੀ ਤਾਕੀਦ ਵੀ ਕੀਤੀ ਗਈ ਹੈ। ਵਾਇਆ ਰੇਲ ਨੇ ਯਾਤਰੀਆਂ ਨੂੰ ਹੋਣ ਵਾਲੀ ਦੇਰ ਬਾਰੇ ਸਚੇਤ ਰਹਿਣਾ ਲਈ ਵੀ ਕਿਹਾ ਹੈ ਅਤੇ ਗੱਡੀਆਂ ਰੱਦ ਹੋਣ ਦੀ ਸਬੰਧੀ ਵੀ ਧਿਆਨ ਰੱਖ ਲਈ ਕਿਹਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਇਹ ਫੈਸਲੇ ਹਾਲਾਤ ਦੇ ਮੱਦੇਨਜ਼ਰ ਲੈਣੇ ਪੈ ਰਹੇ ਹਨ ਕਿਉਂਕਿ ਸਥਿਤੀ ਸਾਡੇ ਵੱਸ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਪਾਈਪਲਾਈਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਸ਼ੁੱਕਰਵਾਰ ਤੋਂ ਹੀ ਵੈਟਸੁਵੈਟਨ ਨੇਸ਼ਨ ਦੇ ਸਮਰਥਕ ਮੁਜ਼ਾਹਰਾਕਾਰੀਆਂ ਵੱਲੋਂ ਰੇਲਾਂ ਰੋਕੀਆਂ ਜਾ ਰਹੀਆਂ ਹਨ।