Copyright © 2019 - ਪੰਜਾਬੀ ਹੇਰਿਟੇਜ
ਕੰਜ਼ਰਵੇਟਿਵ ਪਾਰਟੀ ਨੇ ਲੀਡਰਸ਼ਿਪ ਦੌੜ ਦੇ ਉਮੀਦਵਾਰਾਂ ਲਈ ਅੰਤਮ ਤਰੀਕ 27 ਫਰਵਰੀ ਤੈਅ 

ਕੰਜ਼ਰਵੇਟਿਵ ਪਾਰਟੀ ਨੇ ਲੀਡਰਸ਼ਿਪ ਦੌੜ ਦੇ ਉਮੀਦਵਾਰਾਂ ਲਈ ਅੰਤਮ ਤਰੀਕ 27 ਫਰਵਰੀ ਤੈਅ

ਔਟਵਾ : ਕੈਨੇਡਾ ‘ਚ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਲਈ ਆਖਰੀ ਮਿਤੀ ਤੈਅ ਕਰ ਦਿੱਤੀ ਗਈ ਹੈ, ਜਿਸ ਤਹਿਤ ਉਹ ਉਮੀਦਵਾਰ 27 ਫਰਵਰੀ ਤੱਕ ਆਪਣੇ ਨਾਂ ਰਜਿਸਟਰ ਕਰਵਾ ਸਕਦੇ ਹਨ, ਜੋ ਮੁਢਲੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਪਾਰਟੀ ਨੇ ਲੋੜੀਂਦੀ ਰਾਸ਼ੀ ਅਤੇ ਦਸਤਖ਼ਤਾਂ ਦੀ ਸ਼ਰਤ ਪੂਰੀ ਕਰਨ ਵਾਲੇ ਤਿੰਨ ਉਮੀਦਵਾਰਾਂ ਨੂੰ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਨਾਂ ਵਿੱਚ ਮਹਿਲਾ ਲੈਸਲਿਨ ਲੇਵਿਸ, ਪੀਟਰ ਮੈਕੇ ਅਤੇ ਐਰਿਨ ਓਟੂਲ ਸ਼ਾਮਲ ਹਨ। ਇਸ ਤੋਂ ਇਲਾਵਾ ਬੌਬੀ ਸਿੰਘ ਸਣੇ ਕਈ ਵਿਅਕਤੀ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਨ। ਉਨਾਂ ਨੂੰ ਉਮੀਦ ਹੈ ਕਿ ਉਹ ਜਲਦ ਹੀ ਲੀਡਰਸ਼ਿਪ ਦੌੜ ਲਈ ਉਮੀਦਵਾਰ ਬਣ ਜਾਣਗੇ।

ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਈ ਮਹਿਲਾ ਉਮੀਦਵਾਰ ਲੈਸਲਿਨ ਲੇਵਿਸ ਬਚਪਨ ਵਿੱਚ ਜਮਾਇਕਾ ਤੋਂ ਕੈਨੇਡਾ ਆਈ ਸੀ ਅਤੇ ਹੁਣ ਉਹ ਟੋਰਾਂਟੋ ਦੀ ਇੱਕ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਉਸ ਨੇ ਪੀਐਚਡੀ ਸਣੇ ਕਈ ਡਿਗਰੀਆਂ ਕੀਤੀਆਂ ਹੋਈਆਂ ਹਨ। ਲੇਵਿਸ ਨੇ 2015 ਦੀਆਂ ਫੈਡਰਲ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜੀ ਸੀ, ਪਰ ਇੱਕ ਲਿਬਰਲ ਉਮੀਦਵਾਰ ਨੇ ਉਸ ਨੂੰ ਹਰਾ ਦਿੱਤਾ ਸੀ। ਟੋਰੀਆਂ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦੂਜੇ ਉਮੀਦਵਾਰ 54 ਸਾਲਾ ਵਕੀਲ ਪੀਟਰ ਮੈਕੇ ਹਨ, ਜਿਨਾਂ ਨੇ 1997 ਤੋਂ 2015 ਤੱਕ ਨੋਵਾ ਸਕੋਸ਼ੀਆ ਰਾਈਡਿੰਗ ਤੋਂ ਐਮਪੀ ਵਜੋਂ ਸੇਵਾਵਾਂ ਨਿਭਾਈਆਂ ਸਨ। 2003 ਵਿੱਚ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬਣੇ ਸਨ, ਪਰ 2004 ਵਿੱਚ ਇਸ ਪਾਰਟੀ ਦਾ ਕੈਨੇਡੀਅਨ ਅਲਾਇੰਸ ਨਾਲ ਰਲੇਵਾਂ ਕਰਕੇ ਮੌਜੂਦਾ ਕੰਜ਼ਰਵੇਟਿਵ ਪਾਰਟੀ ਬਣਾ ਦਿੱਤੀ ਗਈ ਸੀ। ਪੀਟਰ ਮੈਕੇ ਪਿਛਲੇ ਕੰਜ਼ਰਵੇਟਿਵ ਸਰਕਾਰਾਂ ਵਿੱਚ ਕੈਬਨਿਟ ਦੇ ਵੱਖ-ਵੱਖ ਤਿੰਨ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ।