ਗ਼ਜ਼ਲ

ਗ਼ਜ਼ਲ

ਬਣੀ ਅਬਲਾ ਨਹੀਂ ਰਹਿਣਾ,
ਮੈਂ ਜੂਝਾਂਗੀ ਮੈਂ ਬੋਲਾਂਗੀ।
ਜਦੋਂ ਤੱਕ ਜਿੱਤ ਨਹੀਂ ਜਾਂਦੀ,
ਨਾ ਡਰਨਾ ਹੈ ਨਾ ਡੋਲਾਂਗੀ।
ਉਡਾਰੀ ਭਰਨ ਦੇ ਮੈਨੂੰ,
ਪਰਾਂ ਨੂੰ ਕੁਤਰ ਨਾ ਬਾਬਲ,
ਬਣੂੰ ਦਸਤਾਰ ਦੀ ਕਲਗੀ,
ਨ ਪੈਰੀਂ ਪੱਗ ਰੋਲਾਂਗੀ।
ਸਿਤਾਰੇ ਗੁੰਦਣੇ ਸਿਰ ‘ਤੇ
ਤੇ ਲਾਉਣੈ ਚੰਨ ਦਾ ਟਿੱਕਾ,
ਤੂੰ ਵੇਖੀਂ ਕਲਪਨਾ ਵਾਂਙੂੰ,
ਮੈਂ ਅੰਬਰ ਜਾ ਫ਼ਰੋਲਾਂਗੀ।
ਖ਼ੁਦਾ ਨੇ ਬਾਗ਼ ਅਪਣੇ ਦਾ,
ਜੇ ਮੈਨੂੰ ਥਾਪਿਆ ਮਾਲੀ,
ਰਵ੍ਹੇ ਹਰ ਸ਼ਾਖ਼ ‘ਤੇ ਖੇੜਾ,
ਜੜ੍ਹੀਂ ਮੈਂ ਰੱਤ ਡੋਲ੍ਹਾਂਗੀ।
ਇਰਾਦਾ ਪਰਖਣਾ ਚਾਹੁੰਦੈ,
ਕਿਨਾਰੇ ਛੱਡ ਕੇ ਮਹਿਰਮ,
ਕਿ ਗਹਿਰੇ ਸਾਗਰਾਂ ਵਿੱਚੋਂ,
ਮੈਂ ਮੋਤੀ ਆਪ ਟੋਲਾਂਗੀ।
ਮੈਂ ਪਾਈ ਪ੍ਰੇਮ ਦੀ ਹੱਟੀ,
ਮੁਹੱਬਤ ਰਾਸ ਹੈ ਮੇਰੀ,
ਤਰਾਜ਼ੂ ਦਿਲ ਬਣਾਕੇ ਮੈਂ,
ਕਦੇ ਨਾ ਘੱਟ ਤੋਲਾਂਗੀ।
ਇਬਾਦਤ ਵਾਂਗ ਉਕਰਾਂਗੀ,
ਵਫ਼ਾ ਇੱਕ ਸ਼ਬਦ ਜੋ ਸੁੱਚਾ,
ਦੁਨੀ ਦੇ ਰਿਸ਼ਤਿਆਂ ਅੰਦਰ,
ਜਦੋਂ ਮੈਂ ਨਿੱਜ ਘੋਲਾਂਗੀ।
ਖਿੜੇ ਮੱਥੇ ਕਬੂਲਾਂਗੀ,
ਨਿਯਮ ਜੋ ਸੋਚ ਦੇ ਹਾਣੀ,
ਗ਼ੁਲਾਮੀ ਵਾਲ਼ੀਆਂ ਰਸਮਾਂ,
ਮੈਂ ਪੈਰਾਂ ਵਿੱਚ ਮਧੋਲਾਂਗੀ।
ਪਏ ਨੇ ਖਿਲਰੇ ਮੋਤੀ,
ਕਰਾਂਗੀ ਫੇਰ ਤੋਂ ‘ਕੱਠੇ,
ਲੜੀ ‘ਜਗਜੀਤ’ ਜੋ ਟੁੱਟੀ
ਮੈਂ ਉਹ ਮੁੜ ਕੇ ਪਰੋਲਾਂਗੀ।
ਜਗਜੀਤ ਕੌਰ ਢਿੱਲਵਾਂ