ਬਜ਼ੁਰਗਾਂ ਦੀਆਂ ਸੁੱਖ ਸਹੂਲਤਾਂ ਦਾ ਵੀ ਧਿਆਨ ਰੱਖੋ

ਬਜ਼ੁਰਗਾਂ ਦੀਆਂ ਸੁੱਖ ਸਹੂਲਤਾਂ ਦਾ ਵੀ ਧਿਆਨ ਰੱਖੋ

ਸਾਡੇ ਬਜ਼ੁਰਗ ਅੱਜ ਸਾਡੇ ‘ਤੇ ਬੋਝ ਬਣਦੇ ਜਾ ਰਹੇ ਹਨ। ਜਿਸ ਔਲਾਦ ਨੂੰ ਸੁੱਖਾਂ-ਸਰੀਣੀਆਂ ਸੁੱਖ-ਸੁੱਖ ਕੇ ਲਿਆ ਸੀ, ਉਹ ਆਪਣੇ ਸੁੱਖਾਂ ਲਈ ਉਨ੍ਹਾਂ ਤੋਂ ਮੂੰਹ ਮੋੜ ਰਹੇ ਹਨ ਅਤੇ ਬਿਰਧ ਆਸ਼ਰਮਾਂ ਦਾ ਰਸਤਾ ਦਿਖਾ ਰਹੇ ਹਨ। ਜਵਾਨੀ ਦੇ ਖੜ੍ਹੇ ਇਸ ਮੋੜ ‘ਤੇ ਸ਼ਾਇਦ ਉਹ ਭੁੱਲ ਰਹੇ ਹਨ ਕਿ ਸਮੇਂ ਦੇ ਚੱਕਰ ਵਿਚ ਛੇਤੀ ਉਨ੍ਹਾਂ ਨੂੰ ਵੀ ਇਸ ਅਵਸਥਾ ਵਿਚੋਂ ਗੁਜ਼ਰਨਾ ਪਵੇਗਾ ਅਤੇ ਉਸ ਸਮੇਂ ਆਪਣੇ ਕੀਤੇ ‘ਤੇ ਬਹੁਤ ਪਛਤਾਵਾ ਹੋਵੇਗਾ। ਆਪਣੇ ਮਾਂ-ਬਾਪ ਨੂੰ ਸਿਰਫ ਆਪਣੇ ਨਾਲ ਰੱਖਣ ਦੀ ਜ਼ਿੰਮੇਵਾਰੀ ਨਾ ਨਿਭਾਓ, ਬਲਕਿ ਉਨ੍ਹਾਂ ਦੀਆਂ ਸੁੱਖ-ਸਹੂਲਤਾਂ ਦਾ ਵੀ ਪੂਰਾ ਧਿਆਨ ਰੱਖੋ। ਇਸ ਤਰ੍ਹਾਂ ਦੇ ਮਾਹੌਲ ਵਿਚ ਤੁਹਾਨੂੰ ਵੱਡਿਆਂ ਦੀਆਂ ਅਸੀਸਾਂ ਮਿਲਣਗੀਆਂ, ਘਰ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਨਾਲ ਭਰ ਜਾਵੇਗਾ ਅਤੇ ਜੀਵਨ ਜਿਊਣ ਦਾ ਅਨੰਦ ਕਈ ਗੁਣਾ ਵਧ ਜਾਵੇਗਾ।
ਬਿਰਧ ਅਵਸਥਾ ਵਿਚ ਮਨੁੱਖ ਫਿਰ ਬੱਚਿਆਂ ਵਰਗਾ ਹੋ ਜਾਂਦਾ ਹੈ। ਜਿਸ ਤਰ੍ਹਾਂ ਬੱਚੇ ਨੂੰ ਹਰ ਸਮੇਂ ਸਹਾਰੇ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬਜ਼ੁਰਗਾਂ ਨੂੰ ਆਪਣਿਆਂ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਪਰ ਜੇ ਕਿਤੇ ਸੁੱਖ-ਸਹੂਲਤਾਂ ਨਾਲ ਬੱਚਿਆਂ ਦਾ ਸਾਥ ਮਿਲ ਜਾਵੇ ਤਾਂ ਢਿੱਡੋਂ ਅਸੀਸਾਂ ਨਿਕਲਦੀਆਂ ਹਨ, ਜਿਹੜੀਆਂ ਕਿਤੇ ਮੁੱਲ ਨਹੀਂ ਵਿਕਦੀਆਂ ਅਤੇ ਨਾ ਹੀ ਖ਼ਰੀਦੀਆਂ ਜਾ ਸਕਦੀਆਂ ਹਨ। ਜਦੋਂ ਵੀ ਉਨ੍ਹਾਂ ਨੂੰ ਸਾਡੇ ਸਹਾਰੇ ਦੀ ਲੋੜ ਹੋਵੇ, ਉਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਬਜ਼ੁਰਗਾਂ ਦੇ ਖਾਣ-ਪੀਣ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਹਮੇਸ਼ਾ ਤਾਜ਼ਾ, ਸਾਦਾ ਅਤੇ ਨਰੋਇਆ ਭੋਜਨ ਦੇਣਾ ਚਾਹੀਦਾ ਹੈ। ਸਮੇਂ-ਸਮੇਂ ‘ਤੇ ਉਨ੍ਹਾਂ ਦਾ ਮੈਡੀਕਲ ਚੈੱਕਅਪ ਵੀ ਕਰਾਉਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਅਤੇ ਖੁਰਾਕ ਦੇਣੀ ਚਾਹੀਦੀ ਹੈ। ਬੱਚਿਆਂ ਦੁਆਰਾ ਇਸ ਤਰ੍ਹਾਂ ਰੱਖਿਆ ਗਿਆ ਧਿਆਨ ਉਨ੍ਹਾਂ ਵਿਚ ਨਵੀਂ ਉਤੇਜਨਾ ਅਤੇ ਊਰਜਾ ਭਰਨ ਦਾ ਕੰਮ ਕਰਦਾ ਹੈ।
ਇਸ ਦੇ ਇਲਾਵਾ ਉਨ੍ਹਾਂ ਦਾ ਕਮਰਾ ਸਾਫ਼-ਸੁਥਰਾ ਅਤੇ ਹਵਾਦਾਰ ਹੋਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਉਨ੍ਹਾਂ ਨੂੰ ਬਾਥਰੂਮ ਦੇ ਨੇੜੇ ਵਾਲਾ ਕਮਰਾ ਦਿੱਤਾ ਜਾਵੇ ਤਾਂ ਕਿ ਰਾਤ ਨੂੰ ਉਠਦੇ ਸਮੇਂ ਉਨ੍ਹਾਂ ਨੂੰ ਤੰਗੀ ਨਾ ਹੋਵੇ। ਕਮਰੇ ਦੇ ਬਾਹਰ ਕੋਈ ਤਾਰ ਜਾਂ ਸਾਮਾਨ ਆਦਿ ਨਹੀਂ ਹੋਣਾ ਚਾਹੀਦਾ, ਜਿਸ ਨਾਲ ਡਿਗਣ ਦਾ ਖਤਰਾ ਹੋਵੇ, ਕਿਉਂਕਿ ਬੁਢਾਪੇ ਵਿਚ ਇਸ ਤਰ੍ਹਾਂ ਦੀ ਸੱਟ ਜਾਨਲੇਵਾ ਹੋ ਸਕਦੀ ਹੈ। ਉਨ੍ਹਾਂ ਦੇ ਕਮਰੇ ਵਿਚ ਬਿਜਲੀ ਆਦਿ ਦਾ ਪ੍ਰਬੰਧ ਵੀ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ। ਜੇ ਉਹ ਟੀ. ਵੀ. ਆਦਿ ਦੇਖਣਾ ਚਾਹੁੰਦੇ ਹੋਣ ਤਾਂ ਇਹ ਸਹੂਲਤ ਵੀ ਜ਼ਰੂਰ ਦਿਉ। ਉਨ੍ਹਾਂ ਦੇ ਗਰਮੀ-ਸਰਦੀ ਦੇ ਕੱਪੜਿਆਂ ਦਾ ਵੀ ਧਿਆਨ ਰੱਖੋ ਤਾਂ ਕਿ ਕੋਈ ਅਸੁਵਿਧਾ ਨਾ ਹੋਵੇ।
ਭੱਜ-ਦੌੜ ਦੀ ਜ਼ਿੰਦਗੀ ਵਿਚ ਕੰਮਕਾਜ ਕਾਰਨ ਜੇ ਵੱਡਿਆਂ ਕੋਲ ਜ਼ਿਆਦਾ ਸਮਾਂ ਨਾ ਹੋਵੇ ਤਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਕੋਲ ਕੁਝ ਸਮਾਂ ਬੈਠਣ ਦੀ ਜ਼ਰੂਰ ਆਦਤ ਪਾਓ। ਵੱਡੇ ਉਨ੍ਹਾਂ ਨਾਲ ਆਪਣੇ ਅਨੁਭਵ ਸਾਂਝੇ ਕਰਨਗੇ ਅਤੇ ਸੰਸਕਾਰ ਦੇਣਗੇ, ਕਿਉਂਕਿ ਉਹ ਸੰਸਕਾਰਾਂ ਦੀ ਚਲਦੀ-ਫਿਰਦੀ ਪਾਠਸ਼ਾਲਾ ਹੁੰਦੇ ਹਨ। ਵੱਡਿਆਂ ਦੀ ਛਤਰ-ਛਾਇਆ ਵਿਚ ਪਲੇ ਬੱਚੇ ਕਈ ਮਾੜੀਆਂ ਆਦਤਾਂ ਤੋਂ ਬਚੇ ਰਹਿਣਗੇ ਅਤੇ ਜ਼ਿਆਦਾ ਆਤਮ-ਵਿਸ਼ਵਾਸੀ ਹੋਣਗੇ। ਜੇ ਘਰ ਵਿਚ ਇਸ ਤਰ੍ਹਾਂ ਦਾ ਮਾਹੌਲ ਹੋਵੇਗਾ ਤਾਂ ਮਾਂ-ਬਾਪ ਵੀ ਬੇਫਿਕਰ ਹੋ ਕੇ ਕੰਮ ਕਰ ਸਕਣਗੇ। ਵੱਡਿਆਂ ਦੁਆਰਾ ਪਰਿਵਾਰ ਲਈ ਪਾਇਆ ਗਿਆ ਯੋਗਦਾਨ ਉਨ੍ਹਾਂ ਨੂੰ ਆਪਣੀ ਅਹਿਮੀਅਤ ਦਾ ਅਹਿਸਾਸ ਕਰਾਵੇਗਾ। ਉਨ੍ਹਾਂ ਦੇ ਛੋਟੇ-ਛੋਟੇ ਉਪਰਾਲੇ ਵੱਡਿਆਂ ਨੂੰ ਉਨ੍ਹਾਂ ਦੀ ਹੋਂਦ ਦਾ ਵੀ ਹੁੰਗਾਰਾ ਭਰਦੇ ਰਹਿਣਗੇ।
ਵੱਡਿਆਂ ਅਤੇ ਬਜ਼ੁਰਗਾਂ ਦੀਆਂ ਬੜੀਆਂ ਬਰਕਤਾਂ ਹੁੰਦੀਆਂ ਹਨ। ਜੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਵਿਹੜਾ ਭਰਿਆ ਰਹੇ ਤਾਂ ਇਸ ਤਰ੍ਹਾਂ ਦੇ ਪਰਿਵਾਰ ਸਮਾਜ ਵਾਸਤੇ ਉਦਾਹਰਨ ਬਣ ਜਾਂਦੇ ਹਨ ਅਤੇ ਦੂਜਿਆਂ ਦਾ ਮਾਰਗ ਦਰਸ਼ਨ ਬਣ ਸਕਦੇ ਹਨ। ਸਾਡੇ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਦਿੱਤੀਆਂ ਗਈਆਂ ਸਹੂਲਤਾਂ ਦੇ ਕਾਰਨ ਉਹ ਜੀਵਨ ਦੇ ਆਖਰੀ ਪੜਾਅ ਦਾ ਭਰਪੂਰ ਅਨੰਦ ਉਠਾ ਸਕਣਗੇ।