ਤੁਹਾਡਾ ਆਤਮ-ਵਿਸ਼ਵਾਸ

ਤੁਹਾਡਾ ਆਤਮ-ਵਿਸ਼ਵਾਸ

ਲੇਖਕ :?ਵਰਿੰਦਰ ਸਹੋਤਾ, ਮੋਬਾ: 84379-25062
ਕਿਸੇ ਖ਼ਾਸ ਮੁਕਾਮ ‘ਤੇ ਪਹੁੰਚਣ ਲਈ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਦੇ ਨਾਲ-ਨਾਲ ਆਤਮ-ਵਿਸ਼ਵਾਸ ਦਾ ਹੋਣਾ ਬੇਹੱਦ ਜ਼ਰੂਰੀ ਹੈ। ਜੇਕਰ ਤੁਸੀਂ ਕਿਸੇ ਖ਼ਾਸ ਮੁਕਾਮ ‘ਤੇ ਪਹੁੰਚਣ ਲਈ ਪੱਕਾ ਇਰਾਦਾ ਰੱਖਦੇ ਹੋ ਤੇ ਸਖ਼ਤ ਮਿਹਨਤ ਵੀ ਕਰਦੇ ਹੋ, ਪਰ ਤੁਹਾਡੇ ਅੰਦਰ ਆਤਮ-ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਸ਼ਾਇਦ ਉਸ ਮੁਕਾਮ ‘ਤੇ ਪੁੱਜ ਹੀ ਨਹੀਂ ਸਕਦੇ ਜਿਥੇ ਤੁਸੀਂ ਪੁੱਜਣਾ ਚਾਹੁੰਦੇ ਹੋ। ਆਧੁਨਿਕ ਸਮੇਂ ਦੌਰਾਨ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀ ਕਾਬਲੀਅਤ ਨੂੰ ਕਿਸੇ ਅਧਿਕਾਰੀ ਜਾਂ ਸਮਾਜ ਦੇ ਸਾਹਮਣੇ ਪ੍ਰਗਟ ਕਰਕੇ ਹੀ ਕੋਈ ਵਿਅਕਤੀ ਸਫ਼ਲ ਬਣ ਸਕਦਾ ਹੈ। ਆਤਮ-ਵਿਸ਼ਵਾਸ ਇਕ ਅਜਿਹਾ ਹਥਿਆਰ ਵੀ ਹੈ, ਜੋ ਕਿਸੇ ਵਿਅਕਤੀ ਜਾਂ ਖ਼ਾਸ ਕਰਕੇ ਔਰਤ ਨੂੰ ਕਿਸੇ ਵੱਡੇ ਖ਼ਤਰੇ ਤੋਂ ਬਚਾਅ ਸਕਦਾ ਹੈ। ਬੇਸ਼ੱਕ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਬਲੀਅਤ ਨਾਲ ਹੀ ਆਤਮ-ਵਿਸ਼ਵਾਸ ਵਧਦਾ ਹੈ, ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਹੜੇ ਆਤਮ-ਵਿਸ਼ਵਾਸ ਦੇ ਸਹਾਰੇ ਆਪਣੀ ਕਾਬਲੀਅਤ ਦੀਆਂ ਕੁਝ ਕਮੀਆਂ ਨੂੰ ਵੀ ਛੁਪਾ ਲੈਂਦੇ ਹਨ। ਖ਼ਾਸ ਕਰਕੇ ਅੱਜ ਦੇ ਸਮੇਂ ਦੌਰਾਨ ਕੰਮਕਾਜੀ, ਨੌਕਰੀਪੇਸ਼ਾ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਨ ਵਾਲਿਆਂ ਅੰਦਰ ਆਤਮ-ਵਿਸ਼ਵਾਸ ਹੋਣਾ ਬੇਹੱਦ ਲਾਜ਼ਮੀ ਹੋ ਗਿਆ ਹੈ। ਸਮੇਂ ਦੀ ਰਫ਼ਤਾਰ ਬਹੁਤ ਤੇਜ਼ ਹੈ। ਅਜਿਹੇ ਹਾਲਾਤ ਵਿਚ ਜੇਕਰ ਤੁਹਾਡੇ ਅੰਦਰ ਆਤਮ-ਵਿਸ਼ਵਾਸ ਦੀ ਕਮੀ ਹੈ ਤਾਂ ਕੰਮਕਾਜ ਵਿਚ ਮਨ ਹਮੇਸ਼ਾ ਡਾਵਾਂਡੋਲ ਹੀ ਰਹੇਗਾ।
ਹੁਣ ਔਰਤਾਂ ਹਰ ਖੇਤਰ ਵਿਚ ਮਰਦਾਂ ਦੇ ਨਾਲ ਬਰਾਬਰ ਦੇ ਕੰਮਕਾਜ ਕਰ ਰਹੀਆਂ ਹਨ ਅਤੇ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਦੇ ਨਾਲ-ਨਾਲ ਆਪਣੇ ਪਰਿਵਾਰਾਂ ਦੀ ਆਰਥਿਕ ਪੱਖੋਂ ਮਦਦ ਕਰਕੇ ਪਰਿਵਾਰਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਵੀ ਕਰ ਰਹੀਆਂ ਹਨ। ਉਨਾਂ ਨੂੰ ਘਰਾਂ ਤੋਂ ਬਾਹਰ ਇਕੱਲੇ ਤੌਰ ‘ਤੇ ਵੱਖ-ਵੱਖ ਤਰ੍ਹਾਂ ਦੇ ਮਾਹੌਲ ਵਿਚ ਕੰਮ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਜੇਕਰ ਉਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਹੋਵੇਗਾ ਤਾਂ ਉਹ ਆਪਣੇ ਕੰਮ ਵਿਚ ਜ਼ਿਆਦਾ ਨਿਪੁੰਨ ਹੋਣਗੀਆਂ। ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਣਗੀਆਂ। ਬਹੁਤ ਸਾਰੇ ਸਮਿਆਂ ‘ਤੇ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਦਫ਼ਤਰੀ, ਸਮਾਜਿਕ ਜਾਂ ਕਿਸੇ ਹੋਰ ਕਿਸਮ ਦੀ ਮੀਟਿੰਗ ਆਦਿ ਹੁੰਦੀ ਹੈ ਤਾਂ ਬਹੁਗਿਣਤੀ ਔਰਤਾਂ ਅਜਿਹੇ ਮੌਕੇ ‘ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਮੰਚ ‘ਤੇ ਜਾਣ ਲਈ ਤਿਆਰ ਨਹੀਂ ਹੁੰਦੀਆਂ। ਭਾਵੇਂ ਉਨ੍ਹਾਂ ਦੇ ਅੰਦਰ ਬਹੁਤ ਅਣਮੁੱਲੇ ਵਿਚਾਰ ਹੀ ਹੋਣ ਪਰ ਇਕ ਅਜੀਬ ਕਿਸਮ ਦੀ ਹਿਚਕਿਚਾਹਟ ਉਨ੍ਹਾਂ ਦੇ ਅੰਦਰ ਹੁੰਦੀ ਹੈ। ਇਸ ਦੇ ਪਿੱਛੇ ਆਤਮ-ਵਿਸ਼ਵਾਸ ਦੀ ਕਮੀ ਹੀ ਹੁੰਦੀ ਹੈ। ਪਰ ਜਿਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਹੁੰਦਾ ਹੈ, ਉਹ ਹਰ ਤਰ੍ਹਾਂ ਦੇ ਹਾਲਾਤ ਵਿਚ ਵੀ ਆਪਣੇ-ਆਪ ਨੂੰ ਸਾਬਤ ਕਰਨ ਵਿਚ ਸਫ਼ਲ ਹੋ ਜਾਂਦੇ ਹਨ।