ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਕਿਵੇਂ ਜਾਣੂੰ ਕਰਾਈਏ ?

ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਕਿਵੇਂ ਜਾਣੂੰ ਕਰਾਈਏ ?

ਲੇਖਕ :?ਅਮਨਪ੍ਰੀਤ ਸਿੰਘ, ਮੋਬਾ: 94655-54088
ਸਮਾਜਿਕ ਬੁਰਾਈ ਕੀ ਹੈ? ਇਹ ਇਕ ਅਜਿਹੀ ਵਿਚਾਰਧਾਰਾ ਹੈ, ਜਿਸ ਨੂੰ ਅਪਣਾਉਣ ਕਾਰਨ ਸਮਾਜ ਦਾ ਹੀ ਨੁਕਸਾਨ ਹੋ ਰਿਹਾ ਹੈ, ਪਰ ਨਿੱਜੀ ਸਵਾਰਥਾਂ ਦੀ ਪੂਰਤੀ ਹੋ ਰਹੀ ਹੈ। ਹਰ ਮਾਤਾ-ਪਿਤਾ ਅਣਜਾਣੇ ਵਿਚ ਹੀ ਆਪਣੇ ਗੁਣਾਂ ਅਤੇ ਔਗੁਣਾਂ ਨੂੰ ਆਪਣੇ ਬੱਚਿਆਂ ਵਿਚ ਭਰਦੇ ਜਾਂਦੇ ਹਨ ਅਤੇ ਬੱਚੇ ਵੀ ਝੱਟ ਹੀ ਉਨ੍ਹਾਂ ਗੁਣਾਂ ਅਤੇ ਔਗੁਣਾਂ ਨੂੰ ਗ੍ਰਹਿਣ ਕਰਦੇ ਜਾ ਰਹੇ ਹਨ। ਕਿਉਂਕਿ ਨਾ ਤਾਂ ਮਾਤਾ-ਪਿਤਾ ਨੇ ਸਾਰੀ ਉਮਰ ਆਪਣੀਆਂ ਅੱਖਾਂ ਖੋਲ੍ਹੀਆਂ, ਕਿਉਂਕਿ ਉਹ ਆਪਣੇ ਮਾਤਾ-ਪਿਤਾ ਜੀ ਦੀਆਂ ਗੱਲਾਂ ‘ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਰਹੇ ਅਤੇ ਨਾ ਹੀ ਬੱਚਿਆਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਭਾਰਤ ਵਿਚ ਜਦ ਵੀ ਕੋਈ ਬੱਚਾ ਆਪਣੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਮਾਂ-ਬਾਪ ਤੋਂ ਕੁਝ ਸਵਾਲ ਪੁੱਛਦਾ ਹੈ ਤਾਂ ਉਸ ਨੂੰ ਥੱਪੜ ਮਾਰ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਅਤੇ ਸਿਰਫ ਇਕ ਥੱਪੜ ਉਸ ਬੱਚੇ ਦੀਆਂ ਅੱਖਾਂ ਹਮੇਸ਼ਾ ਲਈ ਬੰਦ ਕਰ ਦਿੰਦਾ ਹੈ। ਬਸ ਠੀਕ ਇਸੇ ਤਰ੍ਹਾਂ ਪੀੜ੍ਹੀ-ਦਰ-ਪੀੜ੍ਹੀ ਸਮਾਜਿਕ ਬੁਰਾਈਆਂ ਚਲਦੀਆਂ ਆ ਰਹੀਆਂ ਹਨ। ਹੁਣ ਮੈਂ ਤੁਹਾਨੂੰ ਕੁਝ ਅਜਿਹੀਆਂ ਬਿਮਾਰੀਆਂ ਦੇ ਨਾਂਅ ਦੱਸ ਦਿੰਦਾ ਹਾਂ, ਜੋ ਠੀਕ ਇਸੇ ਤਰ੍ਹਾਂ ਪੀੜ੍ਹੀ-ਦਰ-ਪੀੜ੍ਹੀ ਫੈਲ ਰਹੀਆਂ ਹਨ। ਇਹ ਬਿਮਾਰੀ ਹੈ ਮਜ਼੍ਹਬਾਂ ਦੀ ਬਿਮਾਰੀ, ਜਾਤਾਂ-ਪਾਤਾਂ ਦੀ ਬਿਮਾਰੀ, ਰੀਤੀ-ਰਿਵਾਜਾਂ ਦੀ ਬਿਮਾਰੀ, ਸ਼ਗਨਾਂ ਦੀ ਬਿਮਾਰੀ, ਅੱਤਵਾਦ ਦੀ ਬਿਮਾਰੀ, ਚੋਰੀਆਂ-ਠੱਗੀਆਂ ਦੀ ਬਿਮਾਰੀ, ਹੰਕਾਰ ਦੀ ਬਿਮਾਰੀ, ਨੂੰਹ-ਸੱਸ ਦੇ ਝਗੜਿਆਂ ਦੀ ਬਿਮਾਰੀ, ਧੋਖੇਧੜੀ ਦੀ ਬਿਮਾਰੀ, ਲਾਲਚ ਦੀ ਬਿਮਾਰੀ, ਫੋਕੀ ਟੌਹਰ ਦੀ ਬਿਮਾਰੀ, ਦਹੇਜ ਵਿਚ ਮਹਿੰਗੀ ਗੱਡੀ ਲੈਣੀ ਹੈ ਦੀ ਬਿਮਾਰੀ ਆਦਿ ਅਜਿਹੀਆਂ ਕਰੋੜਾਂ ਹੀ ਬਿਮਾਰੀਆਂ ਹਨ, ਜੋ ਸਾਡੀ ਮਾਨਸਿਕਤਾ ਨੂੰ ਖੋਖਲਾ ਕਰ ਰਹੀਆਂ ਹਨ। ਇਹ ਤਾਂ ਗੱਲ ਹੋ ਗਈ ਸਾਰੀਆਂ ਸਮੱਸਿਆਵਾਂ ਦੀ, ਹੁਣ ਆਪਾਂ ਗੱਲ ਕਰਾਂਗੇ ਇਨ੍ਹਾਂ ਦੇ ਹੱਲ ਦੀ। ਹੱਲ ਬਿਲਕੁਲ ਸਾਫ ਹੈ ਕਿ ਸਾਰੇ ਆਪੋ-ਆਪਣੀਆਂ ਅੱਖਾਂ ਖੋਲ੍ਹੋ- ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਨੌਜਵਾਨ ਤੇ ਚਾਹੇ ਕੋਈ ਬੱਚਾ। ਹਰ ਕਿਸੇ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਪੁੱਛਣ ਦੀ। ਭਾਵੇਂ ਕੋਈ ਵੀ ਪ੍ਰਸ਼ਨ, ਕਿੰਨਾ ਵੀ ਘਟੀਆ, ਬੇਫਾਲਤੂ ਅਤੇ ਅਧਾਰਮਿਕ ਹੀ ਕਿਉਂ ਨਾ ਲਗਦਾ ਹੋਵੇ। ਆਪਾਂ ਸਾਰਿਆਂ ਨੂੰ ਹਰ ਪ੍ਰਸ਼ਨ ਨੂੰ ਪਿਆਰ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਉਸ ਦਾ ਪਿਆਰ ਨਾਲ ਉੱਤਰ ਦੇਣ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਜੇ ਕੋਈ ਵੀ ਬੰਦਾ ਕਿਸੇ ਵੀ ਪੁੱਛੇ ਗਏ ਪ੍ਰਸ਼ਨ ਤੋਂ ਖਿਝਦਾ ਹੈ, ਗੁੱਸਾ ਦਿਖਾਉਂਦਾ ਹੈ, ਉਹ ਆਦਮੀ ਮਹਾਂਮੂਰਖ ਹੈ ਅਤੇ ਧਰਮ ਸਾਨੂੰ ਸਿਰਫ ਅੱਖਾਂ ਖੋਲ੍ਹਣੀਆਂ ਹੀ ਸਿਖਾਉਂਦਾ ਹੈ। ਇਸ ਦੇ ਨਾਲ ਸਾਨੂੰ ਰਹਿਣਾ ਪਵੇਗਾ 24 ਘੰਟੇ ਚੌਕਸ, ਦੇਖਣਾ ਪਵੇਗਾ ਹਰ ਪਲ ਆਪਣੇ ਵਿਚਾਰਾਂ ਨੂੰ, ਮਹਿਸੂਸ ਕਰਨਾ ਪਵੇਗਾ ਆਪਣੇ ਸੰਵੇਗਾਂ ਨੂੰ, ਕਰਨੀਆਂ ਪੈਣਗੀਆਂ ਮਾਨਸਿਕ ਕਸਰਤਾਂ, ਚੱਖਣਾ ਪਵੇਗਾ ਸੁਆਦ ਮੈਡੀਟੇਸ਼ਨ ਦਾ, ਸਾਧਨਾ ਦਾ, ਤਾਂ ਜੋ ਆਪਣੇ ਸਾਰਿਆਂ ਦੀਆਂ ਅੱਖਾਂ ਜਲਦ ਤੋਂ ਜਲਦ ਖੁੱਲ੍ਹ ਸਕਣ।