ਜੰਗ ‘ਚ ਜ਼ਿੰਦਗੀ ਦੀ ਆਸ

ਜੰਗ ‘ਚ ਜ਼ਿੰਦਗੀ ਦੀ ਆਸ

 

ਲੇਖਕ?: ਪਰਮਜੀਤ ਢੀਂਗਰਾ, ਸੰਪਰਕ: 88476-10125
ਪੰਜਾਬੀ ਵਿਚ ਆਤਮਜੀਤ ਉੱਘਾ ਨਾਟਕਕਾਰ ਹੈ। ਉਹ ਵੀ ਨਾਟਕ ਲਿਖਣ ਤੋਂ ਬਾਅਦ ਪਹਿਲਾਂ ਇਹਦਾ ਸਟੇਜੀਕਰਨ ਕਰਦਾ ਹੈ ਜਾਂ ਫਿਰ ਇਹਦੀ ਪੜ੍ਹਤ ਕਰ ਕੇ ਇਹਦੇ ਬਾਰੇ ਸੁਝਾਅ ਲੈਂਦਾ ਹੈ ਤਾਂ?ਜੋ ਕੋਈ ਤਰੁਟੀ ਨਾ ਰਹਿ ਜਾਵੇ। ਉਹ ਖੋਜੀ ਨਾਟਕਕਾਰ ਹੈ। ਹਰ ਨਾਟਕ ਦੀ ਮੂਲ ਬਿਰਤੀ ਲਈ ਪਹਿਲਾਂ ਉਹ ਖੋਜ ਕਰਦਾ ਹੈ ਤੇ ਫਿਰ ਨਾਟਕ ਦੀ ਉਸਾਰੀ। ‘ਮੁੜ ਆ ਲਾਮਾਂ ਤੋਂ’ ਉਹਦਾ ਇਤਿਹਾਸਕ ਨਾਟਕ ਹੈ। ਦਰਅਸਲ, ਇਹ ਸਮਕਾਲੀ ਸਥਿਤੀਆਂ ਦਾ ਇਤਿਹਾਸ ਹੈ। ਇਹਦਾ ਪਿਛੋਕੜ ਆਲਮੀ ਜੰਗ ਹੈ ਜਿਸ ਨੇ ਵੱਡੀ ਤਬਾਹੀ ਲਿਆਂਦੀ ਪਰ ਉਸ ਵਿਚੋਂ ਮਨੁੱਖਤਾ ਦਾ ਦਰਦ ਇਕ ਵਿਲੱਖਣ ਜਜ਼ਬਾ ਉਭਾਰਦਾ ਹੈ। ਇਸ ਬਾਰੇ ਅਨੁਰਾਧਾ ਕਪੂਰ ਦਾ ਕਥਨ ਹੈ:
ਆਤਮਜੀਤ ਦਾ ਨਾਟਕ ‘ਮੁੜ ਆ ਲਾਮਾਂ ਤੋਂ’ ਕਈ ਤਰ੍ਹਾਂ ਨਾਲ ਵਿਲੱਖਣ ਟੈਕਸਟ ਹੈ। ਘਟਨਾਵਾਂ ਵਾਪਰਨ ਦਾ ਟਿਕਾਣਾ ਵਿਲੱਖਣ ਹੈ; ਨਾਟਕ ਪਹਿਲੀ ਸੰਸਾਰ ਜੰਗ ਦੇ ਅੰਤ ‘ਤੇ ਯੂਰਪ ਦੇ ਜੰਗੀ ਮੈਦਾਨਾਂ ‘ਚ ਵਾਪਰ ਰਿਹਾ ਹੈ। ਪਾਤਰ ਗ਼ੈਰ-ਮਾਮੂਲੀ ਹਨ, ਇਕ ਪਾਸੇ ਸਿੱਖ, ਪਠਾਣ, ਡੋਗਰਾ ਅਤੇ ਕਾਂਗੜੇ ਦੇ ਮੁਸਲਿਮ ਰਾਜਪੂਤ ਵਰਗੇ ਮਿਲੇ ਜੁਲੇ ਸੈਨਿਕਾਂ ਦੀ ਟੁਕੜੀ ਹੈ। ਦੂਜੇ ਪਾਸੇ ਸੀਗਫਰਾਈਡ ਸੈਸੂਨ ਅਤੇ ਮਾਤਾ ਹਰੀ ਜੇਹੇ ਉਹ ਪਾਤਰ ਹਨ ਜਿਨ੍ਹਾਂ ਦੀ ਨਾਟਕ ਵਿਚ ਅਚਨਚੇਤ ਸ਼ਮੂਲੀਅਤ ਹੋ ਜਾਂਦੀ ਹੈ। ਕਥਾ ਦੀ ਲਕੀਰ ਵੀ ਬੜੀ ਵਿਲੱਖਣ ਹੈ। ਇਹ ਆਮ ਨਾਟਕਾਂ ਵਾਂਗ ਕਿਸੇ ਫੈਸਲਾਕੁੰਨ ਅੰਤ ਵੱਲ ਵਧਣ ਦੀ ਬਜਾਏ ਕੁਝ ਤਸਵੀਰਾਂ ਤੇ ਨਮੂਨੇ ਪੇਸ਼ ਕਰਦਾ ਹੈ। ਕਈ ਹਾਲਤਾਂ ਵਿਚ ਇਹ ਚਿੱਤਰ ਸੁਪਨਮਈ ਜਾਂ ਮਿਥਿਆ ਲੱਗਦੇ ਹਨ ਪਰ ਦੂਜੇ ਪਾਸੇ ਕਈ ਹੋਰ ਦ੍ਰਿਸ਼ ਸੁਪਨਿਆਂ ਦੇ ਐਨ ਉਲਟ ਜੰਗ ਦੇ ਮੈਦਾਨ ਦੀ ਆਮ ਜ਼ਿੰਦਗੀ ਦੇ ਯਥਾਰਥਮਈ ਚਿੱਤਰ ਹਨ। ਸੈਨਿਕਾਂ ਦੇ ਜੀਵਨ ਨੂੰ ਬੜੇ ਉਘੜਵੇਂ ਢੰਗ ਨਾਲ ਬਿਆਨਿਆ ਗਿਆ ਹੈ। ਉਨ੍ਹਾਂ ਨੂੰ ਆਪਣੇ ਘਰਾਂ ਅਤੇ ਉੱਥੋਂ ਦੇ ਖਾਣੇ ਦਾ ਹੇਰਵਾ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਹੋਰ ਸਨੇਹੀਆਂ ਦਾ ਮੋਹ ਸਤਾਉਂਦਾ ਹੈ; ਉਹ ਆਪਣੇ ਅਫ਼ਸਰਾਂ ਪ੍ਰਤੀ ਗੁੱਸੇ ਨਾਲ ਭਰ ਜਾਂਦੇ ਹਨ ਜਾਂ ਫਿਰ ਆਪਸ ਵਿਚ ਉਲਝ ਜਾਂਦੇ ਹਨ। ਇਹ ਸਭ ਕੁਝ ਕਰਦਿਆਂ ਉਹ ਇਕ ਪ੍ਰਕਾਰ ਦੇ ਦ੍ਰਿਸ਼ ਤੋਂ ਬੜੀ ਆਸਾਨੀ ਨਾਲ ਦੂਜੀ ਤਰ੍ਹਾਂ ਦੇ ਦ੍ਰਿਸ਼ ਵਿਚ ਸਰਕ ਜਾਂਦੇ ਹਨ। ਨਾਟਕ ਦੀ ਇਹ ਵਲ-ਖਾਂਦੀ ਤੋਰ ਇਸ ਵਿਚ ਕਹੀ ਜਾ ਰਹੀ ਕਹਾਣੀ ਲਈ ਜਚਦੀ ਹੈ।
ਟੈਕਸਟ ਦਾ ਮੂਲ ਉਦੇਸ਼ ਆਲਮੀ ਜੰਗ ਦੀ ਪੀੜਾ ਵਿਚੋਂ ਮਨੁੱਖੀ ਮਨ ਦੀ ਪੇਸ਼ਕਾਰੀ ਹੈ ਜੋ ਇਸ ਜੰਗ ਦੀ ਭਿਆਨਕਤਾ ਨਾਲ ਦੋ ਚਾਰ ਹੋ ਰਿਹਾ ਹੈ। ਇਸ ਆਲਮੀ ਜੰਗ ਵਿਚ ਇਕ ਕਰੋੜ ਤੋਂ ਵਧੇਰੇ ਲੋਕ ਮਾਰੇ ਗਏ। ਇਨ੍ਹਾਂ ਵਿਚ ਅੱਧੇ ਫ਼ੌਜੀ ਤੇ ਅੱਧੇ ਆਮ ਨਾਗਰਿਕ ਸਨ। ਇਨ੍ਹਾਂ ਵਿਚ ਭਾਰਤੀ ਫ਼ੌਜੀ ਵੀ ਵੱਡੀ ਗਿਣਤੀ ਵਿਚ ਸਨ। ਇਸ ਨਾਟਕ ਨੂੰ ਲਿਖਣ ਦੀ ਪ੍ਰੇਰਨਾ ਲੇਖਕ ਨੂੰ ਕਵੀ ਅਮਰਜੀਤ ਚੰਦਨ ਨੇ ਦਿੱਤੀ। ਲੇਖਕ ਨੂੰ ਲੱਗਦਾ ਸੀ ਕਿ ਫ਼ੌਜੀ ਅਨੁਭਵ ਤੋਂ ਬਿਨਾ ਅਜਿਹਾ ਨਾਟਕ ਲਿਖਣਾ ਉਹਦੇ ਵੱਸ ਦੀ ਗੱਲ ਨਹੀਂ।
ਆਖ਼ਰ ਲੇਖਕ ਨੇ ਇਸ ਜੰਗ ਬਾਰੇ ਕਿਤਾਬਾਂ ਇਕੱਠੀਆਂ ਕਰ ਕੇ ਗਹਿਨ ਅਧਿਐਨ ਕੀਤਾ। ਸ਼ਿਕਾਗੋ ਦੀ ਮੇਨ ਲਾਇਬ੍ਰੇਰੀ (ਹੈਰਾਲਡ ਵਾਸ਼ਿੰਗਟਨ ਲਾਇਬ੍ਰੇਰੀ ਸੈਂਟਰ) ਵਿਚ ਜੰਗ ਬਾਰੇ ਅਨੇਕਾਂ ਕਿਤਾਬਾਂ ਤੋਂ ਜੰਗੀ ਮੁਹਾਜ਼ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਨ੍ਹਾਂ ਨੇ ਲੇਖਕ ਨੂੰ ਇਸ ਨਾਟਕ ਦੀ ਆਧਾਰ ਭੂਮੀ ਸਿਰਜਣ ਵਿਚ ਮਦਦ ਕੀਤੀ। ਇਸ ਮਹਾਂਯੁੱਧ ਵਿਚ ਤਿੰਨ ਦਰਜਨ ਅੰਗਰੇਜ਼ੀ ਕਵੀਆਂ ਨੇ ਵੀ ਹਿੱਸਾ ਲਿਆ ਸੀ ਤੇ ਉਨ੍ਹਾਂ ਨੇ ਯੁੱਧ ਬਾਰੇ ਕਵਿਤਾਵਾਂ ਵੀ ਲਿਖੀਆਂ ਜੋ ਨਾਟਕ ਲਈ ਸਹਾਇਕ ਸਿਧ ਹੋਈਆਂ। ਜਿਵੇਂ ਸੂਨ (ਜੇਬ ‘ਚੋਂ ਕਾਗਜ਼ ਕੱਢ ਕੇ) ਪੜ੍ਹਦਾ ਹੈ: ਸਿਪਾਹੀ ਤਾਂ ਮੌਤ ਦੀ/ ਮਟਮੈਲੀ ਧਰਤੀ ਦੇ ਵਾਸੀ ਹੁੰਦੇ/ ਜਿਨ੍ਹਾਂ ਨੂੰ ਆਉਂਦੇ ਕੱਲ੍ਹ ਨੇ/ ਕੁਝ ਵੀ ਨਹੀਂ ਦੇਣਾ/ ਆਪਣੇ ਝਗੜਿਆਂ, ਈਰਖਾਵਾਂ/ ਤੇ ਦੁਖਾਂ ਦੇ ਬਾਵਜੂਦ/ ਭਾਵੀ ਦੇ ਭਾਰੇ ਪਲਾਂ ਵਿਚ/ ਇਕ ਦੂਜੇ ਨਾਲ ਨਿਭਦੇ/ ਉਨ੍ਹਾਂ ਕਸਮ ਖਾਧੀ ਹੁੰਦੀ/ ਲੜ ਮਰਨ ਤੇ ਜੇਤੂ ਹੋਣ ਦੀ/ ਅੱਗ ਨੂੰ ਚੀਰ ਕੇ ਜਿੱਤਣਾ/ ਜੱਗ ਨੂੰ ਪਾੜ ਕੇ ਲੰਘਣਾ/ ਜਦ ਤੋਪਾਂ ਗੋਲੇ ਵਰ੍ਹਾਉਂਦੀਆਂ/ ਫ਼ੌਜੀ ਓਦੋਂ ਵੀ ਸੁਪਨੇ ਲੈਂਦੇ/ ਜਗਦੇ ਘਰਾਂ, ਸੁਹਣੀਆਂ ਸੇਜਾਂ/ ਤੇ ਮੋਹਣੀਆਂ ਸਾਥਣਾਂ ਦੇ ਸੁਪਨੇ/ ਪਰ ਮੈਂ ਉਨ੍ਹਾਂ ਨੂੰ ਦੇਖਦਾਂ/ ਮੁਸ਼ਕ ਮਾਰੇ ਖੱਡਿਆਂ ਵਿਚ/ ਉੱਜੜੀਆਂ ਪੁੱਜੜੀਆਂ ਟਰੈਂਚਾਂ ਦੇ/ ਮੀਂਹ ਭਰੇ ਚਿੱਕੜਾਂ ਵਿਚ/ ਲੰਮੀਆਂ ਤਾਣ ਕੇ ਲੈਂਦੇ/ ਹਾਣੀਆਂ ਨਾਲ ਘੁਲਣ ਦੇ ਸੁਪਨੇ/ ਕਦੇ ਨਾ ਸਾਕਾਰ ਹੋਣ ਵਾਲੀਆਂ/ ਇੱਛਾਵਾਂ ‘ਚ ਘਿਰੇ ਸੁਪਨੇ/ ਸੁਪਨੇ ਕਿ ਰੱਸਾਕੱਸ਼ੀ ਕਰਨਗੇ/ ਜਾਂ ਫਿਰ ਮਹਿਫਲਾਂ ਸਜਾਣਗੇ/ ਸੁਪਨੇ, ਕਿ ਕਿਸੇ ਸੁਪਨੀ ਨਾਲ/ ਰੇਲ ਦੇ ਲੰਮੇ ਸਫ਼ਰ ‘ਤੇ ਜਾਣਗੇ/…।
ਇਹ ਕਵਿਤਾ ਸੁਪਨੇ ਤੇ ਇੱਛਾਵਾਂ ਦੀ ਜੁਗਤ ਨੂੰ ਉਭਾਰਦੀ ਹੈ ਜਿਸ ਪਿੱਛੇ ਜੰਗ ਦੀ ਭਿਆਨਕਤਾ ਤੇ ਜ਼ਿੰਦਗੀ ਜਿਊਣ ਦੀ ਲਾਲਸਾ ਦੇ ਬਿੰਬ ਪਏ ਹਨ। ਇਹ ਨਾਟਕ ਵਿਚ ਕਈ ਥਾਂ ਉਭਰਦੇ ਤੇ ਨਾਟਕੀ ਕਾਰਜ ਨੂੰ ਅੱਗੇ ਤੋਰਦੇ ਹਨ। ਇਸ ਤਰ੍ਹਾਂ ਇਹ ਕਵਿਤਾ ਜੰਗ ਦੀ ਭਿਆਨਕਤਾ ਵਿਚ ਜ਼ਿੰਦਗੀ ਦੀ ਆਸ ਦਾ ਸੰਦੇਸ਼ ਸੁਪਨੇ ਰਾਹੀਂ ਦੇਂਦੀ ਹੈ। ਨਾਟਕਕਾਰ ਨੂੰ ਕਈ ਅੰਗਰੇਜ਼ੀ ਕਵੀਆਂ ਨੇ ਪ੍ਰਭਾਵਿਤ ਕੀਤਾ। ਇਨ੍ਹਾਂ ਕਵੀਆਂ ਬਾਰੇ ਉਹ ਲਿਖਦਾ ਹੈ: ਓਇਨ ਦੀ ਬਦਕਿਸਮਤੀ ਦੇਖੋ; ਉਹ ਯੁੱਧ ਖਤਮ ਹੋਣ ਤੋਂ ਸਿਰਫ਼ ਇਕ ਹਫਤਾ ਪਹਿਲਾਂ ਜੰਗ ਵਿਚ ਮਾਰਿਆ ਗਿਆ। ਅੰਗਰੇਜ਼ੀ ਦੇ ਬੇਹੱਦ ਸੋਹਣੇ ਕਵੀ ਰੂਪਰ ਬਰੂਕ ਨੇ ਵੀ ਜੰਗ ਵਿਚ ਹਿੱਸਾ ਲਿਆ ਸੀ ਤੇ ਉਹਨੇ ਜੰਗ ਦੀ ਵਡਿਆਈ ਵਿਚ ਗੀਤ ਲਿਖੇ ਸਨ। ਪਰ ਓਇਨ ਅਤੇ ਸੈਸੂਨ ਨੇ ਜੰਗ ਦਾ ਵਿਰੋਧ ਕੀਤਾ। ਮੈਨੂੰ ਸੈਸੂਨ ਨੇ ਜ਼ਿਆਦਾ ਪ੍ਰਭਾਵਤ ਕੀਤਾ ਕਿਉਂਕਿ ਉਸ ਨੇ ਜੰਗ ਦੇ ਖਿਲਾਫ਼ ਇੰਗਲੈਂਡ ਦੀ ਪਾਰਲੀਮੈਂਟ ਨੂੰ ਇਕ ਖ਼ਤ ਵੀ ਲਿਖਿਆ ਸੀ ਅਤੇ ਉਸ ‘ਤੇ ਫ਼ੌਜ ਵੱਲੋਂ ਕੋਰਟ ਮਾਰਸ਼ਲ ਕਰਨ ਦੀ ਯੋਜਨਾ ਸੀ। ਪਰ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਬਰਟਰੰਡ ਰੱਸਲ ਦੇ ਯਤਨਾਂ ਨਾਲ ਉਹ ਬਚ ਗਿਆ। ਸੈਸੂਨ ਦੇ ਖ਼ਤ ਦਾ ਮਹੱਤਵ ਇਸ ਗੱਲ ਕਰਕੇ ਜ਼ਿਆਦਾ ਹੈ ਕਿਉਂਕਿ ਉਦੋਂ ਜਰਮਨੀ ਦੇ ਸੌ ਵੱਡੇ ਬੰਦਿਆਂ, ਜਿਨ੍ਹਾਂ ਵਿਚ ਕਈ ਨੋਬੇਲ ਇਨਾਮ ਜੇਤੂ ਵੀ ਸਨ, ਨੇ ਇੰਗਲੈਂਡ ਦੇ ਲੋਕਾਂ ਨੂੰ ਖੁੱਲ੍ਹਾ ਖ਼ਤ ਲਿਖਿਆ ਸੀ ਜਿਸ ਵਿਚ ਇੰਗਲੈਂਡ ਅਤੇ ਫਰਾਂਸ ਨੂੰ ਸਬਕ ਸਿਖਾਉਣ ਦੀ ਧਮਕੀ ਸੀ। ਕੇਵਲ ਆਇੰਸਟਾਈਨ ਅਤੇ ਦੋ ਹੋਰ ਸਿਆਣਿਆਂ ਨੇ ਹੀ ਜਰਮਨਾਂ ਦੇ ਖ਼ਤ ਦਾ ਵਿਰੋਧ ਕੀਤਾ ਸੀ।
ਇਸ ਤਰ੍ਹਾਂ ਦੇ ਖੋਜ ਮੂਲਕ ਪਿਛੋਕੜ ਵਿਚੋਂ ਸਿਰਜੀ ਗਈ ਇਹ ਟੈਕਸਟ ਇਸੇ ਕਰਕੇ ਵਿਲੱਖਣ ਹੈ ਕਿਉਂਕਿ ਲੇਖਕ ਸਾਰੇ ਤੱਥਾਂ ਨੂੰ ਖੋਜ ਕੇ, ਘੋਖ ਕੇ ਨਾਟਕ ਲਈ ਵਰਤਦਾ ਹੈ। ਜੰਗ ਦੀ ਭਿਆਨਕਤਾ ਵੇਲੇ ਸੂਝਵਾਨ ਲੋਕ, ਲੇਖਕ, ਕਲਾਕਾਰ ਹੀ ਸਨ ਜੋ ਇਸ ਭਿਆਨਕਤਾ ਤੋਂ ਮਨੁੱਖਤਾ ਨੂੰ ਬਚਾਉਣ ਲਈ ਹੋਕਾ ਦੇ ਰਹੇ ਸਨ। ਇਸ ਦੀ ਭਿਆਨਕਤਾ ਅਬਦੁਲੇ ਦੇ ਉਸ ਡਾਇਲਾਗ ਤੋਂ ਝਲਕਦੀ ਹੈ ਜਦੋਂ ਉਹ ਕਹਿੰਦਾ ਹੈ: ਦੋਸਤੋ! ਮੈਂ ਸ਼ਰਮਿੰਦਾਂ, ਪਰ ਜਾਣਬੁਝ ਕੇ ਕੁਝ ਨਹੀਂ ਕੀਤਾ, ਮੈਨੂੰ ਮਿਲੀ ਦੀ ਕਸਮ। ਸਵੇਰੇ ਪਤਾ ਲੱਗਾ, ਜਿਹੜੇ ਪਾਣੀ ਦੀ ਰਾਤ ਚਾਹ ਬਣਾਈ ਸੀ, ਉਸ ਵਿਚ ਖੂਨ ਸੀ; ਸਾਡਾ ਆਪਣਾ ਖੂਨ।
ਨਾਟਕ ਦੇ ਅੰਤ ਵਾਲਾ ਕੋਰਸ ਵੀ ਬੜਾ ਮਾਅਨੇ ਭਰਪੂਰ ਹੈ। ਇਹ ਜੰਗ ਸਾਮਰਾਜਾਂ ਦਾ ਭੇੜ ਸੀ ਤੇ ਭਾਰਤ ਗੁਲਾਮ ਹੋਣ ਕਰਕੇ ਇੱਥੋਂ ਧੱਕੇ ਨਾਲ ਅੰਗਰੇਜ਼ ਲਾਮਾਂ ਸਿਰਜ ਰਿਹਾ ਸੀ। ਪੰਜਾਬੀ ਲਾਮ ਡੋਰੀ ਵਿਚ ਬੱਝੇ ਜੰਗ ਵੱਲ ਜਾ ਰਹੇ ਸਨ। ਅਨੇਕਾਂ ਮਾਰੇ ਗਏ ਤੇ ਜਿਹੜੇ ਬਚ ਗਏ ਉਨ੍ਹਾਂ ਨੂੰ ਘਰ ਬੈਠੀ ਨਾਰ ਉਡੀਕ ਰਹੀ ਹੈ:
ਵੇ ਮੁੜ ਆ ਲਾਮਾਂ ਤੋਂ
ਤੈਨੂੰ ਘਰੇ ਬੜਾ ਰੁਜ਼ਗਾਰ।
ਸਟੇਜ ‘ਤੇ ਇਹਦੀ ਵਿਲੱਖਣ ਪੇਸ਼ਕਾਰੀ ਦੇ ਬਾਵਜੂਦ ਇਹਦਾ ਪਾਠ ਵੀ ਪਾਠਕ ਨੂੰ ਝੰਜੋੜ ਕੇ ਰੱਖ ਦੇਂਦਾ ਹੈ ਤੇ ਕਈ ਸੁਆਲ ਖੜ੍ਹੇ ਕਰਦਾ ਹੈ। ਇਹੀ ਇਸ ਦੀ ਵਿਲੱਖਣਤਾ ਹੈ।