ਗੁੰਮ ਹੋਇਆ ਖੇਸ

ਗੁੰਮ ਹੋਇਆ ਖੇਸ

ਲੇਖਕ?:?ਸੁਖਮੰਦਰ ਸਿੰਘ ਬਰਾੜ
ਸੰਪਰਕ :?1-604-751-1113
ਸੱਥ ਵਿੱਚ ਬੈਠੇ ਪ੍ਰਤਾਪੇ ਭਾਊ ਨੇ ਸੰਤੋਖੀ ਪੰਡਤ ਕੇ ਮੱਦੀ ਦੀ ਗੱਲ ਛੇੜ ਲਈ। ਮਦਨ ਪੰਡਤ ਨੂੰ ਸਾਰਾ ਪਿੰਡ ਮੱਦੀ ਦੇ ਨਾਂ ਨਾਲ ਜਾਣਦਾ ਸੀ। ਭਾਊ ਤਾਅ ‘ਚ ਆਇਆ ਬਾਬੇ ਮੋਧਾ ਸਿਉਂ ਦੀ ਖੂੰਡੀ ਚੱਕ ਕੇ ਸੱਥ ਵਾਲੇ ਥੜ੍ਹੇ ‘ਤੇ ਠਾਹ ਦੇਣੇ ਮਾਰ ਕੇ ਬਾਬੇ ਨੂੰ ਕਹਿੰਦਾ, ”ਬਾਬਾ! ਚੋਰਾਂ ਨੇ ਵੀ ਲੋਹੜਾ ਈ ਮਾਰਿਆ ਯਾਰ, ‘ਕੱਲੇ ਮੱਦੀ ਨੂੰ ਈਂ ਨ੍ਹੀ, ਸਾਰੇ ਟੱਬਰ ਨੂੰ ਈ ਸਾਲੇ ਮੱਕੀ ਦੀਆਂ ਛੱਲੀਆਂ ਆਂਗੂੰ ਕੁੱਟ ਗੇ, ਸਮਾਨ ਦਾ ਭੋਰਾ ਨ੍ਹੀ ਛੇੜਿਆ। ਕੋਈ ਚੀਜ ਲੈ ਕੇ ਮਨ੍ਹੀ ਗਏ, ਗੱਲ ਕੀ ਹੋਈ? ਇਹਦਾ ਮਤਲਬ ਤਾਂ ਮਦਨ ਨੂੰ ਕੁੱਟਣ ਈਂ ਆਏ ਸੀ? ਫੇਰ ਵੇਖ ਲਾ ਕੋਈ ਆਂਢ-ਗੁਆਂਢ ਵੀ ਕੁਸਕਿਆ ਨ੍ਹੀ।” ਸੀਤਾ ਮਰਾਸੀ ਕਹਿੰਦਾ, ”ਪੰਗੇ ਬਾਹਮਣ ਲੈਣ, ਕੁੱਟ ਆਂਢ-ਗੁਆਂਢ ਕਿਉਂ ਖਾਵੇ ਬਈ। ਆਹ ਤਿੰਨ ਚਾਰ ਮਹੀਨੇ ਹੋ ਗੇ, ਵਜੀਰੀ ਕੇ ਮੋਣੇ ਨੇ ਮੱਦੀ ਤੋਂ ਵੱਡੇ ਜਗਨ ਦੀ ਕੁੱਟ-ਕੁੱਟ ਲਾਟਣ ਈ ਬਝਾ ‘ਤੀ ਸੀ। ਐਨਾ ਕੁੱਟਿਆ, ਐਨਾ ਕੁੱਟਿਆ, ਹਜੇ ਵੀ ਡਾਕਦਾਰ ਤੋਂ ਨਿੱਤ ਇੱਕ ਸੂਆ ਲਵਾਉਂਦਾ।” ਮਾਹਲੇ ਨੰਬਰਦਾਰ ਨੇ ਟਿੱਚਰ ਪੁੱਛਿਆ, ”ਉਹ ਤਾਂ ਕਿਸੇ ਦੇ ਲੈਣ ਦੇਣ ‘ਚ ਬਹੁਤਾ ਆਉਂਦਾ ਨ੍ਹੀ ਉਹਦਾ ਖੇਸ ਕਾਹਤੋਂ ਝਾੜ ‘ਤਾ ਬਈ?” ਸੀਤਾ ਮਰਾਸੀ ਕਹਿੰਦਾ, ”ਕਮਲੇ ਬਾਹਮਣ ਨੇ ਕਿਤੇ ਕੌਰੂ ਆਜੜੀ ਤੋਂ ਬੱਕਰੀ ਮੁੱਲ ਲੈ ਲੀ। ਉਹ ਕਿਤੇ ਘਰ ਦਾ ਓਪਰਾ ਕਰ ਗੀ। ਇੱਜੜ ‘ਚੋਂ ਆਈ ਕਰਕੇ ‘ਕੱਲੀ ਜੀਅ ਨਾ ਲਾਵੇ। ਦਿਨ ਰਾਤ ਮਿਆਂ ਮਿਆਂ ਈਂ ਕਰੀ ਗਈ। ਨਾ ਦੁੱਧ ਦੇਵੇ। ਓਧਰ ਕਿਤੇ ਵਜੀਰੀ ਕਿਆਂ ਨੇ ਕੁੜੀ ਦੇ ਵਿਆਹ ‘ਚ ਜੰਨ ਨੂੰ ਮੀਟ ਦੇਣ ਲਈ ਦੋ ਬੱਕਰੇ ਪਾਲ਼ੇ ਵੇ ਸੀ। ਇਹ ਜਗਨ ਪੰਡਤ ਕਿਤੇ ਵਜੀਰੀ ਕੇ ਘਰੇ ਜਾ ਕੇ ਵਜੀਰੀ ਦੀ ਮਾਂ ਨੂੰ ਕਹਿੰਦਾ ‘ਮੈਂ ਲਿਆਂਦੀ ਐ ਤਾਈ ਬੱਕਰੀ,ਇਹਨੇ ‘ਕੱਲੀ ਨੇ ਨ੍ਹੀ ਲਾਇਆ ਜੀਅ, ਇਹਨੂੰ ਵੀ ਤੁਸੀਂ ਏਥੇ ਈ ਬੰਨ੍ਹ ਲੋ ਬੱਕਰਿਆਂ ‘ਚ। ਮੈਨੂੰ ਗਾਂ ਦੇ ਦਿਓ’। ਵਜੀਰੀ ਦੀ ਮਾਂ ਕਹਿੰਦੀ, ‘ਵੇ ਜਗਨ! ਤੇਰਾ ਡਮਾਕ ਠੀਕ ਐ? ਕਿੱਥੇ ਗਾਂ ਕਿੱਥੇ ਬੱਕਰੀ’। ਅਕੇ ਜਗਨ ਬੁੜ੍ਹੀ ਨੂੰ ਕਹਿੰਦਾ ‘ਗਾਂ ਵੀ ਡੱਬ ਖੜੱਬੀ ਐ ਤਾਈ, ਬੱਕਰੀ ਵੀ ਡੱਬ ਖੜੱਬੀ ਐ। ਭੋਰਾ ਵੀ ਫਰਕ ਨ੍ਹੀ। ਇਹਦੇ ‘ਚ ਡਮਾਕ ਆਲੀ ਕਿਹੜੀ ਗੱਲ ਐ? ਮੁੱਲ ਮੱਲ ਜਾਂ ਕੱਦ ਕਾਠ ਨ੍ਹੀ ਵੇਖੀਦੇ ਹੁੰਦੇ। ਮੜ੍ਹੰਗਾ ਵੇਖੀਦਾ ਹੁੰਦਾ। ਇੱਕੋ ਜੇ ਰੰਗ ਐ ਦੋਹਾਂ ਦੇ’। ਦੋਹਾਂ ਦੇ ਚਾਰ ਚਾਰ ਲੱਤਾਂ, ਪੂਛ ਐ, ਕੰਨ ਐਂ। ਮੈਨੂੰ ਤਾਂ ਕੋਈ ਫਰਕ ਨ੍ਹੀ ਲੱਗਦਾ’। ਏਨੀ ਗੱਲ ਕਹਿਕੇ ਜਗਨ ਵਜੀਰੀ ਕੇ ਘਰੋਂ ਮੱਲੋ ਮੱਲੀ ਗਾਂ ਖੋਹਲ ਕੇ ਲੈ ਗਿਆ। ਜਦੋਂ ਵਜੀਰੀ ਤੇ ਉਹਦੇ ਮੁੰਡੇ ਮੋਣੇ ਨੇ ਘਰੇ ਆ ਕੇ ਪੁੱਛਿਆ ਬਈ ਗਾਂ ਕਿੱਧਰ ਗਈ? ਵਜੀਰੀ ਦੀ ਮਾਂ ਕਹਿੰਦੀ ‘ਉਹ ਤਾਂ ਜਗਨ ਪੰਡਤ ਲੈ ਗਿਆ’। ਵੱਸ ਫੇਰ, ਮੋਣੇ ਨੂੰ ਚੜ੍ਹ ਗਿਆ ਗੁੱਸਾ। ਉਹਨੇ ਪੰਡਤ ਨੂੰ ਘਰੋਂ ਬਾਹਰ, ਬੀਹੀ ‘ਚ ਸੱਦ ਕੇ ਚੰਗਾ ਝੰਬਿਆ। ਆਂਏਂ ਜਗਨ ਨਾਲ ਕੀਤੀ ਵਜੀਰੀ ਕਿਆਂ ਨੇ।”
ਏਨੇ ਚਿਰ ਨੂੰ ਨਾਥਾ ਅਮਲੀ ਨੀ ਗੁਣ-ਗੁਣ ਜੀ ਕਰਦਾ ਸੱਥ ‘ਚ ਆ ਪਧਾਰਿਆ। ਜਿਉਂ ਹੀ ਅਮਲੀ ਸੱਥ ਵਾਲੇ ਥੜ੍ਹੇ ‘ਤੇ ਤਾਸ਼ ਖੇਡਦਿਆਂ ਕੋਲ ਆ ਕੇ ਬੈਠਾ ਤਾਂ ਬਾਬਾ ਮੋਧਾ ਸਿਉਂ ਅਮਲੀ ਨੂੰ ਕਹਿੰਦਾ, ”ਓ ਕਿਮੇਂ ਆਂ ਨਾਥਾ ਸਿਆਂ, ਅੱਜ ਕਿਮੇਂ ਇਉਂ ਚੁੱਪ ਕਰਕੇ ਬਹਿ ਗਿਐਂ ਜਿਮੇਂ ਬੱਕਰੀ ਗੁਆਚ ਗੀ ਹੁੰਦੀ ਐ?” ਅਮਲੀ ਕਹਿੰਦਾ, ”ਆਪਣੇ ਘਰੇ ਕਿਹੜਾ ਬਾਬਾ ਬੱਕਰੀ ਐ, ਆਪਾਂ ਤਾਂ ਜਿੱਦੇਂ ਲਿਆਂਦਾ ਬੋਕ ਈ ਲਿਆਮਾਂ ਗੇ।” ਬੁੱਘਰ ਦਖਾਣ ਕਹਿੰਦਾ, ”ਬੋਕ ਤੋਂ ਕੀ ਕਰਾਉਣਾ ਅਮਲੀਆ, ਬੱਕਰੀ ਰੱਖ। ਨਾਲੇ ਬੱਕਰੀ ਦਾ ਦੁੱਧ ਕਹਿੰਦੇ ਅੱਖਾਂ ਦੁਖਦੀਆਂ ਲਈ ਵਧੀਆ ਹੁੰਦਾ।” ਅਮਲੀ ਕਹਿੰਦਾ, ”ਨਾ ਤਾਂ ਮਿਸਤਰੀਆ ਆਪਣੀ ਕੋਈ ਅੱਖ ਦੁਖਦੀ ਐ ਬਈ ਜਿਹੜੀ ਬੱਕਰੀ ਰੱਖ ਲੀਏ ਤੇ ਨਾ ਹੀ ਮੇਰੇ ਅਰਗੇ ਬੰਦੇ ਨੂੰ ਬੱਕਰੀ ਫਿੱਟ ਆਉਣੀ ਐਂ। ਆਪਾਂ ਨੂੰ ਕਿਹੜੀ ਲੋੜ ਐ ਪੁੱਠਾ ਪੰਗਾ ਲੈਣ ਦੀ? ਆਹ ਜਗਨ ਪੰਡਤ ਨੂੰ ਪੁੱਛ ਲਾ ਬੱਕਰੀ ਦੀ ਗੱਲ। ਬੱਕਰੀ ਨੇ ਐਹੋ ਜਾ ਪਾਇਆ ਸਿਆਪਾ, ਧੂਅ ਵਰ੍ਹਾਹ ‘ਤੀ ਅਗਲਿਆਂ ਨੇ ਬਾਹਮਣ ਦੀ ਕੁੱਟ-ਕੁੱਟ ਕੇ। ਬਾਹਮਣ ਤਾਂ ਹਜੇ ਕੁੱਟ ਝੱਲ ਈ ਗਿਆ, ਮੇਰੇ ਅਗਰੇ ਨੂੰ ਤਾਂ ਅਗਲੇ ਇਉਂ ਖਲਾਰ ਕੇ ਰੱਖ ਦੇਣਗੇ ਅਗਲੇ ਜਿਮੇਂ ਸੜਕ ‘ਚ ਪਏ ਖਰਬੂਜੇ ਉੱਤੋਂ ਦੀ ਨੰਘਿਆ ਯੱਕਾ ਖਰਬੂਜੇ ਨੂੰ ਖਲਾਰ ਦਿੰਦਾ।” ਅਮਲੀ ਦੀ ਗੱਲ ਸੁਣ ਕੇ ਮਾਹਲਾ ਨੰਬਰਦਾਰ ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ! ਦੋ ਤਿੰਨ ਵਾਰੀਆਂ ਹੋ ਗੀਆਂ ਯਾਰ, ਇਨ੍ਹਾਂ ਦੋਮਾਂ ਭਰਾਵਾਂ ਨੂੰ ਈਂ ਲੋਕ ਕਿਉਂ ਕੁੱਟ ਦਿੰਦੇ ਐ?” ਨਾਥਾ ਅਮਲੀ ਕਹਿੰਦਾ, ”ਦੋਮਾਂ ਨੂੰ ਨ੍ਹੀ, ”ਤਿੰਨਾਂ ਭਰਾਮਾਂ ਨੇ ਈਂ ਵਾਰੀ ਵਾਰੀ ਭੰਬੂਤਾਰੇ ਵਖਾ ‘ਤੇ ਲੋਕਾਂ ਨੇ। ਤਾਹੀਂ ਤਾਂ ਇਨ੍ਹਾਂ ਨੂੰ ਬਾਹਮਣਾਂ ਨੂੰ ਸਾਰਾ ਪਿੰਡ ਹੁਣ ਕੁੱਟ ਖਾਣਿਆਂ ਦਾ ਟੱਬਰ ਕਹਿੰਦਾ।” ਪ੍ਰੀਤੇ ਨਹਿੰਗ ਕਾ ਚੀਨਾਂ ਅਮਲੀ ਨੂੰ ਕਹਿੰਦਾ, ”ਗੁਨੀ ਪੰਡਤ ਦੀ ਵੀ ਦੱਸਦੇ ਤਾਇਆ ਗੱਲ।” ਚੀਨੇਂ ਦੀ ਗੱਲ ਸੁਣ ਕੇ ਸਾਰੀ ਸੱਥ ਨੇ ਕੰਨ ਚੁੱਕ ਲਏ। ਬਾਬਾ ਮੋਧਾ ਸਿਉਂ ਕਹਿੰਦਾ, ”ਓਹਨੂੰ ਕੀ ਹੋ ਗਿਆ?” ਨਾਥਾ ਅਮਲੀ ਫੋਕਾ ਜਾ ਹੱਸ ਕੇ ਕਹਿੰਦਾ, ”ਉਹਨੂੰ ਤਾਂ ਕੀ ਹੋਣਾ ਸੀ, ਇੱਕ ਬਾਹਮਣਾਂ ਨੇ ਤਾਂ ਘਰੇ ਬੈਠੇ ਨੇ ਈਂ ਕੁੱਟ ਖਾ ਲੀ। ਦੂਜੇ ਨੇ ਪਿੰਡ ‘ਚ ਘਰ ਮੂਹਰਲੀ ਬੀਹੀ ‘ਚ ਵਜੀਰੀ ਕੇ ਮੋਣੇ ਤੋਂ ਮੱਦੂ ਭਨਾ ਲਿਆ। ਜਿਹੜਾ ਤੀਜਾ ਗੁਨੀ ਐਂ, ਉਹ ਕਮਲੇ ਬਾਹਮਣ ਨਾਲ ਤਾਂ ਬਾਬਾ ਜੱਗੋਂ ਤੇਰ੍ਹਵੀਂਉਂ ਈਂ ਹੋਈ।” ਸੀਤਾ ਮਰਾਸੀ ਕਹਿੰਦਾ, ”ਉਹੀ ਤਾਂ ਤੈਥੋਂ ਸੁਣਨੀ ਐਂ।” ਮਾਹਲਾ ਨੰਬਰਦਾਰ ਕਹਿੰਦਾ, ”ਗੁਨੀ ਦੀ ਸਣਾ ਨਾਥਾ ਸਿਆਂ।” ਅਮਲੀ ਕਹਿੰਦਾ, ”ਤੈਨੂੰ ਪਤਾ ਤਾਂ ਹੈ ਨੰਬਰਦਾਰਾ। ਇਹ ਜਿਹੜਾ ਗੁਨੀ ਪੰਡਤ ਐ, ਨਾਂ ਤਾਂ ਇਹਦਾ ਘਰਦਿਆਂ ਨੇ ਰੱਖ ‘ਤਾ ਗੁਨੀ, ਪਰ ਗੁਣ ਇਹਦੇ ‘ਚ ਇੱਕ ਮਨ੍ਹੀ। ਹਾਂ! ਕੁੱਟ ਖਾਣ ਦਾ ਗੁਣ ਜਰੂਰ ਐ। ਉਹ ਖਾ ਈ ਲਈ।” ਬਾਬੇ ਨੇ ਪੁੱਛਿਆ, ”ਕੁੱਟ ਖਾਧੀ ਕਿਮੇਂ? ਉਹੀ ਤਾਂ ਤੈਨੂੰ ਪੁਛਦੇ ਆਂ।” ਸੀਤਾ ਮਰਾਸੀ ਅਮਲੀ ਨੂੰ ਭੱਜ ਕੇ ਪੈ ਗਿਆ, ”ਆਹ ਵਲ਼ਗਣ ਜਾ ਕਿਉਂ ਮਾਰੀ ਜਾਨੈਂ ਯਾਰ, ਸਿੱਧੀ ਗੱਲ ਕਰ ਬਈ ਹੋਇਆ ਕੀ ਐ ਗੁਨੀ ਨਾਲ?” ਬਾਬਾ ਮੋਧਾ ਸਿਉਂ ਮਰਾਸੀ ਨੂੰ ਕਹਿੰਦਾ, ”ਕਾਹਲ਼ਾ ਕਿਉਂ ਵਗਦੈਂ ਮੀਰ, ਸਰੀਰ ਤਾਂ ਬੰਨ੍ਹ ਲੈਣ ਦੇ ਨਾਥਾ ਸਿਉਂ ਨੂੰ। ਹਾਂ ਬਈ ਨਾਥਾ ਸਿਆਂ! ਕੀ ਹੋਇਆ ਸ਼ੇਰਾ ਗੁਨੀ ਨਾਲ? ਦੱਸਦੇ ਫਿਰ ਖੋਹਲ ਕੇ।” ਅਮਲੀ ਕਹਿੰਦਾ, ”ਗੁਨੀ ਪੰਡਤ ਕਿਤੇ ਉਠ ਗਿਆ ਬਾਬਾ ਹਰਦੁਆਰ ਗੰਗਾ ਨਹਾਉਣ। ਓੱਥੇ ਕਿਤੇ ਬਾਹਮਣ ਦਾ ਗੁਆਚ ਗਿਆ ਖੇਸ। ਦੋ-ਤਿੰਨ ਦਿਨ ਗੁਨੀ ਖੇਸ ਭਾਲਦਾ ਰਿਹਾ। ਜਦੋਂ ਕੋਈ ਗੱਲ ਨਾ ਬਣੀ ਤਾਂ ਬਾਹਮਣ ਪਿੰਡ ਆ ਕੇ ਇਉਂ ਮੂੰਹ ਲਮਕਾਈ ਫਿਰੇ ਜਿਮੇਂ ਤਣੀ ‘ਤੇ ਵਾਸਣੀ ਧੋ ਕੇ ਲਮਕਾਈ ਹੁੰਦੀ ਐ। ਜਦੋਂ ਗੁਨੀ ਤੇਜੇ ਫੌਜੀ ਕੇ ਘਰੇ ਦੁੱਧ ਲੈਣ ਗਿਆ ਤਾਂ ਫੌਜੀ ਦੀ ਮਾਂ ਕਹਿੰਦੀ ‘ਕਿਉਂ ਵੇ ਗੁਨੀ! ਨਹਾ ਆਇਆ ਗੰਗਾ’? ਅਕੇ ਗੁਨੀ ਖੇਸ ਗੁਆਚੇ ਦੇ ਦੁੱਖ ‘ਚ ਇਉਂ ਬੋਲਿਆ ਜਿਮੇਂ ‘ਮਰੀਕੀ ਢੱਠੇ ਦੀ ਰੰਭਣ ਵੇਲੇ ਆਵਾਜ ਨ੍ਹੀ ਨਿੱਕਲੀ ਹੁੰਦੀ। ਕਹਿੰਦਾ ‘ਕਾਹਦਾ ਨਹਾਉਣ ਸੀ ਤਾਈ। ਮੇਰਾ ਤਾਂ ਖੇਸ ਈ ਗੁਆਚ ਗਿਆ ਉੱਥੇ। ਬੁੜ੍ਹੀ ਨੇ ਕਿਤੇ ਪੁੱਛਿਆ ‘ਫੇਰ ਹੁਣ’? ਗੁਨੀ ਕਹਿੰਦਾ ‘ਫੇਰ ਕੀ? ਹੌਲੀ-ਹੌਲੀ ਪੈਸੇ ਜੋੜ ਜੂੜ ਕੇ ਹੋਰ ਲਵਾਂਗੇ ਖੇਸ’।” ਮਾਹਲਾ ਨੰਬਰਦਾਰ ਕਹਿੰਦਾ, ”ਪੈਸੇ ਤਾਂ ਬਾਹਮਣ ਕੋਲੇ ਅੱਗ ਲਾਇਆਂ ਨ੍ਹੀ ਮੁੱਕਦੇ।” ਅਮਲੀ ਕਹਿੰਦਾ, ”ਪੈਸੇ ਤਾਂ ਨੰਬਰਦਾਰਾ ਜਰੂਰ ਐ ਪੰਡਤ ਕੋਲੇ, ਪਰ ਸੂੰਮ ਬਾਹਲ਼ਾ। ਪੈਸੇ ਖਰਚਣ ਨੂੰ ਦਿਲ ਕਿੱਥੋਂ ਲਿਆਵੇ? ਕਿਸੇ ਨਾ ਕਿਸੇ ਹੋਰ ਪਾਸਿਉਂ ਕਿਰਸ ਕਰਕੇ ਪੈਸੇ ‘ਕੱਠੇ ਕਰਕੇ ਖੇਸ ਲੈਣ ਦੀ ਸਕੀਮ ਬਾਹਮਣ ਨੇ ਪਤਾ ਕਿਮੇਂ ਘੜੀ? ਬਾਹਮਣੇ ਨੇ ਦਾਹੜੀ ਸ਼ੇਪ ਕਰਾਉਣੀ ਬੰਦ ਕਰ ‘ਤੀ ਬਈ ਜੇ ਪੰਜ ਸੱਤ ਵਾਰੀ ਦਾਹੜੀ ਸ਼ੇਪ ਨਾ ਕਰਾਈਏ ਤਾਂ ਉਨ੍ਹਾਂ ਪੈਸਿਆਂ ਦਾ ਖੇਸ ਆ ਜੂ। ਗੁਨੀ ਨਿੱਤ ਸੀਸੇ ‘ਚ ਆਵਦਾ ਮੂੰਹ ਵੇਖ ਲਿਆ ਕਰੇ ਬਈ ਦਾਹੜੀ ਬਾਹਵਾ ਵਧ ਗੀ। ਇੱਕ ਦਿਨ ਕਿਤੇ ਓਮੇਂ ਈਂ ਬਾਹਮਣ ‘ਨੰਦਪੁਰ ਸਾਹਬ ਉਠ ਗਿਆ। ਓੱਥੇ ਜਾ ਕੇ ਜਦੋਂ ਗੁਨੀ ਨੇ ਵੇਖਿਆ ਬਈ ਏਥੇ ਤਾਂ ਸਿੰਘਾਂ ਦੀਆਂ ਦਾਹੜੀਆਂ ਬੜੀਆਂ ਵੱਡੀਆਂ ਵੱਡੀਆਂ, ਮੇਰਾ ਤਾਂ ਭਲਾਂ ਖੇਸ ਈ ਗੁਆਚਿਆ, ਤਾਂ ਕਰਕੇ ਮੇਰੀ ਦਾਹੜੀ ਛੋਟੀ ਐ, ਇਨ੍ਹਾਂ ਨੂੰ ਪੁੱਛਦੇ ਐਂ ਬਈ ਸੋਡਾ ਕੀ ਗੁਆਚ ਗਿਆ ਸੋਡੀਆਂ ਐਡੀਆਂ ਐਡੀਆਂ ਦਾਹੜੀਆਂ ਨੇ?” ਇੱਕ ਪਾਸੇ ਜੇ ਅੱਠ ਦਸ ਵੱਡੀਆਂ ਵੱਡੀਆਂ ਦਾਹੜੀਆਂ ਆਲੇ ਨਹਿੰਗ ਸਿੰਘ ਖੜ੍ਹੇ ਸੀ। ਉਨ੍ਹਾਂ ਨੂੰ ਬਾਹਮਣ ਜਾ ਕੇ ਕਹਿੰਦਾ ‘ਖਾਲਸਾ ਜੀ! ਮੇਰਾ ਤਾਂ ਭਲਾਂ ਖੇਸ ਈ ਗੁਆਚਿਆ ‘ਕੱਲਾ, ਤਾਂ ਕਰਕੇ ਮੇਰੀ ਦਾਹੜੀ ਹਜੇ ਛੋਟੀ ਐ, ਸੋਡੇ ਤਾਂ ਮੈਨੂੰ ਪੂਰੇ ਦੇ ਪੂਰੇ ਬਿਸਤਰੇ ਈ ਗੁਆਚ ਗੇ ਲੱਗਦੇ ਐ ਸਾਰਿਆਂ ਦੇ, ਤਾਹੀਉਂ ਸੋਡੀਆਂ ਦਾਹੜੀਆਂ ਪੂਰੀਆਂ ਭਰਮੀਆਂ ਨੇ’। ਜਦੋਂ ਬਾਬਾ ਉਨ੍ਹਾਂ ਨਹਿੰਗ ਸਿੰਘਾਂ ਨੇ ਬਾਹਮਣ ਦੇ ਮੂੰਹੋਂ ਇਹ ਗੱਲ ਸੁਣੀ, ਉਨ੍ਹਾਂ ਨੇ ਤਾਂ ਬਾਹਮਣ ਇਉਂ ਢਾਹ ਲਿਆ ਜਿਮੇਂ ਸਾਨ੍ਹ ਦਾਗ ਦੇਣ ਵੇਲੇ ਢਾਈ ਦਾ ਹੁੰਦਾ। ਮਾਰ-ਮਾਰ ਕੁੱਢਣ ਬਾਹਮਣ ਇਉਂ ਕਰ ‘ਤਾ ਜਿਮੇਂ ਗਿੱਲੇ ਤੰਦੂਰ ਦੇ ਗਧੇ ਨੇ ਟੀਟਣੇ ਮਾਰੇ ਹੁੰਦੇ ਐ। ਨਹਿੰਗ ਸਿੰਘਾਂ ਦਾ ਸੋਧਾ ਲਾਇਆ ਬਾਹਮਣ ਓਦਣ ਦਾ ਘਰੋਂ ਈ ਨ੍ਹੀ ਨਿੱਕਲਿਆ। ਇਉਂ ਬਾਬਾ ਗੁਨੀ ਪੰਡਤ ਨਾਲ ਹੋਈ। ਇਨ੍ਹਾਂ ਦੇ ਤਾਂ ਸਾਰੇ ਲਾਣੇ ਦੇ ਕੁੱਟ ਪਈ ਵੀ ਐ ਵਾਰੀ ਵਾਰੀ।” ਸੀਤਾ ਮਰਾਸੀ ਕਹਿੰਦਾ, ”ਹੁਣ ਤਾਂ ਫੇਰ ਬਾਹਮਣ ਰਾਤ ਨੂੰ ਸੁਪਨੇ ‘ਚ ਵੀ ਇਉਂ ਡਰਦਾ ਹੋਊ ਜਿਮੇਂ ਬਾਂਦਰੀ ਗਧੇ ਦੀ ਛਿੱਕ ਤੋਂ ਡਰਦੀ ਹੁੰਦੀ ਐ। ਬਾਬਾ ਮੋਧਾ ਸਿਉਂ ਕਹਿੰਦਾ, ”ਹੁਣ ਫਿਰ ਕਿੱਥੋਂ ‘ਲਾਜ ਚੱਲਦਾ ਬਈ ਪੰਡਤਾਂ ਦਾ?” ਨਾਥਾ ਅਮਲੀ ਕਹਿੰਦਾ, ”’ਲਾਜ ਨੂੰ ਕਿਹੜਾ ਬਾਹਮਣਾ ਨੂੰ ਪਦਣਾ ਹੋਇਆ ਵਿਆ ਬਈ ਹਟਦਾ ਨ੍ਹੀ। ਆਹ ਹੋਰ ਚੌਹ ਦਿਨਾਂ ਨੂੰ ‘ਰਾਮ ਆ ਜੂ ਦੁਆਈ ਦੱਪਾ ਲੈ ਕੇ। ਪਰ ਇੱਕ ਗੱਲ ਐ! ਗੁਨੀ ਤਾਂ ਨਹਿੰਗਾਂ ਨੂੰ ਦੂਰੋਂ ਵੇਖ ਕੇ ਈ ਜੁੱਲੜਾਂ ‘ਚ ਵੜ ਜਿਆ ਕਰੂ, ਦੂਜਿਆਂ ਦਾ ਤਾਂ ਪਤਾ ਨ੍ਹੀ।”
ਗੱਲਾਂ ਕਰਦਿਆਂ ਕਰਦਿਆਂ ਜਿਉਂ ਹੀ ਨਹਿੰਗ ਸਿੰਘਾਂ ਦਾ ਜਥਾ ਨਗਾਰਾ ਵਜਾਉਂਦਾ ਪਿੰਡ ਵਿੱਚਦੀ ਸੱਥ ਕੋਲ ਦੀ ਲੰਘਿਆ ਤਾਂ ਨਾਥਾ ਅਮਲੀ ਨਹਿੰਗ ਸਿੰਘਾਂ ਨੂੰ ਵੇਖ ਕੇ ਕਹਿੰਦਾ, ”ਆਹ ਜਾਂਦੇ ਬਈ ਗੁਨੀ ਪੰਡਤ ਦੇ ਜੋਟੀਦਾਰ।” ਨਹਿੰਗ ਸਿੰਘਾਂ ਨੂੰ ਵੇਖ ਕੇ ਸਾਰੀ ਸੱਥ ਨਹਿੰਗ ਸਿੰਘਾਂ ਦੇ ਘੋੜਿਆਂ ਦੀ ਦਬੜ-ਦਬੜ ਤੋਂ ਡਰਦੀ ਆਪੋ ਆਪਣੇ ਘਰਾਂ ਨੂੰ ਚੱਲ ਪਈ।