
ਕੈਨੇਡਾ ਸਰਕਾਰ ਵਲੋਂ ਯੁਕਰੇਨੀਆਂ ਨੂੰ ਬਾਹਰ ਕੱਢਣ ਲਈ ਚਾਰਟਰ ਉਡਾਣਾਂ ਸ਼ੁਰੂ
ਔਟਵਾ : ਰੂਸੀ ਹਮਲੇ ਤੋਂ ਭੱਜਣ ਵਾਲੇ ਯੂਕਰੇਨੀਆਂ ਨੂੰ ਲਿਆਉਣ ਲਈ ਤਿੰਨ ਕੈਨੇਡੀਅਨ ਚਾਰਟਰ ਉਡਾਣਾਂ ਆਉਣ ਵਾਲੇ ਹਫਤਿਆਂ ਵਿਚ ਪੋਲੈਂਡ ਲਈ ਰਵਾਨਾ ਹੋਣਗੀਆਂ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਦਾ ਕਹਿਣਾ ਹੈ ਕਿ ਇਹ ਉਡਾਣਾ ਕੈਨੇਡਾ ਦੀ ਐਮਰਜੈਂਸੀ ਯਾਤਰਾ ਲਈ ਮਨਜ਼ੂਰ 90000 ਤੋਂ ਵੱਧ ਯੂਕਰੇਨੀਆਂ ਵਿਚੋਂ ਕੁਝ ਲਈ ਉਪਲਬਧ ਹੋਣਗੀਆਂ। ਫਰੇਜ਼ਰ ਨੇ ਕਿਹਾ ਕਿ ਤਿੰਨੋਂ ਫਲਾਈਟਾਂ ਪੋਲੈਂਡ ਤੋਂ ਰਵਾਨਾ ਹੋਣਗੀਆਂ ਅਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਸੀਟਾਂ ਦਿੱਤੀਆਂ ਜਾਣਗੀਆਂ।
ਪਹਿਲੀ ਉਡਾਨ 23 ਮਈ ਨੂੰ ਵਿਨੀਪੈਗ ਲਈ ਰਵਾਨਾ ਹੋਵੇਗੀ, ਦੂਜੀ ਫਲਾਈਟ 29 ਮਈ ਨੂੰ ਮਾਂਟਰੀਅਲ ਲਈ ਰਵਾਨਾ ਹੋਵੇਗੀ ਤੇ ਤੀਜੀ ਫਲਾਈਟ 2 ਜੂਨ ਨੂੰ ਹੈਲੀਫੈਕਸ ਲਈ ਰਵਾਨਾ ਹੋਵੇਗੀ। ਫਰੇਜ਼ਰ ਨੇ ਆਖਿਆ ਕਿ ਇਹ ਫਲਾਈਟਸ ਜੰਗ ਤੋਂ ਬਚਣ ਲਈ ਭੱਜ ਰਹੇ ਯੂਕਰੇਨੀਅਨਜ਼ ਲਈ ਉਪਲਬਧ ਕਮਰਸ਼ੀਅਲ ਬਦਲਾਂ ਤੋਂ ਇਲਾਵਾ ਹੋਣਗੀਆਂ ਤੇ ਇਨ੍ਹਾਂ ਨੂੰ ਵਿਸ਼ੇਸ਼ ਫੰਡ ਵਿੱਚੋਂ ਸਬਸਿਡੀ ਵੀ ਹਾਸਲ ਹੋਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਫਰਵਰੀ ਦੇ ਅੰਤ ਵਿੱਚ ਜਦੋਂ ਰੂਸ ਵੱਲੋਂ ਪਹਿਲੀ ਵਾਰੀ ਯੂਕਰੇਨ ਉੱਤੇ ਧਾਵਾ ਬੋਲਿਆ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਯੂਕਰੇਨੀਅਨਜ਼ ਕੈਨੇਡਾ ਪਹੁੰਚ ਚੁੱਕੇ ਹਨ ਤੇ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹੋਰ ਕਿੰਨਿਆਂ ਨੇ ਅਜੇ ਇੱਧਰ ਆਉਣਾ ਹੈ।