ਹੁਣ ਤਕ ਦਾ ਸਭ ਤੋਂ ਮਹਿੰਗਾ ਰਿਹਾ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ

ਹੁਣ ਤਕ ਦਾ ਸਭ ਤੋਂ ਮਹਿੰਗਾ ਰਿਹਾ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ

ਭਗਵੰਤ ਮਾਨ ਸਹੁੰ ਚੁੱਕ ਸਮਾਗਮ ‘ਤੇ ਖ਼ਰਚੇ ਗਏ 93 ਲੱਖ ਰੁਪਏ ਤੋਂ ਜ਼ਿਆਦਾ
ਸੂਬੇ ਵਿਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਵਾਉਣ ਲਈ ਕਰਾਇਆ ਗਿਆ ਸਮਾਗਮ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਮਾਗਮ ਹੋ ਨਿੱਬੜਿਆ ਹੈ। 16 ਮਾਰਚ ਨੂੰ ਖਟਕੜ ਕਲਾਂ ਵਿਖੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਉਪਰ ਟੈਂਟ, ਕੁਰਸੀਆਂ, ਸਾਊਂਡ, ਪੰਡਾਲ, ਬੱਸਾਂ, ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਤੋਂ ਬਿਨਾਂ 93 ਲੱਖ 78 ਹਜ਼ਾਰ 790 ਰੁਪਏ ਖ਼ਰਚ ਹੋਇਆ ਹੈ। ਜਦੋਂਕਿ ਸਹੁੰ ਚੁੱਕ ਸਮਾਗਮ ਲਈ ਪ੍ਰਚਾਰ ‘ਤੇ ਕੀਤੇ ਲੱਖਾਂ ਰੁਪਏ ਦਾ ਖਰਚ ਵੱਖਰਾ ਹੈ। ਇਹ ਖੁਲਾਸਾ ਸਰਕਾਰ ਤੋਂ ਖਰਚੇ ਸਬੰਧੀ ਲਈ ਗਈ ਆਰਟੀਆਈ ਵਿਚ ਹੋਇਆ ਹੈ। ਜੇਕਰ ਇਸ ਸਮਾਗਮ ‘ਤੇ ਹੋਏ ਸਾਰੇ ਖ਼ਰਚਿਆਂ ਨੂੰ ਜੋੜਿਆ ਜਾਵੇ ਤਾਂ ਇਹ ਸਵਾ ਕਰੋੜ ਨੂੰ ਪਾਰ ਕਰ ਸਕਦਾ ਹੈ। ਹਾਲਾਂਕਿ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਸਰਕਾਰ ਵੱਲੋਂ ਦੋ ਕਰੋੜ ਦੋ ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ।
ਸਹੁੰ ਚੁੱਕ ਸਮਾਗਮ ਲਈ ਪੰਜਾਬ ਦੇ ਸਮੂਹ ਲੋਕਾਂ ਨੂੰ ਖੁੱਲ੍ਹਾ ਸੱਦਾ ਪੱਤਰ ਦਿੱਤਾ ਗਿਆ ਸੀ, ਜਦੋਂ ਕਿ ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਸਨ। ਭਾਵੇਂ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਸਮਾਗਮਾਂ ‘ਤੇ ਹੋਣ ਵਾਲੇ ਫ਼ਾਲਤੂ ਖ਼ਰਚਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰਦੀ ਰਹੀ ਹੈ ਪਰ ਉਨ੍ਹਾਂ ਵੱਲੋਂ ਕਰਵਾਇਆ ਸਹੁੰ ਚੁੱਕ ਸਮਾਗਮ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਮਾਗਮ ਹੋ ਨਿੱਬੜਿਆ ਹੈ। ਇਸ ਸਮਾਗਮ ਲਈ ਪਿੰਡ ਖਟਕੜ ਕਲਾਂ ਅਤੇ ਭੂਤ ਪਿੰਡ ਦੇ ਕਿਸਾਨਾਂ ਤੋਂ 195 ਏਕੜ ਜ਼ਮੀਨ ਠੇਕੇ ‘ਤੇ ਲਈ ਗਈ ਸੀ। ਇਸ ਜ਼ਮੀਨ ਵਿਚੋਂ 35 ਏਕੜ ਜ਼ਮੀਨ ਵਿਚ ਸਿਰਫ਼ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਸੀ। ਸਹੁੰ ਚੁੱਕ ਸਮਾਗਮ ਵਿਚ ਭਾਗ ਲੈਣ ਵਾਲੀਆਂ ਸ਼ਖ਼ਸੀਅਤਾਂ ਲਈ ਇਕ ਵੱਡਾ ਪੰਡਾਲ ਅਤੇ ਸਟੇਜ ਬਣਾਈ ਗਈ ਸੀ ਜਦੋਂਕਿ 24 ਸਵਾਗਤੀ ਗੇਟ ਵੀ ਸਮਾਗਮ ਵਿਚ ਬਣਾਏ ਗਏ ਸਨ। ਆਰਟੀਆਈ ਕਾਰਕੁੰਨ ਵੱਲੋਂ ਮੰਗੀ ਗਈ ਸੂਚਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਭਾਵੇਂ ਟੈਂਟ, ਸਟੇਜ, ਪੰਡਾਲ ਸਾਊਂਡ, ਸਰਕਾਰੀ ਬੱਸਾਂ ‘ਤੇ ਹੋਏ ਖਰਚ ਦੀ ਜਾਣਕਾਰੀ ਨਹੀਂ ਦਿੱਤੀ ਪਰ ਉਨ੍ਹਾਂ ਨੂੰ ਆਰਟੀਆਈ ਦੇ ਭੇਜੇ ਗਏ ਜਵਾਬ ਵਿਚ 93 ਲੱਖ 78 ਹਜ਼ਾਰ 790 ਰੁਪਏ ਖ਼ਰਚ ਹੋਇਆ ਦੱਸਿਆ ਗਿਆ ਹੈ।

ਖਾਣ-ਪੀਣ ‘ਤੇ 17 ਲੱਖ 55 ਹਜ਼ਾਰ ਖਰਚ
ਆਰ.ਟੀ.ਆਈ. ਵਰਕਰ ਮਾਨਕ ਗੋਇਲ ਵਾਸੀ ਮਾਨਸਾ ਵੱਲੋਂ ਸਮਾਗਮ ‘ਤੇ ਹੋਏ ਖਰਚੇ ਸਬੰਧੀ ਪਾਈ ਗਈ ਆਰਟੀਆਈ ਦੇ ਜਵਾਬ ਅਨੁਸਾਰ ਸਮਾਗਮ ਦੌਰਾਨ ਸਰਕਾਰ ਵੱਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਅਤੇ ਆਮ ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ‘ਤੇ ਕੁੱਲ ਖਰਚਾ 17 ਲੱਖ 70 ਹਜਾਰ 600 ਰੁਪਏ ਆਇਆ ਹੈ। ਸਮਾਗਮ ਵਿਚ ਸ਼ਾਮਲ ਹੋਣ ਆਈਆਂ ਵੱਖ-ਵੱਖ ਮਹੱਤਵਪੂਰਨ ਸ਼ਖ਼ਸੀਅਤਾਂ ਦੇ ਚਾਹ ਪਾਣੀ ਉੱਪਰ 3 ਲੱਖ 6 ਹਜਾਰ 600 ਰੁਪਏ ਖਰਚ ਹੋਇਆ ਹੈ ਜਦੋਂ ਕਿ 35 ਹਜ਼ਾਰ 500 ਲੋਕਾਂ ਲਈ ਚਾਹ, ਮਿਕਸ ਪਕੌੜੇ, ਗੋਭੀ ਦੇ ਪਕੌੜੇ, ਬਰੈੱਡ ਅਤੇ ਵੇਟਰਾਂ ਉੱਪਰ 14 ਲੱਖ 49 ਹਜ਼ਾਰ ਰੁਪਏ ਖਰਚ ਹੋਏ ਦਿਖਾਏ ਗਏ ਹਨ।
ਪੂਰੇ ਖਰਚ ਦਾ ਵੇਰਵਾ ਨਹੀਂ ਦਿੱਤਾ
ਆਰ.ਟੀ.ਆਈ. ਵਰਕਰ ਤੇ ਉੱਘੇ ਸਮਾਜਸੇਵੀ ਹਰਮਿਲਾਪ ਗਰੇਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰੀ ਸਮਾਗਮਾਂ ‘ਤੇ ਹੋਣ ਵਾਲੇ ਖਰਚਿਆਂ ਲਈ ਕਾਂਗਰਸ ਅਤੇ ਅਕਾਲੀ ਦਲ ਨੂੰ ਕੋਸਦੀ ਰਹੀ ਹੈ ਪਰ ਉਨ੍ਹਾਂ ਆਪਣਾ ਸਹੁੰ ਚੁੱਕ ਸਮਾਗਮ ‘ਤੇ ਹੁਣ ਤੱਕ ਸਭ ਤੋਂ ਵੱਧ ਪੈਸੇ ਖ਼ਰਚ ਕੀਤੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਨੇ ਆਰਟੀਆਈ ਤਹਿਤ ਟੈਂਟ, ਪੰਡਾਲ, ਸਟੇਜ, ਸਾਊਂਡ ਅਤੇ ਕੁਰਸੀਆਂ ‘ਤੇ ਹੋਏ ਖਰਚ ਦਾ ਵੇਰਵਾ ਨਹੀਂ ਦਿੱਤਾ। ਭਾਵੇਂ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਸਮਾਗਮਾਂ ‘ਤੇ ਹੋਣ ਵਾਲੇ ਫ਼ਾਲਤੂ ਖ਼ਰਚਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰਦੀ ਰਹੀ ਹੈ ਪਰ ਉਨ੍ਹਾਂ ਵੱਲੋਂ ਕਰਵਾਇਆ ਸਹੁੰ ਚੁੱਕ ਸਮਾਗਮ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਮਾਗਮ ਹੋ ਨਿੱਬੜਿਆ ਹੈ।