ਪੰਜ ਦਰਿਆਵਾਂ ਦੀ ਧਰਤੀ ‘ਤੇ ਪਾਣੀ ਹੁੰਦਾ ਕਰੋੜਾਂ ਦਾ ਕਾਰੋਬਾਰ

ਪੰਜ ਦਰਿਆਵਾਂ ਦੀ ਧਰਤੀ ‘ਤੇ ਪਾਣੀ ਹੁੰਦਾ ਕਰੋੜਾਂ ਦਾ ਕਾਰੋਬਾਰ

ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਦੇ ਨਾਂ ਨਾਲ ਜਾਣਦੇ ਹਨ ਪਰ ਪੰਜ ਨਦੀਆਂ ਦੇ ਇਸ ਰਾਜ ਵਿੱਚ ਪੀਣ ਲਈ ਸਵੱਛ ਪਾਣੀ ਨਹੀਂ ਹੈ। ਅੱਜ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ। ਲੋਕ ਦੂਸ਼ਿਤ ਪਾਣੀ ਪੀਣ ਕਾਰਨ ਕਈ ਗੰਭੀਰ ਬੀਮਾਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ। ਲੋਕ ਸਾਫ਼ ਪਾਣੀ ਪੈਸੇ ਦੇ ਕੇ ਖਰੀਦ ਰਹੇ ਹਨ। ਪਾਣੀ ਵੇਚਣ ਵਾਲੀਆਂ ਕੰਪਨੀਆਂ ਦੀ ਭਰਮਾਰ ਹੋ ਚੁੱਕੀ ਹੈ।
90 ਫੁੱਟ ਹੇਠਾਂ ਪਹੁੰਚਿਆ ਪਾਣੀ ਦਾ ਪੱਧਰ
ਲੋਕਾਂ ਦਾ ਕਹਿਣਾ ਹੈ ਕਿ ਅੱਜ ਤੋਂ ਦਸ ਸਾਲ ਪਹਿਲਾਂ ਜ਼ਮੀਨ ਤੋਂ 40 ਫੁੱਟ ‘ਤੇ ਪਾਣੀ ਆਸਾਨੀ ਨਾਲ ਨਿਕਲ ਜਾਂਦਾ ਸੀ ਤੇ ਮੀਂਹ ਵਿੱਚ ਕਦੀ ਕਦੀ ਤਾਂ 20 ਫੁੱਟ ‘ਤੇ ਵੀ ਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੁੰਦਾ ਹੁਣ ਪਾਣੀ ਦਾ ਪੱਧਰ 90 ਫੁੱਟ ਤੋਂ ਜ਼ਿਆਦਾ ਹੇਠਾਂ ਚਲਾ ਗਿਆ ਹੈ। ਜਿਸ ਕਾਰਨ ਗਰਮੀ ਦੇ ਦਿਨਾਂ ਵਿੱਚ ਕਈ ਬੋਰਿੰਗ ਪਾਣੀ ਦੇਣਾ ਬੰਦ ਕਰ ਦਿੰਦੇ ਹਨ। ਇਸ ਨਾਲ ਗਰਮੀਆਂ ਵਿੱਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਧਰਤੀ ਉੱਪਰ 71 ਫ਼ੀਸਦੀ ਪਾਣੀ ਮੌਜੂਦ ਹੈ ਪਰ ਇਸ ਵਿਚ ਪੀਣਯੋਗ ਪਾਣੀ ਸਿਰਫ਼ 2.5 ਫ਼ੀਸਦੀ ਹੈ ਜਦਕ ਕੁਝ ਹਿੱਸਾ ਬਰਫ਼ੀਲੇ ਗਲੇਸ਼ੀਅਰਾਂ ‘ਤੇ ਠੋਸ ਰੂਪ ‘ਚ ਮੌਜੂਦ ਹੈ। ਪੰਜਾਬ ਦੇ 141 ਬਲਾਕਾਂ ਵਿਚੋਂ 107 ਬਲਾਕ ਡਾਰਕ ਜ਼ੋਨ ‘ਚ ਪਹੁੰਜ ਚੁੱਕੇ ਹਨ। ਇਹ ਹਾਲਾਤ ਰੈੱਡ ਅਲਰਟ ਵਾਲੇ ਹਨ। ਪੰਜਾਬ ਦੇ ਲੋਕ ਪ੍ਰਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਲੋਕ ਆਰਓ, ਬੋਤਲਾਂ ਵਾਲੇ ਜਾਂ ਫਿਲਟਰ ਪਾਣੀ ਦੀ ਵਰਤੋ ਕਰ ਰਹੇ ਹਨ, ਉਹ ਵੀ ਸਿਹਤਮੰਦ ਨਹੀਂ ਹੈ। ਮਨੁੱਖੀ ਨਸਲ ਲਈ ਇਹ ਵਿਨਾਸ਼ਕਾਰੀ ਸੰਕੇਤ ਹਨ॥ਹਵਾ, ਪਾਣੀ ਅਤੇ ਮਿੱਟੀ ਤਿੰਨ ਅਜਿਹੇ ਸੋਮੇ ਹਨ ਜੋ ਜੀਵਨ ਲਈ ਬੇਹੱਦ ਜ਼ਰੂਰੀ ਹਨ। ਅਜੋਕੇ ਸਮੇਂ ਇਨ੍ਹਾਂ ਵਿਚੋਂ ਕੋਈ ਵੀ ਤੱਤ ਸ਼ੁੱਧ ਰੂਪ ‘ਚ ਮੌਜੂਦ ਨਹੀਂ ਰਿਹਾ। ਅੱਜ ਪੰਜ ਦਰਿਆਵਾਂ ਦੀ ਇਸ ਧਰਤੀ ਉੱਪਰ ਜਲ ਦੇ ਸੋਮੇ ਸੁੱਕ ਰਹੇ ਨੇ।
ਜਲ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਬਨਾਵਟੀ ਬਾਰਿਸ਼ (ਕਲਾਊਡ ਸੀਡਿੰਗ) ਵਰਗੇ ਉਪਰਾਲਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਰਕਾਰ ਨੇ ਇਸ ਕੰਮ ਲਈ 30 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਕਲਾਊਡ ਸੀਡਿੰਗ ਅਜਿਹੀ ਤਕਨੀਕ ਹੈ ਜਿਸ ਜ਼ਰੀਏ ਬੱਦਲਾਂ ਦੀ ਭੌਤਿਕ ਅਵਸਥਾ ਨੂੰ ਬਦਲਿਆ ਜਾ ਸਕਦਾ ਹੈ। ਕਲਾਊਡ ਸੀਡਿੰਗ ਲਈ ਬੱਦਲਾਂ ਦਾ ਹੋਣਾ ਜ਼ਰੂਰੀ ਹੈ। ਇਸ ਜ਼ਰੀਏ ਭਾਫ਼ ਨੂੰ ਮੀਂਹ ‘ਚ ਤਬਦੀਲ ਕੀਤਾ ਜਾਂਦਾ ਹੈ। ਬਨਾਵਟੀ ਬਾਰਿਸ਼ ਕਰਵਾਉਣ ਦੀ ਪ੍ਰਕਿਰਿਆ ਵਿਚ ਸਿਲਵਰ ਆਇਓਡਾਈਡ ਰਸਾਇਣ ਅਤੇ ਸੁੱਕੀ ਬਰਫ਼ ਨੂੰ ਬੱਦਲਾਂ ‘ਤੇ ਸੁੱਟਿਆ ਜਾਂਦਾ ਹੈ। ਇਹ ਕੰਮ ਏਅਰਕਰਾਫਟ ਜਾਂ ਆਰਟਿਨਰੀ ਗੰਨ ਨਾਲ ਕੀਤਾ ਜਾਂਦਾ ਹੈ। ਇਸ ਨਾਲ ਭਾਫ਼ ਪਾਣੀ ਬਣ ਕੇ ਧਰਤੀ ‘ਤੇ ਡਿੱਗਦੀ ਹੈ। ਪੰਜਾਬ ਦਾ ਹਰ ਸ਼ਹਿਰ ਜਲ ਸਕੰਟ ਤੋਂ ਪ੍ਰਭਾਵਿਤ ਹੈ। ਇਕ ਪਾਸੇ ਹਜ਼ਾਰਾਂ ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ, ਦੂਜੇ ਪਾਸੇ ਦੁਆਬੇ ਤੇ ਮਾਝੇ ਦੀਆਂ ਮੁੱਖ ਨਹਿਰਾਂ ‘ਬਿਸਤ ਦੋਆਬ’ ਤੇ ‘ਅੱਪਰ ਬਾਰੀ ਦੋਆਬ’ ਵਿਚ ਸਿੰਜਾਈ ਲਈ ਵੀ ਲੋੜੀਂਦਾ ਪਾਣੀ ਨਹੀਂ ਹੈ। ਉਦਾਹਰਣ ਵਜੋਂ ਮੁਕਤਸਰ ਤੇ ਫਿਰੋਜ਼ਪੁਰ ਨੂੰ ਪਾਣੀ ਦੇਣ ਵਾਲੀ 3,000 ਕਿਊਸਿਕ ਸਮਰਥਾ ਵਾਲੀ ‘ਈਸਟਰਨ ਨਹਿਰ’ ਪੂਰੀ ਤਰ੍ਹਾਂ ਸੁੱਕ ਚੁੱਕੀ ਹੈ। ਇਸੇ ਤਰ੍ਹਾਂ ਫ਼ਰੀਦਕੋਟ ਦੀਆਂ ਨਹਿਰਾਂ ਵੀ ਸੋਕੇ ਦੀ ਮਾਰ ਹੇਠ ਹਨ। 2,300 ਕਿਊਸਿਕ ਵਾਲੀ ਬਠਿੰਡਾ ਨਹਿਰ ‘ਚ ਸਿਰਫ਼ 250 ਕਿਊਸਿਕ ਪਾਣੀ ਬਚਿਆ ਹੈ। ਸਤਲੁਜ ਨਹਿਰ ਦਾ ਪਾਣੀ ਵੀ ਸਨਅਤੀ ਰਸਾਇਣਾਂ ਤੇ ਤੇਜ਼ਾਬੀ ਮਾਦੇ ਦੀ ਭੇਟ ਚੜ੍ਹ ਚੁੱਕਾ ਹੈ। ਸਤਲੁਜ ਦੇ ਪਾਣੀ ਨਾਲ ਸਿੰਜਾਈ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਾਣੀ ਉਨ੍ਹਾਂ ਦੀਆਂ ਫ਼ਸਲਾਂ ਨੂੰ ਖੋਰਾ ਲਗਾ ਰਿਹਾ ਹੈ।
ਗੰਦੇ ਨਾਲੇ ਬਣੀਆਂ ਜਲ ਧਾਰਾਵਾਂ
ਇਸ ਤੋਂ ਇਲਾਵਾ ਮਹੱਤਵਪੂਰਨ ਵਿਸ਼ਾ ਇਹ ਵੀ ਹੈ ਕਿ ਬਦਲਦੇ ਸਮੇਂ ਨੇ ਪੰਜਾਬ ਦੀਆਂ ਸਾਫ਼-ਸੁਥਰੀਆ ਨਹਿਰਾਂ ਨੂੰ ਗੰਦੇ ਨਾਲੇ ‘ਚ ਤਬਦੀਲ ਕਰ ਦਿੱਤਾ ਹੈ। ਲੋਕ ਨਿੱਜੀ ਹਿੱਤਾਂ ਲਈ ਪਾਣੀ ਦੇ ਸੋਮਿਆਂ ਨੂੰ ਪਲੀਤ ਕਰ ਰਹੇ ਹਨ, ਜਿਸ ਦਾ ਨਤੀਜਾ ਘਾਤਕ ਬਿਮਾਰੀਆਂ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ। ਲੁਧਿਆਣਾ ਸ਼ਹਿਰ ਸਤਲੁਜ ਦਰਿਆ ਦੇ ਕੰਢੇ ਸਥਿੱਤ ਹੈ। ਬੁੱਢਾ ਦਰਿਆ ਕਦੇ ਮਾਛੀਵਾੜਾ ਇਲਾਕੇ ਦੀਆਂ ਕੁਝ ਕੁਦਰਤੀ ਧਾਰਾਵਾਂ ਨਾਲ ਮੇਲ ਖਾਂਦਾ ਸੀ ਤੇ ਲੁਧਿਆਣਾ ਸ਼ਹਿਰ ‘ਚੋਂ ਹੁੰਦਾ ਹੋਇਆ ਹੰਬੜਾਂ ਤੋਂ ਅੱਗੇ ਪਿੰਡ ਵਲੀਪੁਰ ਕੋਲ ਸਤਲੁਜ ਦਰਿਆ ‘ਚ ਜਾ ਰਲਦਾ ਸੀ।ਪਰ ਅਜੋਕੇ ਸਮੇਂ ਇਹ ਬੇਹੱਦ ਗੰਧਲਾ ਹੋ ਚੁੱਕਾ ਹੈ। ਇਸ ਦੇ ਸੁਮੇਲ ਨਾਲ ਬਿਆਸ ਦਰਿਆ ਵੀ ਬੁਰੀ ਤਰ੍ਹਾਂ ਪਲੀਤ ਹੋ ਰਿਹਾ ਹੈ। ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਕਰਨ ‘ਚ ਸਭ ਤੋਂ ਵੱਡਾ ਹੱਥ ਚਿੱਟੀ ਵੇਈਂ ਦਾ ਹੈ। ਚਿੱਟੀ ਵੇਈਂ ਸ਼ਿਵਾਲਿਕ ਦੀਆਂ ਪਹਾੜੀਆਂ ‘ਚੋਂ ਨਿਕਲਦੀ ਹੋਈ ਪੰਜਾਬ ਦੇ ਸ਼ਹਿਰ ਫਗਵਾੜਾ ਤੇ ਨਵਾਂਸ਼ਹਿਰ ਦੇ ਵਿਚਕਾਰੋਂ ਲੰਘਦੀ ਹੈ। ਇਨ੍ਹਾਂ ਦੋਵਾਂ ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਜਦੋਂ ਇਸ ਵੇਈਂ ‘ਚ ਮਿਲਦਾ ਹੈ ਤਾਂ ਇਹ ਵੇਈਂ ਨੂੰ ਗੰਦੇ ਨਾਲੇ ‘ਚ ਤਬਦੀਲ ਕਰ ਦਿੰਦਾ ਹੈ। ਇਸ ਵੇਈਂ ਦੇ ਵਹਿਣ ‘ਚ ਅਨੇਕਾਂ ਜ਼ਹਿਰੀਲੇ ਰਸਾਇਣ ਰਲੇ ਹੋਏ ਹਨ। ਬੁੱਢੇ ਦਰਿਆ ਤੇ ਕਾਲਾ ਸੰਘਿਆਂ ਡਰੇਨ ਦੀ ਗੰਦਗੀ ਕਾਰਨ ਪੰਜਾਬ ਦੇ 60 ਫ਼ੀਸਦੀ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਪਾਣੀ ਦੀ ਦੁਰਵਰਤੋਂ ‘ਚ ਪੰਜਾਬ ਸਭ ਤੋਂ ਅੱਗੇ
ਪੰਜਾਬ ਦਾ ਸਭ ਤੋਂ ਡੂੰਘਾ ਬੋਰ ਗੜ੍ਹਸ਼ੰਕਰ ਦੇ ਪਿੰਡ ਬੀੜੋਵਾਲ ਵਿਚ ਲੱਗਾ ਹੋਇਆ ਹੈ, ਜਿਸ ਦੀ ਡੂੰਘਾਈ 1200 ਫੁੱਟ ਹੈ। ਸਤਲੁਜ ਦਰਿਆ ਵਿਚ ਵਹਿਣ ਵਾਲੀ ਬਿਸਤ ਦੋਆਬ ਨਹਿਰ ਸਾਰੇ ਸ਼ਹਿਰਾਂ ਨੂੰ ਪਾਣੀ ਸਪਲਾਈ ਕਰ ਰਹੀ ਹੈ ਪਰ ਇਹ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਲਈ ਕਾਫ਼ੀ ਨਹੀਂ ਹੈ। ਸੰਸਦ ਦੀ ਪੇਸ਼ ਕੀਤੀ ਇਕ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਜ਼ਮੀਨਦੋਜ਼ ਪਾਣੀ ਦੀ ਦੁਰਵਰਤੋਂ ਕਰਨ ‘ਚ ਪੰਜਾਬ ਪਹਿਲੇ ਸਥਾਨ ‘ਤੇ ਹੈ। ਪੰਜਾਬ ‘ਚ ਪਾਣੀ ਦੀ ਦੁਰਵਰਤੋਂ 76 ਫ਼ੀਸਦੀ, ਰਾਜਸਥਾਨ ‘ਚ 66 ਫ਼ੀਸਦੀ, ਦਿੱਲੀ ‘ਚ 56 ਫ਼ੀਸਦੀ ਤੇ ਹਰਿਆਣਾ ‘ਚ 54 ਫ਼ੀਸਦੀ ਹੈ। ਭਵਿੱਖ ਵਿਚ ਪੰਜਾਬ ‘ਚ ਪਾਣੀ ਦੀ ਸਮੱਸਿਆ ਵੱਡਾ ਮੁੱਦਾ ਬਣ ਸਕਦੀ ਹੈ। ਮਿਜ਼ੋਰਮ, ਨਾਗਾਲੈਂਡ, ਮਨੀਪੁਰ, ਅਰੁਣਾਚਲ ਪ੍ਰਦੇਸ਼, ਅਸਾਮ ਤੇ ਅੰਡੇਮਾਨ ਨਿਕੋਬਾਰ ਜ਼ਮੀਨਦੋਜ਼ ਪਾਣੀ ਦੇ ਪੱਧਰ ਨੂੰ ਲੈ ਕੇ ਸੇਫ ਜ਼ੋਨ ‘ਚ ਹਨ।