ਫਲ ਅਤੇ ਸਬਜ਼ੀਆਂ ਦਾ ਤਾਜ਼ਾ ਜੂਸ ਪੀਓ ਲੰਮੀ ਉਮਰ ਜੀਓ

 

 

ਫਲ ਅਤੇ ਸਬਜ਼ੀਆਂ ਦਾ ਤਾਜ਼ਾ ਜੂਸ ਪੀਓ ਲੰਮੀ ਉਮਰ ਜੀਓ

ਜ਼ਮਾਨਾ ਫਾਸਟ ਫੂਡ ਦਾ ਹੈ। ਇਸ ਤਰ੍ਹਾਂ ਦੇ ਭੋਜਨ ਜੋ ਪੌਸ਼ਟਿਕ ਹੋਣ, ਰੁਚੀਕਾਰ ਹੋਣ, ਬਣਾਉਣਾ ਸੌਖਿਆਂ ਹੋਵੇ, ਪਸੰਦ ਕੀਤੇ ਜਾਣ ਲੱਗੇ ਹਨ। ਇਸ ਤਰ੍ਹਾਂ ਦੇ ਭੋਜਨ ਜਿਨ੍ਹਾਂ ਵਿਚ ਚਰਬੀ ਦੀ ਮਾਤਰਾ ਘੱਟ ਹੋਵੇ, ਪੌਸ਼ਟਿਕ ਤੱਤ ਬਹੁਤਾਤ ਵਿਚ ਪਾਏ ਜਾਂਦੇ ਹੋਣ, ਸੁੰਦਰਤਾ ਵਿਚ ਵਾਧਾ ਕਰਦੇ ਹੋਣ, ਲਗਾਤਾਰ ਲੱਭੇ ਜਾ ਰਹੇ ਹਨ। ਇਸ ਤਰ੍ਹਾਂ ਦੇ ਭੋਜਨ ਦਾ ਇਕ ਰੂਪ ਫਲ ਅਤੇ ਸਬਜ਼ੀਆਂ ਦਾ ਤਾਜ਼ਾ ਜੂਸ ਹੈ। ਜੂਸ ਬਹੁਤ ਲੋਕਪ੍ਰਿਆ ਹੁੰਦੇ ਜਾ ਰਹੇ ਹਨ।

ਆਓ ਜਾਣੀਏ ਵੱਖ-ਵੱਖ ਜੂਸਾਂ ਵਿਚ ਮੌਜੂਦ ਪੌਸ਼ਟਿਕ ਪਦਾਰਥਾਂ
ਅਤੇ ਸਿਹਤ ‘ਤੇ ਉਨ੍ਹਾਂ ਦੇ ਲਾਭਾਂ ਦੇ ਪ੍ਰਭਾਵਾਂ ਬਾਰੇ :
ਗਾਜਰ ਦਾ ਜੂਸ?
ਗਾਜਰ ਦੇ ਜੂਸ ਵਿਚ ਥੋੜ੍ਹਾ ਜਿਹਾ ਸੰਤਰੇ ਦਾ ਜੂਸ ਮਿਲਾ ਕੇ ਉਸ ਨੂੰ ਹੋਰ ਸਵਾਦੀ ਬਣਾਇਆ ਜਾ ਸਕਦਾ ਹੈ। ਇਕ ਗਿਲਾਸ ਗਾਜਰ ਦੇ ਜੂਸ ਵਿਚ ਕੁਦਰਤੀ ਰੂਪ ਨਾਲ ਭਰਪੂਰ ਮਾਤਰਾ ਵਿਚ ਸ਼ੱਕਰ ਹੁੰਦੀ ਹੈ ਅਤੇ ਸ਼ੱਕਰ ਮਿਲਾਉਣ ਦੀ ਜ਼ਰੂਰਤ ਨਹੀਂ ਹੁੰਦੀ। ਸਵਾਦ ਲਈ ਚਾਹੇ ਤਾਂ ਕਾਲਾ ਨਮਕ ਪਾਉ। ਗਾਜਰ ਦੇ ਜੂਸ ਤੋਂ ਤੁਹਾਨੂੰ ਵਿਟਾਮਿਨ ਏ, ਬੀ ਅਤੇ ਸੀ ਅਤੇ ਕੈਲਸ਼ੀਅਮ, ਲੋਹ ਅਤੇ ਆਓਡੀਨ ਵਰਗੇ ਖਣਿਜ ਲੂਣ ਮਿਲਦੇ ਹਨ। ਗਾਜਰ ਦਾ ਜੂਸ ਅੰਤੜੀਆਂ ਦਾ ਕੰਮ ਕਰਨ ਦੀ ਤਾਕਤ ਵਧਾਉਂਦਾ ਹੈ।
ਵਿਸ਼ੇਸ਼ ਤੌਰ ‘ਤੇ ਅੱਧਾ ਗਿਲਾਸ ਗਾਜਰ ਦਾ ਜੂਸ ਅਤੇ ਅੱਧਾ ਗਿਲਾਸ ਦੁੱਧ ਪੀਣ ਨਾਲ ਸਰੀਰ ਵਿਚ ਬਹੁਤ ਜਲਦੀ ਹੀ ਸ਼ਕਤੀ ਦਾ ਸੰਚਾਰ ਹੋਣ ਲਗਦਾ ਹੈ।
ਪਾਲਕ ਦਾ ਜੂਸ
ਪਾਲਕ ਦਾ ਜੂਸ ਵਿਟਾਮਿਨ ਅਤੇ ਖਣਿਜ ਲੂਣਾਂ ਦੀ ਖਾਣ ਹੈ। ਇਸ ਵਿਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਹੁੰਦਾ ਹੈ। ਵਿਟਾਮਿਨ ਬੀ, ਬੀ2 ਅਤੇ ਈ ਵੀ ਚੰਗੀ ਮਾਤਰਾ ਵਿਚ ਹੁੰਦਾ ਹੈ। ਇਹ ਤਾਕਤ ਅਤੇ ਸਫੂਰਤੀ ਵਿਚ ਵਾਧਾ ਕਰਦਾ ਹੈ। ਕਿਉਂਕਿ ਪਾਲਕ ਦੇ ਜੂਸ ਵਿਚ ਸਵਾਦ ਨਹੀਂ ਹੁੰਦਾ ਇਸ ਲਈ ਇਸ ਵਿਚ ਗਾਜਰ, ਨਿੰਬੂ ਅਤੇ ਥੋੜ੍ਹਾ ਜਿਹਾ ਅਦਰਕ ਦਾ ਜੂਸ ਮਿਲਾ ਕੇ ਸਵਾਦੀ ਬਣਾਇਆ ਜਾ ਸਕਦਾ ਹੈ। ਜੂਸ ਬਣਾਉਂਦੇ ਸਮੇਂ ਮੁਲਾਇਮ ਅਤੇ ਗਹਿਰੇ ਹਰੇ ਪੱਤਿਆਂ ਦੀ ਹੀ ਵਰਤੋਂ ਕਰੋ। ਪੀਲੇ, ਸੜੇ-ਗਲੇ ਪੱਤਿਆਂ ਨੂੰ ਨਹੀਂ ਮਿਲਾਉਣਾ ਚਾਹੀਦਾ।
ਟਮਾਟਰ ਦਾ ਜੂਸ?
ਸਵਾਦ, ਰੰਗ ਅਤੇ ਗੁਣ ਵਿਚ ਟਮਾਟਰ ਦੇ ਜੂਸ ਦਾ ਕੋਈ ਮੁਕਾਬਲਾ ਨਹੀਂ। ਇਸ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਥੋੜ੍ਹਾ ਕਾਲਾ ਨਮਕ, ਜ਼ੀਰਾ ਅਤੇ ਨਿੰਬੂ ਦਾ ਜੂਸ ਮਿਲਾ ਕੇ ਇਸ ਨੂੰ ਹੋਰ ਸਵਾਦੀ ਬਣਾਇਆ ਜਾ ਸਕਦਾ ਹੈ। ਟਮਾਟਰ ਦਾ ਜੂਸ ਭੁੱਖ ਵਧਾਉਂਦਾ ਹੈ। ਖੱਟਾ ਹੋਣ ‘ਤੇ ਪਾਚਕ ਰਸਾਂ ਨੂੰ ਉਤੇਜਿਤ ਕਰਦਾ ਹੈ।
ਬੰਦ ਗੋਭੀ ਦੇ ਪੱਤਿਆਂ ਦਾ ਜੂਸ
ਵਿਟਾਮਿਨ ਏ, ਬੀ ਅਤੇ ਸੀ ਨਾਲ ਭਰਪੂਰ ਬੰਦ ਗੋਭੀ ਦਾ ਜੂਸ ਕਈ ਰੋਗਾਂ ਵਿਚ ਲਾਭਕਾਰੀ ਹੁੰਦਾ ਹੈ। ਇਸ ਦੇ ਜੂਸ ਨਾਲ ਜ਼ਖ਼ਮ ਬਹੁਤ ਜਲਦੀ ਭਰਦੇ ਹਨ। ਸਵਾਦ ਲਈ ਇਨ੍ਹਾਂ ਵਿਚ ਟਮਾਟਰ ਜਾਂ ਗਾਜਰ ਦਾ ਜੂਸ ਵੀ ਮਿਲਾਇਆ ਜਾ ਸਕਦਾ ਹੈ।
ਸੇਬ ਦਾ ਜੂਸ
ਕਹਿੰਦੇ ਹਨ ਕਿ ਸੇਬ ਰੋਜ਼ ਖਾਓ ਤਾਂ ਫਿਰ ਡਾਕਟਰ ਦੇ ਕੋਲ ਕਿਉਂ ਜਾਉ। ਵਿਟਾਮਿਨ ਏ, ਅਤੇ ਬੀ ਨਾਲ ਭਰਪੂਰ ਸੇਬ ਦੇ ਜੂਸ ਦਾ ਸਵਾਦ ਅਤੇ ਮਹਿਕ ਬਸ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰ ਲਵੇਗੀ। ਇਹ ਬਹੁਤ ਸਾਰੀਆਂ ਬਿਮਾਰੀਆਂ, ਖ਼ਾਸ ਤੌਰ ‘ਤੇ ਗਠੀਆ ਅਤੇ ਅੰਤੜੀ ਦੀ ਕਮਜ਼ੋਰੀ ਲਈ ਅਤਿਅੰਤ ਲਾਭਦਾਇਕ ਹੈ। ਹੋਰ ਖਣਿਜਾਂ ਦੇ ਨਾਲ ਸੇਬ ਵਿਚ ਸੋਡੀਅਮ ਬਹੁਤ ਮਾਤਰਾ ਵਿਚ ਮਿਲਦਾ ਹੈ।
ਅੰਗੂਰ ਦਾ ਜੂਸ
ਤਾਜ਼ੇ ਅੰਗੂਰਾਂ ਦੇ ਜੂਸ ਨਾਲ ਸਾਨੂੰ ਵਿਟਾਮਿਨ ਏ, ਬੀ, ਸੀ ਅਤੇ ਕਈ ਤਰ੍ਹਾਂ ਦੇ ਖਣਿਜ ਲੂਣ ਮਿਲਦੇ ਹਨ। ਇਸ ਵਿਚ ਮੌਜੂਦ ਸ਼ੱਕਰ ਹੀ ਇਸ ਦੀ ਮਹੱਤਤਾ ਨੂੰ ਵਧਾਉਂਦੀ ਹੈ। ਕਬਜ਼ ਦੂਰ ਕਰਨ ਵਿਚ ਤੇ ਮੋਟਾਪਾ ਘੱਟ ਕਰਨ ਵਿਚ ਅੰਗੂਰ ਦਾ ਜੂਸ ਉਪਯੋਗੀ ਹੈ। ਇਸ ਨਾਲ ਸਰੀਰ ਨੂੰ ਤੁਰੰਤ ਤਾਜ਼ਗੀ ਅਤੇ ਚੁਸਤੀ ਮਿਲਦੀ ਹੈ।

ਅਨਾਨਾਸ ਦਾ ਜੂਸ
ਖੱਟਾ, ਮਿੱਠਾ ਸਵਾਦੀ ਅਨਾਨਾਸ ਦਾ ਜੂਸ ਵਿਟਾਮਿਨ ਏ, ਬੀ ਅਤੇ ਸੀ ਨਾਲ ਭਰਪੂਰ ਹੈ, ਨਾਲ ਹੀ ਇਸ ਵਿਚ ਹੋਰ ਖਣਿਜਾਂ ਦੇ ਨਾਲ ਆਓਡੀਨ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਭੁੱਖ ਵਿਚ ਵਾਧਾ ਕਰਦੀ ਹੈ ਅਤੇ ਹਲਕੇ ਜ਼ਖ਼ਮਾਂ ਨੂੰ ਛੇਤੀ ਰਾਹਤ ਪਹੁੰਚਾਉਂਦੀ ਹੈ।
ਮਿਕਸ ਜੂਸ
ਸਵਾਦ ਅਤੇ ਰੁਚੀ ਅਨੁਸਾਰ ਕਈ ਤਰ੍ਹਾਂ ਦੇ ਫਲਾਂ ਅਤੇ ਸਬਜ਼ੀਆਂ ਦਾ ਮਿਕਸ ਜੂਸ ਉੱਤਮ ਸਵਾਦੀ ਅਤੇ ਲੰਮਾ ਜੀਵਨ ਦੇਣ ਵਾਲਾ ਹੈ।
ਅੰਬ ਦਾ ਜੂਸ
ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦੇ ਅੰਮ੍ਰਿਤਮਈ ਗੁਣਾਂ ਕਾਰਨ ਹੀ ਇਸ ਨੂੰ ਇਹ ਅਹੁਦਾ ਮਿਲਿਆ ਹੈ। ਇਸ ਦੇ ਜੂਸ ਵਿਚ ਦੁੱਧ ਮਿਲਾ ਕੇ ਪੀਉ। ਸਾਰੇ ਰੋਗਾਂ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਵਿਚ ਸਾਰੇ ਵਿਟਾਮਿਨ ਅਤੇ ਲੋਹਾ ਅਤੇ ਹੋਰ ਖਣਿਜ ਪਦਾਰਥ ਹੁੰਦੇ ਹਨ। ਸ਼ੂਗਰ ਦੇ ਰੋਗੀ ਇਹ ਜੂਸ ਨਾ ਪੀਣ ਕਿਉਂਕਿ ਇਸ ਵਿਚ ਮਿੱਠਾ ਜ਼ਿਆਦਾ ਹੁੰਦਾ ਹੈ।
ਨਿੰਬੂ ਅਤੇ ਮੌਸੰਮੀ ਦਾ ਜੂਸ
ਰੋਗਾਂ ਵਿਚ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਅਤੇ ਦਵਾਈ ਦੇ ਰੂਪ ਵਿਚ ਕੰਮ ਆਉਣ ਵਾਲੇ ਜੂਸਾਂ ਵਿਚ ਨਿੰਬੂ ਅਤੇ ਮੌਸੰਮੀ ਦਾ ਜੂਸ ਇਕ ਜਾਣਿਆ ਮਾਣਿਆ ਜੂਸ ਹੈ। ਮੌਸੰਮੀ ਦਾ ਜੂਸ ਤਾਂ ਰੋਗੀਆਂ ਨੂੰ ਹੀ ਦਿੱਤਾ ਜਾਂਦਾ ਹੈ। ਜੇਕਰ ਸਿਹਤਮੰਦ ਮਨੁੱਖ ਇਸ ਦਾ ਸੇਵਨ ਕਰੇ ਤਾਂ ਬਿਮਾਰ ਹੀ ਕਿਉਂ ਹੋਵੇ? ਨਿੰਬੂ ਦੇ ਜੂਸ ਵਿਚ ਨਮਕ ਚੀਨੀ ਪਾ ਕੇ ਠੰਢੇ ਪਾਣੀ ਦੇ ਰੂਪ ਵਿਚ ਪੀਤਾ ਜਾਂਦਾ ਹੈ। ਨਿੰਬੂ ਦੇ ਜੂਸ ਨੂੰ ਦੇਰ ਤੱਕ ਸੁਰੱਖਿਆ ਰੱਖਿਆ ਜਾ ਸਕਦਾ ਹੈ।