ਬੰਬੀਹਾ ਬੋਲੇ

ਬੰਬੀਹਾ ਬੋਲੇ

ਮੈਂ ਹਾਂ ਕੰਮੀ ਕਰਾਂ ਮਜੂਰੀ,
ਮੇਰੀ ਖ਼ੁਆਹਿਸ਼ ਸਦਾ ਅਧੂਰੀ,
ਰੁੱਖੀ ਖਾਵਾਂ ਸਮਝ ਕੇ ਚੂਰੀ,
ਚਾਅ ਪੈਰਾਂ ਵਿੱਚ ਰੋਲੇ,
ਨੀ ਬੰਬੀਹਾ ਬੋਲੇ…
ਮੇਰੀ ਜੂਨ ਨਾ ਬਦਲੀ ਭਾਈ,
ਕਾਗ਼ਜ਼ੀ ਵਾਹ ਸਰਕਾਰਾਂ ਲਾਈ,
ਲੈ ਗਏ ਲਾਹ ਕੇ ਹੋਰ ਮਲਾਈ,
ਅਸੀਂ ਅਜ਼ਲ ਤੋਂ ਗੋਲੇ,
ਨੀ ਬੰਬੀਹਾ ਬੋਲੇ…
ਦਿਨ ਰਾਤ ਮੈਂ ਖੇਤੀਂ ਮਰਦਾ,
ਕੋਈ ਨਾ ਤਰਸ ਮੇਰੇ ‘ਤੇ ਕਰਦਾ,
ਰੋਟੀ ਕੁੱਤਿਆਂ ਵਾਂਗ ਹੈ ਧਰਦਾ,
ਮਾਲਿਕ ਕੰਧੋਂ ਉਹਲੇ,
ਨੀ ਬੰਬੀਹਾ ਬੋਲੇ…
ਧੁੱਪਾਂ ਨੇ ਰੰਗ ਸਾਡੇ ਕਾੜ੍ਹੇ,
ਚਿੱਟੇ ਲਾਹ ਕੇ ਪੱਕੇ ਚਾੜ੍ਹੇ,
ਜੰਮਦੇ ਨਹੀਂ ਸਾਂ ਏਨੇ ਮਾੜੇ,
ਹੋ ਗਏ ਵਾਂਗਰ ਕੋਲੇ,
ਨੀ ਬੰਬੀਹਾ ਬੋਲੇ…
ਦੱਸਾਂ ਕੀ ਮੈਂ ਹੋਰ ਕਹਾਣੀ,
ਖ਼ਾਲੀ ਕੋਠੀ ਘੜੇ ਨਾ ਪਾਣੀ,
ਦੇਵਾਂ ਬੱਚਿਆਂ ਨੂੰ ਦਿਲਾਸੇ,
ਰੋਵਾਂ ਛੁਪ ਛਪੋਲੇ,
ਨੀ ਬੰਬੀਹਾ ਬੋਲੇ…
ਰੋਜ਼ ਨਾ ਮੈਨੂੰ ਮਿਲੇ ਦਿਹਾੜੀ,
ਹਾਲਤ ਮੇਰੀ ਪਸ਼ੂ ਤੋਂ ਮਾੜੀ,
ਧੀਆਂ ਦੇ ਫ਼ਿਕਰ ਜਿੰਦ ਸੂਲੀ ਚਾੜ੍ਹੀ,
ਖਾਵਾਂ ਮੈਂ ਡਿਕਡੋਲੇ,
ਨੀ ਬੰਬੀਹਾ ਬੋਲੇ…
ਮੈਂ ਕਾਹਦੇ ‘ਤੇ ਲੈ ਲਵਾਂ ਕਰਜ਼ਾ,
ਚੋਂਦੀਆਂ ਛੱਤਾਂ ਕਾਹਦਾ ਪਰਦਾ
ਫੇਰ ਵੀ ਫਾਹਾ ਲੈ ਨਾ ਮਰਦਾ,
ਰੱਖੇ ਨਹੀਂ ਦਿਲ ਹੌਲੇ,
ਨੀ ਬੰਬੀਹਾ ਬੋਲੇ…
‘ਖਾਲੜਾ’ ਸੱਚੀਆਂ ਆਖ ਸੁਣਾਵੇ,
ਗ਼ਰੀਬ ਦੀ ਜ਼ਿੰਦਗੀ ਹਉਕੇ ਹਾਵੇ,
ਡਰਦੀ ਮੌਤ ਨਾ ਲਵੇ ਕਲਾਵੇ,
‘ਦੇਬੀ’ ਦੁੱਖ ਫਰੋਲੇ,
ਨੀ ਬੰਬੀਹਾ ਬੋਲੇ…।
ਲੇਖਕ?:?ਦੇਬੀ ਖਾਲੜਾ
ਸੰਪਰਕ?:94361-31255