
ਬਿਜਲੀ
ਘੜੀ ਮੁੜੀ ਹੀ ਬੰਦ ਪਏ, ਪੱਖਿਆਂ ਨੂੰ ਵਿੰਹਦੇ ਰਹਿੰਦੇ ਹਾਂ
ਘਰਾਂ ਦੇ ਅੰਦਰ ਜੀਅ ਘੁੱਟਦਾ, ਗਲੀਆਂ ਵਿੱਚ ਆ ਆ ਬਹਿੰਦੇ ਹਾਂ
ਨਹਾਉਣ ਤੋਂ ਬੈਠੇ ਰਹਿੰਦੇ ਹਾਂ, ਘੁੱਟ ਪਾਣੀ ਦੀ ਨਾ ਥਿਆਉਂਦੀ ਏ
ਸੱਚ ਪੁੱਛੋ ਤਾਂ ਸੱਜਣੋਂ ਅੱਜਕੱਲ੍ਹ, ਬਿਜਲੀ ਬੜਾ ਸਤਾਉਂਦੀ ਏ
ਥੋੜ੍ਹਾ ਚਿਰ ਤਾਂ ਕੱਢ ਜਾਂਦੇ, ਪਰ ਅੰਤ ਨੂੰ ਹਾਰਦੇ ਨੇ
ਮੰਤਰੀਆਂ ਦੇ ਹੂਟਰ ਵਾਂਗੂੰ, ਇਨਵਰਟਰ ਚੀਕਾਂ ਮਾਰਦੇ ਨੇ
ਫਿਰ ਕਿਹੜਾ ਪੱਖਾ ਬੰਦ ਕਰੀਏ, ਕੋਈ ਸਮਝ ਨਾ ਆਉਂਦੀ ਏ
ਸੱਚ ਪੁੱਛੋ ਤਾਂ ਸੱਜਣੋਂ ਅੱਜਕੱਲ੍ਹ, ਬਿਜਲੀ ਬੜਾ ਸਤਾਉਂਦੀ ਏ
ਛੋਟੇ ਛੋਟੇ ਘਰਾਂ ਦੇ ਅੰਦਰ, ਦਿਨੇ ਹਨੇਰਾ ਰਹਿੰਦਾ ਏ
ਜਿਉਂ ਬਿਨ ਕਾਵਾਂ ਤੋਂ ਅੱਜਕੱਲ੍ਹ ਬਈ ਖਾਲ਼ੀ ਬਨੇਰਾ ਰਹਿੰਦਾ ਏ
ਪਰ ਟੱਸ ਤੋਂ ਇਹ ਮੱਸ ਨਾ ਹੋਵੇ, ਆਪਣਾ ਆਪ ਵਿਖਾਉਂਦੀ ਏ
ਸੱਚ ਪੁੱਛੋ ਤਾਂ ਸੱਜਣੋਂ ਅੱਜਕੱਲ੍ਹ ਬਿਜਲੀ ਬੜਾ ਸਤਾਉਂਦੀ ਏ
ਓਹ ਆ ਗਈ ਓਏ ਓਹ ਆ ਗਈ ਓਏ, ਪੈਂਦੇ ਬੜੇ ਭੁਲੇਖੇ ਨੇ
ਜਿਹੜੇ ਏਸੀਆਂ ਦੇ ਵਿੱਚ ਰਹਿੰਦੇ ਸੀ, ਅੱਜ ਪੱਖੀਆਂ ਝਲਦੇ ਵੇਖੇ ਨੇ
ਲੀਡਰਾਂ ਦੇ ਲਾਰਿਆਂ ਵਾਂਗੂੰ, ਹੁਣ ਇਹ ਵੀ ਲਾਰੇ ਲਾਉਂਦੀ ਏ
ਸੱਚ ਪੁੱਛੋ ਤਾਂ ਸੱਜਣੋਂ ਅੱਜਕੱਲ੍ਹ, ਬਿਜਲੀ ਬੜਾ ਸਤਾਉਂਦੀ ਏ
ਲੇਖਕ?:?ਬੂਟਾ ਗੁਲਾਮੀ ਵਾਲਾ, ਸੰਪਰਕ: 94171-97395