ਕੋਰੜਾ ਛੰਦ

ਕੋਰੜਾ ਛੰਦ

ਕਿਰਤੀ ਕਿਸਾਨ ਦੀ ਮੈਂ ਕਰਾਂ ਗੱਲ ਜੀ।
ਹਲ਼ ਰੱਖ ਮੋਢੇ ਜਾਵੇ ਖੇਤ ਵੱਲ ਜੀ।
ਚਿਹਰੇ ਉੱਤੇ ਨੂਰ ਰੱਬੀ ਰੂਪ ਲੱਗਦਾ।
ਕਿਰਤੀ ਕਿਸਾਨ ਅੰਨ ਦਾਤਾ ਜੱਗ ਦਾ।

ਦਿਲ ‘ਚ ਛੁਪਾਈ ਫਿਰੇ ਕਿਸੇ ਭੇਤ ਨੂੰ।
ਗੱਲਾਂ ਕਰ ਪੁੱਛਦਾ ਸਵਾਲ ਖੇਤ ਨੂੰ।
ਕਾਹਤੋਂ ਬਣ ਜਾਂਦਾ ਫਾਹਾ ਸਾਡੀ ਪੱਗ ਦਾ।
ਕਿਰਤੀ ਕਿਸਾਨ ਅੰਨ ਦਾਤਾ ਜੱਗ ਦਾ।

ਦੇਸ਼ ਦੇ ਨੇਤਾਵਾਂ ਕੀਤਾ ਪਰੇਸ਼ਾਨ ਜੀ।
ਉੱਤੋਂ ਮਾਰ ਪਾਉਂਦੇ ਝੱਖੜ-ਤੂਫ਼ਾਨ ਜੀ।
ਕਰੀਏ ਕੀ ਹੱਲ ਪਸ਼ੂਆਂ ਦੇ ਵੱਗ ਦਾ।
ਕਿਰਤੀ ਕਿਸਾਨ ਅੰਨ ਦਾਤਾ ਜੱਗ ਦਾ।

ਆਉਂਦੀ ਹੈ ਬਹਾਰ ਜਦੋਂ ਚੜ੍ਹੇ ਚੇਤ ਜੀ।
ਮਿਹਨਤਾਂ ਦੇ ਨਾਲ ਸੋਨਾ ਬਣੇ ਰੇਤ ਜੀ।
ਪੱਕੀ ਫ਼ਸਲ ਤੋਂ ਡਰ ਖਾਵੇ ਅੱਗ ਦਾ।
ਕਿਰਤੀ ਕਿਸਾਨ ਅੰਨ ਦਾਤਾ ਜੱਗ ਦਾ।

ਭੁੱਲ-ਗੀ ਲੋਕਾਈ ਗੁਰਾਂ ਦੇ ਸੰਦੇਸ਼ ਨੂੰ।
ਕਿਰਤ ਕਰੋ ਦੇ ਸੋਹਣੇ ਉਪਦੇਸ਼ ਨੂੰ।
ਸੱਜਣ ਦਾ ਲਾਣਾ ਹਾਲੇ ਤੀਕ ਠੱਗਦਾ।
ਕਿਰਤੀ ਕਿਸਾਨ ਅੰਨ ਦਾਤਾ ਜੱਗ ਦਾ।

ਚੌਵੀ ਘੰਟੇ ਏਸ ਦੀ ਡਿਊਟੀ ਚੱਲਦੀ।
ਫ਼ਿਕਰ ਹੈ ਰਹਿੰਦੀ ਇਹਨੂੰ ਸਦਾ ਕੱਲ੍ਹ ਦੀ।
ਜੱਟ ਦਾ ਰੁਝੇਵਾਂ ਸਭ ਤੋਂ ਅਲੱਗ ਦਾ।
ਕਿਰਤੀ ਕਿਸਾਨ ਅੰਨ ਦਾਤਾ ਜੱਗ ਦਾ।

ਜੋਖ਼ਮ ਦੇ ਵਿੱਚ ਸਦਾ ਰਹਿੰਦੀ ਜਾਨ ਹੈ।
ਇਹਤੋਂ ਲੈ ਕੇ ਅੰਨ ਛਕਦਾ ਜਹਾਨ ਹੈ।
ਖੱਟਦਾ ਏ ਪੁੰਨ ਅਸ਼ਮੇਧ ਯੱਗ ਦਾ।
ਕਿਰਤੀ ਕਿਸਾਨ ਅੰਨਦਾਤਾ ਜੱਗ ਦਾ।

ਗੇੜਾ ਬੰਨ੍ਹੀ ਫਿਰੇ ਭਾਗੋਆਂ ਦੀ ਡਾਰ ਜੀ।
ਲਾਲੋਆਂ ਦੀ ਕੋਈ ਸੁਣੇ ਨਾ ਪੁਕਾਰ ਜੀ।
ਹੋ ਜਾ ‘ਲਖਵਿੰਦਰਾ’ ਤੂੰ ਬਾਬੇ ਸੱਗਦਾ।
ਕਿਰਤੀ ਕਿਸਾਨ ਅੰਨ ਦਾਤਾ ਜੱਗ ਦਾ।
ਲੇਖਕ?:?ਲਖਵਿੰਦਰ ਸ਼ਰੀਂਹ ਵਾਲਾ
ਸੰਪਰਕ: 94782-13684