ਗ਼ਜ਼ਲ

ਗ਼ਜ਼ਲ

ਸਿਰ ਦੇ ਉੱਤੇ ਜਦ ਤੱਕ ਹੱਥ ਨੇ ਮਾਵਾਂ ਦੇ।
ਜ਼ੋਰ ਨਹੀਂ ਚੱਲਦੇ ਮਿੱਤਰੋ ਕਦੇ ਬਲਾਵਾਂ ਦੇ।

ਔਕੜ-ਮੁਸ਼ਕਿਲ ਪੁੱਤਾਂ ਨੂੰ ਕੋਈ ਆਵੇ ਨਾ,
ਖ਼ੈਰਾਂ ਮੰਗਣ ਮਾਵਾਂ ਵਿਚ ਦੁਆਵਾਂ ਦੇ।

ਧੁੱਪਾਂ-ਤਪਸ਼ਾਂ ਦੇ ਵਿਚ ਮਾਵਾਂ ਕੜਦੀਆਂ ਨੇ,
ਬੱਚਿਆਂ ਨੂੰ ਪਰ ਰੱਖਦੀਆਂ ਨੇ ਵਿਚ ਛਾਵਾਂ ਦੇ।

ਹਰ ਆਫ਼ਤ ਵੀ ਡਰ ਕੇ ਪਾਸੇ ਹੋ ਜਾਂਦੀ,
ਮਾਵਾਂ ਖੜ੍ਹੀਆਂ ਹੋਵਣ ਜਦ ਵਿਚ ਰਾਹਵਾਂ ਦੇ।

ਮਾਂ ਦੀ ਹੱਲਾਸ਼ੇਰੀ ਪੁੱਤਰ ਪਰਬਤ ‘ਤੇ,
ਥਾਪੀ ਸ਼ਕਤੀ ਭਰ ਦਿੰਦੀ ਵਿਚ ਬਾਹਵਾਂ ਦੇ।

ਪੁੱਤਰ ਜਾ ਕੇ ਪਰਦੇਸਾਂ ਵਿਚ ਵੱਸੇ ਨੇ,
ਮਾਵਾਂ ਪੁੱਤ ਵਸਾਏ ਨੇ ਵਿਚ ਸਾਹਵਾਂ ਦੇ।

ਪੁੱਤਰ ਖ਼ੁਸ਼ੀਆਂ ਲੱਭਦੇ ਫਿਰਦੇ ਦੁਨੀਆਂ ‘ਚੋਂ,
ਮਾਵਾਂ ਖ਼ੁਸ਼ ਨੇ ਵਿਚ ਪੁੱਤਾਂ ਦਿਆਂ ਚਾਵਾਂ ਦੇ।

‘ਪਾਰਸ’ ਜਿਹੜੀ ਥਾਂ ‘ਤੇ ਮਾਂ ਦੇ ਪੈਰ ਪਏ,
ਮੈਂ ਸਦਕੇ ਬਲਿਹਾਰੇ ਹਾਂ ਉਹ ਥਾਵਾਂ ਦੇ।
ਲੇਖਕ?:ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਸੰਪਰਕ: 99888-11681