ਰੁਝਾਨ ਖ਼ਬਰਾਂ
ਕਾਰ ਸੇਵਾ ਵਾਲੇ ਬਾਬੇ ਚੰਗੀਆਂ ਭਲੀਆ ਇਮਾਰਤਾਂ ਕਿਉਂ ਢਾਹੁੰਦੇ ਹਨ ?

 

ਕਾਰ ਸੇਵਾ ਵਾਲੇ ਬਾਬੇ ਚੰਗੀਆਂ ਭਲੀਆ ਇਮਾਰਤਾਂ ਕਿਉਂ ਢਾਹੁੰਦੇ ਹਨ ?

 

 

ਲਾਹੌਰ ਤਖਤ ‘ਤੇ ਕਾਬਜ ਹੋਣ ਪਿਛੋੰ ਜਦੋੰ ਦੇਸ ਪੰਜਾਬੇ ਦਾ ਮਹਾਰਾਜਾ ਆਪਣੀ ਅਕੀਦਤ ਭੇਟ ਕਰਨ ਲਈ ਆਪ ਪਰਮੇਸ਼ਰ ਅਕਾਲ ਜੋਤ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਪੁੱਜਾ ਤਾਂ ਸੂਰਜ ਢਲ਼ ਚੁੱਕਾ ਸੀ। ਗੁਰੂ ਯਾਦ ‘ਚ ਬਣੇ ਅਸਥਾਨ ਵਿਚ ਘੁੱਪ ਹਨੇਰਾ ਸੀ। ਮਹਾਰਾਜੇ ਨੇ ਮਹੰਤ ਨੂੰ ਪੁਛਿਆ ਕਿ ਸਾਡੇ ਵਰਗੇ ਲੱਖਾਂ ਅਛੂਤਾਂ ਤੇ ਬੇਦੀਨਿਆਂ ਦੇ ਜੀਵਨ ‘ਚ ਧਰਮ ਦਾ ਸਦੈਵ-ਪ੍ਰਕਾਸ਼ ਕਰਨ ਵਾਲੇ ਦੀਨ ਦੁਨੀਆਂ ਦੇ ਮਾਲਕ ਦੇ ਅਸਥਾਨ ਤੇ ਕੋਈ ਦੀਵਾ ਕਿਉੰ ਨਹੀੰ ਜਗ ਰਿਹਾ? ਸਾਧੂ ਨੇ ਦੱਸਿਆ ਕਿ ਉਸ ਕੋਲ ਦੀਵੇ ‘ਚ ਮਚਾਉਣ ਲਈ ਤੇਲ ਖਰੀਦਣ ਦੇ ਪੈਸੇ ਨਹੀੰ ਹਨ।

ਮਹਾਰਾਜੇ ਨੇ ਉਸ ਦਿਨ ਤਹੱਈਆ ਕੀਤਾ ਤੇ 18000 ਕਿੱਲੇ ਦੀ ਜਗੀਰ ਗੁਰਦਵਾਰੇ ਦੇ ਮਹੰਤ ਦੇ ਨਾ ਕੀਤੀ। ਇਥੇ ਹੀ ਨਹੀਂ, ਸੈਂਕੜੇ ਇਤਿਹਾਸਕ ਗੁਰਦਵਾਰਿਆਂ ਦੀਆਂ ਇਮਾਰਤਾਂ ਤੇ ਖਰਚੇ ਦਾ ਪ੍ਰਬੰਧ ਕੀਤਾ। ਅੱਜ ਤੁਸੀਂ ਕਈ ਥਾਈਂ ਪ੍ਰਚੀਨ ਮੰਦਿਰ ਦੀ ਤਖਤੀ ਲੱਗੀ ਵੇਖਦੇ ਹੋਵੋਗੇ। ਪਰ ਰਣਜੀਤ ਸਿੰਘ ਦੇ ਸਮੇੰ ਕੋਈ ਵੀ ਪ੍ਰਚੀਨ ਮੰਦਰ ਸਾਬਤਾ ਨਹੀੰ ਸੀ। ਸੁੱਲੇਸ਼ਾਹੀ ਦੇ ਕਈ ਸਦੀਆਂ ਦੇ ਰਾਜ ਨੇ ਮੰਦਿਰ ਮਲਬੇ ਦੇ ਢੇਰ ਬਣਾਏ ਹੋਏ ਸਨ। ਇਹ ਮਹਾਰਾਜਾ ਰਣਜੀਤ ਸਿੰਘ ਸੀ ਜਿਸਨੇ ਮੰਦਰਾਂ ਨੂੰ ਵੱਡੇ ਦਾਨ ਦਿੱਤੇ, ਇਮਾਰਤਾਂ ਬਣਵਾਈਆਂ ਤੇ ਸੋਨਾ ਲਵਾਇਆ।

ਕਾਰ ਸੇਵਾ ਦੀ ਗੱਲ ਕਰਨ ਤੋੰ ਪਹਿਲਾਂ ਮਹਾਰਾਜੇ ਦੀ ਗੱਲ ਕਰਨ ਦਾ ਮਕਸਦ ਰਾਜ ਦੀ ਬਰਕਤ ਸਾਂਝੀ ਕਰਨਾ ਹੈ। ਜਦੋੰ ਤੁਸੀ ਆਪਣੇ ਅਸਾਸਿਆਂ ਦੇ ਖੁਦ ਮਾਲਕ ਹੁੰਦੇ ਸੀ।

ਫੇਰ ਅੰਗਰੇਜ ਦੀ ਗੁਲਾਮੀ ਦਾ ਦੌਰ ਆਇਆ। 1915 ‘ਚ ਅੰਮ੍ਰਿਤਸਰ ਸਾਹਿਬ ‘ਚ ਹੈਜਾ ਫੈਲਿਆ। ਅੰਗਰੇਜ ਨੇ ਗੰਦੇ ਪਾਣੀ ਵਾਲੀਆਂ ਢਾਬਾਂ (ਛੱਪੜ) ਪੂਰਨ  ਦਾ ਕੰਮ ਸ਼ੁਰੂ ਕੀਤਾ ਤਾਂ ਗੁਰਦਵਾਰਾ ਸੰਤੋਖਸਰ ਦਾ ਸਰੋਵਰ ਪੂਰਨ ਦਾ ਹੁਕਮ ਵੀ ਚਾੜ ਦਿੱਤਾ।

ਬਾਬਾ ਸਾਧੂ ਸਿੰਘ ਪਟਿਆਲੇ ਵਾਲੇ ਤੇ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ (ਸੇਵਾਪੰਥੀ) ਦਰਬਾਰ ਸਾਹਿਬ ਪਰਕਰਮਾਂ ‘ਚ ਸਾਫ ਸਫਾਈ ਤੇ ਕੀਰਤਨ ਦੀ ਸੇਵਾ ਕਰਦੇ ਸਨ। ਅੰਗਰੇਜ ਦੇ ਫੈਸਲੇ ਨੂੰ ਚਣੌਤੀ ਦਿੱਤੀ ਤੇ ਸਰੋਵਰ ਦੀ ਸੇਵਾ ਸ਼ੁਰੂ ਕਰ ਦਿੱਤੀ। ਉਸ ਦਿਨ ਕਾਰਸੇਵਾ ਦਾ ਅਰੰਭ ਹੋਇਆ। ਇਹ ਮਹਿਜ ਸੇਵਾ ਨਹੀੰ, ਆਪਣੇ ਗੁਰੂ ਦੀਆਂ ਯਾਦਾਂ ਨੂੰ ਮਹਿਫੂਜ ਰੱਖਣ ਵਾਲਾ ਇਨਕਲਾਬੀ ਕਾਰਜ ਸੀ। ਇਥੋੰ ਹੀ ਬਾਬਾ ਬਸਤਾ ਸਿੰਘ, ਬਾਬਾ ਖੜਕ ਸਿੰਘ ਵਰਗੇ ਕਈ ਨੌਜਵਾਨ ਬਥੂਈਆਂ ਪਾ ਕੇ ਨਿਕਲੇ ਤੇ ਸੈਂਕੜੇ ਗੁਰ-ਅਸਥਾਨਾਂ ਦੀ ਸਾਂਭ ਸੰਭਾਲ ਦੀ ਲਹਿਰ ਸ਼ੁਰੂ ਕੀਤੀ। ਸਰੋਵਰ ਸਾਫ ਹੋਏ, ਹੰਸਲੀਆਂ ਬਣੀਆਂ। ਗੁਰਦਵਾਰੇ ਜੋ ਕੇਵਲ ਇਕ ਥੜਾ, ਨਿਸ਼ਾਨ ਤੇ ਨਿਕੇ ਜਿਹੇ ਗੁੰਬਦ ਵਾਲੇ ਬੁਰਜ ਦਾ ਹੀ ਨਾ ਸੀ ਉਥੇ ਸੁੰਦਰ ਭਵਨ ਬਣਾਏ ਗਏ। ਮਿਸਲ ਕਾਲ ਤੇ ਮਹਾਰਾਜੇ ਦੇ ਸਮੇੰ ਦੇ ਬਣੇ ਗੁਰਦਵਾਰਿਆਂ ਦੀ ਸੰਭਾਲ ਕੀਤੀ।

ਅਗਲੀ ਅੱਧੀ ਸਦੀ ਕਾਰ-ਸੇਵਾ ਵਾਲੇ ਮਹਾਪੁਰਖਾਂ ਦੀ ਮਹਾਨ ਸੇਵਾ ਕਰਕੇ ਸਿੱਖਾਂ ਨੇ ਕਿੱਲ੍ਹਿਆਂ ਵਰਗੇ ਵਿਸ਼ਾਲ ਤੇ ਤਮਾਮ ਸਹੂਲਤਾਂ ਵਾਲੇ ਵੱਡੇ ਗੁਰਦਵਾਰੇ ਬਣਾਏ। ਸਿੱਖ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰਦੀਆਂ।

ਹਜੂਰ ਸਾਹਿਬ ‘ਚ ਬਾਬਾ ਸ਼ੀਸ਼ਾ ਸਿੰਘ ਲੰਗਰਾ ਵਾਲੇ, ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ, ਬਾਬਾ ਲਾਭ ਸਿੰਘ ਅਨੰਦਪੁਰ ਸਾਹਿਬ ਵਾਲੇ, ਬਾਬਾ ਖੜਕ ਸਿੰਘ ਝਬਾਲ ਤੇ ਅਜਿਹੇ ਹੋਰ ਸੇਵਕਾਂ ਦੀ ਕੀਤੀ ਸੇਵਾ ਤੇ ਸਿੱਖ ਪੰਥ ਨੂੰ ਹਮੇਸ਼ਾ ਮਾਣ ਹੋਣਾ ਚਾਹੀਦਾ।

ਕਾਰ ਸੇਵਾ ਇੰਡਸਟਰੀ ਕਦੋਂ ਬਣੀ ?

ਉਪਰਲੀ ਸਾਰੀ ਗੱਲਬਾਤ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਕਰ ਇਸ ਕਰਕੇ ਨਹੀੰ ਕਿਉਂਕਿ ਕਾਰ-ਸੇਵਾ ਵਾਲੇ ਮਹਾਪੁਰਖਾਂ, ਕਮੇਟੀ ਦੇ ਅਹੁਦੇਦਾਰਾਂ ਤੇ ਆਮ ਸਿੱਖ ਸੇਵਕਾਂ ਦੀ ਭਾਵਨਾ ਵਿਚ ਫਰਕ ਨਹੀੰ ਸੀ। ਇਕ ਹੀ ਨਿਸ਼ਾਨਾ ਹੁੰਦਾ ਸੀ, ਸੋਹਣਾ, ਮਜਬੂਤ ਤੇ ਵਿਸ਼ਾਲ ਗੁਰੂ-ਘਰ। ਬਹੁਤਾ ਕੰਮ ਸਰੀਰਕ ਰੂਪ ‘ਚ ਆਪਣੀ ਸੇਵਾ ਦੇਣ ਨਾਲ ਹੁੰਦਾ ਸੀ। ਮੁੜਕੇ ਦਾ ਮੁੱਲ ਪੈਸੇ ਨਾਲੋੰ ਵੱਧ ਸੀ। ਜਿਉੰ ਜਿਉੰ ਸਿੱਖਾਂ ਕੋਲ ਪੈਸਾ ਵਧਿਆ ਸਰੀਰਕ ਬਲ ਦੀ ਥਾਂ ਮਸ਼ੀਨਾ ਨੇ ਲੈ ਲਈ। ਠੇਕੇਦਾਰੀ ਸਿਸਟਮ ਸ਼ੁਰੂ ਹੋਈਆ, ਦਲਾਲੀਆਂ, ਸਿਫਾਰਸ਼ਾ, ਸਿਆਸੀ ਦਖਲ ਤੇ ਦਿੱਲੀ ਸਰਕਾਰ ਦੇ ਏਜੰਡਿਆਂ ਦੀ ਪੂਰਤੀ। ਕਾਰਸੇਵਾ ਸਨਅਤ ਤੇ ਅਵਾਰਾ ਪੂੰਜੀ ਦੀ ਖਾਣ ਬਣ ਗਈ। ਸੇਵਾ ਦੀ ਬੋਲੀ ਲੱਗਣ ਲਗ ਪਈ। ਅੱਜ ਦੇ ਹਲਾਤ ਇਹ ਨੇ ਕਿ ਤਰਨ ਤਾਰਨ ਸਾਹਿਬ ਦੀ ਡਿਊੜੀ ਸਿਰਫ ਇਸ ਲਈ ਢਾਹੀ ਜਾਣੀ ਸੀ ਕਿ ਪੰਜ ਦਸ ਸਾਲ ਉਥੇ ਕਾਰ ਸੇਵਾ ਦੀ ਟੋਕਰੀ ਰੱਖੀ ਜਾ ਸਕੇ। ਗੁਰੂ ਰਾਮਦਾਸ ਸਰਾਂ ਦਾ ਢਹਿਣਾ ਵੀ ਏਸੇ ਲਈ ਜਰੂਰੀ ਹੈ।

ਹੁਣ ਤੁਹਾਡਾ ਸਵਾਲ ਹੋਵੇਗਾ ਕਿ ਆ-ਵਿਆਹਿਤ (ਛੜ੍ਹੇ) ਤੇ ਘਰ ਦਾ ਮੋਹ ਤਿਆਗ ਕਾਰ ਸੇਵਾ ਵਿਚ ਜੁਟੇ ਬਾਬਿਆਂ ਨੇ ਇਹ ਪੈਸਾ ਕੀ ਕਰਨਾ ਹੁੰਦਾ ?  ਅਸੀੰ ਇਹ ਗੱਲ ਦਾਹਵੇ ਨਾਲ ਕਹਿੰਦੇ ਹਾਂ ਕਿ ਗੁਰਦਵਾਰਿਆਂ ਤੇ ਕਾਬਜ਼ ਸਿਆਸੀ ਪਾਰਟੀਆਂ ਨੂੰ ਸਭ ਤੋੰ ਵੱਡੇ ਕਰੋੜਾਂ ਦੇ ਚੋਣ ਫੰਡ ਕਾਰਸੇਵਾ ਵਾਲੇ ਬਾਬਿਆਂ ਨੂੰ ਭਰਨੇ ਪੈੰਦੇ ਹਨ। ਜਿਆਦਾ ਫੰਡ ਦੇਣ ਵਾਲਾ ਬਾਬਾ ਵੱਧ ਸੇਵਾ ਦਾ ਹੱਕਦਾਰ ਬਣਦਾ। ਪਰ ਇਹ ਫੰਡ ਵਾਲੀ ਸੇਵਾ ਹਰ ਬਾਬੇ ਨੂੰ ਕਰਨੀ ਪੈੰਦੀ ਆ। ਕਾਰਸੇਵਾ ਵਾਲੇ ਪੈਸੇ ਦਾ ਪ੍ਰਤਾਪ ਵੇਖੋ ਕਿ ਗੁਰਮਤਿ ਵਿੱਦਿਆ ਦੇਣ ਵਾਲੀ ਦਮਦਮੀ ਟਕਸਾਲ ਅੱਜ ਕਾਰਸੇਵਾ ਕਰ ਗੁਰਦੁਆਰੇ ਉਸਾਰ ਰਹੀ ਹੈ ਅਤੇ ਬਿਲਡਰ ਸੰਪਰਦਾ ਬਣ ਚੁੱਕੀ ਹੈ।

ਹੁਣ ਸੋਚੋ ਕਿ ਕੀ ਇਕੱਲੇ ਕਾਰਸੇਵਾ ਵਾਲੇ ਤੁਹਾਡੀਆਂ ਗਾਲਾਂ ਦੇ ਹੱਕਦਾਰ ਨੇ ਜਾਂ ਸ਼੍ਰੋਮਣੀ ਕਮੇਟੀ, ਅਕਾਲੀ ਦਲ ਬਾਦਲ ਤੇ ਇਹ ਮਾਇਆਵੀ ਮੱਕੜ-ਜਾਲ ਪ੍ਰਤੀ ਆਮ ਸਿੱਖ ਸੰਗਤ ਦੀ ਚੁੱਪ ਜ਼ੁੰਮੇਵਾਰ ਹੈ ?

ਪਰ ਜਿਨਾਂ ਚਿਰ ਚੋਣਾ ਹੁੰਦੀਆਂ ਰਹਿਣਗੀਆ, ਫੰਡਾਂ ਦੀ ਲੋੜ ਰਹੇਗੀ ਤੇ ਫੰਡਾਂ ਦੀ ਪੂਰਤੀ ਲਈ ਕਾਰ ਸੇਵਾ ਚਾਲੂ ਰੱਖਣੀ ਪਵੇਗੀ। ਉਹਦੇ ਲਈ ਜੇ ਇਤਿਹਾਸਕ  ਇਮਾਰਤਾਂ ਵੀ ਢਾਹੁਣੀਆ ਪਈਆਂ ਤਾਂ ਢਾਹੁਣਗੇ। ਇੰਦਰਾ ਗਾਂਧੀ ਤੇ ਬੀਬੀ ਜਗੀਰ ਕੌਰ ‘ਚ ਸਿਰਫ ਬੰਬ ਤੇ ਬਲਡੋਜਰ ਜਿਨਾਂ ਹੀ ਫਰਕ ਹੈ, ਹੈ ਦੋਵੇੰ ਹੀ ਤਬਾਹਕੁੰਨ!