ਸਾਰਾਗੜ੍ਹੀ ਬਹਾਨੇ ਗੁਲਾਮ ਮਾਨਸਿਕਤਾ ਬਾਰੇ ਕੁਝ ਗੱਲਾਂ

ਸਾਰਾਗੜ੍ਹੀ ਬਹਾਨੇ ਗੁਲਾਮ ਮਾਨਸਿਕਤਾ ਬਾਰੇ ਕੁਝ ਗੱਲਾਂ 

ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ ‘ਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ ਅਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚਲਿਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਪਏਗੀ।” ਸ਼ਹੀਦ ਭਗਤ ਸਿੰਘ)
ਕੋਈ ਵੀ ਲੁਟੇਰਾ ਨਿਜ਼ਾਮ ਲੋਕਾਂ ਨੂੰ ਸਿਰਫ਼ ਤਲਵਾਰ ਦੇ ਜ਼ੋਰ ਨਾਲ਼ ਬਹੁਤਾ ਚਿਰ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ। ਉਹ ਆਪਣਾ ਮਕਸਦ ਸਾਧਣ ਲਈ ਗੁਲਾਮ ਲੋਕਾਂ ਵਿੱਚੋਂ ਹੀ ਕਲਰਕਾਂ ਤੇ ਬੌਣੇ ਬੁੱਧੀਜੀਵੀਆਂ, ਪਿੱਠੂਆਂ ਤੇ ਚਾਕਰਾਂ ਦਾ ਇੱਕ ਤਬਕਾ ਤਿਆਰ ਕਰਦਾ ਹੈ ਜੋ ਉਹਨਾਂ ਦੀ ਹਰ ਤਰ੍ਹਾਂ ਨਾਲ਼ ਸੇਵਾ ਕਰਦਾ ਹੈ। ਬੌਣੀ ਕਿਸਮ ਦੇ ਬੁੱਧੀਜੀਵੀ ਲੋਕ ਮਾਲਿਕਾਂ ਪ੍ਰਤੀ ਅੰਨ੍ਹੀ ਭਗਤੀ ਤੇ ਚੰਦ ਸਿੱਕਿਆਂ ਲਈ ਮਾਲਕਾਂ ਦੇ ਹਿੱਤਾਂ ਲਈ ਲੜਨ-ਮਰਨ ਨੂੰ ਹੀ ਬਹਾਦਰੀ ਤੇ ਕਰਤੱਵ-ਪਾਲਣ ਬਣਾ ਕੇ ਪੇਸ਼ ਕਰਦੇ ਹਨ ਤੇ ਆਮ ਲੋਕਾਂ ਦੇ ਦਿਮਾਗਾਂ ਵਿੱਚ ਮਾਨਸਿਕ ਗੁਲਾਮੀ ਦਾ ਜ਼ਹਿਰ ਭਰਦੇ ਹਨ। ਸਾਡਾ ਦੇਸ਼ ਭਾਰਤ ਵੀ ਕੋਈ ਛੋਟ ਨਹੀਂ।
ਅੰਗਰੇਜ਼ਾਂ ਦੀ ਗੁਲਾਮੀ ਨੇ ਭਾਰਤ ਵਿੱਚ ਇੱਕ ਅਜਿਹਾ ਤਬਕਾ ਪੈਦਾ ਕੀਤਾ ਜਿਸ ਦਾ ਕੰਮ ਹੀ ਅੰਗਰੇਜ਼ ਮਾਲਕਾਂ ਦੀ ਵਫ਼ਾਦਾਰੀ ਵਜਾਉਣਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਤਬਕਾ ਅੰਗਰੇਜ਼ਾਂ ਦੇ ਜਾਣ ਨਾਲ਼ ਹੀ ਖ਼ਤਮ ਨਹੀਂ ਹੋ ਗਿਆ, ਸਗੋਂ ਅੱਜ ਵੀ ਅੰਗਰੇਜ਼ਾਂ ਤੇ ਉਹਨਾਂ ਦੇ ਸਾਮਰਾਜੀ ਹਿੱਤਾਂ ਲਈ ਲੜੇ ਲੋਕਾਂ ਨੂੰ ਆਮ ਲੋਕਾਂ ਤੇ ਨੌਜਵਾਨਾਂ ਦੇ ‘ਰੋਲ ਮਾਡਲ’ ਤੇ ‘ਨਾਇਕ’ ਬਣਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਤੇ ਉਹਨਾਂ ਨੂੰ ਅੱਜ ਦੇ ‘ਕਾਲੇ ਅੰਗਰੇਜ਼ਾਂ’ ਤੋਂ ਭਰਵੀਂ ਹਮਾਇਤ ਵੀ ਮਿਲਦੀ ਹੈ (ਆਖਰ ਮਿਲੇ ਵੀ ਕਿਉਂ ਨਾ!)। ਅਜਿਹੀ ਹੀ ਇੱਕ ਕਹਾਣੀ, ਸਾਰਾਗੜ੍ਹੀ ਦੀ ਲੜਾਈ ਦੀ ਹੈ ਜੋ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਭਾਰਤੀ ਫੌਜੀਆਂ ਨੇ ਲੜੀ। ਲੰਘੇ ਸਤੰਬਰ ਦੀ 12 ਤਰੀਕ ਨੂੰ ‘ਆਜ਼ਾਦ ਭਾਰਤ’ ਦੇ ਵਸਨੀਕ ‘ਸਾਰਾਗੜ੍ਹੀ ਦਿਵਸ’ ਮਨਾ ਕੇ ਹਟੇ ਹਨ। ਹੱਥਲੇ ਲੇਖ ਦਾ ਵਿਸ਼ਾ ਵੀ ਸਾਰਾਗੜ੍ਹੀ ਦੀ ਲੜਾਈ ਦੀ ਘਟਨਾ ਦਾ ਵਰਣਨ ਕਰਦੇ ਮਾਨਸਿਕ ਗੁਲਾਮੀ ਤੇ ਬਸਤੀਵਾਦੀ ਜ਼ਿਹਨੀਅਤ ਦੀ ਪੁਣਛਾਣ ਕਰਨਾ ਹੈ ਅਤੇ ਇਸ ਦੇ ਵਰਤਮਾਨ ‘ਆਜ਼ਾਦ ਭਾਰਤ’ ਵਿੱਚ ਵੀ ਬਣੇ ਰਹਿਣ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ ਹੈ।
ਸਾਰਾਗੜ੍ਹੀ ਦੀ ਲੜਾਈ ਅੰਗਰੇਜ਼ਾਂ ਦੇ ਰਾਜ ਦੌਰਾਨ ਪਸ਼ਤੂਨ ਲੋਕਾਂ ਦੀ ਬਗਾਵਤ ਨੂੰ ਦਬਾਉਣ ਲਈ ਬ੍ਰਿਟਿਸ਼ ਭਾਰਤੀ ਸਿੱਖ ਫੌਜੀਆਂ ਦੁਆਰਾ 12 ਸਤੰਬਰ, 1897 ਨੂੰ ਲੜੀ ਗਈ। ਅੱਗੇ ਵਧਣ ਤੋਂ ਪਹਿਲਾਂ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਅਤੇ ਲੜਾਈ ਦੀ ਇਤਿਹਾਸਕ ਪਿੱਠਭੂਮੀ ਬਾਰੇ ਜਾਣ ਲੈਣਾ ਜ਼ਰੂਰੀ ਹੋਵੇਗਾ ਤਾਂ ਕਿ ਮਸਲੇ ਦੀ ਠੀਕ ਠੀਕ ਸਮਝ ਲੱਗ ਸਕੇ।
ਭੂਗੋਲਿਕ ਸਥਿਤੀ
ਪਸ਼ਤੂਨ ਲੋਕਾਂ ਨੂੰ ਮੂਲ ਅਫ਼ਗਾਨ ਨਿਵਾਸੀ ਜਾਂ ਫਿਰ ਪਠਾਨ ਵੀ ਕਿਹਾ ਜਾਂਦਾ ਹੈ। ਪਸ਼ਤੂਨ ਲੋਕ ਵਰਤਮਾਨ ਪਾਕਿਸਤਾਨ ਦੇ ਸੂਬੇ ਖੈਬਰ ਪਖ਼ਤੂਨਵਾਲਾ, ਉੱਤਰ-ਪੱਛਮੀ ਸਰਹੱਦੀ ਸੂਬਾ ਤੇ ਬਲੋਚਿਸਤਾਨ ਅਤੇ ਇਹਨਾਂ ਦੇ ਨਾਲ਼ ਲੱਗਦੇ ਅਫ਼ਗਾਨਿਸਤਾਨ ਦੇ ਇਲਾਕਿਆਂ ਵਿੱਚ ਰਹਿੰਦੇ ਹਨ। ਇਰਾਨ ਦੇ ਖੁਰਾਸਨ ਪ੍ਰਾਂਤ ਵਿੱਚ ਵੀ ਵੱਡੀ ਗਿਣਤੀ ਵਿੱਚ ਪਸ਼ਤੂਨ ਲੋਕ ਰਹਿੰਦੇ ਹਨ। ਕੰਧਾਰ, ਕੋਇਟਾ, ਪੇਸ਼ਾਵਰ, ਜਲਾਲਾਬਾਦ ਤੇ ਸਵਾਤ ਪਸ਼ਤੂਨਾਂ ਦੇ ਮੁੱਖ ਸੱਭਿਆਚਾਰਕ ਤੇ ਰਾਜਨੀਤਕ ਕੇਂਦਰ ਹਨ।
ਪਸ਼ਤੂਨ ਲੋਕ ਬਹੁਤ ਸਾਰੇ ਕਬੀਲਿਆਂ ਦਾ ਸਮੂਹ ਹਨ ਜਿਹਨਾਂ ਦੀ ਇੱਕ ਸਾਂਝੀ ਭਾਸ਼ਾ ‘ਪਸ਼ਤੋ’ ਜਾਂ ‘ਪਖ਼ਤੋ’ ਹੈ ਅਤੇ ਇਹ ਲੋਕ ਇੱਕ ਮੌਖਿਕ ਨਿਯਮਾਵਲੀ ‘ਪਖਤੂਨਵਾਲੀ’ ਦੀ ਪਾਲਣਾ ਕਰਦੇ ਹੋਏ ਜੀਵਨ ਜਿਉਂਦੇ ਹਨ। ਵਰਤਮਾਨ ਸਮੇਂ ਵਿੱਚ ਇਹਨਾਂ ਦੀ ਆਬਾਦੀ 4.2 ਕਰੋੜ ਹੋਣ ਦਾ ਅੰਦਾਜਾ ਹੈ। ਪਾਕਿਸਤਾਨ ਦੀ ਆਬਾਦੀ ਦਾ 15.42 ਫੀਸਦੀ ਹਿੱਸਾ ਭਾਵ 2.56 ਕਰੋੜ ਲੋਕ ਪਸ਼ਤੂਨ ਲੋਕਾਂ ਦਾ ਹੈ। ਅਫ਼ਗਾਨਿਸਤਾਨ ਦੀ ਲਗਭਗ 42 ਫੀਸਦੀ ਆਬਾਦੀ ਪਸ਼ਤੂਨ ਲੋਕਾਂ ਦੀ ਹੈ। ਪਾਕਿਸਤਾਨ ਤੇ ਅਫ਼ਗਾਨਿਸਤਾਨ ਦੋਵਾਂ ਦੇਸ਼ਾਂ ਦੀ ਰਾਜਨੀਤੀ ਤੇ ਪਸ਼ਤੂਨ ਲੋਕਾਂ ਦਾ ਕਾਫ਼ੀ ਪ੍ਰਭਾਵ ਰਿਹਾ ਹੈ ਤੇ ਅੱਜ ਵੀ ਹੈ।
ਪਸ਼ਤੂਨ ਲੋਕਾਂ ਦੇ ਆਰੰਭ ਬਾਰੇ ਇਤਿਹਾਸਕਾਰ ਇੱਕ ਮਤ ਨਹੀਂ ਹਨ, ਪਰ ਫਿਰ ਵੀ ਇਹ ਖਿਆਲ ਕੀਤਾ ਜਾਂਦਾ ਹੈ ਕਿ ਪਸ਼ਤੂਨ ਲੋਕ 500 ਈ. ਪੂ. ਤੋਂ ਇਸ ਇਲਾਕੇ ਵਿੱਚ ਰਹਿ ਰਹੇ ਹਨ। 7ਵੀਂ ਸਦੀ ਵਿੱਚ ਪਸ਼ਤੂਨ ਲੋਕਾਂ ਵਿੱਚ ਇਸਲਾਮ ਦਾ ਪ੍ਰਭਾਵ ਸ਼ੁਰੂ ਹੋਇਆ ਅਤੇ 7ਵੀਂ ਸਦੀ ਤੋਂ 11ਵੀਂ ਸਦੀ ਤੱਕ ਪਸ਼ਤੂਨ ਲੋਕ ਲਗਾਤਾਰ ਅਰਬੀ ਤੇ ਤੁਰਕੀ ਦੀਆਂ ਸਲਤਨਤਾਂ ਦੇ ਹਮਲਿਆਂ ਦਾ ਸ਼ਿਕਾਰ ਹੁੰਦੇ ਰਹੇ। ਇਸ ਤੋਂ ਬਾਅਦ ਪਸ਼ਤੂਨ ਗਾਜ਼ੀ ਉੱਤਰੀ ਭਾਰਤ ਤੇ ਹਮਲੇ ਕਰਨ ਲੱਗੇ ਅਤੇ ਖਿਲਜੀ ਵੰਸ਼, ਲੋਧੀ ਵੰਸ਼ ਤੇ ਸੂਰੀ ਵੰਸ਼ ਨੂੰ ਜਨਮ ਦਿੱਤਾ। ਪਰ ਪਸ਼ਤੂਨ ਲੋਕਾਂ ਦੀ ਰਾਜਨੀਤਕ ਏਕਤਾ ‘ਹੋਤਾਕੀ ਵੰਸ਼’ (1709-1738) ਤੇ ਬਾਅਦ ਵਿੱਚ ‘ਦੁਰਾਨੀ ਸਲਤਨਤ’ (1747-1826) ਦੇ ਉੱਥਾਨ ਨਾਲ਼ ਹੀ ਪੈਦਾ ਹੋਈ। 1893 ਤੱਕ ਪਸ਼ਤੂਨ ਇਲਾਕਾ ਅਣ-ਵੰਡਿਆ ਰਿਹਾ, ਪਰ 1893 ਦੇ ਸਾਲ ਅੰਗਰੇਜ਼ਾਂ ਨੇ ਆਪਣੇ ਸਾਮਰਾਜੀ ਹਿੱਤਾਂ ਨੂੰ ਅੱਗੇ ਰੱਖ ਕੇ ਫੌਜੀ ਤਾਕਤ ਦੇ ਜ਼ੋਰ ਨਾਲ਼ ਇਸ ਇਲਾਕੇ ਵਿੱਚ ‘ਡਿਊਰੈਂਡ ਲਾਈਨ’ ਖਿੱਚ ਦਿੱਤੀ ਅਤੇ ਪਸ਼ਤੂਨ ਲੋਕਾਂ ਨੂੰ ਆਪਣੇ ਹੀ ਘਰ ਅੰਦਰ ਬੇਗਾਨੇ ਕਰ ਦਿੱਤਾ। ਸਦੀਆਂ ਤੋਂ ਇਕੱਠੇ ਰਹਿ ਰਹੇ ਲੋਕਾਂ ਨੂੰ ਦੋ ਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਅਤੇ ਇਹੀ ਲਾਈਨ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਸਰਹੱਦ ਬਣੀ। ਬਹੁਤ ਸਾਰੇ ਪਸ਼ਤੂਨ ਲੋਕ ਅੱਜ ਵੀ ਇਸ ਲਾਈਨ ਨੂੰ ਮਾਨਤਾ ਨਹੀਂ ਦਿੰਦੇ।
ਇਤਿਹਾਸਕ ਪਿੱਠਭੂਮੀ
19ਵੀਂ ਤੇ 20ਵੀਂ ਸਦੀ ਦੌਰਾਨ ਬ੍ਰਿਟੇਨ ਤੇ ਰੂਸੀ ਸਾਮਰਾਜੀ ਤਾਕਤਾਂ ਦੀ ਕੇਂਦਰੀ ਏਸ਼ੀਆ ਵਿੱਚ ਚੱਲ ਰਹੀ ਆਪਸੀ ਖਹਿਬਾਜ਼ੀ ਦੌਰਾਨ ਅਫ਼ਗਾਨਿਸਤਾਨ ਤੇ ਪਸ਼ਤੂਨ ਲੋਕਾਂ ਨੂੰ ਦੋ ਪਾਸਿਆਂ ਤੋਂ ਦਮਨ ਦਾ ਸ਼ਿਕਾਰ ਹੋਣਾ ਪਿਆ। ਰੂਸ ਲਗਾਤਾਰ ਅਫਗਾਨਿਸਤਾਨ ਅੰਦਰ ਪੈਰ ਪਸਾਰ ਰਿਹਾ ਸੀ ਅਤੇ ਅੰਗਰੇਜ਼ ਰੂਸ ਨੂੰ ਆਪਣੀ ਸਭ ਤੋਂ ‘ਪਿਆਰੀ ਬਸਤੀ’ ਭਾਰਤ ਲਈ ਸੰਭਾਵਿਤ ਖ਼ਤਰਾ ਮੰਨਦੇ ਸਨ। ਸਿੱਟੇ ਵਜੋਂ ਉਹਨਾਂ ਨੇ ਵੀ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਜਾਂ ਫਿਰ ਇੱਥੇ ਆਪਣੀ ਕੱਠਪੁਤਲੀ ਸਰਕਾਰ ਸਥਾਪਿਤ ਕਰਨ ਦੀਆਂ ਕੂਟਨੀਤਕ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ। ਇਹਨਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ 1839-1842 ਦੌਰਾਨ ਪਹਿਲੀ ਅੰਗਰੇਜ਼-ਅਫ਼ਗਾਨ ਜੰਗ ਲੜੀ ਗਈ।
ਸ਼ੁਰੂਆਤੀ ਸਾਲਾਂ ਦੌਰਾਨ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਤੇ ਉਸ ਸਮੇਂ ਹਕੂਮਤ ਕਰ ਰਹੇ ਦੋਸਤ ਮੁਹੰਮਦ ਖਾਨ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਤੇ ਉਸ ਦੀ ਥਾਂ ਆਪਣੇ ਹੱਥ-ਠੋਕੇ ਸ਼ਾਹ ਸ਼ਉਜਾ ਨੂੰ ਤਖ਼ਤ ‘ਤੇ ਬਿੱਠਾ ਦਿੱਤਾ ਅਤੇ ਸ਼ਾਹ ਸ਼ਉਜਾ ਦੀ ਸਹਾਇਤਾ ਕਰਨ ਦੀ ਬਿਨਾ ‘ਤੇ ਆਪਣੀ ਫੌਜ਼ ਕਾਬੁਲ ਬਿਠਾ ਦਿੱਤੀ। ਪਰ ਦੋ ਕੁ ਸਾਲਾਂ ਬਾਅਦ ਹੀ ਕਬੀਲਾਈ ਲੋਕਾਂ ਨੇ ਦੋਸਤ ਮੁਹੰਮਦ ਦੇ ਪੁੱਤਰ ਅਕਬਰ ਖਾਨ ਦੀ ਅਗਵਾਈ ਵਿੱਚ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ। ਨਵੰਬਰ, 1841 ਵਿੱਚ ਲੋਕਾਂ ਦੀ ਭੀੜ ਨੇ ਕਾਬੁਲ ਸ਼ਹਿਰ ਦੇ ਅੰਦਰ ਬ੍ਰਿਟਿਸ਼ ਅਫ਼ਸਰਾਂ ਨੂੰ ਮਾਰ ਦਿੱਤਾ। ਹਾਲਾਤ ਹੱਥੋਂ ਨਿਕਲਦੇ ਦੇਖ ਅੰਗਰੇਜ਼ਾਂ ਨੇ ਅਕਬਰ ਖਾਨ ਨਾਲ਼ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਕਬਰ ਖਾਨ ਨੇ ਉਹਨਾਂ ਨੂੰ ਕਾਬੁਲ ਛੱਡਣ ਲਈ ਮਜਬੂਰ ਕਰ ਦਿੱਤਾ। ਕਾਬੁਲ ਤੋਂ ਜਲਾਲਾਬਾਦ ਤੱਕ ਆਉਣ ਸਮੇਂ 16,000 ਦੇ ਅੰਗਰੇਜ਼ ਕਾਫ਼ਲੇ ਨੂੰ ਭਾਰੀ ਲੜਾਈ ਲੜਨੀ ਪਈ ਤੇ ਕੋਈ ਸੱਤ ਕੁ ਸਿਪਾਹੀ ਤੇ ਦੋ-ਤਿੰਨ ਅਫ਼ਸਰ ਹੀ ਜਲਾਲਾਬਾਦ ਤੱਕ ਜਿਉਂਦੇ ਅੱਪੜ ਸਕੇ। ਇਸ 16,000 ਦੇ ਕਾਫ਼ਲੇ ਵਿੱਚ ਅੰਗਰੇਜ਼ ਫੌਜੀਆਂ ਦੀ ਸਿਰਫ ਇੱਕ ਬਟਾਲੀਅਨ ਸੀ, ਬਾਕੀ ਸਾਰੇ ਭਾਰਤੀ ਤਨਖਾਹਦਾਰ ਫੌਜੀ ਸਨ।
ਇਸ ਸ਼ਰਮਨਾਕ ਹਾਰ ਤੋਂ ਬਾਅਦ ਬ੍ਰਿਟੇਨ ਨੇ ਅਫ਼ਗਾਨਿਸਤਾਨ ਤੇ ਕਬਜ਼ਾ ਕਰਨ ਦਾ ਇਰਾਦਾ ਤਿਆਗ ਦਿੱਤਾ ਅਤੇ ਆਪਣਾ ਧਿਆਨ ਪਸ਼ਤੂਨ ਇਲਾਕੇ ਨੂੰ ਵੱਧ ਤੋਂ ਵੱਧ ਆਪਣੇ ਕੰਟਰੋਲ ਵਿਚੱ ਕਰਨ ਲਈ ਲਗਾਉਣਾ ਸ਼ੁਰੂ ਕਰ ਦਿੱਤਾ। ਪਰ ਪਸ਼ਤੂਨ ਲੋਕਾਂ ਨੇ ਕਦੇ ਗੁਲਾਮ ਰਹਿਣਾ ਸਿੱਖਿਆ ਹੀ ਨਹੀਂ ਸੀ, ਸਿੱਟੇ ਵਜੋਂ ਅੰਗਰੇਜ਼ਾਂ ਨੂੰ ਪਸ਼ਤੂਨਾਂ ਦੇ ਤਕੜੇ ਵਿਰੋਧ ਅਤੇ ਤਿੱਖੀਆਂ, ਲਗਾਤਾਰ ਹੋਣ ਵਾਲੀਆਂ ਬਗਾਵਤਾਂ ਦਾ ਸਾਹਮਣਾ ਕਰਨਾ ਪਿਆ। ਹਾਲਤ ਇਹ ਸੀ ਕਿ ਬ੍ਰਿਟੇਨ ਨੂੰ 1849-1908 ਦੇ ਸਮੇਂ ਵਿੱਚ ਪਸ਼ਤੂਨਾਂ ਖਿਲਾਫ਼ 62 ਫੌਜੀ ਮੁਹਿੰਮਾਂ ਭੇਜਣੀਆਂ ਪਈਆਂ ਪਰ ਪਸ਼ਤੂਨਾਂ ਦੀਆਂ ਬਗਾਵਤਾਂ ਲਗਾਤਾਰ ਜਾਰੀ ਰਹੀਆਂ। ਭਾਵੇਂ ਉਹਨਾਂ ਨੂੰ ਬ੍ਰਿਟੇਨ ਫੌਜੀ ਤਾਕਤ ਅੱਗੇ ਸਮੇਂ ਸਮੇਂ ਝੁਕਣਾ ਪਿਆ, ਪਰ ਉਹਨਾਂ ਨੇ ਲੜਾਈ ਕਦੇ ਬੰਦ ਨਹੀਂ ਕੀਤੀ। ਬ੍ਰਿਟਿਸ਼ ਫੌਜੀ ਟੁਕੜੀਆਂ ਨਾਲ਼ ਝੜਪਾਂ ਤੇ ਬ੍ਰਿਟਿਸ਼ ਫੌਜ ਵੱਲੋਂ ਉਹਨਾਂ ਦੇ ਪਿੰਡਾਂ ਨੂੰ ਸਾੜਨਾ, ਤਬਾਹ ਕਰਨਾ ਇੱਕ ਤਰ੍ਹਾਂ ਨਾਲ਼ ਪਸ਼ਤੂਨ ਇਲਾਕੇ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ।
ਇਸੇ ਸਮੇਂ ਦੌਰਾਨ 1878-1880 ਵਿੱਚ ਦੂਜੀ ਅੰਗਰੇਜ਼-ਅਫ਼ਗਾਨ ਜੰਗ ਲੜੀ ਗਈ। ਅੰਗਰੇਜ਼ਾਂ ਨੇ ਇਸ ਵਾਰ ਵੀ ਆਪਣੇ 40,000 ਫੌਜੀਆਂ ਨਾਲ਼ ਆਸਾਨੀ ਨਾਲ਼ ਕਾਬੁਲ ‘ਤੇ ਕਬਜ਼ਾ ਜਮਾ ਲਿਆ। ਪੂਰੇ ਦੇਸ਼ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਜਾਣ ਤੋਂ ਬਚਾਉਣ ਲਈ ਉਸ ਸਮੇਂ ਦੇ ਅਫ਼ਗਾਨਿਸਤਾਨ ਦੇ ਹਾਕਮ ਮੁਹੰਮਦ ਯਾਕੂਬ ਖਾਨ ਨੇ ਅੰਗਰੇਜ਼ਾਂ ਨਾਲ਼ ਸੰਧੀ ਕਰ ਲਈ ਅਤੇ ਕੋਇਟਾ ਸ਼ਹਿਰ ਸਣੇ ਕਾਫ਼ੀ ਇਲਾਕਾ ਅੰਗਰੇਜ਼ਾਂ ਦੇ ਅਧਿਕਾਰ ਹੇਠ ਆ ਗਿਆ ਤੇ ਅੰਗਰੇਜ਼ਾਂ ਦਾ ਪ੍ਰਭਾਵ ਖੇਤਰ ਖੈਬਰ ਤੇ ਮਿਚਨੀ ਦੱਰਿਆਂ ਤੱਕ ਪਹੁੰਚ ਗਿਆ। ਆਪਣੇ ਨੁਮਾਇੰਦਿਆਂ ਨੂੰ ਕਾਬੁਲ ਬਿਠਾ ਕੇ ਬ੍ਰਿਟੇਨ ਨੇ ਬਹੁਤੀ ਫੌਜ ਵਾਪਸ ਬੁਲਾ ਲਈ। ਪਰ ਸਤੰਬਰ, 1879 ਵਿੱਚ ਕਾਬੁਲ ਵਿੱਚ ਹੋਈ ਬਗਾਵਤ ਦੌਰਾਨ ਅੰਗਰੇਜ਼ ਨੁਮਾਇੰਦਿਆਂ ਨੂੰ ਮਾਰ ਦਿੱਤਾ ਗਿਆ। ਸਿੱਟੇ ਵਜੋਂ ਬ੍ਰਿਟੇਨ ਦੀ ਫੌਜ ਇੱਕ ਵਾਰ ਫੇਰ ਕਾਬੁਲ ਜਾ ਧਮਕੀ, ਇਸ ਵਾਰ ਅਬਦੁਰ ਰਹਿਮਾਨ ਖਾਨ ਨੂੰ ਤਖ਼ਤ ਤੇ ਬਿਠਾਇਆ ਗਿਆ ਅਤੇ ਅਫ਼ਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਦਾ ਕੰਟਰੋਲ ਬ੍ਰਿਟੇਨ ਨੇ ਆਪਣੇ ਹੱਥ ਲੈ ਲਿਆ।
ਅਗਲੇ ਦਹਾਕੇ ਦੌਰਾਨ ਬ੍ਰਿਟੇਨ ਪਸ਼ਤੂਨ ਇਲਾਕੇ ਵਿੱਚ ਬੁਰੀ ਤਰ੍ਹਾਂ ਉਲਝਿਆ ਰਿਹਾ। ਇਸ ਰਾਜਨੀਤਕ ਤੇ ਫੌਜੀ ਮਹੱਤਤਾ ਵਾਲੇ ਇਲਾਕੇ ਵਿੱਚ ਆਪਣੇ ਪੈਰ ਪੱਕੇ ਕਰਨ ਲਈ ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਵੰਡਣ ਅਤੇ ‘ਬ੍ਰਿਟਿਸ਼ ਇੰਡੀਆ’ ਤੇ ਅਫ਼ਗਾਨਿਸਤਾਨ ਵਿਚਕਾਰ ਸਰਹੱਦ ਖਿੱਚਣ ਦੀ ਯੋਜਨਾ ਬਣਾਈ। ਅੰਗਰੇਜ਼ਾਂ ਨੇ ਹੈਨਰੀ ਮੋਰਟੀਮੇਰ ਡਿਊਰੈਂਡ ਦੀ ਅਗਵਾਈ ‘ਚ ਇੱਕ ਵਫਦ ਅਫ਼ਗਾਨਿਸਤਾਨ ਭੇਜਿਆ ਅਤੇ ਅਬਦੁਰ ਰਹਿਮਾਨ ਖਾਨ ਨੂੰ ਇੱਕ ਸਮਝੌਤੇ ‘ਤੇ ਸਹੀ ਪਾਉਣ ਲਈ ਮਜਬੂਰ ਕੀਤਾ। 1893 ਵਿੱਚ ਸਹੀ ਪੈਣ ਤੋਂ ਬਾਅਦ 1894 ਵਿੱਚ ਲਗਭਗ 2640 ਕਿ. ਮੀ. ਲੰਬੀ ਸਰਹੱਦ ਪਸ਼ਤੂਨ ਇਲਾਕੇ ਵਿੱਚ ਖਿੱਚ ਦਿੱਤੀ ਗਈ ਅਤੇ ਸਦੀਆਂ ਤੋਂ ਇਕੱਠੇ ਰਹਿ ਰਹੇ ਪਸ਼ਤੂਨ ਲੋਕਾਂ ਨੂੰ ਵੰਡ ਦਿੱਤਾ ਗਿਆ। ਇਸ ਦੇ ਸਿੱਟੇ ਵਜੋਂ ਪਸ਼ਤੂਨ ਇਲਾਕੇ ਵਿੱਚ ਵਿਆਪਕ ਰੋਸ ਫੈਲ ਗਿਆ। ਪਹਿਲਾਂ ਹੀ ਲਗਾਤਾਰ ਸੰਘਰਸ਼ ਕਰ ਰਹੇ ਪਸ਼ਤੂਨ ਕਬੀਲਿਆਂ ਦੀ ਅੰਗਰੇਜ਼ਾਂ ਖਿਲਾਫ ਲੜਾਈ ਹੋਰ ਵੀ ਤਿੱਖੀ ਹੋ ਗਈ। ਬਗਾਵਤਾਂ ਪਹਿਲਾਂ ਨਾਲੋਂ ਵੱਧ ਵਿਆਪਕ ਪੱਧਰ ‘ਤੇ ਹੋਣ ਲੱਗੀਆਂ। ਇਹਨਾਂ ਬਗਾਵਤਾਂ ਨੂੰ ਦਬਾਉਣ ਲਈ ਅੰਗਰੇਜ਼ ਹਕੂਮਤ ਨੂੰ ਬਹੁਤ ਸਾਰੀਆਂ ਫੌਜੀ ਮੁਹਿੰਮਾਂ ਪਸ਼ਤੂਨ ਇਲਾਕੇ ਵਿੱਚ ਭੇਜਣੀਆਂ ਪਈਆਂ ਜਿਨ੍ਹਾਂ ਵਿੱਚ ਮੁੱਖ ਹਨ ਹਸਨਜਾਈ ਮੁਹਿੰਮ 1894, ਦੀਰ ਤੇ ਚਿਤਰਲ ਮੁਹਿੰਮਾਂ 1895, ਪਹਿਲੀ ਮੁਹਮੰਦ ਮੁਹਿੰਮ 1897-98, ਤਿਰਾਹ ਮੁਹਿੰਮ 1897 ਅਤੇ ਮਹਿਸੂਦ-ਵਜ਼ੀਰੀ ਮੁਹਿੰਮ 1897। ਬ੍ਰਿਟੇਨ ਦੀ ਸਾਮਰਾਜੀ ਹਕੂਮਤ ਦੀ ਇਸ ਹਮਲਾਵਰ ਨੀਤੀ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਅਤੇ 1897 ਵਿੱਚ ਮਾਲਾਕੰਦ ਤੋਂ ਵਜ਼ੀਰਿਸਤਾਨ ਤੱਕ, ਪੂਰੇ ਦਾ ਪੂਰਾ ਸਰਹੱਦੀ ਇਲਾਕਾ ਵਿਦਰੋਹ ਵਿੱਚ ਉੱਠ ਖੜ੍ਹਾ ਹੋਇਆ। ਇਸ ਬਗਾਵਤ ਨੂੰ ਦਬਾਉਣ ਲਈ ਅੰਗਰੇਜ਼ ਹਕੂਮਤ ਨੇ ਜੰਗੀ ਸਾਜੋ ਸਮਾਨ ਨਾਲ਼ ਲੈੱਸ ਲਗਭਗ ਇੱਕ ਲੱਖ ਫੌਜੀਆਂ, ਜਿਹਨਾਂ ਵਿੱਚ ਬਹੁਤੇ ਭਾਰਤੀ ਸਨ, ਨੂੰ ਪਸ਼ਤੂਨ ਇਲਾਕੇ ਵਿੱਚ ਭੇਜਿਆ। 1897 ਦੇ ਇਸੇ ਵਿਦਰੋਹ ਦੌਰਾਨ ਹੀ ਸਾਰਾਗੜ੍ਹੀ ਦੀ ਲੜਾਈ ਹੋਈ, ਜਦੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ਼ ਪਸ਼ਤੂਨ ਇਲਾਕੇ ਦੇ ਕਬਾਇਲੀ ਲੋਕ ਇੱਕ ਜੁੱਟ ਹੋ ਕੇ ਬਗਾਵਤਾਂ ਕਰ ਰਹੇ ਸਨ ਅਤੇ ਸਾਮਰਾਜੀ ਹਮਲਾਵਰ ਬ੍ਰਿਟੇਨ ਉਹਨਾਂ ਦੀ ਬਗਾਵਤ ਨੂੰ ਕੁਚਲਣ ਲਈ ਪੂਰਾ ਤਾਣ ਲਾ ਰਿਹਾ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬ੍ਰਿਟਿਸ਼ ਰਾਜ ਸਮੇਂ ਭਾਰਤ ਦਾ ਸਿਰਫ਼ ਇਹੀ ਇੱਕ ਇਲਾਕਾ ਸੀ ਜਿਸ ਨੇ ਅੰਗੇਰਜ਼ਾਂ ਦੀ ਕਦੇ ਵੀ ਗੁਲਾਮੀ ਨਹੀਂ ਮੰਨੀ, ਫੌਜੀ ਤੇ ਆਰਥਿਕ ਤੌਰ ‘ਤੇ ਬਹੁਤ ਮਾੜੇ ਹਾਲਾਤਾਂ ਤੇ ਪਿਛੜੇ ਹੋਣ ਦੇ ਬਾਵਜੂਦ ਵੀ ਅੰਗਰੇਜ਼ਾਂ ਨੂੰ ਆਪਣੇ ਇਲਾਕੇ ਵਿੱਚ ਇੱਕ ਦਿਨ ਵੀ ਚੈਨ ਨਾਲ਼ ਰਹਿਣ ਨਹੀਂ ਦਿੱਤਾ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪਸ਼ਤੂਨ ਲੋਕਾਂ ਦੇ ਵਿਦਰੋਹਾਂ ਨੂੰ ਦਬਾਉਣ ਤੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਵਿੱਚ ਕਿਸੇ ਹੋਰ ਨੇ ਨਹੀਂ ਸਗੋਂ, ਖੁਦ ਬ੍ਰਿਟੇਨ ਦੇ ਗੁਲਾਮ ਭਾਰਤੀ ਫੌਜੀਆਂ ਖਾਸ ਕਰਕੇ ਸਿੱਖ ਰੈਂਜਮੈਂਟ, ਪੰਜਾਬ ਤੇ ਬੰਗਾਲ ਰੈਜਮੈਂਟ ਦੇ ਫੌਜੀਆਂ ਨੇ ਸਾਮਰਾਜੀਆਂ ਦੀ ਸਭ ਤੋਂ ਵੱਧ ਸੇਵਾ ਕੀਤੀ।
ਸਾਰਾਗੜ੍ਹੀ ਦੀ ਲੜਾਈ
ਸਾਰਾਗੜ੍ਹੀ ਦੀ ਲੜਾਈ 12 ਸਤੰਬਰ, 1897 ਨੂੰ ਉੱਤਰ-ਪੱਛਮੀ ਸਰਹੱਦੀ ਸੂਬੇ (ਅੱਜ ਕਲ੍ਹ ਪਾਕਿਸਤਾਨ ਵਿੱਚ) ਦੇ ‘ਤਿਰਾਹ’ ਖਿਤੇ ਵਿੱਚ ਹਿੰਦੂਕੁਸ਼-ਸੁਲੇਮਾਨ ਪਰਬਤਮਾਲਾ ਦੀ ‘ਸਾਮਾਨਾ ਚੜ੍ਹਾਈ’ ਤੇ ਹੋਈ। ਇਹ ਲੜਾਈ ਬ੍ਰਿਟਿਸ਼ ਸਾਮਰਾਜੀ ਹਕੂਮਤ ਦੁਆਰਾ 1897 ਵਿੱਚ ਪਸ਼ਤੂਨ ਇਲਾਕਿਆਂ ਵਿੱਚ ਫੈਲੀ ਵਿਆਪਕ ਬਗਾਵਤ ਨੂੰ ਦਬਾਉਣ ਲਈ ਵਿੱਢੀ ਫੌਜੀ ਮੁਹਿੰਮ ਦਾ ਹਿੱਸਾ ਸੀ।
ਇਸ ਇਲਾਕੇ ਵਿੱਚ ਆਪਣੀ ਪੋਜ਼ੀਸ਼ਨ ਪੱਕੀ ਕਰਨ ਲਈ ਅੰਗਰੇਜ਼ਾਂ ਨੇ ਬਹੁਤ ਸਾਰੇ ਕਿਲੇ ਬਣਾਏ ਅਤੇ ਨਾਲ਼ ਨਾਲ਼ ਮਹਾਰਾਜਾ ਰਣਜੀਤ ਸਿੰਘ ਦੇ ਪਸ਼ਤੂਨ ਇਲਾਕੇ ਵਿੱਚ ਕਬਜ਼ੇ ਦੌਰਾਨ ਬਣਾਏ ਗਏ ਕਿਲ੍ਹਿਆਂ ਨੂੰ ਮੁੜ ਤੋਂ ਮਜਬੂਤ ਕੀਤਾ। ਇਹਨਾਂ ਕਿਲ੍ਹਿਆਂ ਵਿੱਚੋਂ ਹੀ ਦੋ ਕਿਲ੍ਹੇ ‘ਕਿਲ੍ਹਾ ਲਾਕਹਾਰਟ’ ਤੇ ‘ਕਿਲ੍ਹਾ ਗੁਲਿਸਤਾਨ’ ਹਿੰਦੂਕੁਸ਼-ਸੁਲੇਮਾਨ ਪਰਬਤਮਾਲਾ ਦੀ ‘ਸਾਮਾਨਾ ਚੜਾਈ’ ਤੇ ਸਥਿਤ ਸਨ। ਇਹਨਾਂ ਕਿਲ੍ਹਿਆਂ ਦੀ ਭੂਗੋਲਿਕ ਸਥਿਤੀ ਕੁਝ ਇਸ ਤਰ੍ਹਾਂ ਸੀ ਕਿ ਉਹ ਇੱਕ ਦੂਸਰੇ ਤੋਂ ਸਿੱਧੇ ਦਿਖਾਈ ਨਹੀਂ ਦਿੰਦੇ ਸਨ। ਇਸ ਲਈ ਇਹਨਾਂ ਵਿੱਚ ‘ਹੀਲੀਓਗਰਾਫ’ (8ਕ;ਜਰਪਗ਼ਬੀ) ਦੁਆਰਾ ਸੰਪਰਕ ਸਥਾਪਤ ਕਰਨ ਲਈ ਸਾਰਾਗੜ੍ਹੀ ਨਾਂ ਦੀ ਛੋਟੀ ਪੋਸਟ ਕਾਇਮ ਕੀਤੀ ਗਈ। ਇਹਨਾਂ ਦੋ ਕਿਲ੍ਹਿਆਂ ਅਤੇ ਸਾਰਾਗੜ੍ਹੀ ਦੀ ਹਿਫ਼ਾਜਤ ਦੀ ਜ਼ਿੰਮੇਵਾਰੀ 36ਵੀਂ ਸਿੱਖ ਰੈਜਮੈਂਟ ਦੇ ਸਿਰ ਸੀ, ਜਿਹਨਾਂ ਦਾ ਕਮਾਡਿੰਗ ਅਫ਼ਸਰ ਲੈਫਟੀਨੈਟ ਕਰਨਲ ਹਾਊਟਨ ਸੀ।
1897 ਦੇ ਵਿਦਰੋਹ ਸਮੇਂ ਤਿਰਾਹ ਖਿੱਤੇ ਵਿੱਚ ਰਹਿਣ ਵਾਲੇ ‘ਅਫ਼ਰੀਦੀ’ ਤੇ ‘ਓਰਾਕਾਜ਼ਾਈ’ ਕਬੀਲਿਆਂ ਨੇ ਵੀ ਬ੍ਰਿਟਿਸ਼ ਦਾਬੇ ਖਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਅਤੇ ਉਹ ਬ੍ਰਿਟਿਸ਼ ਫੌਜੀ ਇਲਾਕਿਆਂ ਤੇ ਹਮਲਾ ਕਰਨ ਲੱਗੇ। ਪਹਿਲਾਂ ਉਹਨਾਂ ਨੇ ‘ਕਿਲ੍ਹਾ ਗੁਲਿਸਤਾਨ’ ‘ਤੇ ਹਮਲਾ ਕੀਤਾ ਪਰ ਨਾਕਾਮ ਰਹੇ। 12 ਸਤੰਬਰ, 1897 ਲਗਭਗ 10,000 ਪਸ਼ਤੂਨਾਂ ਨੇ ਸਾਰਾਗੜ੍ਹੀ ਪੋਸਟ ਨੂੰ ਘੇਰਾ ਪਾ ਲਿਆ ਅਤੇ ਉਸ ਨੂੰ ਨੇੜੇ ਦੇ ਦੋ ਕਿਲ੍ਹਿਆਂ ਤੋਂ ਕੋਈ ਵੀ ਮੱਦਦ ਮਿਲਣੀ ਅਸੰਭਵ ਬਣਾ ਦਿੱਤੀ। ਸਾਰਾਗੜ੍ਹੀ ਦੀ ਪੋਸਟ ਅੰਦਰ ਰੁਕੇ ਹੋਏ 36ਵੀਂ ਸਿੱਖ ਰੈਜਮੈਂਟ ਦੇ 21 ਫੌਜੀਆਂ ਨੇ 6 ਘੰਟੇ ਤੱਕ ਪਸ਼ਤੂਨਾਂ ਨੂੰ ਅੰਦਰ ਦਾਖਲ ਹੋਣੋਂ ਰੋਕੀ ਰੱਖਿਆ। 6 ਘੰਟੇ ਬਾਅਦ ਪਸ਼ਤੂਨ ਕਬਾਇਲੀ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ ਅਤੇ ਸਾਰੇ ਦੇ ਸਾਰੇ 21 ਬ੍ਰਿਟਿਸ਼ ਭਾਰਤੀ ਫੌਜੀ ਅੰਗਰੇਜ਼ਾਂ ਪ੍ਰਤੀ ਆਪਣੀ ਵਫਾਦਾਰੀ ਦਿਖਾਉਂਦੇ ਹੋਏ ਮਾਰੇ ਗਏ। ਪਸ਼ਤੂਨ ਕਬਾਇਲੀਆਂ ਦੀ ਮੌਤਾਂ ਦੀ ਗਿਣਤੀ ਬਾਰੇ ਕਾਫੀ ਭੰਬਲਭੂਸਾ ਹੈ ਆਮ ਤੌਰ ‘ਤੇ ਇਹ ਅੰਕੜਾ 600-1400 ਦੇ ਵਿਚਕਾਰ ਸਮਝਿਆ ਜਾਂਦਾ ਹੈ, ਪਰ ਕੁਝ ਅਨੁਸਾਰ ਇਹ 180 ਹੈ। ਕੁਝ ਵੀ ਹੋਵੇ, ਇਸ ਨਾਲ਼ ਲੜਾਈ ਦੇ ਸਾਮਰਾਜੀ ਖਾਸੇ ਤੇ ਪਸ਼ਤੂਨ ਕਬਾਇਲੀਆਂ ਦੇ ਗੁਲਾਮੀ ਖਿਲਾਫ਼ ਸੰਘਰਸ਼ ਨੂੰ ਕੋਈ ਫਰਕ ਨਹੀਂ ਪੈਂਦਾ।
ਇਸ ਲੜਾਈ ਤੋਂ ਬਾਅਦ ‘ਤਿਰਾਹ’ ਇਲਾਕੇ ਵਿੱਚ ਪਸ਼ਤੂਨਾਂ ਦੀ ਬਗਾਵਤ ਦਬਾਉਣ ਲਈ ਅੰਗਰੇਜ਼ ਸਾਮਰਾਜੀਆਂ ਨੂੰ 50,000 ਦੀ ਵੱਡੀ ਫੌਜ ਭੇਜੀ ਜਿਸ ਵਿੱਚ ਬਹੁਗਿਣਤੀ ਇੱਕ ਵਾਰ ਫਿਰ ਬ੍ਰਿਟਿਸ਼-ਭਾਰਤੀ ਫੌਜੀਆਂ ਦੀ ਹੀ ਸੀ, ਜੋ ਕਿ ਭਾਰਤ ਵਿੱਚ ਬ੍ਰਿਟਿਸ਼ ਫੌਜ ਦਾ ਖਾਸਾ ਸੀ। ਅੰਤ ਪਸ਼ਤੂਨਾਂ ਦੀ ਬਗਾਵਤ ਨੂੰ ਖੂਨ ਵਿੱਚ ਡੋਬ ਦਿੱਤਾ ਗਿਆ, ਜਿਸ ਦਾ ਸਿਹਰਾ ਕਿਸੇ ਹੋਰ ਸਿਰ ਨਹੀਂ, ਸਗੋਂ ਬ੍ਰਿਟਿਸ਼ ਭਾਰਤੀ ਫੌਜੀਆਂ ਦੀ ਅੰਗਰੇਜ਼ ਲੁਟੇਰਿਆਂ ਪ੍ਰਤੀ ਵਫਾਦਾਰੀ ਸਿਰ ਵੱਜਿਆ।
ਹਰ ਲੜਾਈ ਵਿੱਚ ਸ਼ਾਮਲ ਧਿਰਾਂ ਦਾ ਲੜਾਈ ਨੂੰ ਦੇਖਣ ਦਾ ਨਜ਼ਰੀਆ ਅਤੇ ਬਹਾਦਰੀ ਦੇ ਮਾਪਦੰਡ ਆਪਣੇ-ਆਪਣੇ ਹਿੱਤਾਂ ਦੇ ਅਨੁਸਾਰੀ ਹੁੰਦੇ ਹਨ। ਲੜਾਈ ਵਿੱਚ ਹਮਲਾਵਰ ਧਿਰ ਦੇ ਆਪਣੇ ਹਿੱਤ ਹੁੰਦੇ ਹਨ ਅਤੇ ਦੂਸਰੀ ਧਿਰ ਦੇ ਆਪਣੇ। ਇੱਥੇ ਅਸੀਂ ਦੇਖਦੇ ਹਾਂ ਅੰਗਰੇਜ਼ ਸਾਮਰਾਜੀ ਗਿਰੋਹ ਦਾ ਮੁੱਖ ਉਦੇਸ਼ ਪਸ਼ਤੂਨਾਂ ਨੂੰ ਕੰਟਰੋਲ ਕਰਨਾ ਤੇ ਗੁਲਾਮ ਬਣਾ ਕੇ ਰੱਖਣਾ ਸੀ ਤਾਂ ਕਿ ਉਹ ਭਾਰਤ ਵਿੱਚ ਆਪਣੀ ਬਸਤੀਵਾਦੀ ਬਰਬਰ ਲੁੱਟ ਨੂੰ ਸੰਭਾਵਿਤ ਰੂਸੀ ਖ਼ਤਰੇ ਤੋਂ ਬਚਾ ਕੇ ਰੱਖ ਸਕੇ। ਦੂਸਰੀ ਧਿਰ ਪਸ਼ਤੂਨ ਕਬਾਇਲੀ ਲੋਕਾਂ ਦੀ ਸੀ ਜੋ ਬ੍ਰਿਟਿਸ਼ ਹਮਲਾਵਰ ਤੇ ਬਰਬਰ ਨੀਤੀਆਂ ਖਿਲਾਫ਼ ਲਗਾਤਾਰ ਸੰਘਰਸ਼ ਕਰ ਰਹੀ ਸੀ ਤੇ ਆਪਣੀ ਮਾਤ-ਭੂਮੀ ਦੀ ਰੱਖਿਆ ਲਈ ਲੜ ਰਹੀ ਸੀ। ਇਹਨਾਂ ਧਿਰਾਂ ਵਿੱਚੋਂ ਗੁਲਾਮ ਭਾਰਤ ਵਾਸੀਆਂ ਦੀ ਹਮਦਰਦੀ ਕਿਸ ਨਾਲ਼ ਹੋਣੀ ਚਾਹੀਦੀ ਹੈ, ਕੋਈ ਔਖਾ ਸਵਾਲ ਨਹੀਂ ਹੈ, ਬਿਨਾਂ ਸ਼ੱਕ ਪਸਤੂਨ ਲੋਕਾਂ ਨਾਲ਼ ਕਿਉਂਕਿ ਦੋਵਾਂ ਦਾ ਇਕੋ ਸਾਂਝਾ ਦੁਸ਼ਮਣ ਬ੍ਰਿਟਿਸ਼ ਸਾਮਰਾਜੀ ਹਕੂਮਤ ਸੀ। ਪਰ ਸਾਡੇ ਬੁੱਧੀਜੀਵੀਆਂ, ਖਾਸ ਕਰਕੇ ਸਿੱਖ ਬੁੱਧੀਜੀਵੀਆਂ ਅਤੇ ਕਾਲੇ ਅੰਗਰੇਜ਼ਾਂ ਨੇ ਇਸ ਇਤਿਹਾਸ ਨੂੰ ਤੋੜ-ਮਰੋੜ ਕੇ ਕੀ ਨਤੀਜੇ ਕੱਢੇ ਤੇ ਭਾਰਤ ਦੇ ਲੋਕਾਂ ਨੂੰ ਵਫਾਦਾਰੀ ਦੇ ਕੀ-ਕੀ ਪਾਠ ਪੜਾਏ, ਉਹਨਾਂ ਦੀ ਪੁਣਛਾਣ ਅਸੀਂ ਲੇਖ ਦੇ ਇਸ ਹਿੱਸੇ ਵਿੱਚ ਕਰਾਂਗੇ।

ਅੰਗਰੇਜ਼ਾਂ ਵੱਲੋਂ ਸਿੱਖ ਫੌਜੀਆਂ ਦੀ ‘ਬਹਾਦਰੀ’ ਦਾ ਗੁਣਗਾਨ

ਭਾਰਤ ਵਰਗੇ ਵਿਸ਼ਾਲ ਮੁਲਕ ਨੂੰ ਗੁਲਾਮ ਬਣਾਈ ਰੱਖਣ ਲਈ ਤੇ ਬਸਤੀਵਾਦੀ ਲੁੱਟ ਨੂੰ ਨਿਰਵਿਘਨ ਚਲਾਉਣ ਲਈ ਭਾਰਤ ਵਿੱਚ ਅੰਗਰੇਜ਼ਾਂ ਦੀ ਗਿਣਤੀ ਸਿਰਫ਼ ਕੁਝ ਲੱਖ ਤੱਕ ਹੀ ਸੀਮਿਤ ਸੀ। ਜ਼ਾਹਿਰ ਹੈ, ਉਹਨਾਂ ਨੇ ਇਹ ਕੰਮ ਖੁਦ ਭਾਰਤੀਆਂ ਦੀ ਮੱਦਦ ਨਾਲ਼ ਹੀ ਕੀਤਾ। ਇਸ ਲਈ ਜ਼ਰੂਰੀ ਗੱਲ ਸੀ ਕਿ ਅੰਗਰੇਜ਼ ਆਪਣੇ ਹਿੱਤਾਂ ਲਈ ਲੜਨ ਵਾਸਤੇ ਭਾਰਤੀਆਂ ਨੂੰ ਮਾਨਸਿਕ ਤੌਰ ‘ਤੇ ਗੁਲਾਮ ਬਣਾਉਂਦੇ ਅਤੇ ਸੁਆਮੀ-ਭਗਤੀ ਪੈਦਾ ਕਰਦੇ। ਇਹੀ ਉਹਨਾਂ ਨੇ ਕੀਤਾ। ਅੰਗਰੇਜ਼ਾਂ ਦੇ ਹਿੱਤਾਂ ਲਈ ਲੜਨ ਵਾਲਿਆਂ ਤੇ ਰਾਖੀ ਕਰਨ ਵਾਲਿਆਂ ਦੀ ‘ਬਹਾਦਰੀ’ ਦਾ ਗੁਣਗਾਨ ਕਰਨਾ, ਮੈਡਲ ਦੇਣੇ, ਜਾਗੀਰਾਂ ਤੇ ਰਾਇ ਸਾਹਿਬੀਆਂ ਬਖਸ਼ਣੀਆਂ ਆਦਿ ਬ੍ਰਿਟਿਸ਼ ਸਾਮਰਾਜੀ ਹਕੂਮਤ ਦੇ ਸੁਆਮੀ ਭਗਤੀ ਪੈਦਾ ਕਰਨ ਦੇ ਮੁੱਖ ਹਥਿਆਰ ਰਹੇ ਹਨ। ਸਾਫ ਤੌਰ ‘ਤੇ ਉਹਨਾਂ ਲਈ ਸਿਰਫ਼ ਉਹੀ ਬਹਾਦਰ ਸਨ ਤੇ ਸਿਰਫ਼ ਉਹਨਾਂ ਦੀ ਬਹਾਦਰੀ ਹੀ ਕੰਮ ਦੀ ਸੀ, ਜੋ ਉਹਨਾਂ ਦੇ ਹਿੱਤਾਂ ਦੇ ਲਈ ਕੰਮ ਦੀ ਸੀ।

ਸਾਰਾਗੜ੍ਹੀ ਦੇ ਮਾਮਲੇ ਵਿੱਚ ਵੀ ਕੋਈ ਅਲੱਗ ਹਾਲਾਤ ਨਹੀਂ ਸਨ। ਲੰਡਨ ਬੈਠੀ ਬ੍ਰਿਟਿਸ਼ ਪਾਰਲੀਮੈਂਟ ਨੇ ਸਾਰਾਗੜ੍ਹੀ ਦੇ ਫੌਜੀਆਂ ਨੂੰ ਖੜੇ ਹੋ ਕੇ ਸਤਿਕਾਰ ਭੇਟ ਕੀਤਾ ਤੇ ਰਾਣੀ ਵਿਕਟੋਰੀਆ ਨੇ ਫੌਜੀਆਂ ਨੂੰ ‘ਇੰਡੀਅਨ ਆਰਡਰ ਆਫ਼ ਮੈਰਿਟ’ ਦੇ ਕੇ ਸਨਮਾਨਿਤ ਕੀਤਾ। ਯਾਦ ਰਹੇ, ਇਹੀ ਪਾਰਲੀਮੈਂਟ ਤੇ ਰਾਣੀ, ਭਾਰਤ ਤੇ ਭਾਰਤ ਜਿਹੇ ਹੋਰ ਕਿੰਨੇ ਹੀ ਦੇਸ਼ਾਂ ਦੀ ਲੁੱਟ ਅਤੇ ਇਹਨਾਂ ਦੇਸ਼ਾਂ ਦੇ ਬਹਾਦਰ ਦੇਸ਼ ਭਗਤਾਂ ਜਿਨਾਂ ਨੇ ਸੁਆਮੀ-ਭਗਤੀ ਤੋਂ ਮਨਾ ਕਰ ਦਿੱਤਾ, ਲਈ ਮੌਤ ਦੇ ਫਰਮਾਨ ਜਾਰੀ ਕਰਦੇ ਸਨ। ਗੁਲਾਮ ਦੇਸ਼ਾਂ ਦੇ ਆਮ ਲੋਕਾਂ, ਦੇਸ਼ ਭਗਤਾਂ ਜਾਂ ਫੌਜੀਆਂ ਦੀ ਬਹਾਦਰੀ ਜਦੋਂ ਇਹਨਾਂ ਦੀ ਲੁੱਟ ਤੇ ਅੱਤਿਆਚਾਰ ਖਿਲਾਫ਼ ਭੜਕ ਉੱਠਦੀ ਸੀ ਤਾਂ ਉਸ ਦਾ ਸਤਿਕਾਰ ਤੇ ਸਨਮਾਨ ਉਵੇਂ ਹੀ ਕਰਦੇ ਸਨ ਜਿਵੇਂ ਕੂਕਾ ਵਿਦਰੋਹੀਆਂ ਦਾ ਤੋਪਾਂ ਅੱਗੇ ਬੰਨ੍ਹ ਕੇ ਹੋਇਆ, ਗ਼ਦਰ ਲਹਿਰ ਦੌਰਾਨ ਸਿੰਘਾਪੁਰ ‘ਚ ਤੈਨਾਤ ਬਾਗੀ ਬ੍ਰਿਟਿਸ਼ ਭਾਰਤੀ ਫੌਜੀਆਂ ਦਾ ਜੰਗਲਾਂ ਵਿੱਚ ਲਿਜਾ ਕੇ ਗੋਲ਼ੀਆਂ ਨਾਲ਼ ਹੋਇਆ, ਗ਼ਦਰੀਆਂ ਤੇ ਭਗਤ ਸਿੰਘ ਵਰਗੇ ਬਹਾਦਰ ਨੌਜਵਾਨਾਂ ਦਾ ਫਾਂਸੀ ਦੇ ਤਖ਼ਤੇ ਨਾਲ਼।

ਸਾਰਾਗੜ੍ਹੀ ਦੇ ਫੌਜੀਆਂ ਦੇ ਪਰਿਵਾਰਾਂ ਨੂੰ ਅੰਗਰੇਜ਼ਾਂ ਨੇ ਆਪਣੇ ਹਿੱਤਾਂ ਲਈ ਦਿਖਾਈ ‘ਬਹਾਦਰੀ’ ਲਈ 50 ਏਕੜ ਜ਼ਮੀਨ ਤੇ 500 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਪਰ ਇਹੀ ਅੰਗਰੇਜ਼, ਜਦੋਂ ਭਾਰਤੀ ਲੋਕਾਂ ਦੀ ਬਹਾਦਰੀ ਉਹਨਾਂ ਖਿਲਾਫ਼ ਹੁੰਦੀ ਸੀ, ਜਾਇਦਾਦਾਂ ਦੀ ਕੁਰਕੀ ਕਰਕੇ ਸੁਆਗਤ ਕਰਦੇ ਸਨ। ਸਿਰਫ਼ ਅੰਗਰੇਜ਼ਾਂ ਖਿਲਾਫ਼ ਬਹਾਦਰੀ ਦਿਖਾਉਣ ਕਰਕੇ ਹੀ ਜ਼ੁਲਮ ਨਹੀਂ ਕਰਦੇ ਸਨ, ਸਗੋਂ ਆਪਣੇ ਪਾਲ਼ੇ ਹੋਏ ਜਾਗੀਰਦਾਰਾਂ ਤੇ ਰਜਵਾੜਿਆਂ, ਰਾਜਿਆਂ ਦੇ ਨਾਲ਼ ਮਿਲ ਕੇ ਆਮ ਭਾਰਤੀ ਲੋਕਾਂ ਤੇ ਕਿਸਾਨਾਂ ਦੇ ਲਹੂ ਦੀ ਆਖਰੀ ਬੂੰਦ ਤੱਕ ਨਿਚੋੜ ਲੈਂਦੇ ਸਨ। ਇਹੀ ਅੰਗਰੇਜ਼ ਭਾਰਤੀਆਂ ਨੂੰ ਕੁੱਤਿਆਂ ਬਰਾਬਰ ਸਮਝਦੇ ਸਨ ਅਤੇ ਆਪਣੇ ਸਿਨੇਮਿਆਂ ਤੇ ਹੋਟਲਾਂ ਬਾਹਰ ਤਖ਼ਤੀ ਲਟਕਾ ਕੇ ਰੱਖਦੇ ਸਨ ਭਾਰਤੀਆਂ ਤੇ ਕੁੱਤਿਆਂ ਲਈ ਅੰਦਰ ਆਉਣਾ ਮਨ੍ਹਾ ਹੈ।

ਇੱਕ ਕੰਮ ਹੋਰ ਜੋ ਬ੍ਰਿਟਿਸ਼ ਸਾਮਰਾਜੀ ਲੁਟੇਰੇ ਬੜੇ ਸ਼ਾਤਿਰ ਤਰੀਕੇ ਨਾਲ਼ ਕਰਦੇ ਸਨ ਉਹ ਸੀ ਭਾਰਤ ਦੇ ਕੁਝ ਖਾਸ ਫਿਰਕਿਆਂ ਜਾਂ ਨਸਲਾਂ ਦੇ ਲੋਕਾਂ ਦੀ ‘ਬਹਾਦਰੀ’ (ਵਫਾਦਾਰੀ) ਦਾ ਦੂਜੇ ਫਿਰਕਿਆਂ ਦੇ ਮੁਕਾਬਲੇ ਵੱਧ ‘ਗੁਣਗਾਨ’, ਵੱਧ ‘ਸਤਿਕਾਰ’ ਤੇ ਵੱਧ ‘ਸਨਮਾਨ’। ਇਸ ਤਰ੍ਹਾਂ ਨਾਲ਼ ਉਹ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ‘ਤੇ ਚਲਦੇ ਹੋਏ ਕੁਝ ਨੂੰ ਆਪਣੇ ਚਹੇਤੇ ਬਣਾਉਣ ਦਾ ਵਿਖਾਵਾ ਕਰਦੇ ਸਨ। (ਪਰ ਇਹ ਵਿਖਾਵਾ ਇਹਨਾਂ ਦੇ ‘ਚਹੇਤਿਆਂ’ ਨੂੰ ਅਸਲੀ ਲੱਗਦਾ ਸੀ)। 1857 ਦੇ ਗਦਰ ਨੂੰ ਦਬਾਉਣ ਤੋਂ ਬਾਅਦ ਸਿੱਖਾਂ ਨੂੰ ਚਹੇਤੇ ਦਾ ਦਰਜਾ ਦੇਣ ਪਿੱਛੇ ਵੀ ਅੰਗਰੇਜ਼ਾਂ ਦੀ ਇਹੀ ਸ਼ਾਤਿਰ ਚਾਲ ਸੀ ਜਿਸ ਦੇ ਡੰਗੇ ‘ਆਜ਼ਾਦੀ’ ਦੇ 63 ਸਾਲ ਬਾਅਦ ਵੀ ਵੱਡੀ ਗਿਣਤੀ ਵਿੱਚ ਭਾਰਤ ਤੇ ਖਾਸ ਕਰ ਸਿੱਖ ਬੁੱਧੀਜੀਵੀਆਂ ਵਿੱਚ ਪਾਏ ਜਾਂਦੇ ਹਨ।

ਇੱਕ ਹੋਰ ਕੰਮ ਜੋ ਅੰਗਰੇਜ਼ ਤੇ ਹਰ ਲੋਟੂ ਨਿਜ਼ਾਮ ਜਾਂ ਉਸਦੇ ਹਮਾਇਤੀ ਕਰਦੇ ਸਨ ਤੇ ਕਰਦੇ ਹਨ, ਉਹ ਇਹ ਕਿ ‘ਬਹਾਦਰੀ’ ਤੇ ‘ਕਰਤੱਵ ਪਾਲਣ’ ਨੂੰ ਤਨਖਾਹ ਬਦਲੇ ਮਾਲਕ ਪ੍ਰਤੀ ਵਫਾਦਾਰੀ ਦਿਖਾਉਂਦੇ ਹੋਏ ਕੰਮ ਕਰਨ ਤੱਕ ਸੀਮਿਤ ਕਰ ਦੇਣਾ। ਇਹ ਧਾਰਨਾ ਅੰਗਰੇਜ਼ਾਂ ਨੇ ਭਾਰਤੀ ਲੋਕਾਂ ਦੇ ਮਨਾਂ ‘ਤੇ ਬਹੁਤ ਗਹਿਰੀ ਉੱਕਰ ਦਿੱਤੀ ਹੈ। ਇਹ ਸਿਰਫ ਭਾਰਤੀਆਂ ਨਾਲ਼ ਹੀ ਨਹੀਂ ਹੋਇਆ, ਇਹ ਸਾਰੇ ਗੁਲਾਮ ਰਹੇ ਮੁਲਕਾਂ ਦੀ ਤਰਾਸਦੀ ਹੈ।

ਭਾਰਤੀ ਵਿਦਵਾਨਾਂ ਦੀ ਨਜ਼ਰ ਵਿੱਚ ਸਾਰਾਗੜ੍ਹੀ

ਅੰਗਰੇਜ਼ਾਂ ਦਾ ਗੁਲਾਮ ਹੋ ਜਾਣ ਤੋਂ ਬਾਅਦ ਭਾਰਤ ਦੇ ਵਿਕਾਸ ਦੀ ਅੰਦਰੂਨੀ ਗਤੀ ਤਹਿਸ ਨਹਿਸ ਹੋ ਗਈ ਤੇ ਭਾਰਤ ਅੰਦਰ ਯੂਰਪ ਵਾਂਗ ‘ਪੁਨਰ-ਜਾਗਰਣ’ ਤੇ ‘ਪ੍ਰਬੋਧਨ’ ਜਿਹੀਆਂ ਲਹਿਰਾਂ ਦੇ ਚੱਲਣ ਤੇ ਫੈਲਣ ਦਾ ਸਕੋਪ ਖ਼ਤਮ ਹੋ ਗਿਆ। ਅੰਗਰੇਜ਼ਾਂ ਨੇ ਭਾਰਤੀ ਰਜਵਾੜਿਆਂ ਤੇ ਜਾਗੀਰਦਾਰਾਂ ਨਾਲ਼ ਸਮਝੌਤਾ ਕਰਕੇ ਭਾਰਤੀ ਲੋਕਾਂ ਦੀ ਭਿਅੰਕਰ ਬਸਤੀਵਾਦੀ ਲੁੱਟ ਸ਼ੁਰੂ ਕਰ ਦਿੱਤੀ। ਆਪਣੀ ਇਸ ਲੁੱਟ ਦੇ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਣ ਲਈ ਹੁਣ ਉਹਨਾਂ ਨੂੰ ਕਲਰਕਾਂ ਦੀ ਲੋੜ ਸੀ। ਇਸ ਤੋਂ ਇਲਾਵਾ ਕੁਝ ਅਜਿਹੇ ਪੜ੍ਹੇ-ਲਿਖੇ ਬੇਗੈਰਤੇ ਬੌਣੇ ਕੱਦ ਦੇ ਬੁੱਧੀਜੀਵੀ ਕਿਸਮ ਦੇ ਲੋਕਾਂ ਦੀ ਵੀ ਲੋੜ ਸੀ ਜੋ ਭਾਰਤੀ ਲੋਕਾਂ ਦੇ ਮਨਾਂ ਵਿੱਚ ਅੰਗਰੇਜ਼ਪ੍ਰਸਤੀ ਨੂੰ ਡੂੰਘਾ ਵਸਾ ਸਕਣ ਤੇ ਅੰਗਰੇਜ਼ਾਂ ਦੀ ਬਿਨਾਂ ਹਿਲਜੁਲ ਕੀਤੇ ਖੋਪੇ ਬੰਨ੍ਹੇ ਊਠ ਵਾਂਗ ਗੁਲਾਮੀ ਕਰਨ ਲਈ ਤਿਆਰ ਕਰ ਸਕਣ, ਉਹਨਾਂ ਦੇ ਹਿੱਤਾਂ ਖਾਤਰ ਆਪਣੇ ਲੋਕਾਂ ਉੱਪਰ ਤੇ ਹੋਰ ਗੁਲਾਮ ਕੌਮਾਂ ਤੇ ਗੋਲ਼ੀਆਂ ਵਰਾ ਸਕਣ।

ਇਸ ਸਭ ਨੂੰ ਧਿਆਨ ਵਿੱਚ ਰੱਖ ਹੀ ਅੰਗਰੇਜ਼ਾਂ ਨੇ ਭਾਰਤ ਵਿੱਚ ਪੱਛਮੀ ਤਰਜ਼ ਦੀ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ। ਨਤੀਜੇ ਵਜੋਂ ਇਹਨਾਂ ਸਕੂਲਾਂ-ਕਾਲਜਾਂ ‘ਚੋਂ ਅੰਗਰੇਜ਼ਪ੍ਰਸਤੀ ਵਿੱਚ ਸਿਰਾਂ ਤੱਕ ਡੁੱਬੇ ਕਲਰਕ ਤੇ ਬੁੱਧੀਜੀਵੀ ਪੈਦਾ ਹੋਣ ਲੱਗੇ (ਭਾਵੇਂ ਕੁਝ ਛੋਟਾਂ ਵੀ ਹਨ) ਪਰ ਉਸ ਸਮੇਂ ਪੜ੍ਹੇ ਲਿਖੇ ਤਬਕੇ ਦੇ ਬਹੁਤੇ ਲੋਕਾਂ ਦਾ ਹਾਲ ਇਹੀ ਸੀ।

ਭਾਰਤੀ ਦੀ ਪੂੰਜੀਪਤੀ ਜਮਾਤ ਵੀ ਬਸਤੀਵਾਦ ਦੇ ਗਰਭ ‘ਚੋਂ ਪੈਦਾ ਹੋਈ, ਇਸ ਲਈ ਉਸ ਨੇ ਵੀ ਕੋਈ ਕੌਮੀ ਮਾਣ ਪੈਦਾ ਕਰਨ ਤੇ ਤਰਕਸ਼ੀਲ ਸੋਚ ਵਿਕਸਿਤ ਕਰਨ ਵਾਲੀ ਕੋਈ ਲਹਿਰ ਨੂੰ ਚਲਾਉਣਾ ਬਿਹਤਰ ਨਹੀਂ ਸਮਝਿਆ, ਸਗੋਂ ਉਲਟਾ ਅੰਗਰੇਜ਼ਾਂ ਦੀ ਫੌਜ ਵਿੱਚ ਰਹਿ ਕੇ ਬਗਾਵਤ ਕਰਨ ਵਾਲੇ ਫੌਜੀਆਂ ਨੂੰ ਕਰਤਵ-ਪਾਲਣ ਦਾ ਪਾਠ ਹੀ ਪੜਾਉਂਦੀ ਰਹੀ। ਹੋਣਾ ਇਹ ਚਾਹੀਦਾ ਸੀ ਕਿ ਸਾਮਰਾਜੀ ਵਿਸ਼ਵ ਯੁੱਧਾਂ ਦੌਰਾਨ ਭਾਰਤੀ ਪੂੰਜੀਪਤੀ ਜਮਾਤ ਭਾਰਤੀ ਫੌਜੀਆਂ ਨੂੰ ਬਗਾਵਤ ਲਈ ਤਿਆਰ ਕਰਦੀ ਅਤੇ ਅੰਗਰੇਜ਼ਾਂ ਖਿਲਾਫ਼ ਘਰੇਲੂ ਜੰਗ ਸ਼ੁਰੂ ਕਰ ਦਿੰਦੀ, ਪਰ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਅਤੇ ਦਬਾਅ-ਸਮਝੌਤਾ-ਦਬਾਅ ਦੀ ਨੀਤੀ ਅਪਣਾਉਂਦੀ ਹੋਈ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀਆਂ ਨੂੰ ਅੰਗਰੇਜ਼ ਫੌਜ ‘ਚ ਭਰਤੀ ਹੋਣ ਲਈ ਪ੍ਰੇਰਦੀ ਰਹੀ ਤੇ ਬਦਲੇ ਵਿੱਚ ਅੰਗਰੇਜ਼ਾਂ ਤੋਂ ਕੁਝ ਰਿਆਇਤਾਂ ਦੀ ਆਸ ਕਰਦੀ ਰਹੀ। ਜਦੋਂ ਗਦਰੀ ਸੂਰਬੀਰ ਭਾਰਤ ਵਿੱਚ ਭਾਰਤੀ ਫੌਜੀਆਂ ਨੂੰ ਨਾਲ਼ ਲੈ ਕੇ ਅੰਗਰੇਜ਼ਾਂ ਦੇ ਪਿਛਵਾੜੇ ਮੋਰਚੇ ਖੋਲ੍ਹਣ ਲਈ ਭਾਰਤ ਵਿੱਚ ਕਦਮ ਧਰ ਰਹੇ ਸਨ, ਉਸੇ ਸਮੇਂ ਭਾਰਤੀ ਰਾਜੇ, ਰਜਵਾੜੇ, ਪੂੰਜੀਪਤੀ ਜਮਾਤ ਤੇ ਬਹੁਤੇਰੇ ਬੁੱਧੀਜੀਵੀ ਲੋਕ ਭਾਰਤੀਆਂ ਨੂੰ ਸਾਮਰਾਜੀਆਂ ਪ੍ਰਤੀ ਵਫਾਦਾਰੀ ਦਿਖਾਉਣ ਦੇ ਹੋਕੇ ਦੇ ਰਹੇ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਵੀ ਭਾਰਤੀ ਪੂੰਜੀਪਤੀ ਜਮਾਤ ਨੇ ਗਰਮਾ-ਗਰਮ ਨਾਹਰਿਆਂ ਤੋਂ ਸਿਵਾ ਕੁਝ ਨਹੀਂ ਕੀਤਾ ਅਤੇ ਨਾ ਹੀ ਭਾਰਤੀ ਫੌਜ ਨੂੰ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ਼ ਲੜ੍ਹਨ ਲਈ ਪ੍ਰੇਰਿਆ, ਉਲਟਾ 1946 ਦੇ ਰਾਇਲ ਨੇਵੀ ਵੱਲੋਂ ਕੀਤੇ ਵਿਦਰੋਹ ਦੌਰਾਨ ਬਾਗੀ ਫੌਜੀਆਂ ਦੀ ਨੁਕਤਾਚੀਨੀ ਕੀਤੀ ਤੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੱਕਾਰੀ ਭਰੇ ਤਰੀਕੇ ਨਾਲ਼ ਉਹਨਾਂ ਤੋਂ ਅੰਗਰੇਜ਼ਾਂ ਅੱਗੇ ਹਥਿਆਰ ਸੁੱਟਵਾ ਦਿੱਤੇ।

ਬਹੁਤੇ ਭਾਰਤੀ ਬੁੱਧੀਜੀਵੀਆਂ ਦਾ ਨਜ਼ਰੀਆ ਵੀ ਇਹੀ ਰਿਹਾ ਤੇ ਉਹ ਅੰਗਰੇਜ਼ਪ੍ਰਸਤੀ ਦਾ ਸ਼ਿਕਾਰ ਰਹੇ। ਪਹਿਲੀ ਤੇ ਦੂਜੀ ਜੰਗ ਦੌਰਾਨ ਅੰਗਰੇਜ਼ਾਂ ਦੀਆਂ ਬਸਤੀਆਂ ਲਈ ਲੜਨ ਵਾਲੇ ਬ੍ਰਿਟਿਸ਼ ਭਾਰਤੀ ਫੌਜੀ ਇਹਨਾਂ ਦੇ ‘ਨਾਇਕ’ ਰਹੇ ਹਨ ਅਤੇ ਆਜ਼ਾਦੀ ਤੋਂ ਬਾਅਦ ਜਦੋਂ 1946 ਦੇ ਨੇਵੀ ਵਿਦਰੋਹ ਦਾ ਆਗੂ ਮਦਨ ਸਿੰਘ ਰੋਜ਼ੀ ਰੋਟੀ ਲਈ ਦਰ-ਦਰ ਦੀ ਖਾਕ ਛਾਣ ਰਿਹਾ ਸੀ ਤਾਂ ਇਹ ਲੋਕ ਅੰਗਰੇਜ਼ ਸਾਮਰਾਜੀਆਂ ਦੇ ਤਨਖਾਹਦਾਰ ਮੁਲਾਜਮਾਂ ਦੀ ‘ਬਹਾਦਰੀ’ ਦੀਆਂ ਫੜ੍ਹਾਂ ਮਾਰਦੇ ਰਹੇ ਅਤੇ ਅਖ਼ਬਾਰਾਂ ਵਿੱਚ ਆਪਣੀ ‘ਖੋਜੀ ਪੱਤਰਕਾਰੀ’ ਦੇ ਨਮੂਨੇ ਪੇਸ਼ ਕਰਦੇ ਰਹੇ।

ਗੋਰੇ ਅੰਗਰੇਜ਼ਾਂ ਪ੍ਰਤੀ ਆਪਣੀ ਸੁਆਮੀ ਭਗਤੀ ਦੇ ‘ਨੇਕ’ ਗੁਣ ਦੇ ਦਰਸ਼ਨ ਭਾਰਤ ਦੇ ਬਹੁਤ ਸਾਰੇ ਵਿਦਵਾਨ/ਬੁੱਧੀਜੀਵੀ ਕਿਸੇ ਨਾ ਕਿਸੇ ਮਸਲੇ ਤੇ ਅੱਜ ਵੀ ਕਰਵਾਉਂਦੇ ਰਹਿੰਦੇ ਹਨ ਤੇ ‘ਕਾਲੇ ਅੰਗਰੇਜ਼ਾਂ’ ਦੀ ਖੂਬ ‘ਸਾਬਾਸ਼ੀ’ ਪ੍ਰਾਪਤ ਕਰਦੇ ਹਨ। ਸਾਰਾਗੜ੍ਹੀ ਦੇ ਮਸਲੇ ਵਿੱਚ ਤਾਂ ਇਹ ਕੁਝ ਜ਼ਿਆਦਾ ਹੀ ਜ਼ਾਹਿਰ ਹੁੰਦਾ ਹੈ ਖਾਸ ਕਰਕੇ ਸਿੱਖ ਵਿਦਵਾਨ ਤੇ ਬੁੱਧੀਜੀਵੀਆਂ ਵੱਲੋਂ ਅਕਸਰ ਪੰਜਾਬੀ ਅਖ਼ਬਾਰਾਂ ਵਿੱਚ ਸੁਆਮੀ ਭਗਤੀ ਦਿਖਾਉਣ ਦੀ ਹੋੜ੍ਹ ਲੱਗੀ ਰਹਿੰਦੀ ਹੈ, ਇਸ ਵਾਰ 12 ਸਤੰਬਰ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਵਿੱਚ ਭਾਰਤ ਸਰਕਾਰ ਦੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ਼੍ਰੀ ਤਰਲੋਚਨ ਸਿੰਘ ਜੀ ਵੀ ਅੰਗਰੇਜ਼ਪ੍ਰਸਤੀ ਤੇ ਗੁਲਾਮ ਮਾਨਸਿਕਤਾ ਦੀ ਨੁਮਾਇਸ਼ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੇ ਸ਼ਬਦਾਂ ਵਿੱਚ ”ਭਾਵ ਇਹ ਕਿ ਸਿੱਖਾਂ ਦੇ ਰੋਲ ਦੀ ਆਵਾਜ਼ ਉੱਠਾ ਰਹੇ ਹਨ, ਜੋ ਉਹਨਾਂ ਨੇ ਅੰਗਰੇਜ਼ਾਂ ਲਈ ਕੁਰਬਾਨੀ ਕੀਤੀ ਸੀ।” ਹੋਰ ਦੇਖੋ ”ਅੰਗਰੇਜ਼ ਕੌਮ ਨੂੰ ਯਾਦ ਕਰਵਾਓ ਕਿ ਉਹਨਾਂ ਦੀ ਆਜ਼ਾਦੀ ਲਈ ਕੀ ਕੁਰਬਾਨੀਆਂ ਸਿੱਖ ਬਹਾਦਰਾਂ ਨੇ ਕੀਤੀਆਂ।” ਪਤਾ ਨਹੀਂ ਵਿਦਵਾਨ ਸਾਹਿਬ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਅੰਗਰੇਜ਼ਾਂ ਦਾ ਗੁਲਾਮੀ ਖਿਲਾਫ਼ ਕਿਹੜਾ ਮਹਾਂ-ਸੰਘਰਸ਼ ਨਜ਼ਰੀਂ ਪੈ ਗਿਆ? ਹਾਂ, ਇਹ ਲਿਖਦੇ ਤਾਂ ਕੁਝ ਸਮਝ ਵੀ ਆਉਂਦਾ ਕਿ ”ਉਹਨਾਂ ਦੀ ਲੁੱਟ ਬਰਕਰਾਰ ਰੱਖਣ ਤੇ ਵਧਾਉਣ ਲਈ ਆਪਣੇ ਹੀ ਲੋਕਾਂ ਤੇ ਦੂਸਰੀਆਂ ਕੌਮਾਂ ਤੇ ਕਿੰਨੀਆਂ ਗੋਲ਼ੀਆਂ ਚਲਾਈਆਂ, ਕਿਵੇਂ ਆਪਣੀਆਂ ਜਾਨਾਂ ਗਵਾਈਆਂ।” ਅੰਗਰੇਜ਼ਾਂ ਦੁਆਰਾ, ਖਾਸ ਕਰਕੇ ਸ਼ਹਿਜਾਦਾ ਚਾਰਲਸ ਦੁਆਰਾ ਸਾਰਾਗੜ੍ਹੀ ਦੇ ‘ਸ਼ਹੀਦਾਂ’ ਨੂੰ ਯਾਦ ਕਰਨ ਤੇ ਸਿੱਖਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ‘ਚਰਨ’ ਪਾਉਣ ਨਾਲ਼ ਸ਼੍ਰੀ ਤਰਲੋਚਨ ਸਿੰਘ ਅਨੁਸਾਰ ”ਸਿੱਖਾਂ ਦਾ ਮਾਣ ਵਧੇਗਾ” ਤੇ ”ਸਾਡੇ ਨੌਜਵਾਨ ਬੱਚਿਆਂ ਦਾ ਹੌਂਸਲਾ ਵਧੇਗਾ।” ਇਹ ਹਾਲਤ ਹੈ ਸਾਡੇ ਬੁੱਧੀਜੀਵੀਆਂ ਦੀ। ਇਸੇ ਲੇਖ ਦੇ ਉੱਪਰ ਛਪੇ ਇਕ ਹੋਰ ਲੇਖ ਦਾ ਵੀ ਇਹੀ ਹਾਲ ਹੈ, ਜੋ ਕਿ ਅਖ਼ਬਾਰ ਅਨੁਸਾਰ ਸਾਰਾਗੜ੍ਹੀ ਵਿੱਚ ਬ੍ਰਿਟਿਸ਼ ਭਾਰਤੀ ਫੌਜੀਆਂ ਦੀ ਟੁਕੜੀ ਦੇ ਲੀਡਰ ਹਵਾਲਦਾਰ ਈਸ਼ਰ ਸਿੰਘ ਦੇ ਪੜਪੋਤੇ ਦਾ ਲਿਖਿਆ ਹੋਇਆ ਹੈ। ਇਹਨਾਂ ਦੀ ਸਮਝ ਦੇ ਆਦਮੀ ਉਦੋਂ ਵਾਰੇ-ਵਾਰੇ ਜਾਂਦਾ ਹੈ ਜਦੋਂ ਇਹਨਾਂ ਨੂੰ ਬਿਲਕੁਲ ਬ੍ਰਿਟਿਸ਼ ਸਾਮਰਾਜੀ ਗੱਲਾਂ ਕਰਦੇ ਹੋਏ ਦੇਖਦਾ ਹੈ। ਆਦਮੀ ਹੈਰਾਨ ਹੁੰਦਾ ਹੈ ਕਿ ਇਕ ਗੁਲਾਮ ਦੇਸ਼ ਦੇ ਲੋਕਾਂ ਦੇ ਅਤੇ ਗੁਲਾਮ ਕਰਨ ਵਾਲੇ ਮੁਲਕ ਦੇ ਹਿੱਤ ਕਿਵੇਂ ਸਾਂਝੇ ਹੋ ਸਕਦੇ ਹਨ ਅਤੇ ਜਦੋਂ ਸਾਮਰਾਜੀ ਬ੍ਰਿਟੇਨ ਭਾਰਤ ਦੇ ਕਿਸੇ ਹਿੱਸੇ ‘ਤੇ ਹਮਲਾ ਕਰਦਾ ਹੈ ਜਾਂ ਉੱਥੇ ਉੱਠੀ ਬਗਾਵਤ ਨੂੰ ਦਬਾਉਣ ਲਈ ਸਾਮਰਾਜੀ ਲੜਾਈਆਂ ਲੜਦਾ ਹੈ ਤਾਂ ਉਸ ਲੜਾਈ ਪ੍ਰਤੀ ਨਜ਼ਰੀਆ, ਹਮਦਰਦੀ, ਬਹਾਦਰੀ ਤੇ ਕਰਤਵ-ਪਾਲਣ ਦੇ ਮਾਪਦੰਡ ਇੱਕ ਭਾਰਤੀ ਨਾਗਰਿਕ ਤੇ ਭਾਰਤੀਆਂ ‘ਤੇ ਬਰਬਰ ਜੁਲਮ ਕਰਨ ਵਾਲੀ ਬ੍ਰਿਟਿਸ਼ ਹਕੂਮਤ ਦੇ ਲਈ ਇੱਕ ਹੀ ਕਿਵੇਂ ਹੋ ਸਕਦੇ ਹਨ? ਪਰ ਸਾਡੇ ਦੇਸ਼ ਵਿੱਚ ਕਿਸੇ ਗੱਲ ਬਾਰੇ ਸੋਚਣ ਦਾ ਰਿਵਾਜ ਘੱਟ ਹੀ ਹੈ, ਇਸ ਲਈ ਹੈਰਾਨੀ ਥੋੜ੍ਹੀ ਘੱਟ ਜਾਂਦੀ ਹੈ।

ਪੂਰੇ ਘਟਨਾਕ੍ਰਮ ਨੂੰ ਸਮੁੱਚ ‘ਚ ਰੱਖ ਕੇ ਦੇਖਣ ਤੋਂ ਬਿਨਾਂ ਹੀ, ਸਾਡੇ ਵਿਦਵਾਨ ਖਾਸ ਕਰਕੇ ਸਿੱਖ ਵਿਦਵਾਨ ਹਿੱਕ ਚੌੜੀ ਕਰਕੇ ਆਖਦੇ ਹਨ ਕਿ ਅੰਗਰੇਜ਼ਾਂ ਨੇ ਸਾਰਾਗੜ੍ਹੀ ਦੇ ‘ਸ਼ਹੀਦਾਂ’ ਦੀ ਯਾਦ ਵਿੱਚ ਸਾਰਾਗੜ੍ਹੀ ਦੀ ਲੜਾਈ ਵਾਲੀ ਥਾਂ ਉੱਪਰ ਯਾਦਗਾਰ ਸਥਾਪਤ ਕੀਤੀ। ਆਓ, ਦੇਖੀਏ, ਅੰਗਰੇਜ਼ਾਂ ਨੇ ਇਸ ਪੱਥਰ ਉੱਪਰ ਕੀ ਲਿਖਿਆ

”ਭਾਰਤ ਸਰਕਾਰ ਨੇ ਇਹ ਸ਼ਿਲਾਲੇਖ ਬੰਗਾਲ ਇਨਫੈਂਟਰੀ ਦੀ 36ਵੀਂ ਸਿੱਖ ਰੈਜਮੈਂਟ ਦੇ 21 ਨਾਨ-ਕਮਿਸ਼ਨਡ ਅਫ਼ਸਰਾਂ ਤੇ ਸਿਪਾਹੀਆਂ ਦੀ ਯਾਦ ਵਿੱਚ ਲਗਵਾਇਆ ਜਿਹਨਾਂ ਦੇ ਨਾਂ ਇਹਨਾਂ ਸ਼ਾਨਦਾਰ ਸਿਪਾਹੀਆਂ ਦੁਆਰਾ ਦਿਖਾਈ ਬਹਾਦਾਰੀ ਦੇ ਸਦੀਵੀ ਰਿਕਾਰਡ ਲਈ ਖੁਣਵਾਏ ਗਏ ਹਨ। ਅਤੇ ਜੋ 12 ਸਤੰਬਰ, 1897 ਨੂੰ ਭਾਰੀ ਸੰਖਿਆ ਵਾਲੇ ਦੁਸ਼ਮਣ ਖਿਲਾਫ਼ ਸਾਰਾਗੜ੍ਹੀ ਦੀ ਪੋਸਟ ਦੀ ਹਿਫਾਜ਼ਤ ਕਰਦੇ ਹੋਏ, ਇਸ ਤਰ੍ਹਾਂ ਆਪਣੀ ਸਰਬਸੱਤਾਵਾਨ, ਭਾਰਤ ਦੀ ਰਾਣੀ ਮਲਕਾ, ਪ੍ਰਤੀ ਵਫਾਦਾਰੀ ਤੇ ਸਮਰਪਣ ਨੂੰ ਸਿੱਧ ਕਰਦੇ ਹੋਏ ਤੇ ਲੜਾਈ ਦੇ ਮੈਦਾਨ ਵਿੱਚ ਲਾਮਿਸਾਲ ਹੌਂਸਲਾ ਦਿਖਾਉਣ ਦੀ ਸਿੱਖ ਪਰੰਪਰਾ ਨੂੰ ਸ਼ਾਨਾਮੱਤੇ ਢੰਗ ਨਾਲ਼ ਬਰਕਰਾਰ ਰੱਖਦੇ ਹੋਏ ਮਾਰੇ ਗਏ।”

ਇਸ ਸ਼ਿਲਾਲੇਖ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਲਈ ਬਹਾਦਰੀ ਤੇ ਕਰਤਵ-ਪਾਲਣ, ਪਰੰਪਰਾ ਬਰਕਰਾਰ ਰੱਖਣ ਦੇ ਕੀ ਮਤਲਬ ਸਨ, ਪਰ ਸਾਡੇ ਬੁੱਧੀਜੀਵੀਆਂ ਨੂੰ ਅੱਜ ਤੱਕ ਵੀ ਇਸ ਦੀ ਸਮਝ ਨਹੀਂ ਆਈ। ਇਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਕੁਝ ‘ਸ਼ਹੀਦਾਂ’ ਦੀ ਯਾਦ ਵਿੱਚ ਅੰਗਰੇਜ਼ਾਂ ਸ਼ਿਲਾਲੇਖ ਖੜ੍ਹੇ ਕਰਦੇ ਹਨ ਅਤੇ ਕੁਝ ਸ਼ਹੀਦਾਂ ਦੀਆਂ ਲਾਸ਼ਾਂ ਦੇ ਟੁਕੜੇ ਕਰਕੇ ਅਧਜਲੇ ਕਰਕੇ ਸਤਲੁਜ ਵਿੱਚ ਰੋੜ੍ਹ ਦਿੰਦੇ ਹਨ ਜਾਂ ਕਮਾਏ ਹੋਏ ਸਰੀਰਾਂ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਰੋਲ ਦਿੰਦੇ ਹਨ, ਆਖਰ ਕਿਉਂ? ਚੰਦਰ ਸ਼ੇਖਰ ਆਜ਼ਾਦ ਦੀ ਯਾਦ ਵਿੱਚ ਤਾਂ ਅੰਗਰੇਜ਼ਾਂ ਨੇ ਕੋਈ ਸ਼ਿਲਾਲੇਖ ਨਹੀਂ ਖੜ੍ਹਾ ਕੀਤਾ ਹਾਲਾਂਕਿ ਉਹ ਵੀ ਵੱਡੀ ਗਿਣਤੀ ਵਿੱਚ ਅੰਗਰੇਜ਼ਾਂ ਦੀ ਤਨਖਾਹਦਾਰ ਪੁਲਿਸ ਨਾਲ਼ ਇਕੱਲਾ ਹੀ ਲੜਦਾ ਸ਼ਹੀਦ ਹੋਇਆ, ਆਖਰ ਕਿਉਂ?

ਸਾਰਾਗੜ੍ਹੀ ਵਿੱਚ ਮਾਰੇ ਗਏ ਬ੍ਰਿਟਿਸ਼ ਭਾਰਤੀ ਫੌਜੀਆਂ ਨੂੰ ਸ਼ਹੀਦ ਮੰਨਣ ਵਾਲੇ ਭਾਰਤੀ ਤੇ ਸਿੱਖ ਬੁੱਧੀਜੀਵੀ ਵੀ ਅੱਗੇ ਦੋ ਕਿਸਮ ਦੇ ਹਨ ਪਹਿਲੀ ਕਿਸਮ ਉਹ ਹੈ ਜੋ ਸਿੱਖਾਂ ਵਿੱਚ ਅੰਨ੍ਹੀ ਕੌਮਪ੍ਰਸਤੀ ਦੀ ਭਾਵਨਾ ਭੜਕਾਉਂਦੀ ਹੈ। ਅਜਿਹਾ ਉਹ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਅਤੇ ਲੜਾਈ ਨੂੰ ਇਤਿਹਾਸਕ ਪਰਿਪੇਖ ਨਾਲੋਂ ਤੋੜ ਕੇ ਕਰਦੇ ਹਨ। ਇਹਨਾਂ ਵਿੱਚੋਂ ਇੱਕ ਧਾਰਾ ਇਹੋ ਜਿਹੀ ਵੀ ਹੈ, ਜਿਸ ਧਾਰਾ ਦੇ ਲੱਕੜਸਿਰੇ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਅਤੇ ਗੈਰ-ਅੰਮ੍ਰਿਤਧਾਰੀ ਗਦਰੀਆਂ ਦੀ ਕੁਰਬਾਨੀ ਨੂੰ ਮੰਨਣ ਤੋਂ ਵੀ ਇਨਕਾਰੀ ਹਨ ਤੇ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ਼ ਦੇਸ਼ ਦੇ ਇਹਨਾਂ ਸਪੂਤਾਂ ਤੇ ਨਾਇਕਾਂ ਨੂੰ ਸਨਮਾਨਿਤ ਕਰਦੇ ਹਨ। ਭਗਤ ਸਿੰਘ ਨਾਲ਼ ਇਹਨਾਂ ਨੂੰ ਇਹੀ ਸ਼ਿਕਾਇਤ ਹੈ ਕਿ ਉਹ ਨਾਸਤਿਕ ਹੋ ਗਿਆ ਸੀ ਅਤੇ ਇਸ ਤੋਂ ਵੀ ਵੱਧ ਉਸ ਦੀ ਵਿਚਾਰਧਾਰਾ ਇਹਨਾਂ ਦੇ ਅੰਨ੍ਹੇ-ਕੌਮਪ੍ਰਸਤ ਪ੍ਰਾਪੰਗੰਡੇ ਦੇ ਫਿੱਟ ਨਹੀਂ ਬੈਠਦੀ ਤੇ ਇਹਨਾਂ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਗੈਰ-ਅੰਮ੍ਰਿਤਧਾਰੀ ਗਦਰੀਆਂ ਨਾਲ਼ ਵੀ ਇਹੀ ਸ਼ਿਕਾਇਤ ਹੈ ਕਿਉਂਕਿ ਉਹ ਜਾਂ ਤਾਂ ਹਿੰਦੂ ਸਨ ਜਾਂ ਫਿਰ ਇਹਨਾਂ ਦੀ ਅੰਨ੍ਹੀ ਕੌਮਪ੍ਰਸਤੀ ਦੇ ਚੌਖਟੇ ਦੇ ਉਹ ਮੇਚ ਨਹੀਂ ਆਉਂਦੇ, ਵੈਸੇ ਵੀ ਗਦਰੀਆਂ ਦਾ ਇਸ ਤਰ੍ਹਾਂ ਦਾ ਵਰਗੀਕਰਨ ਇਹਨਾਂ ਦੀ ਹੀ ‘ਵਿਗਿਆਨਕ ਖੋਜ’ ਹੈ ਜਦੋਂ ਕਿ ਗਦਰ ਪਾਰਟੀ ਦੇ ਸੰਵਿਧਾਨ ਅਤੇ ਇਤਿਹਾਸ ਵਿੱਚ ਧਰਮ ਅਧਾਰਿਤ ਵਖਰੇਵਾਂ ਕਿਤੇ ਵੀ ਨਹੀਂ ਹੈ, ਸਗੋਂ ਸਾਰੇ ਗਦਰੀ ਧਰਮ ਨਿਰਪੱਖ ਅਸੂਲਾਂ ਦੇ ਧਾਰਨੀ ਸਨ।

ਵਿਸ਼ੇ ਵੱਲ ਪਰਤਦੇ ਹਾਂ, ਹਿਟਲਰ ਦੇ ਪ੍ਰਾਪੇਗੰਡਾ ਮੰਤਰੀ ‘ਗੋਬੇਲਜ਼’ ਦੇ ਹਮਰਾਜ਼ ਤੇ ਹਮਰਾਹ, ਇਸ ਕਿਸਮ ਦੇ ਵਿਦਵਾਨ ਲੋਕ ਅੰਗਰੇਜ਼ ਸਾਮਰਾਜੀਆਂ ਅਤੇ ਗੁਲਾਮੀ ਤੇ ਬ੍ਰਿਟਿਸ਼ ਬਰਬਰਤਾ ਦੇ ਸ਼ਿਕਾਰ ਪਸ਼ਤੂਨਾਂ ਵਿਚਕਾਰ ਦੀ ਇਸ ਲੜਾਈ ਨੂੰ ਸਿੱਖਾਂ ਤੇ ਮੁਸਲਮਾਨਾਂ (ਪਠਾਨਾਂ) ਵਿਚਲੀ ਲੜਾਈ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਲੋਕਾਂ ਦੀ ਧਾਰਮਿਕਤਾ ਦਾ ਫਾਇਦਾ ਉੱਠਾ ਕੇ ਦੂਸਰੇ ਫਿਰਕਿਆਂ ਨਾਲੋਂ ਉੱਤਮਤਾ ਤੇ ਨਫ਼ਰਤ ਦੀ ਭਾਵਨਾ ਲੋਕਾਂ ਦੇ ਮਨਾਂ ਵਿੱਚ ਭਰਨ ਅਤੇ ਮਾਨਸਿਕ ਤੌਰ ‘ਤੇ ਗੁਲਾਮੀ ਕਰਨ, ਚੁੱਪ-ਚਾਪ ਵਿਸ਼ਵਾਸ ਕਰਨ ਤੇ ਛਾਣਬੀਨ ਨਾ ਕਰਨ ਦੀ ਰੁਚੀ ਨੂੰ ਲੋਕਾਂ ਦੇ ਦਿਮਾਗਾਂ ਵਿੱਚ ਭਰਦੇ ਹਨ।

ਅੰਗਰੇਜ਼ਾਂ ਨੇ ਵੀ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਆਪਣੇ ਪ੍ਰਤੀ ਵਫਾਦਾਰੀ ਤੇ ਸਮਰਪਣ ਦੇ ਰੂਪ ਵਿੱਚ ਕੈਸ਼ ਕਰਨ ਲਈ ਖੂਬ ਪਰਪੰਚ ਰਚੇ। ਉਹਨਾਂ ਨੇ ਇਹਨਾਂ ਫੌਜੀਆਂ ਦੀ ‘ਬਹਾਦਰੀ’ ਦੀ ਯਾਦ ਵਿੱਚ ਤੇ ਬਹਾਦਰੀ (ਵਫਾਦਾਰੀ) ਦਾ ਪ੍ਰਚਾਰ ਕਰਨ ਲਈ ਤਿੰਨ ਗੁਰਦੁਆਰੇ ਬਣਾਏ ਇੱਕ ਸਾਰਾਗੜ੍ਹੀ ਦੀ ਲੜਾਈ ਦੇ ਸਥਾਨ ‘ਤੇ, ਦੂਜਾ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਲਾਗੇ ਤੇ ਤੀਜਾ ਫਿਰੋਜਪੁਰ ਛਾਉਣੀ ਵਿੱਚ। ਇਹ ਗੁਰਦੁਆਰੇ ਬਣਾਉਣ ਪਿੱਛੇ ਵੀ ਸਿੱਖ ਬੁੱਧੀਜੀਵੀ ਅੰਗਰੇਜ਼ਾਂ ਦੀ ਸਿੱਖਾਂ ਦੀ ਬਹਾਦਰੀ ਪ੍ਰਤੀ ਸ਼ਲਾਘਾ ਭਾਵਨਾ ਸਮਝਦੇ ਹਨ, ਪਰ ਇਹ ਵਿਦਵਾਨ ਇਹ ਸੋਚਣ ਲਈ ਦਿਮਾਗ ਤੇ ਕੋਈ ਬੋਝ ਨਹੀਂ ਪਾਉਂਦੇ ਕਿ ਜੇ ਅੰਗਰੇਜ਼ ਸਿੱਖਾਂ ਦੀ ਬਹਾਦਰੀ ਦੇ ਇੰਨੇ ਹੀ ਕਾਇਲ ਸਨ ਤਾਂ ਕੂਕਾ ਲਹਿਰ ਦੇ ਸ਼ਹੀਦਾਂ, ਗਦਰੀਆਂ, ਬੱਬਰ ਅਕਾਲੀ ਲਹਿਰ ਦੇ ਸ਼ਹੀਦ ਧੰਨਾ ਸਿੰਘ ਬੱਬਰ ਤੇ ਕਿਸ਼ਨ ਸਿੰਘ ਗੜਗੱਜ ਜਿਹੇ ਸਿੱਖਾਂ ਦੀ ਯਾਦ ‘ਚ ਤਾਂ ਅੰਗਰੇਜ਼ਾਂ ਨੇ ਕਦੇ ਇੱਕ ਇੱਟ ਵੀ ਨਹੀਂ ਲਾਈ, ਸਗੋਂ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੀ ਕੀਤੀਆਂ।

ਦੂਜੀ ਕਿਸਮ ਦੇ ਵਿਦਵਾਨ ਵੀ ਕਾਫ਼ੀ ਗਿਣਤੀ ਵਿੱਚ ਪਾਏ ਜਾਂਦੇ ਹਨ ਇਹਨਾਂ ਵਿੱਚ ਵੀ ਸਿੱਖ ਵਿਦਵਾਨ ਹੀ ਜ਼ਿਆਦਾ ਹਨ। ਪਹਿਲਿਆਂ ਨਾਲੋਂ ਇਹਨਾਂ ਵਿੱਚ ਫਰਕ ਇਹ ਹੈ ਕਿ ਇਹ ਜ਼ੁਬਾਨੀ ਕਸਰਤ ਕਰਦੇ ਹੋਏ ਆਜ਼ਾਦੀ ਲਹਿਰ ‘ਚ ਕੁਰਬਾਨੀਆਂ ਕਰਨ ਵਾਲੇ ਦੇਸ਼-ਭਗਤਾਂ ਦੀ ਕੁਰਬਾਨੀ ਤੋਂ ਮੁਨਕਰ ਨਹੀਂ ਹੁੰਦੇ, ਮੌਕੇ ਅਨੁਸਾਰ ਦੋਵਾਂ ਨੂੰ ਹੀ, ਅੰਗਰੇਜ਼ਾਂ ਦੇ ਵਫਾਦਾਰ ਅਤੇ ਅੰਗਰੇਜ਼ਾਂ ਖਿਲਾਫ ਝੰਡਾ ਬੁਲੰਦ ਕਰਨ ਵਾਲੇ ਭਾਰਤੀਆਂ ਨੂੰ ਸ਼ਹੀਦ ਐਲਾਨ ਦਿੰਦੇ ਹਨ। ਪਰ ਇਹ ਵੀ ਪ੍ਰਧਾਨ ਤੌਰ ਭਾਰਤੀ ਲੋਕਾਂ ਤੇ ਨੌਜਵਾਨਾਂ ਨੂੰ ਬਹਾਦਰੀ ਤੇ ਕਰਤਵ-ਪਾਲਨ ਦਾ ਸਬਕ ਸਿੱਖਣ ਲਈ ਸਾਰਾਗੜ੍ਹੀ ਤੋਂ ਪ੍ਰੇਰਨਾ ਲੈਣ ਦੀ ਹੀ ਗੱਲ ਕਰਦੇ ਹਨ। ਇਹ ਆਪਣਾ ਇਹ ਸਟੈਂਡ ਵੀ ਸਪਸ਼ਟ ਨਹੀਂ ਕਰਦੇ ਕਿ ਕਿਹੜੇ ਸ਼ਹੀਦਾਂ ਨੂੰ ਸਹੀ ਮੰਨਦੇ ਹਨ ਰਾਣੀ ਮਲਕਾ ਦੇ ਪ੍ਰਤੀ ਵਫਾਦਾਰੀ ਤੇ ਸਮਰਪਣ ਕਰਨ ਵਾਲਿਆਂ ਨੂੰ ਜਾਂ ਫਿਰ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਲਈ ਬਿਨਾਂ ਕਿਸੇ ਵਿਅਕਤੀਗਤ ਫਾਇਦੇ ਦੇ ਆਮ ਲੋਕਾਂ ਲਈ ਜਾਨਾਂ ਵਾਰਨ ਵਾਲਿਆਂ ਨੂੰ।

ਇਹਨਾਂ ਦੂਸਰੀ ਕਿਸਮ ਦੇ ਕਲ਼ਮੀ ਯੋਧਿਆਂ ਵਿੱਚੋਂ ਬਹੁਤੇ ਪੂੰਜੀਵਾਦੀ ਲੁੱਟ ‘ਤੇ ਅਧਾਰਿਤ ‘ਕਾਲੇ ਅੰਗਰੇਜ਼ਾਂ’ ਦੇ ਨਿਜ਼ਾਮ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਚੁੱਕੇ ਹਨ। ਇਹਨਾਂ ਦੇ ਹਿੱਤ ਆਮ ਮਿਹਨਤਕਸ਼ ਲੋਕਾਂ ਨਾਲੋਂ ਟੁੱਟ ਕੇ ਪੂੰਜੀਵਾਦੀ ਲੁੱਟ ਨਾਲ਼ ਜੁੜ ਚੁੱਕੇ ਹਨ, ਇਸ ਲਈ ‘ਜਿਸ ਦਾ ਖਾਈਏ, ਉਸੇ ਦਾ ਗੁਣ ਗਾਈਏ’ ਅਨੁਸਾਰ ਪੂੰਜੀਵਾਦੀ ਢਾਂਚੇ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਗੁਲਾਮੀ ਅਤੇ ਲੁੱਟ ਖਿਲਾਫ ਲੜਨ ਵਾਲੇ ਦੇਸ਼ ਭਗਤਾਂ ਦੇ ਨਾਲ਼ ਨਾਲ਼ ਜਾਂ ਉਹਨਾਂ ਦੀ ਥਾਂ ਅਜਿਹੇ ਨਾਇਕਾਂ ਦੀ ਸਥਾਪਨਾ ਸਮਾਜ ਅੰਦਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ‘ਲਕੀਰ ਦੇ ਫਕੀਰ’ ਵਾਲੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਦੇ ਹੋਣ, ਤਨਖਾਹਦਾਰ ਮੁਲਾਜਮਾਂ ਵਾਲੀ ਵਫਾਦਾਰੀ ਨੂੰ ਬਹਾਦਰੀ ਬਣਾ ਕੇ ਪੇਸ਼ ਕਰਦੇ ਹੋਣ, ਜਿਹਨਾਂ ਲਈ ਕਰਤਵ-ਪਾਲਣ ਦਾ ਮਤਲਬ ਸਿਰ ਝੁਕਾ ਕੇ ਹੁਕਮ ਮੰਨਣ ਤੋਂ ਬਿਨਾਂ ਕੁਝ ਨਾ ਹੋਵੇ ਅਤੇ ਜਿਹਨਾਂ ਲਈ ਪਰੰਪਰਾ ਦੀ ਰਾਖੀ ਦਾ ਮਤਲਬ ਹਰ ਤਰ੍ਹਾਂ ਦੇ ਪੁਰਾਣੇ ਰੀਤੀ ਰਿਵਾਜਾਂ ਪ੍ਰਤੀ ਆਲੋਚਨਾਤਮਕ ਨਜ਼ਰੀਆ ਅਪਣਾਉਣ ਦੀ ਥਾਂ ਸ਼ਰਧਾਭਾਵ ਪੈਦਾ ਕਰਨਾ ਹੋਵੇ। ਭਗਤ ਸਿੰਘ ਵਰਗੇ ਸ਼ਹੀਦਾਂ ਨੂੰ ਇਹ ਉਨਾ ਕੁ ਹੀ ਯਾਦ ਕਰਦੇ ਹਨ, ਜਿੰਨੀ ਕੁ ਕਾਲੇ ਅੰਗਰੇਜ਼ਾਂ ਨੂੰ ਯਾਦ ਆਉਂਦੀ ਹੈ।

ਕੁਝ ਹੋਰ ਗੱਲਾਂ

ਅਕਸਰ ਅਖ਼ਬਾਰਾਂ/ਮੈਗਜ਼ੀਨਾਂ/ਇੰਟਰਨੈੱਟ ‘ਤੇ ਇਹ ਪੜ੍ਹਨ ਨੂੰ ਮਿਲਦਾ ਹੈ ਸਾਰਾਗੜ੍ਹੀ ਦੀ ਲੜਾਈ ਯੂਨੈਸਕੋ ਦੁਆਰਾ ਛਾਪੀ ਗਈ ਅੱਠ ਅਜਿਹੀਆਂ ਲ਼ੜਾਈਆਂ ਦੀ ਸੂਚੀ ਵਿੱਚ ਸ਼ਾਮਿਲ ਕੀਤੀ ਹੈ ਜਿਸ ਵਿੱਚ ਮਨੁੱਖਾਂ ਨੇ ਲਾਮਿਸਾਲ ਬਹਾਦਰੀ ਪੇਸ਼ ਕੀਤੀ। ਇਸੇ ਸੂਚੀ ਦੇ ਅਧਾਰ ‘ਤੇ ਸਾਰਾਗੜ੍ਹੀ ਦੀ ਲੜਾਈ ਦੀ ‘ਥਰਮੋਪਾਈਲ ਦੀ ਲੜਾਈ’ ਦੀ ਲੜਾਈ ਨਾਲ਼ ਤੁਲਨਾ ਕੀਤੀ ਜਾਂਦੀ ਹੈ।

ਇੱਥੇ ਇੱਕ ਵਾਰੇ ਫੇਰ, ਬੜੀ ਚਲਾਕੀ ਨਾਲ਼ ਲੜਾਈ ਦੇ ਉਦੇਸ਼ ਅਤੇ ਚਰਿੱਤਰ ਨੂੰ ਨਿਖੇੜ ਕੇ ਪੇਸ਼ ਕੀਤਾ ਜਾਂਦਾ ਹੈ। ‘ਥਰਮੋਪਾਈਲ ਦੀ ਲੜਾਈ’ ਦੋ ਯੂਨਾਨੀ ਗਣਰਾਜਾਂ ਸਪਾਰਟਾ ਤੇ ਏਥਨਜ਼ ਦੇ ਫੌਜੀਆਂ ਅਤੇ ਪਰਸ਼ੀਆ ਸਲਤਨਤ ਵਿਚਕਾਰ 480 ਈ. ਪੂ. ਵਿੱਚ ਲੜੀ ਗਈ। ਪਰਸ਼ੀਆ ਦਾ ਰਾਜਾ ਲੱਖਾਂ ਦੀ ਫੌਜ ਲੈ ਕੇ ਸਪਾਰਟਾ ਤੇ ਏਥਨਜ਼ ‘ਤੇ ਹਮਲਾ ਬੋਲ ਦਿੰਦਾ ਹੈ ਕਿਉਂਕਿ ਇਹਨਾਂ ਦੋ ਗਣਰਾਜਾਂ ਨੇ ਉਸ ਦੀ ਅਧੀਨਗੀ ਮੰਨਣੋਂ ਇਨਕਾਰ ਕਰ ਦਿੱਤਾ ਸੀ। 300 ਦੇ ਕਰੀਬ ਯੂਨਾਨੀ ਜੰਗਜੂ ਥਰਮੋਪਾਈਲ ਦੇ ਦੱਰੇ ਤੇ ਪਰਸ਼ੀਆ ਦੀ ਫੌਜ ਨੂੰ ਰੋਕ ਕੇ ਰੱਖਣ ਲਈ ਮੋਰਚੇ ਸੰਭਾਲਦੇ ਹਨ ਅਤੇ ਚਾਰ ਦਿਨਾਂ ਤੱਕ ਪਰਸ਼ੀਆ ਦੀ ਫੌਜ ਨੂੰ ਅੱਗੇ ਵਧਣ ਤੋਂ ਰੋਕੀ ਰੱਖਦੇ ਹਨ। ਇੱਥੇ ‘ਬਹਾਦਰੀ’ ਆਪਣੀ ਮਾਤਭੂਮੀ ਦੀ ਹਮਲਾਵਰ ਤੋਂ ਹਿਫ਼ਾਜ਼ਤ ਕਰਨ ਲਈ ਦਿਖਾਈ ਗਈ ਜਦੋਂ ਕਿ ਅਸੀਂ ਦੇਖਿਆ ਹੀ ਹੈ ਕਿ ਸਾਰਾਗੜ੍ਹੀ ਦੇ ਸਬੰਧ ਵਿੱਚ ਸਥਿਤੀ ਬਿਲਕੁਲ ਉਲਟ ਹੈ। ਭਗਤ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਜੇ ਉਦੇਸ਼ ਨੂੰ ਪਾਸੇ ਰੱਖ ਦੇਈਏ ਤਾਂ ਅਪਰਾਧੀ ਨੂੰ ਫਾਂਸੀ ਦੀ ਸਜਾ ਸੁਣਾਉਣ ਵਾਲਾ ਜੱਜ ਵੀ ਕਾਤਲ ਹੋਵੇਗਾ, ਇਸੇ ਤਰ੍ਹਾਂ ਬਹਾਦਰੀ ਦੀ ਆਪਣੇ ਆਪ ਵਿੱਚ ਕੋਈ ਨਿਖੜਿਆ ਵਰਤਾਰਾ ਨਹੀਂ, ਸਗੋਂ ਉਸ ਨੂੰ ਵੀ ਉਦੇਸ਼ ਨਾਲ਼ ਹੀ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਬਹਾਦਰ ਕੋਈ ਚੋਰ/ਡਾਕੂ ਵੀ ਹੋ ਸਕਦਾ ਹੈ, ਤਾਂ ਕੀ ਸਾਡੇ ਲੋਕ ਉਹਨਾਂ ਤੋਂ ਵੀ ਬਹਾਦਰੀ ਤੇ ਕਰਤਵ-ਪਾਲਣ ਦੀ ਗੁੜਤੀ ਲੈਣੀ ਸ਼ੁਰੂ ਕਰ ਦੇਣ। ਇਸ ਤਰ੍ਹਾਂ ‘ਥਰਮੋਪਾਈਲ ਦੀ ਲੜਾਈ’ ਦੇ ਯੂਨਾਨੀ ਜੰਗਜੂ ਤਾਂ ਸਾਡਾ ਪ੍ਰੇਰਨਾਸ੍ਰੋਤ ਹੋ ਸਕਦੇ ਹਨ, ਪਰ ਸਾਰਾਗੜ੍ਹੀ ਦੇ ਬ੍ਰਿਟਿਸ਼ ਭਾਰਤੀ ਫੌਜੀ ਤਾਂ ਬਿਲਕੁਲ ਨਹੀਂ।

ਅੱਜ ਦੇ ਸਮੇਂ ਵਿੱਚ, ਜਦੋਂ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਲੋਕਾਂ ਦੀ ਚੇਤਨਾ ਨੂੰ ਖੁੰਡਾ ਕਰਨ ਤੇ ਉਹਨਾਂ ਦੀ ਮਾਨਸਿਕ ਗੁਲਾਮੀ ਦੀ ਹਾਲਤ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਪਿਛਾਖੜੀ ਤਾਕਤਾਂ ਰਲ ਮਿਲ ਕੇ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਹਨ, ਅਜਿਹੇ ਸਮੇਂ ਵਿੱਚ ਇਤਿਹਾਸ ਦੀ ਸਹੀ ਪੇਸ਼ਕਾਰੀ, ਇਤਿਹਾਸ ਪ੍ਰਤੀ ਤਰਕਸ਼ੀਲ ਪਹੁੰਚ ਨੂੰ ਵਿਕਸਿਤ ਕਰਨ ਦੀ ਅਤੇ ਲੋਕਾਂ ਦੇ ਅਸਲੀ ਨਾਇਕਾਂ ਦੀ ਕਹਾਣੀ ਤੇ ਵਿਚਾਰਾਂ ਨੂੰ ਲੋਕਾਂ ਤੇ ਨੌਜਵਾਨਾਂ ਵਿੱਚ ਲੈ ਕੇ ਜਾਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ। ਲੋਕਾਂ ਤੱਕ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਤੇ ਵਿਚਾਰਧਾਰਾ, ਗਦਰੀਆਂ ਦੀ ਕੁਰਬਾਨੀ ਤੇ ਵਿਚਾਰਧਾਰਾ, ਗਦਰੀਆਂ ਨਾਲ਼ ਮਿਲ ਕੇ ਪਹਿਲੀ ਸੰਸਾਰ ਜੰਗ ਦੌਰਾਨ ਅੰਗਰੇਜ਼ੀ ਗੁਲਾਮੀ ਖਿਲਾਫ਼ ਬਗਾਵਤ ਕਰਨ ਵਾਲੇ ਫਿਰੋਜਪੁਰ ਛਾਉਣੀ ਤੇ ਰਾਵਲਪਿੰਡੀ ਦੀ ਬਹਾਦਰ ਪਠਾਨ ਰੈਜਮੈਂਟ, ਜਿਸ ਨੇ ਇਰਾਕ ਵਿੱਚ ਜਾ ਕੇ ਅੰਗਰੇਜ਼ਾਂ ਲਈ ਲੜਨੋਂ ਨਾਂਹ ਕਰ ਦਿੱਤੀ ਸੀ, ਦੀ ਬਹਾਦਰੀ ਦੀ ਕਹਾਣੀ, ਸਿੰਘਾਪੁਰ ਦੇ ਬਾਗੀ ਫੌਜੀਆਂ ਦੀ ਕਹਾਣੀ, ਰਾਇਲ ਨੇਵੀ ਬਗਾਵਤ ਦੇ ਮਹਾਨ ਸਪੂਤਾਂ ਦੀ ਕਹਾਣੀ ਲੋਕਾਂ ਵਿੱਚ ਲੈ ਕੇ ਜਾਣੀ ਹੋਵੇਗੀ। ਇੱਕ ਵਧੀਆਂ ਤੇ ਨਰੋਆ, ਲੁੱਟ-ਖਸੁੱਟ ਰਹਿਤ ਸਮਾਜ ਸਿਰਜਣ ਲਈ ਭਾਰਤ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਮਾਨਸਿਕ ਗੁਲਾਮੀ ਦੇ ਜੂਲੇ ਨੂੰ, ਚਾਹੇ ਉਹ ਕਿਸੇ ਰੂਪ ਵਿੱਚ ਹੋਵੇ

-ਡਾ. ਅੰਮ੍ਰਿਤ