ਕੀ ਖਾਈਏ ਤੇ ਕੀ ਨਾ ਖਾਈਏ?

ਕੀ ਖਾਈਏ ਤੇ ਕੀ ਨਾ ਖਾਈਏ?

ਕੀ ਖਾਈਏ ਤੇ ਕੀ ਨਾ ਖਾਈਏ?

ਕੀ ਖਾਈਏ ਤੇ ਕੀ ਨਾ ਖਾਈਏ? ਇਸ ਪ੍ਰਸ਼ਨ ਦੇ ਉੱਤਰ ਲਈ ਅੱਜ ਹਰ ਸ਼ਖ਼ਸ ਦੁਚਿੱਤੀ ਜਿਹੀ ਵਿਚ ਹੈ। ਇਸ ਬਾਰੇ ਟੀ.ਵੀ., ਅਖ਼ਬਾਰਾਂ ਅਤੇ ਮੈਗਜ਼ੀਨਾਂ ਨੂੰ ਜੇਕਰ ਛੱਡ ਵੀ ਦੇਈਏ ਤਾਂ ਸੋਸ਼ਲ ਮੀਡੀਆ ਉੱਤੇ ਹੀ ਹਰ ਰੋਜ਼ ਇੰਨੇ ਸੁਨੇਹੇ ਪੜ੍ਹਨ, ਸੁਣਨ ਅਤੇ ਦੇਖਣ ਨੂੰ ਮਿਲਦੇ ਹਨ ਕਿ ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਅਸੀਂ ਜੋ ਖਾ-ਪੀ ਰਹੇ ਹਾਂ, ਸਾਨੂੰ ਖਾਣਾ-ਪੀਣਾ ਚਾਹੀਦਾ ਵੀ ਹੈ ਜਾਂ ਫਿਰ ਨਹੀਂ। ਕੀ ਸਾਡਾ ਭੋਜਨ ਸਹੀ ਅਰਥਾਂ ਵਿਚ ਸੰਤੁਲਿਤ ਹੈ ਜਾਂ ਫਿਰ ਨਹੀਂ?
ਗੱਲ ਇਹ ਹੈ ਕਿ ਅਸੀਂ ਤਾਂ ਖਾਣ-ਪੀਣ ਪ੍ਰਤੀ ਆਪਣੀ ਚੇਤਨਾ ਦਾ ਇਸਤੇਮਾਲ ਕਰਕੇ ਕੁਝ ਹੱਦ ਤੱਕ ਆਪਣੇ-ਆਪ ਨੂੰ ਸੁਰੱਖਿਅਤ ਕਰ ਲਿਆ ਪਰ ਉਨ੍ਹਾਂ ਮਾਸੂਮਾਂ ਦੀ ਸੁਰੱਖਿਆ ਬਾਰੇ ਜ਼ਿੰਮੇਵਾਰੀ ਕਿਸ ਦੀ ਲਗਾਈਏ, ਜੋ ਚੰਗਾ-ਮਾੜਾ ਜਾਂਚ ਹੀ ਨਹੀਂ ਸਕਦੇ। ਅਜੋਕੀ ਪੀੜ੍ਹੀ ਦੇ ਬੱਚੇ ਇਸ ਪੱਖੋਂ ਖੁਸ਼ਕਿਸਮਤ ਹਨ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਬਹੁਤ ਹੀ ਵਧੀਆ ਢੰਗ ਨਾਲ, ਆਧੁਨਿਕ ਸੁੱਖ-ਸਹੂਲਤਾ ਦੀ ਛਾਵੇਂ, ਪੜ੍ਹੇ-ਲਿਖੇ ਮਾਤਾ-ਪਿਤਾ ਦੀ ਸਰਪ੍ਰਸਤੀ ਹੇਠ ਹੁੰਦਾ ਹੈ ਪਰ ਇਸੇ ਆਧੁਨਿਕ ਯੁੱਗ ਦੀ ਦੇਣ ਬਾਜ਼ਾਰ ਵਿਚ ਉਪਲਬਧ ਤਰ੍ਹਾਂ-ਤਰ੍ਹਾਂ ਦੇ ਆਕਰਸ਼ਣ ਭਰਪੂਰ ਪੈਕਟਾਂ ਅਤੇ ਡੱਬਿਆਂ ਅੰਦਰ ਬੰਦ ਜ਼ਹਿਰ ਇਸ ਪੀੜ੍ਹੀ ਦੇ ਮਾਸੂਮ ਬੱਚਿਆਂ ਨੂੰ ਕਿਸੇ ਸ਼ਾਤਰ (ਤੇਜ਼-ਤਰਾਰ) ਸ਼ਿਕਾਰੀ ਦੀ ਤਰ੍ਹਾਂ (ਘਾਤ ਲਗਾ ਕੇ) ਆਪਣਾ ਸ਼ਿਕਾਰ ਬਣਾ ਰਹੇ ਹਨ। ਖਾਣੇ ਦਾ ਮਿਲਾਵਟੀ ਹੋਣਾ ਆਪਣੇ-ਆਪ ਵਿਚ ਸਾਡੇ ਸਮਾਜ ਦੇ ਮੱਥੇ ਉੱਤੇ ਇਕ ਕਲੰਕ ਹੈ। ਇਨ੍ਹਾਂ ਕੋਮਲ ਅਤੇ ਮਾਸੂਮ ਦਿਮਾਗਾਂ ਨੂੰ ਇਨ੍ਹਾਂ ਜ਼ਹਿਰਾਂ ਅਤੇ ਮਿਲਾਵਟਖੋਰੀ ਤੋਂ ਕਿਸ ਤਰ੍ਹਾਂ ਬਚਾਇਆ ਜਾਵੇ? ਇਹ ਸਾਡੇ ਸਾਰਿਆਂ ਦੇ ਸੋਚਣ ਦਾ ਵਿਸ਼ਾ ਹੈ, ਕੀ ਸਾਡੇ ਅੱਜ ਦੇ ਮਾਤਾ-ਪਿਤਾ, ਅਧਿਆਪਕ ਅਤੇ ਸਮਾਜ ਆਪਣੀ ਇਹ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਰਹੇ ਹਨ? ਅੱਜ ਬਾਜ਼ਾਰਾਂ ਵਿਚ ਪੈਕਟਬੰਦ ਅਤੇ ਡੱਬਾਬੰਦ ਕਿੰਨੀ ਹੀ ਤਰ੍ਹਾਂ ਦੇ ਆਕਰਸ਼ਕ ਜ਼ਹਿਰ ਉਪਲਬਧ ਹਨ। ਇਨ੍ਹਾਂ ਨੂੰ ਅਸੀਂ ਨਾਸਮਝ ਕਹਿ ਸਕਦੇ ਹਾਂ, ਪਰ ਮਾਪੇ ਇਸ ਗੱਲੋਂ ਸੁਚੇਤ ਹੋਣ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਤਰ੍ਹਾਂ ਖੁੱਲ੍ਹੇ ਤਿਆਰ ਹੋ ਕੇ ਵਿਕਦੇ ਸਾਮਾਨ ਦੇ ਸਫ਼ਾਈ ਮਾਪਦੰਡਾਂ ਅਤੇ ਗੁਣਵੱਤਾ ਦਾ ਕੋਈ ਅਤਾ-ਪਤਾ ਹੀ ਨਹੀਂ ਕਿ ਉਹ ਕਿਹੋ ਜਿਹੀ ਥਾਂ ਤੋਂ ਤਿਆਰ ਹੋ ਕੇ ਰੇਹੜੀ ‘ਤੇ ਪੁੱਜੇ ਹਨ। ਫਿਰ ਰੇਹੜੀ ‘ਤੇ ਸਾਰਾ ਦਿਨ ਤਿਆਰ ਕਰਨ ਸਮੇਂ ਉਸ ਵਿਚ ਮਿਲਦੇ ਮਿੱਟੀ ਦੇ ਕਣਾਂ ਨੂੰ ਅਲੱਗ ਕਰਨਾ ਤੇ ਪਛਾਣਨਾ ਬਹੁਤ ਹੀ ਔਖਾ ਹੈ ਪਰ ਏਨਾ ਤਾਂ ਸਾਨੂੰ ਪਤਾ ਹੀ ਹੈ ਕਿ ਧੂੜ ਭਰੇ ਇਨ੍ਹਾਂ ਖਾਧ ਪਦਾਰਥ ਦਾ ਨੁਕਸਾਨ ਪੱਕਾ ਹੋਵੇਗਾ। ਪੈਕਟਾਂ ਵਿਚ ਬੰਦ ਇਹ ਚਟਪਟੀਆਂ ਚੀਜ਼ਾਂ ਜਿੱਥੇ ਮਾਸੂਮ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਦੀਆਂ ਹਨ ਉੱਥੇ ਹੀ ਕੁਦਰਤ ਦਾ ਵੀ ਘਾਣ ਕਰਦੀਆਂ ਹਨ। ਪੈਕਿੰਗ ਲਈ ਵਰਤਿਆ ਜਾਂਦਾ ਪਦਾਰਥ ਧਰਤੀ ਮਾਂ ਦੀ ਹਿੱਕ ਅੰਦਰ ਅਨੇਕਾਂ ਹੀ ਜ਼ਹਿਰੀਲੀਆਂ ਗੈਸਾਂ ਘੋਲਦਾ ਹੈ।
ਦੂਜਾ ਇਹ ਨਾ-ਗਲਣਯੋਗ ਹੋਣ ਕਰਕੇ ਹਜ਼ਾਰਾਂ ਸਾਲ ਪ੍ਰਦੂਸ਼ਣ ਦਾ ਕਾਰਨ ਬਣਿਆ ਰਹਿੰਦਾ ਹੈ। ਅੱਜ ਬੱਚਿਆਂ ਲਈ ਸਾਹ ਦੀਆਂ, ਪੇਟ ਦੀਆਂ, ਛੋਟੀ ਅੰਤੜੀ, ਵੱਡੀ ਅੰਤੜੀ, ਗੁਰਦੇ, ਫੇਫੜਿਆਂ ਦੀਆਂ, ਇੱਥੋਂ ਤੱਕ ਕਿ ਕੈਂਸਰ ਵਰਗੀਆਂ ਬਿਮਾਰੀਆਂ ਸਭ ਇਨ੍ਹਾਂ ਪੈਕਿਟਾਂ ਵਿਚ ਬੰਦ ਮਿਲ ਰਹੀਆਂ ਹਨ। ਖ਼ੁਸ਼ੀ-ਖ਼ੁਸ਼ੀ ਖਰੀਦੀ ਜਾਓ ਤੇ ਬੱਚਿਆਂ ਨੂੰ ਵੰਡੀ ਜਾਓ। ਬੱਚੇ ਇੰਨੇ ਸਮਝਦਾਰ ਤੇ ਸਿਆਣੇ ਨਹੀਂ ਹਨ, ਪਰ ਮਾਤਾ-ਪਿਤਾ ਦਾ ਫਰਜ਼ ਹੈ ਉਨ੍ਹਾਂ ਨੂੰ ਚੰਗਾ-ਮਾੜਾ ਦੱਸਣਾ। ਇਸ ਫਾਸਟ ਫੂਡ ਜੋ ਕਿ ਅਸਲ ਵਿਚ ਬਹੁਤ ਹੌਲੀ ਪਚਣ ਵਾਲਾ ਜਾਂ ਨਾ ਪਚਣ ਵਾਲਾ ਹੁੰਦਾ ਹੈ, ਇਸ ਦੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਜਾਣੂ ਕਰਵਾਉਣਾ। ਮਾਪਿਆਂ ਦੇ ਕੰਮਕਾਜੀ ਹੋਣ ਕਾਰਨ ਉਨ੍ਹਾਂ ਕੋਲ ਬੱਚਿਆਂ ਨਾਲ ਸਮਾਂ ਬਿਤਾਉਣਾ ਤੇ ਉਹ ਨੂੰ ਖਵਾਉਣ ਲਈ ਸਮਾਂ ਨਹੀਂ ਰਿਹਾ, ਪਰ ਇਹ ਕਾਹਲ ਸਾਨੂੰ ਕਿਤੇ ਬਹੁਤੇ ਮਹਿੰਗੇ ਮੁੱਲ ਦੇ ਕੇ ਨਾ ਤਾਰਨੀ ਪੈ ਜਾਵੇ। ਬਚਪਨ ਵਿਚ ਹੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰੇਕ ਇਨਸਾਨ ਵਧੀਆ, ਸ਼ੁੱਧ ਅਤੇ ਗੁਣਵੱਤਾ ਭਰਪੂਰ ਚੀਜ਼ਾਂ ਦੀ ਵਿਕਰੀ ਅਤੇ ਖਰੀਦ ਦਾ ਹੁੰਗਾਰਾ ਭਰੇ। ਆਪਣੀ ਫੁਲਵਾੜੀ ਅੰਦਰ ਟਹਿਕਦੇ ਇਕ-ਇਕ ਜਾਂ ਦੋ-ਦੋ ਗੁਲਾਬਾਂ ਦੀ ਇੰਨੀ ਚੰਗੀ ਤਰ੍ਹਾਂ ਸੁਚੇਤ ਹੋ ਕੇ ਦੇਖਭਾਲ ਕਰੀਏ ਕਿ ਸਾਡਾ ਸਭ ਦਾ ਵਿਹੜਾ ਖੁਸ਼ੀਆਂ ਤੇ ਤੰਦਰੁਸਤੀਆਂ ਨਾਲ ਮਹਿਕਦਾ ਰਹੇ।