ਕਰਤਾਰਪੁਰ ਲਾਂਘਾ : ਪਾਕਿਸਤਾਨ ਦੀ ਹਾਮੀ ਪਿੱਛੋਂ ਹੁਣ ਨਜ਼ਰਾਂ ਮੋਦੀ ਸਰਕਾਰ ਵੱਲ

ਕਰਤਾਰਪੁਰ ਲਾਂਘਾ : ਪਾਕਿਸਤਾਨ ਦੀ ਹਾਮੀ ਪਿੱਛੋਂ ਹੁਣ ਨਜ਼ਰਾਂ ਮੋਦੀ ਸਰਕਾਰ ਵੱਲ 

ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਪਾਕਿਸਤਾਨ ਨੇ ਹਾਮੀ ਭਰ ਦਿੱਤੀ ਹੈ ਤੇ ਹੁਣ ਸਿੱਖਾਂ ਦੀਆਂ ਨਜ਼ਰਾਂ ਮੋਦੀ ਸਰਕਾਰ ਵੱਲ ਹਨ। ਅਗਲੇ ਵਰ੍ਹੇ ਭਾਰਤ ਵਿਚ ਲੋਕ ਸਭਾ ਚੋਣਾਂ ਹਨ ਤੇ ਇਸ ਲਈ ਇਹ ਤੈਅ ਹੈ ਕਿ ਮੋਦੀ ਸਰਕਾਰ ਸਿੱਖਾਂ ਦੀ ਨਾਰਾਜ਼ਗੀ ਨਹੀਂ ਸਹੇੜੇਗੀ। ਇਸ ਲਈ ਪੂਰੀ ਉਮੀਦ ਹੈ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਲਈ ਵੱਡੀ ਖ਼ੁਸ਼ਖ਼ਬਰੀ ਛੇਤੀ ਹੀ ਆਉਣ ਵਾਲੀ ਹੈ।
ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸਿਰਫ ਪੌਣੇ ਦੋ ਮੀਲ ਦੇ ਸਫਰ ਲਈ ਪੌਣੀ ਸਦੀ ਦੀ ਉਡੀਕ ਕਿਉਂ ਕਰਨੀ ਪਈ? ਸਿੱਖਾਂ ਨੂੰ ਭਾਰਤ ਤੋਂ ਸਿਰਫ ਪੌਣੇ ਦੋ ਮੀਲ ਦੀ ਦੂਰੀ ਉਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਦੂਰਬੀਨ ਦੀ ਮਦਦ ਲੈਣੀ ਪਈ। ਅਸਲ ਵਿਚ, ਇਸ ਵਿਚ ਕੋਈ ਕਾਨੂੰਨੀ ਅੜਿੱਕਾ ਜਾਂ ਕਿਸੇ ਦੇਸ਼ ਦੀ ਕੌਮੀ ਸੁਰੱਖਿਆ ਨੂੰ ਢਾਹ ਲੱਗਣਾ ਦਾ ਸਵਾਲ ਨਹੀਂ ਸੀ, ਇਹ ਸਭ ਦੋਵਾਂ ਦੇਸ਼ਾਂ ਦੀਆਂ ਸਿਆਸੀ ਧਿਰਾਂ ਦੀ ਹੈਂਕੜ ਸੀ। ਪਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਤੇ ਇਥੋਂ ਦੇ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਨੇ ਇਸ ਮਸਲੇ ਨੂੰ ਨਵਾਂ ਮੋੜ ਦਿੱਤਾ। ਪਾਕਿਸਤਾਨ ਨੇ ਇਸ ਮੁਲਾਕਾਤ ਦੌਰਾਨ ਹਾਂ ਪੱਖੀ ਹੁੰਗਾਰਾ ਭਰਿਆ ਤੇ ਬਾਅਦ ਵਿਚ ਪੰਜਾਬ ਵਿਧਾਨ ਸਭਾ ‘ਚ ਇਸ ਸਬੰਧੀ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ। ਪਰ ਇਹ ਲਾਂਘਾ ਖੁੱਲ੍ਹਣ ਦਾ ਇਕੋ ਇਕ ਪ੍ਰੈਕਟੀਕਲ (ਵਿਹਾਰਕ) ਹੱਲ ਇਹ ਸੀ ਕਿ ਸਭ ਤੋਂ ਪਹਿਲਾਂ ਦੋਵੇਂ ਪਾਸੇ ਦੀਆਂ ਸਰਕਾਰਾਂ ਆਪਸ ਵਿਚ ‘ਮੈਮੋਰੰਡਮ ਆਫ ਅੰਡਰਸਟੈਡਿੰਗ’ ਭਾਵ ਇਸ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ਸਮਝੌਤਾ ਕਰਨ।
ਪਾਕਿ ਸਰਕਾਰ ਇਸ ਸਾਂਝੇ ਲਾਂਘੇ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਸਹਿਮਤੀ ਜ਼ਾਹਿਰ ਕਰ ਚੁੱਕੀ ਹੈ ਅਤੇ ਇਧਰ ਭਾਰਤ ਸਰਕਾਰ ਵੀ ਲੰਮੇ ਅਰਸੇ ਤੋਂ ਇਸ ਲਾਂਘੇ ਲਈ ਹਾਂ-ਪੱਖੀ ਹੁੰਗਾਰਾ ਭਰਦੀ ਆ ਰਹੀ ਹੈ। ਇਸ ਦੇ ਬਾਵਜੂਦ ਦੋਵੇਂ ਪਾਸੇ ਦੀਆਂ ਸਰਕਾਰਾਂ ਵੱਲੋਂ ਅਜੇ ਤੱਕ ਇਸ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ਸਮਝੌਤਾ ਨਾ ਕੀਤੇ ਜਾਣ ਕਾਰਨ ਇਹ ਅਤਿ ਜ਼ਰੂਰੀ ਅਤੇ ਮਹੱਤਵਪੂਰਨ ਕਾਰਜ ਸਿਰੇ ਨਹੀਂ ਚੜ੍ਹ ਸਕਿਆ ਹੈ। ਹੁਣ ਅਗਲੇ ਵਰ੍ਹੇ ਲੋਕ ਸਭਾ ਚੋਣਾਂ ਹਨ ਤੇ ਇਸ ਤੋਂ ਕੁਝ ਮਹੀਨੇ ਪਹਿਲਾਂ ਜਿਸ ਤਰ੍ਹਾਂ ਪਾਕਿਸਤਾਨ ਨੇ ਹਾਮੀ ਭਰੀ ਹੈ, ਇਸ ਪਿੱਛੋਂ ਭਾਰਤ ਸਰਕਾਰ ਕੋਲ ਵੀ”’ਹਾਂ’ ਤੋਂ ਬਿਨਾਂ ਕੋਈ ਰਾਹ ਨਹੀਂ। ਸਿਆਸੀ ਮਾਹਿਰ ਭਾਰਤ ਵੱਲੋਂ ਕੀਤੀ ਜਾ ਰਹੀ ਦੇਰੀ ਪਿੱਛੇ ਇਹ ਤਰਕ ਵੀ ਦੇ ਰਹੇ ਹਨ ਕਿ ਜੇਕਰ ਮੋਦੀ ਸਰਕਾਰ ਹੁਣ ਇਕਦਮ ‘ਹਾਂ’ ਕਰਦੀ ਹੈ ਤਾਂ ਸਾਰਾ ਸਿਹਰਾ ਕਾਂਗਰਸ ਸਰਕਾਰ ਨੂੰ ਜਾਵੇਗਾ। ਇਸ ਲਈ ਭਾਰਤ ਵਿਚ ਇਸ ਸਬੰਧੀ ਵੱਡੇ ਪੱਧਰ ਉਥੇ ਰਣਨੀਤੀ ਤਿਆਰ ਕਰਨ ਦੀਆਂ ਦੀ ਕੋਸ਼ਿਸ਼ਾਂ ਦੀ ਚਰਚਾ ਹੈ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿਥੋਂ ਜਾਤ-ਪਾਤ ਅਤੇ ਊਚ-ਨੀਚ ਦੇ ਹਨੇਰੇ ਵਿਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਪਾਸ ਪ੍ਰਸਥਾਨ ਕੀਤਾ। ਇਸ ਆਜ਼ਾਦ ਤੇ ਸਾਂਝੇ ਲਾਂਘੇ ਲਈ ਕੌਮਾਂਤਰੀ ਪੱਧਰ ‘ਤੇ ਪਹਿਲੀ ਵਾਰ ਸਾਲ 1999 ਵਿਚ ਇਹ ਮੁੱਦਾ ਉਦੋਂ ਉਭਰਿਆ ਜਦੋਂ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ‘ਤੇ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਦੌਰੇ ਉਤੇ ਗਏ। ਨਵੰਬਰ 2000 ‘ਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਉਤੇ ਲਾਹੌਰ ‘ਚ ਹੋਏ ਸੈਮੀਨਾਰ ‘ਚ ਐਲਾਨ ਕੀਤਾ ਗਿਆ ਕਿ ਪਾਕਿ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਤਰਫੋਂ ਡੇਰਾ ਬਾਬਾ ਨਾਨਕ ਲਈ ਸਾਂਝਾ ਲਾਂਘਾ ਬਣਾਉਣ ਲਈ ਤਿਆਰ ਹੈ, ਪਰ ਇਹ ਕਾਰਜ ਭਾਰਤ ਸਰਕਾਰ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਣ ‘ਤੇ ਹੀ ਸੰਭਵ ਹੋ ਸਕੇਗਾ।
ਸਿੱਧੂ ਨੇ ਮੰਗਿਆ ਵਿਦੇਸ਼ ਮੰਤਰੀ ਸੁਸ਼ਮਾ ਤੋਂ ਦਖਲ
ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲਾਂਘਾ ਖੋਲ੍ਹਣ ਲਈ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਦਖਲ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਪੱਤਰ ਲਿਖਿਆ ਹੈ। ਸ੍ਰੀ ਸਿੱਧੂ ਨੇ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਭਰੇ ਹੁੰਗਾਰੇ ਦਾ ਹਾਂ-ਪੱਖੀ ਜਵਾਬ ਦਿੰਦਿਆਂ ਇਸ ਕਾਰਜ ਨੂੰ ਸਿਰੇ ਚਾੜ੍ਹ ਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੰਡ ਸਮੇਂ ਪਾਕਿਸਤਾਨ ਵਿਚ ਰਹਿ ਗਏ ਇਤਿਹਾਸਿਕ ਗੁਰਦੁਆਰਿਆਂ ਵਿਚੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਲਗਭਗ 18 ਸਾਲ ਬਿਤਾਏ। ਗੁਰਦੁਆਰਾ ਸਾਹਿਬ ਕੌਮਾਂਤਰੀ ਸਰਹੱਦ ਦੇ ਬਹੁਤ ਨਜ਼ਦੀਕ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਲਾਂਘਾ ਤਿਆਰ ਕਰਨ ਦੀ ਪੇਸ਼ਕਸ਼
ਅੰਮ੍ਰਿਤਸਰ: ਪਾਕਿਸਤਾਨ ਦੀ ਨਵੀਂ ਬਣੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਲਾਂਘਾ ਖੋਲ੍ਹਣ ਦੀ ਦਿੱਤੀ ਸਹਿਮਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਲਈ ਰਜ਼ਾਮੰਦ ਹੁੰਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਇਹ ਲਾਂਘਾ ਬਣਾਉਣ ਲਈ ਤਿਆਰ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਸੰਗਤ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਇਸ ਮੰਗ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ ਲਾਂਘੇ ਨੂੰ ਬਿਨਾਂ ਵੀਜ਼ਾ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸਗੋਂ ਇਸ ਕਾਰਜ ਲਈ ਸਿਆਸਤ ਤੋਂ ਉਪਰ ਉਠ ਕੇ ਸਾਂਝੇ ਯਤਨ ਹੋਣੇ ਚਾਹੀਦੇ ਹਨ।