ਰਾਮ ਸਰੂਪ ਅਣਖੀ

ਰਾਮ ਸਰੂਪ ਅਣਖੀ 

ਜਨਮ : 28 ਅਗਸਤ 1932
ਸਥਾਨ : ਧੌਲਾ (ਜਿਲ੍ਹਾ ਬਰਨਾਲਾ, ਪੰਜਾਬ)
ਅਕਾਲ ਚਲਾਣਾ : 14 ਫਰਵਰੀ 2010 (ਉਮਰ 77) ਧੌਲਾ
ਕਾਰਜ-ਖੇਤਰ : ਅਧਿਆਪਣ, ਨਾਵਲਕਾਰ
ਜੀਵਨ-ਸਾਥੀ : ਸ਼ੋਭਾ ਅਣਖੀ

ਰਾਮ ਸਰੂਪ ਅਣਖੀ (28 ਅਗਸਤ 1932 – 14 ਫਰਵਰੀ 2010) ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ ਸਨ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਤੇ ਨਾਵਲਕਾਰ ਸਨ। 2009 ਵਿੱਚ ਉਨ੍ਹਾਂ ਨੂੰ ਬਿਹਤਰੀਨ ਸਾਹਿਤਕਾਰ ਇਨਾਮ ਨਾਲ ਸਨਮਾਨਿਆ ਗਿਆ ਸੀ। ਨਾਵਲਕਾਰ ਰਾਮ ਸਰੂਪ ਅਣਖੀ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਕੀਤਾ ਹੈ।
ਰਾਮ ਸਰੂਪ ਦਾ ਜਨਮ ਆਪਣੇ ਜੱਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ 28 ਅਗਸਤ 1932 ਨੂੰ ਹੋਇਆ।ਉਸ ਦਾ ਬਚਪਨ ਦਾ ਨਾਂ ਸਰੂਪ ਲਾਲ ਸੀ। ਚੌਥੀ ਜਮਾਤ ਤੱਕ ਉਹ ਆਪਣੇ ਪਿੰਡ ਹੀ ਪੜ੍ਹੇ ਅਤੇ ਪੰਜਵੀਂ ਹੰਡਿਆਇਆ ਤੋਂ, ਕੀਤੀ ਅਤੇ ਦਸਵੀਂ ਬਰਨਾਲੇ ਤੋਂ। ”ਨੌਵੀਂ ਵਿੱਚ ਪੜ੍ਹਦਿਆਂ ਹੀ ਉਸ ਨੇ ਆਪਣੇ ਮਿੱਤਰਾਂ ਦੋਸਤਾਂ ਨਾਲ ਮਿਲ ਕੇ ‘ਅਣਖੀ’ ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ। ਇਹ ਰਸਾਲਾ ਤਾਂ ਕਦੇ ਵੀ ਨਾ ਛਪ ਸਕਿਆ, ਪਰ ‘ਅਣਖੀ’ ਉਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁੜ ਗਿਆ।” ਅਣਖੀ ਨੂੰ ਮਾਲਵੇ ਦਾ ਇਕ ਅਜਿਹਾ ਢੱਗਾ ਕਹਿਣਾ ਜਿਸ ਨੇ ਪੰਜਾਬੀ ਸਾਹਿਤ ਦਾ ਧੁਰਾ ਆਪਣੀ ਸਿਰਜਣਾ ਦੇ ਬਲ, ਆਪਣੇ ਸਿੰਗ ‘ਤੇ ਸਰਕਾ ਲਿਆ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦਸਵੀਂ ਤੋਂ ਪਿੱਛੋਂ ਉਹਨੇ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ । ਅਣਖੀ ਦੀ ਪਹਿਲੀ ਸ਼ਾਦੀ ਪੰਜਵੀਂ ਵਿੱਚ ਪੜ੍ਹਦਿਆਂ ਅਹਿਮਦਪੁਰ ਦੀ ਸੋਮਾ ਨਾਲ ਹੋਈ ਸੀ ਜੋ 1952 ਵਿਚ ਚਲਾਣਾ ਕਰ ਗਈ। ਦਸੰਬਰ 1954 ਵਿਚ ਉਹਦਾ ਦੂਜਾ ਵਿਆਹ ਭਾਗਵੰਤੀ ਨਾਲ ਹੋਇਆ, ਜਿਸ ਨੇ ਉਸ ਨਾਲ ਨਵੰਬਰ 1976 ਤੱਕ ਸਾਥ ਨਿਭਾਇਆ ਪਰ ਬਰੇਨ ਟਿਊਮਰ ਨਾਲ ਮੌਤ ਹੋ ਗਈ।1977 ਵਿੱਚ ਉਹਨੇ ਆਪਣੀ ਇੱਕ ਮਰਾਠੀ ਪਾਠਕ ਸ਼ੋਭਾ ਪਾਟਿਲ ਨਾਲ ਅਜਮੇਰ, ਰਾਜਸਥਾਨ ਵਿਖੇ ਸ਼ਾਦੀ ਕਰ ਲਈ ਅਤੇ ਧੌਲੇ ਤੋਂ ਬਰਨਾਲੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ।1971 ਵਿਚ ਉਹਦੇ ਪਿਤਾ ਅਤੇ 1977 ਵਿਚ ਮਾਂ ਉਹਨੂੰ ਵਿਛੋੜਾ ਦੇ ਗਏ। 31 ਅਗਸਤ 1990 ਨੂੰ ਉਹ ਕਰੀਬ 26 ਸਾਲ ਦੀ ਨੌਕਰੀ ਕਰਨ ਪਿੱਛੋਂ ਸੇਵਾ ਮੁਕਤ ਹੋ ਗਿਆ । ਉਹਨੇ ਸਾਰੀ ਉਮਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦਾ ਵਿਸ਼ਾ ਪੜ੍ਹਾਇਆ, ਪਰ ਸਾਹਿਤ-ਸੇਵਾ ਉਹਨੇ ਪੰਜਾਬੀ ਦੀ ਕੀਤੀ ।[6]ਅਣਖੀ ਨੇ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਝੱਲੇ ਅਤੇ ਗਰੀਬੀ ਦੇਖੀ, ਪਰ ਦੋਸਤਾਂ ਨੂੰ ਅੰਤ ਤੱਕ ਮਾਣ ਸਤਿਕਾਰ ਦਿੰਦਾ ਰਿਹਾ। ਉਹਦੀ ਮਿੱਤਰ ਮੰਡਲੀ ਵਿੱਚ ਗੁਰਬਚਨ ਭੁੱਲਰ, ਗੁਰਦੇਵ ਰੁਪਾਣਾ, ਜੋਗਾ ਸਿੰਘ, ਓਮ ਪ੍ਰਕਾਸ਼ ਗਾਸੋ, ਹਰਭਜਨ ਹਲਵਾਰਵੀ ਅਤੇ ਸੁਖਮਿੰਦਰ ਭੱਠਲ ਸਨ। ਅਣਖੀ ਅੰਦਰ ਖੇਤੀ ਕਰਨ ਦੀ ਰੀਝ ਸੀ। ਅਣਖੀ ਨੇ ਐਮ ਏ ਪੰਜਾਬੀ ਕੀਤੀ ਪਰ ਘਰ ਦੇ ਹਾਲਾਤਾਂ ਕਾਰਨ ਪੀ ਐਚ ਡੀ ਨਾ ਕਰ ਸਕਿਆ। ਅਣਖੀ, ਸਦੀਕ ਤੇ ਚੇਤੂ ਵਰਗਿਆਂ ਨੂੰ ਆਪਣੇ ਸਾਹਿਤ ਦੇ ਪ੍ਰੇਰਣਾ ਸਰੋਤ ਮੰਨਦਾ ਸੀ। ‘ਅਣਖੀ’ ਆਪਣੇ ਨਾਂ ਨਾਲ ਉਦੋਂ ਤੋਂ ਜੋੜਨ ਲੱਗ ਪਿਆ, ਜਦੋਂ ਗੁਰਸੇਵੇ ਦੋਸਤ ਦੇ ਕਹਿਣ ‘ਤੇ ‘ਅਣਖੀ’ ਪਰਚਾ ਕੱਢਿਆ ਸੀ। ਪ੍ਰੋਫੈਸਰ ਮੋਹਣ ਸਿੰਘ ਦੇ ਕਹਿਣ ‘ਤੇ ਉਹ ਵਾਰਤਕ ਵੱਲ ਆਇਆ।
ਅਣਖੀ ਜੀ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ ਸੀ। ਪਹਿਲਾਂ -ਪਹਿਲਾਂ ਉਹਨੇ ‘ਬਿਮਲ’ ਅਤੇ ‘ਮਾਰਕੰਡਾ’ ਉਪਨਾਮਾਂ ਹੇਠ ਵੀ ਸ਼ਾਇਰੀ ਕੀਤੀ । ਦਸਵੀਂ ਤੋਂ ਪਿਛੋਂ ਉਹਨੇ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ । ‘ਲਲਕਾਰ’ ਵਿਚ ਉਸਦੀਆਂ ਕਈ ਕਵਿਤਾਵਾਂ ਛਪੀਆਂ । ‘ਮਟਕ ਚਾਨਣਾ’ ਅਤੇ ‘ਕਣਕ ਦੀ ਕਹਾਣੀ’ ਕਾਵਿ-ਸੰਗ੍ਰਹਿ 1957-58 ਵਿਚ ਪ੍ਰਕਾਸ਼ਿਤ ਹੋਏ। 1966 ਵਿਚ ਉਹਨੇ ਕਵਿਤਾ ਲਿਖਣੀ ਛੱਡ ਦਿੱਤੀ ਅਤੇ ਪਹਿਲਾ ਕਹਾਣੀ ਸੰਗ੍ਰਹਿ ‘ਸੁੱਤਾ ਨਾਗ’ ਇਸੇ ਸਾਲ ਪ੍ਰਕਾਸ਼ਿਤ ਹੋਇਆ । 1970 ਵਿਚ ਉਹਦਾ ਨਾਵਲ ‘ਪਰਦਾ ਤੇ ਰੋਸ਼ਨੀ’ ਛਪਿਆ । ਇਸ ਤਰ੍ਹਾਂ ਕੁੱਲ ਪੰਜ ਕਾਵਿ-ਸੰਗ੍ਰਹਿ ਅਤੇ ਉਸ ਤੋਂ ਬਾਅਦ 250 ਤੋਂ ਵੱਧ ਕਹਾਣੀਆਂ ਲਿਖੀਆਂ। ਜਿਨ੍ਹਾਂ ਵਿੱਚੋਂ ਲਗਪਗ ਸੌ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋ ਕੇ ‘ਸਾਰਿਕਾ’ ਅਤੇ ‘ਧਰਮਯੁੱਗ’ ਵਰਗੀਆਂ ਉਸ ਵੇਲੇ ਦੀਆਂ ਹਿੰਦੀ ਪੱਤ੍ਰਿਕਾਵਾਂ ਵਿਚ ਛਪੀਆਂ। ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ। ਪਰ ਖਾਸ ਪਛਾਣ ਇਨ੍ਹਾਂ ਦੀ ਨਾਵਲਕਾਰ ਦੇ ਤੌਰ ‘ਤੇ ਬਣੀ। ਪਹਿਲਾ ਨਾਵਲ 1970 ਵਿਚ ਛਪਿਆ। ਨਾਵਲ ‘ਕੋਠੇ ਖੜਕ ਸਿੰਘ’ ਲਈ 1987 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸ ਤੋਂ ਬਾਅਦ ਨਾਵਲ ‘ਪ੍ਰਤਾਪੀ’ ਵੀ ਖੂਬ ਚਰਚਿਤ ਰਿਹਾ। ਉਨ੍ਹਾਂ ਦੇ ਕਈ ਨਾਵਲ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਉਰਦੂ ਆਦਿ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਏ। 1993 ਤੋਂ ਤ੍ਰੈਮਾਸਕ ਪੱਤ੍ਰਿਕਾ ‘ਕਹਾਣੀ ਪੰਜਾਬ’ ਦਾ ਸੰਪਾਦਨ ਵੀ ਕਰ ਰਹੇ ਸਨ। ਅਣਖੀ ਜੀ ਵਿਗਿਆਨਕ ਸੋਚ ਦੇ ਧਾਰਨੀ ਇਕ ਪ੍ਰਤੀਬੱਧ ਅਤੇ ਆਪਣੇ ਲੋਕਾਂ, ਆਪਣੀ ਮਿੱਟੀ ਨਾਲ ਜੁੜੇ ਸਾਹਿਤਕਾਰ ਸਨ। ‘ਆਪਣੀ ਮਿੱਟੀ ਦੇ ਰੁੱਖ’ ਪੁਸਤਕ ਵਿਚ ਦਰਜ ਆਪਣੀ ਅੰਤਿਮ ਇੱਛਾ ਉਹਨਾਂ ਦੀ ਵਿਗਿਆਨਕ ਸੋਚ ਦੀ ਧਾਰਨੀ ਹੈ ਜੋ ਕਿ ਇਹ ਹੈ। ਅਣਖੀ ਦੇ ‘ਸੁਲਗਦੀ ਰਾਤ’ ਨਾਵਲ ਨੂੰ 1979 ਦੀ ਸਰਵੋਤਮ ਗਲਪ ਚੇਤਨਾ ਮੰਨ ਕੇ ਭਾਸ਼ਾ ਵਿਭਾਗ ਨੇ ਸਨਮਾਨਤ ਕੀਤਾ ਸੀ। ਅਣਖੀ ਸਮਾਜ ਅੰਦਰ ਮਨੋਵਿਗਿਆਨਕ ਬਿਰਤਾਂਤਕ ਪਰੰਪਰਾ ਦੀ ਹਾਜਰੀ ਲਗਾਉਣ ਵਾਲਾਂ ਲੇਖਕ ਹੈ। ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ। ਉਸ ਦੀ ਸਾਲਾਂ ਬੱਧੀ ਲਗਨ, ਮਿਹਨਤ, ਮੁਸ਼ੱਕਤ ਅਤੇ ਸਿਰੜ ਨੇ ਉਸ ਨੂੰ ਪ੍ਰਗਤੀਸ਼ੀਲਤਾ ਦੀ ਕੁਠਾਲੀ ਵਿੱਚ ਢਾਲ ਲਿਆ ਸੀ।
‘ਸਾਰੀ ਜ਼ਿੰਦਗੀ ਕਿਸੇ ਪਰਾਸਰੀਰਕ ਸ਼ਕਤੀ ਵਿਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮਨੁੱਖ ਹੈਸ਼ਮੈਂ ਧਾਰਮਿਕ ਨਹੀਂ ਹਾਂ। ਮੇਰੀ ਮੌਤ ਤੋਂ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਤੀਜੇ ਜਾਂ ਸੱਤਵੇਂ ਦਿਨ ਮੇਰੇ ਰਿਸ਼ਤੇਦਾਰ, ਦੋਸਤ, ਮੇਰੇ ਪਾਠਕ ਇਕੱਠੇ ਹੋਣ ਅਤੇ ਮੇਰੀਆਂ ਗੱਲਾਂ ਕਰਨ। ਇਹੀ ਮੇਰੇ ਲਈ ਵੱਡੀ ਸ਼ਰਧਾਂਜਲੀ ਹੋਵੇਗੀ।’. ਮਿੱਟੀ ਦੇ ਰੁੱਖ ਵਿੱਚੋ।
ਅਣਖੀ ਜੀ ਨੇ ‘ਕਹਾਣੀ ਪੰਜਾਬ’ ਵੱਲੋਂ ਬਹੁ-ਭਾਸ਼ੀ ਕਹਾਣੀ ਗੋਸ਼ਠੀਆਂ ਦਾ ਇਕ ਨਿਰੰਤਰ ਸਿਲਸਿਲਾ ਚਲਾਇਆ ਹੋਇਆ ਸੀ। ਤਾਂ ਕਿ ਪੰਜਾਬੀ ਦੇ ਨਵੇਂ ਕਹਾਣੀਕਾਰ ਹੋਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਦੇ ਸੰਪਰਕ ਵਿਚ ਆ ਕੇ ਕੁਝ ਸਿਖ ਸਕਣ। ਪੰਜਾਬੀ ਸਾਹਿਤਕਾਰਾਂ ਤੋਂ ਇਲਾਵਾ ਹਿੰਦੀ, ਉਰਦੂ, ਰਾਜਸਥਾਨੀ ਦੇ ਬਹੁਤ ਸਾਰੇ ਲੇਖਕਾਂ ਨੇ ਸਮੇਂ-ਸਮੇਂ ਇਨ੍ਹਾਂ ਗੋਸ਼ਠੀਆਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਅਕਤੂਬਰ 2009 ਵਿਚ ਹੋਈ ਸਤਾਰ੍ਹਵੀਂ ਤ੍ਰੈਭਾਸ਼ੀ ਕਹਾਣੀ ਗੋਸ਼ਠੀ ਵਿਚ ਹਿੰਦੀ, ਪੰਜਾਬੀ ਅਤੇ ਰਾਜਸਥਾਨੀ ਕਹਾਣੀਕਾਰਾਂ/ਆਲੋਚਕਾਂ ਨੇ ਭਾਗ ਲਿਆ ਸੀ। ਪੰਜਾਬੀ ਵਿਚ ਇਕੱਲੇ ਸਾਹਿਤਕਾਰ ਵੱਲੋਂ ਕੀਤਾ ਜਾਣ ਵਾਲਾ ਗੋਸ਼ਠੀਆਂ ਦਾ ਇਹ ਇਕੋ-ਇਕ ਵੱਡਾ ਤੇ ਅਨੋਖਾ ਆਯੋਜਨ ਹੈ। ਉਨ੍ਹਾਂ ਦੇ ਬੇਟੇ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਅਧਿਆਪਕ, ਕਵੀ, ਆਲੋਚਕ ਅਤੇ ‘ਕਹਾਣੀ ਪੰਜਾਬ’ ਦੇ ਸੰਪਾਦਕ ਡਾ. ਕ੍ਰਾਂਤੀ ਪਾਲ ਨੇ ਇਸ ਪਰੰਪਰਾ ਨੂੰ ਜਾਰੀ ਰੱਖਣ ਦਾ ਨਿਸ਼ਚਾ ਵਿਅਕਤ ਕੀਤਾ ਹੈ।
ਅਣਖੀ ਜੀ ਬ੍ਰਾਹਮਣ ਪਰ ਕਿਸਾਨ ਪਰਿਵਾਰ ਨਾਲ ਸਬੰਧਤ, ਸਿੱਖ ਵੇਸ਼ਭੂਸ਼ਾ ਪਰ ਸੁਭਾਅ ਤੋਂ ਉਨ੍ਹਾਂ ਨੂੰ ਮਾਲਵੇ ਦਾ ਜੱਟ ਬ੍ਰਾਹਮਣ ਕਿਹਾ ਜਾ ਸਕਦੈ। ਅਸਲ ਗੱਲ ਤਾਂ ਇਹ ਕਿ ਉਹ ਆਪਣੀ ਮਿੱਟੀ ਨਾਲ ਜੁੜੇ ਲੇਖਕ ਸਨ। ਇਸੇ ਕਾਰਨ ਉਨ੍ਹਾਂ ਦੇ ਨਾਵਲਾਂ ਦੇ ਥੀਮ, ਪਾਤਰ ਅਤੇ ਤਮਾਮ ਤਾਣਾ-ਬਾਣਾ ਮਾਲਵਾ ਅੰਚਲ ਦੇ ਕੁਝ ਕੁ ਪਿੰਡਾਂ ਦੁਆਲੇ ਹੀ ਘੁੰਮਦਾ ਹੈ। ਇਸ ਵਿਚ ਮੁੱਖ ਤੌਰ ‘ਤੇ ਪੂੰਜੀਵਾਦ ਦੀ ਮਾਰ ਹੇਠ ਆਈ ਹਰੀ ਕ੍ਰਾਂਤੀ ਤੋਂ ਬਾਅਦ ਦੀ ਕਿਸਾਨੀ, ਪੇਂਡੂ ਸਮਾਜ ਦੀ ਟੁੱਟ-ਭੱਜ ਅਤੇ ਰਿਸ਼ਤਿਆਂ ਵਿਚ ਆਏ ਨਿਘਾਰ ਨੂੰ ਬੜੀ ਸ਼ਿੱਦਤ ਨਾਲ ਚਿਤਰਿਆ ਗਿਆ ਹੈ। 1968 ਵਿਚ ਰਚੇ ਆਪਣੇ ਪਹਿਲੇ ਨਾਵਲ ‘ਸੁਲਗਦੀ ਰਾਤ’ ਵਿਚ ਉਹ ਦਰਜ ਕਰਦੇ ਹਨ। ਅਣਖੀ ਜੀ ਆਪਣੀਆਂ ਰਚਨਾਵਾਂ ਰਾਹੀਂ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਜੂਝਦੇ ਰਹੇ, ਭਾਵੇਂ ਉਹ ‘ਜ਼ਮੀਨਾਂ ਵਾਲੇ’, ‘ਸਲਫਾਸ’ ਨਾਵਲ ਹੋਣ ਜਾਂ ‘ਕਣਕਾਂ ਦਾ ਕਤਲਾਮ’। ਉਨ੍ਹਾਂ ਦੇ ਨਾਵਲ ‘ਜ਼ਮੀਨਾਂ ਵਾਲੇ’ ਵਿਚ ਜ਼ਮੀਨ ਦੀ ਹੈਂਕੜ ਹੀ ਮੌਜੂਦਾ ਸਮੇਂ ਵਿਚ ਜੱਟ ਨੂੰ ਲੈ ਡੁੱਬੀ ਕਿਉਂਕਿ ਇਹ ਯੁੱਗ ਹੱਥਾਂ ਦੀ ਕਿਰਤ ਕਰਨ ਵਾਲਿਆਂ ਦਾ ਹੈ। ‘ਬਸ ਹੋਰ ਨਹੀਂ’ ਵਿਚ ਮਰਦ-ਔਰਤ ਦੀ ਪਛਾਣ ਅਤੇ ਰਿਸ਼ਤੇ ਦਾ ਮਸਲਾ ਉਠਾਇਆ ਗਿਆ ਹੈ।
ਅਣਖੀ ਜੀ ਆਪਣੀਆਂ ਰਚਨਾਵਾਂ ਰਾਹੀਂ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਜੂਝਦੇ ਰਹੇ। ‘ਬਸ ਹੋਰ ਨਹੀਂ’ ਵਿਚ ਮਰਦ-ਔਰਤ ਦੀ ਪਛਾਣ ਅਤੇ ਰਿਸ਼ਤੇ ਦਾ ਮਸਲਾ ਉਠਾਇਆ ਗਿਆ ਹੈ। ‘ਗੇਲੋ’ ਨਾਵਲ ਟੁੱਟ ਰਹੀ ਕਿਸਾਨੀ ਤੇ ‘ਕਣਕਾਂ ਦਾ ਕਤਲਾਮ’ ਪੰਜਾਬ ਦੇ ਭੱਖਦੇ ਜ਼ਮੀਨੀ ਮਸਲੇ ਬਾਰੇ ਹੈ। ਨਾਵਲ ‘ਭੀਮਾ’ ਵਿਚ ਬਿਹਾਰੀ ਖੇਤ-ਮਜ਼ਦੂਰ ਦੀ ਰਚਨਾ ਦਾ ਕੇਂਦਰ ਬਿੰਦੂ ਬਣਾਇਆ ਗਿਆ ਹੈ। ਉਨ੍ਹਾਂ ਦਾ ਆਖਰੀ ਨਾਵਲ ‘ਪਿੰਡ ਦੀ ਮਿੱਟੀ’ ਵੀ ਲੋਕ-ਅਰਪਣ ਹੋਣਾ ਹੈ।
ਸਾਰੀ ਜ਼ਿੰਦਗੀ ਕਿਸੇ ਪਰਾ ਸਰੀਰਕ ਸ਼ਕਤੀ ਵਿੱਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮਨੁੱਖ ਹੈ। ਮੈਂ ਆਪਣੇ ਸਕੇ-ਸਬੰਧੀਆਂ ਅਤੇ ਮਿੱਤਰਾਂ ਨੂੰ ਸੁਝਾਓ ਦਿੰਦਾ ਹਾਂ ਕਿ ਮੇਰੀ ਮੌਤ ਬਾਅਦ ਮੈਨੂੰ ਬਰਨਾਲੇ ਦੇ ਰਾਮ ਬਾਗ ਵਿੱਚ ਫੂਕ ਕੇ ਸੁਆਹ ਤੇ ਹੱਡੀਆਂ ਦੀ ਪੰਡ ਹਰੀਗੜ੍ਹ, ਨਹਿਰ ਵਿੱਚ ਤਾਰ ਦਿੱਤੀ ਜਾਵੇ।ਸ਼ ਮੈਂ ਧਾਰਮਿਕ ਨਹੀਂ ਹਾਂ, ਮੇਰੀ ਮੌਤ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਤੀਜੇ ਦਿਨ ਹੀ ਜਾਂ ਸੱਤਵੇਂ ਦਿਨ ਸਾਡੇ ਘਰ ਜਾਂ ਹੋਰ ਕਿਸੇ ਸਥਾਨ ‘ਤੇ ਸਾਡੇ ਰਿਸ਼ਤੇਦਾਰ, ਮੇਰੇ ਮਿੱਤਰ, ਮੇਰੇ ਪਾਠਕ ਘੰਟੇ ਦੋ ਘੰਟਿਆਂ ਲਈ ਇਕੱਠੇ ਹੋਣ ਅਤੇ ਮੇਰੀਆਂ ਗੱਲਾਂ ਕਰਨ। ਮੇਰੇ ਲਈ ਇਹੋ ਸ਼ਰਧਾਂਜਲੀ ਹੋਵੇਗੀ।
ਨਾਵਲਕਾਰ ਰਾਮ ਸਰੂਪ ਅਣਖੀ ਅਕਸਰ ਕਿਹਾ ਕਰਦੇ ਸਨ, ਬੰਗਾਲੀ ਲੇਖਕਾਂ ਵਾਂਗ ਅਜੇ ਤਾਂ ਬਹੁਤ ਸਾਰੇ ਨਾਵਲ ਲਿਖਣੇ ਹਨ। ਪਰ 14 ਫਰਵਰੀ 2010 ਦੀ ਰਾਤ ਉਨ੍ਹਾਂ ਦੀ ਕਲਮ ਰੁਕ ਗਈ। 78 ਸਾਲ ਦੀ ਉਮਰ ਵਿਚ ਉਹ ਪੂਰੇ ਸਰਗਰਮ ਸਨ। ਅੰਤਿਮ ਸਾਹ ਲੈਣ ਤੋਂ ਕੋਈ ਇਕ ਘੰਟਾ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਸੋਲ੍ਹਵੇਂ ਨਾਵਲ ‘ਪਿੰਡ ਦੀ ਮਿੱਟੀ’ ਦਾ ਚੌਵੀਵਾਂ ਕਾਂਡ ਪੂਰਾ ਕੀਤਾ ਸੀ। ਉਹ ਪੰਜਾਬੀ ਦੇ ਸੀਨੀਅਰ ਸਾਹਿਤਕਾਰਾਂ ਵਿੱਚੋਂ ਇਕ ਸਮਰੱਥ ਕਥਾਕਾਰ ਸਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਦਾ ਖੂਬ ਸਨੇਹ ਮਿਲਿਆ ਕਿਉਂਕਿ ਉਨ੍ਹਾਂ ਦੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਪ੍ਰਮੁੱਖਤਾ ਨਾਲ ਹੋਇਆ, ਜਿਨ੍ਹਾਂ ਵਿੱਚੋਂ ਪਾਠਕਾਂ ਨੂੰ ਆਪਣਾ ਅਕਸ ਹੀ ਨਜ਼ਰ ਆਉਂਦਾ ਸੀ। ਕਈ ਸੀਮਤ ਭਾਸ਼ਾਈ ਸੋਚ ਵਾਲੇ ਲੋਕ ਭਾਵੇਂ ਆਂਚਲਿਕਤਾ ਦੇ ਖ਼ਿਲਾਫ਼ ਸ਼ੋਰ ਮਚਾਉਂਦੇ ਹੋਣ, ਪਰ ਮਾਲਵਾ ਆਂਚਲ ਦੀ ਬੋਲੀ ਨੂੰ ਆਪਣੀਆਂ ਰਚਨਾਵਾਂ ਵਿਚ ਵਰਤਦਿਆਂ ਉਹ ਕਦੇ ਵੀ ਦਵੰਦ ਦਾ ਸ਼ਿਕਾਰ ਨਹੀਂ ਰਹੇ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਮਲਵਈ ਬੋਲੀ ਪੰਜਾਬੀ ਸਾਹਿਤ ਦੇ ਕੇਂਦਰ ਵਿਚ ਹੈ। ਇਸ ਨਾਲ ਉਹ ਖੁਸ਼ ਵੀ ਬਹੁਤ ਸਨ ਅਤੇ ਆਪਣੀ ਵਿਸ਼ੇਸ਼ ਪ੍ਰਾਪਤੀ ਵਾਂਗ ਅਕਸਰ ਇਸ ਦਾ ਜ਼ਿਕਰ ਵੀ ਕਰਿਆ ਕਰਦੇ ਸਨ।
ਇਸ ਤੋਂ ਪਹਿਲਾਂ ਪੰਜਾਬ ਦੇ ਮਾਝਾ ਇਲਾਕੇ ਨੂੰ ਸਾਹਿਤ ਦਾ ਕੇਂਦਰ ਮੰਨਿਆ ਜਾਂਦਾ ਸੀ। ਉੱਥੋਂ ਦੇ ਹੀ ਭਾਸ਼ਾ, ਸੱਭਿਆਚਾਰ ਨੂੰ ਮੁੱਖ ਧਾਰਾ ਦੇ ਭਾਸ਼ਾ, ਸੱਭਿਆਚਾਰ ਦੀ ਪਛਾਣ ਪ੍ਰਾਪਤ ਸੀ। ਮਾਲਵਾ ਇਕ ਬਹੁਤ ਹੀ ਪਛੜਿਆ ਅਤੇ ਗ਼ੈਰ-ਉਪਜਾਊ ਇਲਾਕਾ ਸੀ। ਇਸ ਇਲਾਕੇ ਦੇ ਲੋਕਾਂ ਦਾ ਅਕਸ ਵੀ ਉਦੋਂ ਅਨਪੜ੍ਹ, ਗੰਵਾਰ ਪੇਂਡੂਆਂ ਵਾਲਾ ਸੀ।
ਅਣਖੀ ਜੀ, ਦੱਸਦੇ ਹੁੰਦੇ ਸਨ ਕਿ ਜਦ ਉਹ ਮਾਝਾ, ਦੋਆਬਾ ਇਲਾਕੇ ਵਿਚ ਜਾਂਦੇ ਤਾਂ ਉੱਥੋਂ ਦੇ ਲੋਕ ਉਨ੍ਹਾਂ ਨੂੰ ਦੇਖ ਕੇ ਕਹਿੰਦੇ, ”ਆ ਗਏ ਬਈ ਮਾਲਵੇ ਦੇ ਢੱਗੇ।” ਪਰ ਹੁਣ ਤਾਂ ਕਣਕ ਅਤੇ ਚਾਵਲ ਦੀ ਫੀ ਏਕੜ ਪੈਦਾਵਾਰ ਦੇ ਮਾਮਲੇ ਵਿਚ ਮਾਲਵੇ ਦਾ ਸੰਗਰੂਰ ਜ਼ਿਲ੍ਹਾ ਜਿੱਥੇ ਪੂਰੇ ਭਾਰਤ ਵਿਚ ਪਹਿਲੇ ਸਥਾਨ ‘ਤੇ ਹੈ, ਉੱਥੇ ਪੰਜਾਬੀ ਸਾਹਿਤ ਵਿਚ ਵੀ ਮਹੱਤਵਪੂਰਨ ਥਾਂ ਹੈ। ਹਾਲਾਂਕਿ ਕਿਸੇ ਵੀ ਭਾਸ਼ਾ ਦੇ ਸਾਹਿਤ ਇਤਿਹਾਸ ਵਿਚ ਮਾਤਰ ਪੰਜਾਹ ਕੁ ਸਾਲਾਂ ਦਾ ਸਮਾਂ ਕਿਸੇ ਵੱਡੀ ਗਿਣਤੀ ਵਿਚ ਨਹੀਂ ਆਉਂਦਾ, ਪਰ ਅਣਖੀ ਜੀ ਨੇ ਮਲਵਈ ਭਾਸ਼ਾ ਨੂੰ ਜ਼ਿਕਰਯੋਗ ਪਹਿਚਾਣ ਦਿੱਤੀ ਹੈ। ਜਾਂ ਕਹੀਏ ਕਿ ਮਾਲਵੇ ਦਾ ਇਕ ਅਜਿਹਾ ਢੱਗਾ ਜਿਸ ਨੇ ਪੰਜਾਬੀ ਸਾਹਿਤ ਦਾ ਧੁਰਾ ਆਪਣੀ ਸਿਰਜਣਾ ਦੇ ਬਲ, ਆਪਣੇ ਸਿੰਗ ‘ਤੇ ਸਰਕਾ ਲਿਆ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਆਲੋਚਕਾਂ ਬਾਰੇ ਉਹ ਆਪ ਕਿਹਾ ਕਰਦੇ ਸਨ, ”ਹੁਣ ਮੈਂ ਇਨ੍ਹਾਂ ਵੱਲ ਬਹੁਤਾ ਨਹੀਂ ਝਾਕਦਾ। ਜੇ ਆਲੋਚਕਾਂ ਦੇ ਮੂੰਹ ਵੱਲ ਝਾਕਦੇ ਰਹੀਏ ਤਾਂ ਅੱਗੇ ਨੂੰ ਕੁਝ ਵੀ ਨਹੀਂ ਲਿਖਿਆ ਜਾਵੇਗਾ। ਪਾਠਕ ਲੋਕ ਬੜੇ ਹਜਰਤ ਹੁੰਦੇ ਨੇ। ਉਨ੍ਹਾਂ ਨੂੰ ਪਤਾ ਹੈ ਕਿ ਕਿਹੜਾ ਲੇਖਕ ਉਨ੍ਹਾਂ ਲਈ ਵਧੀਆ ਲਿਖਦਾ ਹੈ।” ‘ਸਾਰਿਕਾ’ ਦੇ ਦਸੰਬਰ 1970 ਅੰਕ ਵਿਚ ਅਣਖੀ ਜੀ ਦੀਆਂ ‘ਕੱਠੀਆਂ ਹੀ ਤਿੰਨ ਕਹਾਣੀਆਂ ਅਨੁਵਾਦ ਹੋ ਕੇ ਛਪੀਆਂ ਸਨ। ਡੱਬੀ ਵਿਚ ਨੋਟ ਸੀ, ‘ਪਰੰਪਰਾ ਨੂੰ ਨਿਭਾਉਂਦਿਆਂ ਹੋਇਆਂ ਵੀ ਅਣਖੀ ਨੇ ਆਪਣੀਆਂ ਕਹਾਣੀਆਂ ਨੂੰ ਰੂੜ੍ਹ ਨਹੀਂ ਹੋਣ ਦਿੱਤਾ। ਉਨ੍ਹਾਂ ਦੀਆਂ ਕਹਾਣੀਆਂ ਦੀ ਸਾਦਗੀ ਅਤੇ ਸਿੱਧਾਪਣ ਤੇਜ਼ ਧਾਰ ਵਰਗਾ ਹੈ। ਪੰਜਾਬੀ ‘ਚ ਇਹ ਪ੍ਰਖਰ ਲੇਖਕ ਸਮੀਖਿਆ ਦੇ ਸੰਕਟ ਦਾ ਸ਼ਿਕਾਰ ਰਿਹਾ ਹੈ। ਸਾਰਿਕਾ ਦੀ ਦ੍ਰਿਸ਼ਟੀ ਵਿਚ ਇਸ ਲੇਖਕ ਦੀਆਂ ਕਹਾਣੀਆਂ ਭਾਰਤੀ ਪ੍ਰਤਿਭਾ ਪੱਧਰ ਦੀਆ ਹਨ।”
ਇਸ ਸਾਲ ‘ਚ ਅਣਖੀ ਜੀ ਦੀਆਂ ਕਈ ਪੁਸਤਕਾਂ ਛਪੀਆਂ ਹਨ। ਉਨ੍ਹਾਂ ਬਾਰੇ ਦੋਸਤਾਂ/ਲੇਖਕਾਂ ਦੇ ਸੰਸਮਰਣਾਂ ਦੀ ਇਕ ਕਿਤਾਬ ‘ਆਪਣੀ ਮਿੱਟੀ ਦਾ ਰੁੱਖ’ ਵੀ। ਤੇਰਾਂ ਫਰਵਰੀ ਨੂੰ ਉਨ੍ਹਾਂ ਦੇ ਪਾਠਕ/ਦੋਸਤ/ਸਬੰਧੀ ਬਰਨਾਲੇ ਉਨ੍ਹਾਂ ਬਾਰੇ, ਉਨ੍ਹਾਂ ਦੀਆਂ ਰਚਨਾਵਾਂ ਬਾਰੇ ਗੱਲਾਂ ਕਰਨ ਲਈ ‘ਕੱਠੇ ਹੋ ਰਹੇ ਹਨ ਜਿੱਥੇ ਉਨ੍ਹਾਂ ਦਾ ਆਖਰੀ ਨਾਵਲ ‘ਪਿੰਡ ਦੀ ਮਿੱਟੀ’ ਵੀ ਲੋਕ-ਅਰਪਣ ਹੋਣਾ ਹੈ। ਅੱਜ ਸਰੀਰਕ ਤੌਰ ‘ਤੇ ਉਹ ਸਾਡੇ ਵਿਚਕਾਰ ਭਾਵੇਂ ਨਹੀਂ ਹਨ, ਪਰ ਆਪਣੀ ਵਿਸ਼ੇਸ਼ ਸਿਰਜਣਾ ਕਰਕੇ ਆਪਣੇ ਪਾਠਕਾਂ ਦੇ ਦਿਲਾਂ ਵਿਚ ਹਮੇਸ਼ਾ ਵਸੇ ਰਹਿਣਗੇ।