ਜਦੋਂ ਗਰਦਨ ਦਾ ਦਰਦ ਸਤਾਵੇ 

ਜਦੋਂ ਗਰਦਨ ਦਾ ਦਰਦ ਸਤਾਵੇ 

ਜਦੋਂ ਗਰਦਨ ਦਾ ਦਰਦ ਸਤਾਵੇ 

ਅੱਜ ਦੇ ਤਣਾਅਪੂਰਨ ਜੀਵਨ ਵਿਚ ਗਰਦਨ ਦੀ ਦਰਦ ਅਰਥਾਤ ਸਰਵਾਈਕਲ ਸਪਾਂਡੇਲਾਈਟਿਸ ਆਮ ਬਿਮਾਰੀ ਦੇ ਰੂਪ ਵਿਚ ਫੈਲਦੀ ਜਾ ਰਹੀ ਹੈ। ਇਹ ਬਿਮਾਰੀ ਗਰਦਨ ਦੀਆਂ ਨਸਾਂ ‘ਤੇ ਦਬਾਅ ਪੈਣ ਕਾਰਨ ਹੁੰਦੀ ਹੈ। ਗਰਦਨ ਦੇ ਉੱਪਰ ਵਾਲੀਆਂ ਸੱਤ ਕਸ਼ੇਰੂਕਾਵਾਂ ਸਰਵਾਈਕਲ ਰੀਜਨ ਵਿਚ ਹੁੰਦੀਆਂ ਹਨ, ਜਿਨ੍ਹਾਂ ਵਿਚ ਘਿਸਾਵਟ ਹੋਣ ਜਾਂ ਉਥੇ ਦੀਆਂ ਕਸ਼ੇਰੂਕਾਵਾਂ ਵਿਚ ਜਕੜਨ ਹੋਣ ਨਾਲ ਇਹ ਦਰਦ ਪੈਦਾ ਹੁੰਦੀ ਹੈ। ਇਸ ਦਰਦ ਦੇ ਸ਼ੁਰੂ ਹੁੰਦੇ ਹੀ ਉੱਠਣ, ਬੈਠਣ, ਲੰਮੇ ਪੈਣ ਅਤੇ ਚੱਲਣ-ਫਿਰਨ ਵੇਲੇ ਵੀ ਦਰਦ ਹੁੰਦੀ ਹੈ। ਸਿਰ ਨੂੰ ਸੱਜੇ-ਖੱਬੇ ਘੁਮਾਉਣ ‘ਤੇ ਆਕੜ ਅਤੇ ਦਰਦ ਦੇ ਨਾਲ ਕੜਕੜਾਹਟ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਸਿਰਦਰਦ ਦੇ ਨਾਲ-ਨਾਲ ਚੱਕਰ ਆਉਣਾ, ਕਮਜ਼ੋਰੀ ਮਹਿਸੂਸ ਹੋਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ, ਉਲਟੀ ਆਉਣਾ ਆਦਿ ਲੱਛਣ ਸ਼ੁਰੂ ਹੋ ਜਾਂਦੇ ਹਨ। ਗਰਦਨ ਘੁਮਾਉਣ ਅਤੇ ਝੁਕਾਉਣ ‘ਤੇ ਕਾਫੀ ਦਰਦ ਮਹਿਸੂਸ ਹੁੰਦੀ ਹੈ। ਗਲੇ, ਸਿਰ ਦੇ ਪਿੱਛੇ ਅਤੇ ਭੁਜਾਵਾਂ ਵਿਚ ਜਲਣ ਹੁੰਦੀ ਹੈ। ਔਰਤਾਂ ਦੇ ਸਤਨ ਆਕੜ ਜਾਂਦੇ ਹਨ। ਕਿਸੇ ਕੰਮ ਵਿਚ ਰੋਗੀ ਦਾ ਮਨ ਨਹੀਂ ਲਗਦਾ।
ਸਰਵਾਈਕਲ ਸਪਾਂਡੇਲਾਈਟਿਸ ਰੋਗ ਦੇ ਕਾਰਨ ਦਿਮਾਗ ਵਿਚ ਖੂਨ ਲੈ ਕੇ ਜਾਣ ਵਾਲੀਆਂ ਖੂਨ ਦੀਆਂ ਨਾੜੀਆਂ ਵਿਚ ਕੁਝ ਸਮੇਂ ਲਈ ਰੁਕਾਵਟ ਆ ਸਕਦੀ ਹੈ। ਇਸ ਦੇ ਲਗਾਤਾਰ ਰਹਿਣ ‘ਤੇ ਅਚਾਨਕ ਹੱਥਾਂ ਵਿਚ ਵੀ ਤੇਜ਼ ਦਰਦ ਹੋਣ ਲਗਦਾ ਹੈ। ਲਾਪ੍ਰਵਾਹੀ ਨਾਲ ਪੇਸ਼ੀਆਂ ਵਿਚ ਕਮਜ਼ੋਰੀ ਆਉਣ ਦੇ ਨਾਲ-ਨਾਲ ਅਧਰੰਗ ਵੀ ਹੋ ਸਕਦਾ ਹੈ। ਨਾੜੀ ‘ਤੇ ਦਬਾਅ ਪੈਣ ਦੇ ਕਾਰਨ ਗਲੇ (ਗਰਦਨ) ਤੋਂ ਸ਼ੁਰੂ ਹੋ ਕੇ ਮੋਢੇ ਤੋਂ ਹੁੰਦਾ ਹੋਇਆ ਪੈਰਾਂ ਦੇ ਅੰਗੂਠੇ ਤੱਕ ਇਸ ਦਾ ਦਰਦ ਮਹਿਸੂਸ ਹੁੰਦਾ ਹੈ।
ਗਰਦਨ ਵਿਚ ਲਗਾਤਾਰ ਦਰਦ ਰਹਿਣ ‘ਤੇ ਬਹੁਤ ਛੇਤੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਡਾਕਟਰੀ ਟੈਸਟਾਂ ਤੋਂ ਬਾਅਦ ਹੀ ਇਹ ਪਤਾ ਲਗਦਾ ਹੈ ਕਿ ਦਰਦ ਕਿਸ ਕਾਰਨ ਹੋ ਰਿਹਾ ਹੈ। ਜੇ ਦਰਦ ਹੋਣ ਦਾ ਕਾਰਨ ਕੋਈ ਗੰਭੀਰ ਬਿਮਾਰੀ ਨਾ ਹੋਵੇ ਸਗੋਂ ਆਮ ਹੋਵੇ ਤਾਂ ਉਸ ਨੂੰ ਕਸਰਤ, ਯੋਗ ਆਸਣਾਂ ਅਤੇ ਘਰੇਲੂ ਇਲਾਜ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ। ਆਮ ਗਰਦਨ ਦੇ ਦਰਦ ਵਿਚ ਹੇਠ ਲਿਖੇ ਇਲਾਜ ਕਾਰਗਰ ਹੁੰਦੇ ਹਨ-
– ਹਲਦੀ ਦਾ ਚੂਰਨ ਅਤੇ ਚਿੱਟੇ ਪਿਆਜ਼ ਦੇ ਰਸ ਨੂੰ ਮਿਲਾ ਕੇ ਥੋੜ੍ਹਾ ਗਰਮ ਕਰ ਲਓ। ਇਸ ਨੂੰ ਗਰਦਨ ‘ਤੇ ਹਲਕੇ ਹੱਥਾਂ ਨਾਲ ਲਗਾ ਕੇ ਗਰਦਨ ਨੂੰ ਹੌਲੀ-ਹੌਲੀ ਸੱਜੇ-ਖੱਬੇ ਘੁਮਾਉਣ ਦੀ ਕੋਸ਼ਿਸ਼ ਕਰੋ।
– ਭੁਜੰਗ ਆਸਣ, ਉੱਤਾਨਪਾਦ ਆਸਣ ਦਾ ਅਭਿਆਸ ਕਰਕੇ ਗਰਦਨ ਵਿਚ ਆਈ ਮੋਚ ਨੂੰ ਠੀਕ ਕੀਤਾ ਜਾ ਸਕਦਾ ਹੈ। ਸ਼ਵ ਆਸਣ ਦੀ ਸਥਿਤੀ ਵਿਚ ਰਹਿ ਕੇ ਹੌਲੀ-ਹੌਲੀ ਸਾਹ ਨੂੰ ਛੱਡਣ ‘ਤੇ ਵੀ ਦਰਦ ਹਲਕਾ ਹੁੰਦਾ ਹੈ।
– ਗਰਦਨ ਸਿੱਧੀ ਰੱਖ ਕੇ ਦੋਵਾਂ ਭੁਜਾਵਾਂ ਨੂੰ ਉੱਪਰ ਵੱਲ ਉਠਾਉਂਦੇ ਹੋਏ ਹੌਲੀ-ਹੌਲੀ ਕਮਰ ਦੇ ਭਾਗ ਨੂੰ ਅੱਗੇ ਵੱਲ ਝੁਕਾਉਣ ‘ਤੇ ਚੜ੍ਹੀ ਹੋਈ ਨਸ ਆਪਣੀ ਜਗ੍ਹਾ ‘ਤੇ ਆ ਜਾਂਦੀ ਹੈ ਅਤੇ ਦਰਦ ਘੱਟ ਹੋ ਜਾਂਦੀ ਹੈ।
– ਹਿੰਗ ਅਤੇ ਕਪੂਰ ਬਰਾਬਰ ਮਾਤਰਾ ਵਿਚ ਲੈ ਕੇ ਸਰ੍ਹੋਂ ਦੇ ਤੇਲ ਵਿਚ ਫੈਂਟ ਕੇ ਕ੍ਰੀਮ ਦੀ ਤਰ੍ਹਾਂ ਬਣਾ ਲਓ। ਇਸ ਪੇਸਟ ਨੂੰ ਧੌਣ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ‘ਤੇ ਦਰਦ ਠੀਕ ਹੋ ਜਾਂਦੀ ਹੈ।
– ਉੱਚੇ ਸਿਰਹਾਣੇ ‘ਤੇ ਸੌਣ ਨਾਲ ਗਰਦਨ ਦਾ ਦਰਦ ਵਧ ਸਕਦਾ ਹੈ, ਇਸ ਲਈ ਸਖ਼ਤ ਬਿਸਤਰ ‘ਤੇ ਸੌਣਾ ਅਤੇ ਘੱਟ ਉੱਚਾ ਸਿਰਹਾਣਾ ਲਗਾ ਕੇ ਗਰਦਨ ਦੀ ਦਰਦ ਤੋਂ ਬਚਿਆ ਜਾ ਸਕਦਾ ਹੈ।

-ਆਨੰਦ ਕੁਮਾਰ ਅਨੰਤ