ਸ਼ਹੀਦਾਂ ਦੀਆਂ ਚਿਤਾਵਾਂ ‘ਤੇ

 ਸ਼ਹੀਦਾਂ ਦੀਆਂ ਚਿਤਾਵਾਂ ‘ਤੇ

ਕਾਤਲ ਮੱਥਾ ਟੇਕਣ ਆਏ ਸ਼ਹੀਦਾਂ ਦੀਆਂ ਚਿਤਾਵਾਂ ਤੇ ।
ਰਾਜਿਆਂ ਝੂਠੇ ਲਾਰੇ ਲਾਏ ਸ਼ਹੀਦਾਂ ਦੀਆਂ ਚਿਤਾਵਾਂ ਤੇ ।

ਨਾਮ ਸ਼ਹੀਦਾਂ ਵਾਲੇ ਰੱਖ ਕੇ ਮੇਲਿਆਂ ਅੰਦਰ ਹਰ ਵਾਰੀ,
ਦੁਸ਼ਟਾਂ ਨੰਗੇ ਨਾਚ ਨਚਾਏ ਸ਼ਹੀਦਾਂ ਦੀਆਂ ਚਿਤਾਵਾਂ ‘ਤੇ ।

ਧਨਵਾਨਾਂ ਦੀ ਦੌਲਤ ਅੱਗੇ ਫਿੱਕਾ ਪਿਆਰ ਗ਼ਰੀਬਾਂ ਦਾ,
ਠੱਗਾਂ ਨੇ ਸਨਮਾਨ ਕਰਾਏ ਸ਼ਹੀਦਾਂ ਦੀਆਂ ਚਿਤਾਵਾਂ ਤੇ ।

ਛੱਡ ਕੇ ਨਗਮੇ ਨਜ਼ਮਾਂ ਸੋਹਲੇ ਯੋਧਿਆਂ ਵਾਲੀਆਂ ਵਾਰਾਂ ਨੂੰ,
ਲੁੱਚਿਆਂ ਲੱਚਰ ਗੀਤ ਗਵਾਏ ਸ਼ਹੀਦਾਂ ਦੀਆਂ ਚਿਤਾਵਾਂ ‘ਤੇ ।

ਦੋਸ਼ ਕੀ ਦੇਈਏ ਇੱਕ -ਅੱਧੇ ਨੂੰ ਹੁਣ ਤਾਂ ਆਵਾ ਊਤ ਗਿਆ,
ਲੋਕ ਵੀ ਚਸਕੇ ਚੱਖਣ ਆਏ, ਸ਼ਹੀਦਾਂ ਦੀਆਂ ਚਿਤਾਵਾਂ ਤੇ ।

ਸੱਦ ਸਫ਼ਾਰਤਖ਼ਾਨਿਆਂ ਵਾਲੇ ਝੋਲੀ ਚੁੱਕ ਪ੍ਰਧਾਨਾਂ ਨੇ,
ਮੰਚਾਂ ਉੱਪਰ ਆਣ ਸਜਾਏ ਸ਼ਹੀਦਾਂ ਦੀਆਂ ਚਿਤਾਵਾਂ ਤੇ ।

ਫਾਸ਼ੀਵਾਦੀ ਤਾਕਤਾਂ ਮੂਹਰੇ ਨੰਗੇ ਧੜ ਜੋ ਲੜਦੇ ਨੇ,
ਜਾਣ ਸਟੇਜਾਂ ਉੱਤੇ ਲਾਹੇ ਸ਼ਹੀਦਾਂ ਦੀਆਂ ਚਿਤਾਵਾਂ ਤੇ ।

ਹੁਸਨ-ਇਸ਼ਕ ਦੀ ਮਸਤੀ ਵਿੱਚ ਜੋ ਭੁੱਲਗੇ ਲਿਖਣਾ ਲੋਕਾਂ ਲਈ,
ਉਨ੍ਹਾਂ ਨੂੰ ਫਿੱਟ ਲਾਹਨਤ ਪਾਏ ਸ਼ਹੀਦਾਂ ਦੀਆਂ ਚਿਤਾਵਾਂ ਤੇ ।

ਅਗਲੀ ਪੀੜ੍ਹੀ ਦੇ ਵੱਸ ਕੀ ਏ ਸਾਡਾ ਈ ਬੇੜਾ ਗਰਕ ਗਿਆ,
ਸੱਚ ਦਾ ਰਸਤਾ ਕੌਣ ਦਿਖਾਏ ਸ਼ਹੀਦਾਂ ਦੀਆਂ ਚਿਤਾਵਾਂ ਤੇ ।

-ਡਾ. ਗੁਰਵਿੰਦਰ ਸਿੰਘ ਧਾਲੀਵਾਲ
604-825-1550