ਰੁਝਾਨ ਖ਼ਬਰਾਂ
ਲਾਵਾਰਸਾਂ-ਅਪਾਹਜਾਂ ਦੀ ਸੇਵਾ ਨੂੰ ਸਮਰਪਿਤ ਡਾ. ਮਾਂਗਟ 20 ਤੋਂ 25 ਸਤੰਬਰ ਤੱਕ ਸਰੀ ਵਿੱਚ

ਲਾਵਾਰਸਾਂ-ਅਪਾਹਜਾਂ ਦੀ ਸੇਵਾ ਨੂੰ ਸਮਰਪਿਤ
ਡਾ. ਮਾਂਗਟ 20 ਤੋਂ 25 ਸਤੰਬਰ ਤੱਕ ਸਰੀ ਵਿੱਚ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਨਜ਼ਦੀਕ ਬਣੇ ”ਗੁਰੂ ਅਮਰਦਾਸ ਅਪਾਹਜ ਆਸ਼ਰਮ” ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਲਈ 20 ਤੋਂ 25 ਸਤੰਬਰ (ਦੁਪਹਿਰ) ਤੱਕ ਕੈਨੇਡੀਅਨ ਸਿੰਘ ਸਭਾ ਗੁਰਦੁਵਾਰਾ ਸਰੀ ਵਿਖੇ ਪਹੁੰਚ ਰਹੇ ਹਨ । ਸਮੇਂ ਦੇ ਮੁਤਾਬਕ ਉਹ ਦੂਸਰੇ ਗੁਰੂ ਘਰਾਂ ਵਿੱਚ ਵੀ ਜਾਣਗੇ ।
ਪੀ. ਏ. ਯੂ. ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ) ਅਤੇ ਮੌਰੀਸਨ ਸਾਇੰਟਿਫਿਕ ਕੈਲਗਰੀ (ਕੈਨੇਡਾ) ਵਿੱਚ ਰਹਿ ਚੁੱਕੇ ਸਟੈਟਿਸਟਿਕਸ ਦੇ ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ ਡਾ. ਮਾਂਗਟ ਨੇ ਕਈ ਸਾਲ ਸਾਇਕਲ ਤੇ ਫਿਰਕੇ ਲੁਧਿਆਣਾ ਸ਼ਹਿਰ ਵਿੱਚ ਸੜਕਾਂ ਕੰਢੇ ਪਏ ਬਿਮਾਰੀਆਂ ਨਾਲ ਪੀੜਤ ਲਾਵਾਰਸਾਂ-ਅਪਾਹਜਾਂ ਦੀ ਸੇਵਾ ਵੀ ਕੀਤੀ ਅਤੇ ਅਜਿਹੇ ਬੇਸਹਾਰਾ ਲੋੜਵੰਦਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ-ਸੰਭਾਲ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਸਰਾਭਾ-ਸਹੌਲੀ-ਅੱਬੂਵਾਲ ਪਿੰਡਾਂ ਦੇ ਵਿਚਕਾਰ ਦੋ ਮੰਜ਼ਲਾ ”ਗੁਰੂ ਅਮਰਦਾਸ ਅਪਾਹਜ ਆਸ਼ਰਮ” ਤਿਆਰ ਕਰਵਾਇਆ । ਇਹ ਇੱਕ ਰਜਿਸਟਰਡ ਅਤੇ ਚੈਰੀਟੇਬਲ ਸੰਸਥਾ ਹੈ । ਸਾਰੀ ਜਮੀਨ-ਜਾਇਦਾਦ ਆਸ਼ਰਮ ਦੇ ਨਾਮ ਹੈ।
ਇਸ ਆਸ਼ਰਮ ਵਿੱਚ 75-80 ਦੇ ਕਰੀਬ ਲਾਵਾਰਸ, ਬੇਘਰ, ਬੇਸਹਾਰਾ, ਅਪਾਹਜ, ਨੇਤਰਹੀਣ, ਅਧਰੰਗ ਦੀ ਬਿਮਾਰੀ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਲੋੜਵੰਦ ਰਹਿੰਦੇ ਹਨ । ਇਹਨਾਂ ਵਿੱਚੋਂ 20-22 ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ । ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਕਿਸੇ ਵੀ ਲੋੜਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਹੋਰ ਜਾਣਕਾਰੀ ਲਈ ਡਾ. ਮਾਂਗਟ ਨਾਲ ਕੈਨੇਡਾ ਵਿੱਚ ਸੈੱਲ 403-401-8787 ਤੇ, ਇੰਡੀਆ ਵਿੱਚ ਮੋਬਾਇਲ 95018-42505 ਤੇ ਸੰਪਰਕ ਕੀਤਾ ਜਾ ਸਕਦਾ ਹੈ ।